ਕੇਰਲਾ ਵਿੱਚ ਸੋਧਵਾਦੀ ਖੱਬੇ–ਪੱਖ ਦੇ ਕਾਰਨਾਮੇ – ‘ਕਾਰੋਬਾਰ ਕਰਨ ਦੀ ਸੌਖ‘ ਨੂੰ ਹੱਲਾਸ਼ੇਰੀ, ਆਸ਼ਾ ਵਰਕਰਾਂ ‘ਤੇ ਜਬਰ, ਮੌਕਾਪ੍ਰਸਤਾਂ ਦਾ ਸਵਾਗਤ
- ਬਿਪਿਨ ਬਾਲਾਰਾਮ
ਪਿਛਲੇ ਦਿਨੀਂ ਕੇਰਲਾ ਦੇ ਸਮਾਜਕ ਸਿਆਸੀ ਦ੍ਰਿਸ਼ ਵਿੱਚ ਸਾਮ੍ਹਣੇ ਆਈਆਂ ਘਟਨਾਵਾਂ ਨੇ ਇੱਕ ਵੱਡਾ ਕੰਮ ਕੀਤਾ ਹੈ। ਉਹਨਾਂ ਨੇ ਕੇਰਲ ਵਿੱਚ ਸੰਸਥਾਗਤ ਖੱਬੇ–ਪੱਖੀਆਂ ਅਤੇ ਉਹਨਾਂ ਦੀ ਅਗਵਾਈ ਵਾਲ਼ੀ ਸਰਕਾਰ ਦੀ ਅਸਲ ਜਮਾਤੀ ਪੁਜੀਸ਼ਨ ਨੂੰ ਉਜਾਗਰ ਕਰ ਦਿੱਤਾ ਹੈ। ਇਹਨਾਂ ਘਟਨਾਵਾਂ ਨੇ ਇਸ ਦੇ ਸਭ ਤੋਂ ਵੱਡੇ ਸਮਰਥਕਾਂ ਦੇ ਸਾਮ੍ਹਣੇ ਵੀ ਸਰਮਾਏ ਦੇ ਅੱਗੇ ਨਕਲੀ ਖੱਬੇ–ਪੱਖੀਆਂ ਦੇ ਪੂਰਨ ਸਮਰਪਣ ਅਤੇ ਮਜ਼ਦੂਰ ਜਮਾਤ ਦੀ ਸਰਗਰਮੀ ਨੂੰ ਦਰੜ ਦੇਣ ਦੇ ਉਹਨਾਂ ਦੇ ਇਰਾਦਿਆਂ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ। ਆਓ, ਇਹਨਾਂ ਕਾਲ਼ੇ ਕਾਰਨਾਮਿਆਂ ਨੂੰ ਰੌਸ਼ਨੀ ਵਿੱਚ ਲੈ ਕੇ ਜਾਣ ਵਾਲ਼ੀਆਂ ਇਹਨਾਂ ਘਟਨਾਵਾਂ ਉੱਤੇ ਇੱਕ ਨਿਗਾਹ ਮਾਰਦੇ ਹਾਂ।
ਸਭ ਤੋਂ ਵੱਡਾ ‘ਬਲੌਕਬਸਟਰ ਇਵੈਂਟ‘ ਸੀ ਕੇਰਲਾ ਸਰਕਾਰ ਦੁਆਰਾ ਕੋਚੀ ਵਿੱਚ ਰੱਖਿਆ ਗਿਆ “ਇਨਵੈਸਟ ਕੇਰਲਾ ਗਲੋਬਲ ਸੰਮੇਲਨ 2025″, ਜਿਸ ਨੂੰ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੁਆਰਾ ਜ਼ੋਰਦਾਰ (ਸਗੋਂ ਪਾਗਲਪਣ ਭਰੇ ਜੋਸ਼ ਨਾਲ਼ ਭਰਪੂਰ) ਸਮਰਥਨ ਦਿੱਤਾ ਗਿਆ ਸੀ। ਇਹ ਕੇਰਲਾ ਦੇ ਆਪਣੇ “ਵਿਕਾਸ ਦੇ ਮਹਾਂਕੁੰਭ” ਤੋਂ ਘੱਟ ਨਹੀਂ ਸੀ। ਇੱਕ ਪਾਸੇ ਸੰਘ ਪਰਿਵਾਰ ਸਾਨੂੰ ‘ਪਖਾਨੇ ਵਾਲ਼ੇ ਬੈਕਟੀਰੀਆ ਦੀ ਭਰਪੂਰ ਮਾਤਰਾ‘ ਵਾਲ਼ੀ ਗੰਗਾ ਵਿੱਚ ਚੁੱਭੀ ਲਵਾ ਕੇ ਮੋਕਸ਼ ਪ੍ਰਾਪਤ ਕਰਨ ਲਈ ਉਤਸ਼ਾਹਤ ਕਰ ਰਿਹਾ ਸੀ, ਦੂਜੇ ਪਾਸੇ ਕੇਰਲਾ ਦੇ ਖੱਬੇ–ਪੱਖੀ ਸਰਮਾਏ ਦੇ ਸਮੁੰਦਰ ਵਿੱਚ ਚੁੱਭੀ ਲਾ ਕੇ ਖ਼ੁਦ ਨੂੰ ਸ਼ੁੱਧ ਕਰ ਰਹੇ ਸਨ, ਉਹੀ ਸਰਮਾਇਆ ਜੋ ਮਾਰਕਸ ਦੇ ਸ਼ਬਦਾਂ ਵਿੱਚ, “ਸਿਰ ਤੋਂ ਲੈ ਕੇ ਪੈਰਾਂ ਤੱਕ, ਲੂੰ–ਲੂੰ ਤੱਕ ਖ਼ੂਨ ਅਤੇ ਗੰਦਗੀ ਵਿੱਚ ਡੁੱਬਿਆ ਹੁੰਦਾ ਹੈ।“
ਕੇਰਲ ਸਰਕਾਰ ਨੇ ਆਪਣੇ “ਵਿਕਾਸ ਮਹਾਂਕੁੰਭ” ਦਾ ਅਖ਼ਬਾਰਾਂ (ਦਿੱਲੀ ਸੰਸਕਰਨਾਂ ਸਮੇਤ) ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪ੍ਰਚਾਰ ਕਰਨ ਲਈ ਇਸ਼ਤਿਹਾਰਾਂ ਉੱਤੇ ਕਰੋੜਾਂ ਰੁਪਇਆ ਖ਼ਰਚ ਕੀਤਾ। ਮਾਕਪਾ ਕਾਰਪੋਰੇਟ ਜਗਤ ਨੂੰ ਇਹ ਦਿਖਾਉਣ ਲਈ ਤਰਲੋ–ਮੱਛੀ ਹੋ ਰਹੀ ਸੀ ਕਿ ਕਿ ਉਹ ਕਿੰਨੀ ਵੱਡੀ ਕਾਰੋਬਾਰ ਸਮਰਥਕ ਅਤੇ ਸਰਮਾਏਦਾਰ–ਪੱਖੀ ਪਾਰਟੀ ਹੈ। ਭਾਜਪਾ ਦੇ ਕੇਂਦਰੀ ਮੰਤਰੀ, ਮਾਕਪਾ ਦੀ ਸੂਬਾ ਸਰਕਾਰ ਦੇ ਮੰਤਰੀ ਅਤੇ ਵਿਰੋਧੀ ਧਿਰ ਕਾਂਗਰਸ ਦੇ ਲੀਡਰ ‘ਇਨਵੈਸਟ ਕੇਰਲਾ‘ ਦੇ ਮੰਚ ਉੱਤੇ ਨਾਲ਼ੋਂ–ਨਾਲ਼ ਬਿਰਾਜੇ ਹੋਏ ਸਨ ਅਤੇ ਇਕੱਠੇ ਮਿਲ਼ ਕੇ ਨਿਵੇਸ਼ ਲਈ ਲਾਲ ਕਾਲੀਨ ਵਿਛਾ ਰਹੇ ਸਨ। ਸਭ ਇੱਕ–ਦੂਜੇ ਦੇ ਗਲੇ ਮਿਲ਼ ਰਹੇ ਸਨ, ਹਾਸਾ–ਠੱਠਾ ਕਰ ਰਹੇ ਸਨ ਅਤੇ ਇੱਕ–ਦੂਜੇ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹਣ ਵਿੱਚ ਮਗਨ ਸਨ। ਮੰਚ ਉੱਤੇ ਗੌਤਮ ਅਡਾਨੀ ਦੇ ਮੁੰਡੇ ਕਰਨ ਅਡਾਨੀ ਨੇ ਨਰਿੰਦਰ ਮੋਦੀ ਅਤੇ ਪਿਨਾਰਾਈ ਵਿਜਯਨ, ਦੋਵਾਂ ਦੀ ਉਹਨਾਂ ਦੀਆਂ ‘ਵਿਕਾਸ ਯੋਜਨਾਵਾਂ‘ ਲਈ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ। ਕੇਰਲਾ ਦੇ ਖੱਬੇ–ਪੱਖੀਆਂ ਲਈ ਇਹ ਪਲ ਸਚਮੁਚ ਹੀ ਬੜੇ ਗੌਰਵਮਈ ਸਨ!!
ਆਪਣੀ ਕਰੋੜਾਂ ਰੁਪਿਆਂ ਦੀ ਇਸ਼ਤਿਹਾਰ ਮੁਹਿੰਮ ਦੌਰਾਨ, ਮਾਕਪਾ ਨੇ ਲਗਾਤਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਉਹਨਾਂ ਦੀ ਯੋਗ ਅਗਵਾਈ ਹੇਠ ਕੇਰਲਾ ਨੇ ‘ਕੰਮ–ਧੰਦਾ ਕਰਨ ਦੀ ਸੌਖ‘ ਦੇ ਮਾਮਲੇ ਵਿੱਚ ਸ਼ਾਨਦਾਰ ਪੁਲਾਂਘ ਪੁੱਟੀ ਹੈ। ‘ਇਨਵੈਸਟ ਕੇਰਲਾ‘ ਦੀ ਵੈਬਸਾਈਟ ਘੋਸ਼ਣਾ ਕਰਦੀ ਹੈ : ‘ਕਾਰੋਬਾਰੀ ਸੁਧਾਰਾਂ ਵਿੱਚ ਕੇਰਲਾ ਸਭ ਤੋਂ ਅੱਗੇ ਹੈ, 2022 ਵਿੱਚ ਕਾਰੋਬਾਰ ਕਰਨ ਦੀ ਸੌਖ ਦੇ ਮਾਮਲੇ ਵਿੱਚ ਇਹ ਸਿਖ਼ਰਲੀ ਸਫ਼ਲਤਾ ਹਾਸਲ ਕਰਨ ਵਾਲ਼ਾ ਸੂਬਾ ਬਣ ਗਿਆ ਹੈ…. 9 ਸਿਖ਼ਰਲੀਆਂ ਉਪਲੱਬਧੀਆਂ ਹਾਸਲ ਕਰਕੇ…. ਅਤੇ ਇਸ ਤਰ੍ਹਾਂ ਇਹ ਦੇਸ਼ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲ਼ਾ ਸੂਬਾ ਬਣ ਗਿਆ ਹੈ।…. 2024 ਦੇ ਕਾਰੋਬਾਰ ਕਰਨ ਦੀ ਅਸਾਨੀ ਦੇ 99 ਫ਼ੀਸਦੀ ਸੁਧਾਰਾਂ ਨੂੰ ਪੂਰਾ ਕਰਕੇ ਇਸ ਮਾਮਲੇ ਵਿੱਚ ਕੇਰਲਾ ਸਭ ਤੋਂ ਵਧੀਆ ਪ੍ਰਦਰਸ਼ਨ ਜਾਰੀ ਰੱਖ ਰਿਹਾ ਹੈ।“
ਜਮਾਤੀ ਪੈਂਤੜੇ ਤੋਂ ‘ਕਾਰੋਬਾਰ ਕਰਨ ਦੀ ਅਸਾਨੀ‘ ਦਾ ਕੀ ਅਰਥ ਹੈ? ਵਪਾਰ/ਨਿਵੇਸ਼ ਦਾ ਇੱਕੋ–ਇੱਕ ਮਕਸਦ ਹੁੰਦਾ ਹੈ ਮੁਨਾਫ਼ਾ ਕਮਾਉਣਾ, ਅਤੇ ਮਜ਼ਦੂਰਾਂ ਤੋਂ ਨਿਚੋੜਿਆ ਗਿਆ ਵਾਧੂ ਮੁੱਲ ਹੀ ਮੁਨਾਫ਼ੇ ਦਾ ਸ੍ਰੋਤ ਹੁੰਦਾ ਹੈ। ਵਾਧੂ ਮੁੱਲ ਦੀ ਉਗਰਾਹੀ ਮਜ਼ਦੂਰ ਜਮਾਤ ਦੇ ਸ਼ੋਸ਼ਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਲਈ, ‘ਕਾਰੋਬਾਰ ਕਰਨ ਦੀ ਸੌਖ‘ ਦਾ ਸਾਫ਼–ਸਪਸ਼ਟ ਮਤਲਬ ਹੈ ‘ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੀ ਸੌਖ‘। ‘ਕਾਰੋਬਾਰ ਕਰਨ ਦੀ ਸੌਖ‘ ਦੇ ਦਿਲ–ਖਿੱਚਵੇਂ ਜੁਮਲੇ ਦਾ ਜਮਾਤੀ ਅਰਥਾਂ ਵਿੱਚ ਇਹੀ ਮਤਲਬ ਹੁੰਦਾ ਹੈ; ਇਹ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਅਸਾਨੀ ਨਾਲ਼ ਅਤੇ ਬਿਨਾਂ ਕਿਸੇ ਰੋਕ–ਟੋਕ ਤੋਂ ਚਲਾਉਣ ਲਈ ਜ਼ਰੂਰੀ ਇੰਤਜ਼ਾਮ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
“ਵਪਾਰ ਕਰਨ ਦੀ ਸੌਖ ਨਾਲ਼ ਸੰਬੰਧਤ ਕਾਰੋਬਾਰੀ ਸੁਧਾਰ” – ਜਿਸ ਨੂੰ 99 ਫ਼ੀਸਦੀ ਪੂਰਾ ਕਰ ਲੈਣ ਦਾ ਕੇਰਲ ਦੇ ਖੱਬੇ–ਪੱਖੀ ਦਾਅਵਾ ਕਰਦੇ ਹਨ – ਉਹ ਅਜਿਹੇ ਉਪਾਅ ਹਨ ਜਿਨ੍ਹਾਂ ਦਾ ਮਕਸਦ ਹੈ ‘ਮਜ਼ਦੂਰਾਂ ਦੀ ਲੁੱਟ–ਖਸੁੱਟ ਦੀ ਅਸਾਨੀ ਦੇ ਰਾਹ ਵਿੱਚ ਆਉਣ ਵਾਲ਼ੀ ਹਰੇਕ ਰੁਕਾਵਟ ਨੂੰ ਬੇਕਰਕੀ ਨਾਲ਼ ਹਟਾ ਦੇਣਾ।‘ ਖ਼ੁਦ ਨੂੰ ਸਿਰੇ ਦੀ ਬੇਸ਼ਰਮੀ ਨਾਲ਼ ਕਮਿਊਨਿਸਟ ਆਖਦਿਆਂ ਹੋਇਆਂ ਵੀ ਮਾਕਪਾ ਮਾਣ ਨਾਲ਼ ਐਲਾਨ ਕਰਦੀ ਹੈ ਕਿ ਉਸ ਨੇ ਕੇਰਲਾ ਵਿੱਚ ਮਜ਼ਦੂਰ ਜਮਾਤ ਦੇ ਸ਼ੋਸ਼ਣ ਨੂੰ ਸੌਖਾ ਬਣਾਉਣ ਲਈ ਸੁਧਾਰ ਕੀਤੇ ਹਨ, ਅਤੇ ਉਹ ਇਸ ਮਾਮਲੇ ਵਿੱਚ ਪੂਰੇ ਭਾਰਤ ਵਿੱਚੋਂ ਨੰਬਰ 1 ਹੈ!!
ਮਜ਼ਦੂਰ ਜਮਾਤ ਦੇ ਸ਼ੋਸ਼ਣ ਅਤੇ ਇਸ ਲਈ ‘ਕਾਰੋਬਾਰ ਕਰਨ ਦੀ ਸੌਖ‘ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਮਜ਼ਦੂਰ ਜਮਾਤ ਦੀ ਚੇਤਨਾ ਅਤੇ ਮਜ਼ਦੂਰਾਂ ਦੀ ਸਰਗਰਮੀ ਹੈ। ਇਸ ਲਈ, ‘ਮਜ਼ਦੂਰਾਂ ਦੇ ਸ਼ੋਸ਼ਣ‘ ਨੂੰ ਸੌਖਾ ਬਣਾਉਣ ਲਈ, ਮਾਕਪਾ ਦੀ ਅਗਵਾਈ ਵਾਲ਼ੀ ਖੱਬੇ–ਪੱਖੀ ਸਰਕਾਰ ਸੂਬੇ ਵਿੱਚ ਕਿਸੇ ਵੀ ਮਜ਼ਦੂਰ ਸਰਗਰਮੀ ਜਾਂ ਸੰਘਰਸ਼ ਨੂੰ ਦਰੜ ਦੇਣਾ ਆਪਣਾ ਫ਼ਰਜ਼ ਸਮਝਦੀ ਹੈ। ਕੇਰਲਾ ਵਿੱਚ ਆਸ਼ਾ ਵਰਕਰਾਂ ਦੇ ਚੱਲ ਰਹੇ ਸੰਘਰਸ਼ ਨੂੰ ਦਰੜ ਕੇ, ਬਦਨਾਮ ਅਤੇ ਦਾਗ਼ਦਾਰ ਕਰਕੇ ਉਸ ਨੂੰ ਸਰਮਾਏਦਾਰ ਜਮਾਤ ਦੇ ਸਾਮ੍ਹਣੇ ਇਸ ਸੰਬੰਧੀ ਆਪਣੀ ਵਫ਼ਾਦਾਰੀ ਸਿੱਧ ਕਰਨ ਦਾ ਇੱਕ ਵਧੀਆ ਮੌਕਾ ਮਿਲ਼ ਗਿਆ।
ਕੇਰਲਾ ਦੀਆਂ ‘ਆਸ਼ਾ‘ (ਮਾਨਤਾ–ਪ੍ਰਾਪਤ ਸਮਾਜਕ ਸਿਹਤ ਕਾਰਕੁੰਨਾਂ) ਵਰਕਰਾਂ ਦਸ ਫ਼ਰਵਰੀ ਤੋਂ ਆਪਣੇ ਮਾਣ–ਭੱਤੇ ਵਿੱਚ ਵਾਧੇ, ਇਸ ਨੂੰ ਹਰੇਕ ਮਹੀਨੇ ਦੀ 5 ਤਰੀਕ ਤੋਂ ਪਹਿਲਾਂ ਜਾਰੀ ਕਰਵਾਉਣ ਅਤੇ ਸੇਵਾਮੁਕਤੀ ਲਾਭ ਦੇਣ ਦਾ ਕਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਉੱਪਰ ਹਨ। ਸੂਬੇ ਦੀਆਂ ਆਸ਼ਾ ਵਰਕਰਾਂ ਜਨਤਕ ਸਿਹਤ ਸੇਵਾਵਾਂ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਪਰ ਉਹਨਾਂ ਉੱਤੇ ਕੰਮ ਦਾ ਭਾਰੀ ਬੋਝ ਹੈ, ਕਰਮਚਾਰੀਆਂ ਦੀ ਗਿਣਤੀ ਘੱਟ ਹੈ ਅਤੇ ਤਨਖ਼ਾਹ (ਮਾਣ–ਭੱਤਾ) ਬਹੁਤ ਹੀ ਘੱਟ ਹੈ। ਪਰ ਕੇਰਲਾ ਸਰਕਾਰ, ਮਾਕਪਾ ਦੀ “ਯੋਗ” ਅਗਵਾਈ ਹੇਠ, ਉਹਨਾਂ ਦੀ ਹੜਤਾਲ ਨੂੰ ਦਬਾਉਣ ਅਤੇ ਤੋੜਨ ਉੱਤੇ ਅੜੀ ਹੋਈ ਹੈ। ਅਤੇ ਹੋਰ ਕੁਝ ਹੋ ਵੀ ਨਹੀਂ ਸਕਦਾ। ਜੇਕਰ ਉਹ ‘ਇਨਵੈਸਟ ਕੇਰਲਾ‘ ਵਿੱਚ ਸਰਮਾਏਦਾਰਾਂ ਨਾਲ਼ ਕੀਤੇ ਗਏ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ‘ਮਜ਼ਦੂਰਾਂ ਦੇ ਸ਼ੋਸ਼ਣ ਨੂੰ ਸੌਖਾ ਬਣਾਉਣ‘ ਲਈ ਹਰੇਕ ਮਜ਼ਦੂਰ ਅੰਦੋਲਨ ਨੂੰ ਦਰੜਨਾ ਹੀ ਪਵੇਗਾ।
ਯਾਨੀ, ਜਿਸ ਵਕਤ ਅਨੇਕਾਂ ਵੱਡੇ–ਵੱਡੇ ਖੱਬੇ–ਪੱਖੀ ਲੀਡਰ “ਵਿਕਾਸ ਮਹਾਂਕੁੰਭ” ਵਿੱਚ ਲੀਨ ਸਨ, ਉਸੇ ਸਮੇਂ ਮਾਕਪਾ ਅਤੇ ਸਰਕਾਰੀ ਮਸ਼ੀਨਰੀ ਝੂਠ ਫੈਲਾਉਣ, ਧਮਕੀਆਂ ਦੇਣ ਅਤੇ ਹੜਤਾਲੀ ਔਰਤਾਂ ਦਾ ਮਨੋਬਲ ਤੋੜਨ ਵਿੱਚ ਜੁਟੀ ਹੋਈ ਸੀ। ਇਹ ਕੋਈ ਨਵੀਂ ਗੱਲ ਨਹੀਂ ਹੈ। ਕੇਰਲਾ ਦੇ ਖੱਬੇ–ਪੱਖੀਆਂ ਨੇ ਪਿਛਲੇ ਇੱਕ ਦਹਾਕੇ ਦੇ ਦੌਰਾਨ ਕੇਰਲਾ ਵਿੱਚ ਹਰੇਕ ਮਜ਼ਦੂਰ ਜਾਂ ਵਿਦਿਆਰਥੀ ਅੰਦੋਲਨ ਨੂੰ ਨਾਕਾਮ ਕਰਨ ਦੀਆਂ ਕੋਸ਼ਸ਼ਾਂ ਕੀਤੀਆਂ ਹਨ। ਨਿੱਜੀ ਹਸਪਤਾਲਾਂ ਦੀਆਂ ਨਰਸਾਂ (ਕੇਰਲਾ ਵਿੱਚ ਸਭ ਤੋਂ ਵੱਧ ਸ਼ੋਸ਼ਤ ਕਾਮਿਆਂ ਵਿੱਚੋਂ ਇੱਕ), ਚਾਹ/ਕੌਫ਼ੀ ਬਾਗ਼ਾਂ ਦੇ ਮਜ਼ਦੂਰਾਂ, ਨਿੱਜੀ ਇੰਜੀਨੀਅਰਿੰਗ ਵਿਦਿਆਰਥੀਆਂ ਅਤੇ ਨਿੱਜੀ ਨਰਸਿੰਗ ਵਿਦਿਆਰਥੀਆਂ ਆਦਿ ਦੇ ਆਪ–ਮੁਹਾਰੇ ਅਤੇ ਜੁਝਾਰੂ ਅੰਦੋਲਨਾਂ ਦਾ ਜੀ–ਤੋੜ ਵਿਰੋਧ ਕਰਨ ਦਾ ਉਹਨਾਂ ਦਾ ਇਤਿਹਾਸ ਰਿਹਾ ਹੈ।
ਕੇਰਲਾ ਦੇ ਖੱਬੇ–ਪੱਖੀ ਅਤੇ ਖ਼ਾਸ ਕਰਕੇ ਮਾਕਪਾ ਇਸ ਗੱਲ ਦਾ ਬਹੁਤ ਧਿਆਨ ਰੱਖਦੇ ਹਨ ਕਿ ਸੂਬੇ ਵਿੱਚ ਮਜ਼ਦੂਰ ਜਮਾਤ ਦੀ ਸਰਗਰਮੀ ਨੂੰ ਉਹਨਾਂ ਦੀਆਂ ਟ੍ਰੇਡ ਯੂਨੀਅਨਾਂ ਦੁਆਰਾ ਤੈਅ ਕੀਤੀ ਸਖ਼ਤ ਹੱਦਬੰਦੀ ਤੋਂ ਅੱਗੇ ਨਾ ਵਧਣ ਦਿੱਤਾ ਜਾਵੇ। ਇਹ ਟ੍ਰੇਡ ਯੂਨੀਅਨਾਂ ਖ਼ੁਦ ਸਰਮਾਏਦਾਰਾਂ ਦੇ ਦਲਾਲਾਂ ਦੇ ਪੱਧਰ ਤੱਕ ਡਿੱਗ ਚੁੱਕੀਆਂ ਹਨ। ਕੇਰਲਾ ਦੇ ਮਜ਼ਦੂਰਾਂ ਨੂੰ ਉਹਨਾਂ ਦਾ ਸਾਫ਼ ਆਖਣਾ ਹੈ: “ਜੇਕਰ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸਾਡੀਆਂ ਟ੍ਰੇਡ ਯੂਨੀਅਨਾਂ ਦੁਆਰਾ ਸਾਲ ਵਿੱਚ ਇੱਕ ਜਾਂ ਦੋ ਦਿਨ ਆਯੋਜਿਤ ਕੀਤੀਆਂ ਜਾਣ ਵਾਲ਼ੀਆਂ ਰਸਮੀ ਹੜਤਾਲਾਂ ਵਿੱਚ ਅਜਿਹਾ ਕਰਨ ਦਾ ਮੌਕਾ ਦੇਵਾਂਗੇ। ਉਹਨਾਂ ਵਿੱਚ ਭਾਗ ਲਓ ਅਤੇ ਆਪਣੇ ਘਰ ਜਾਓ। ਕਿਉਂਕਿ ਯਾਦ ਰੱਖੋ… ਅਸੀਂ ‘ਮਜ਼ਦੂਰਾਂ ਦੇ ਸ਼ੋਸ਼ਣ ਨੂੰ ਅਸਾਨ ਬਣਾਉਣ‘ ਲਈ ਵਚਨਬੱਧ ਹਾਂ“!!
ਤਾਂ ਜਿਵੇਂ ਕਿ ਪਤਾ ਹੀ ਸੀ, ਆਸ਼ਾ ਵਰਕਰਾਂ ਦੇ ਘੋਲ਼ ਨੂੰ ਦਬਾਉਣ ਦੇ ਯਤਨਾਂ ਵਿੱਚ ਮੁੱਖ ਭੂਮਿਕਾ ਮਾਕਪਾ ਦੀ ਕੇਂਦਰੀ ਟ੍ਰੇਡ ਯੂਨੀਅਨ ਸੀਟੂ ਦੇ ਸੂਬਾ ਸਕੱਤਰ ਏਲਾਮਾਰਨ ਕਰੀਮ ਨੇ ਨਿਭਾਈ, ਜੋ ਪਿਛਲੀ ਖੱਬੇ–ਪੱਖੀ ਸਰਕਾਰ ਵਿੱਚ ਉਦਯੋਗ ਮੰਤਰੀ ਦੇ ਰੂਪ ਵਿੱਚ ਕੇਰਲਾ ਦੀ ਸਰਮਾਏਦਾਰ ਜਮਾਤ ਦਾ ਲਾਡਲਾ ਬਣ ਕੇ ਉੱਭਰਿਆ ਹੈ। ਉਸ ਨੇ ਘੋਸ਼ਣਾ ਕੀਤੀ ਕਿ ਹੜਤਾਲ “ਸਿਆਸਤ ਤੋਂ ਪ੍ਰੇਰਤ” ਹੈ (ਲੈਨਿਨ ਦਾ ਆਖਣਾ ਸੀ ਕਿ ਮਜ਼ਦੂਰ ਜਮਾਤ ਦੀ ਆਗੂ ਪਾਰਟੀ ਦਾ ਫ਼ਰਜ਼ ਸ਼ੁੱਧ ਆਰਥਕ ਮੰਗਾਂ ਲਈ ਲੜੇ ਜਾ ਰਹੇ ਘੋਲ਼ਾਂ ਵਿੱਚ ਸਿਆਸੀ ਤੱਤ ਪਾਉਣਾ ਹੈ, ਅਤੇ ਇੱਥੇ ਸੀਟੂ ਸਕੱਤਰ ਸ਼ਿਕਾਇਤ ਕਰ ਰਹੇ ਹਨ ਕਿ ਹੜਤਾਲ ਸਿਆਸਤ ਤੋਂ ਪ੍ਰੇਰਤ ਹੈ!), ਕਿ ਇਸ ਦੇ ਆਗੂ ਅਰਾਜਕਤਾਵਾਦੀ ਤੱਤ ਰਹੇ ਹਨ (ਮਾਕਪਾ ਲਈ ਹੁਣ ਹਰੇਕ ਪੂੰਜੀਵਾਦ–ਵਿਰੋਧੀ ਅਰਾਜਕਤਾਵਾਦੀ ਹੈ!) ਅਤੇ ਆਸ਼ਾ ਵਰਕਰਾਂ ਨੂੰ ਗੁਮਰਾਹ ਕੀਤਾ ਗਿਆ ਹੈ। ਉਸ ਨੇ ਹੜਤਾਲੀ ਕਰਮਚਾਰੀਆਂ ਦਾ ਹਰ ਮੌਕੇ ‘ਤੇ ਅਪਮਾਨ ਕੀਤਾ ਅਤੇ ਉਹਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਦੀ ਲਗਾਤਾਰ ਕੋਸ਼ਸ਼ ਕੀਤੀ।
ਜਿੱਥੇ ਇੱਕ ਪਾਸੇ ਕੇਰਲ ਦੀ ਖੱਬੇ–ਪੱਖੀ ਸਰਕਾਰ ਇਸ ਗੱਲ ਉੱਤੇ ਅੜੀ ਹੋਈ ਸੀ ਕਿ ਆਸ਼ਾ ਕਰਮਚਾਰੀਆਂ ਦਾ ਮਹੀਨਾਵਾਰ ਮਾਣ–ਭੱਤਾ ਨਹੀਂ ਵਧਾਇਆ ਜਾ ਸਕਦਾ, ਉੱਥੇ ਹੀ ਉਸ ਨੇ ਕੇਰਲਾ ਲੋਕ ਸੇਵਾ ਆਯੋਗ (ਪੀਐੱਸਸੀ) ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਭਾਰੀ ਤਨਖ਼ਾਹ–ਵਾਧਾ ਦੇਣ ਦਾ ਫ਼ੈਸਲਾ ਕੀਤਾ। ਕੇਰਲਾ ਵਿੱਚ ਮੌਜੂਦਾ ਸਰਕਾਰ ਦੇ ਤਹਿਤ 21 ਮੈਂਬਰੀ ਪੀਐੱਸਸੀ ਹੈ, ਜਿਸ ਵਿੱਚ ਸਾਰੀਆਂ ਸਿਆਸੀ ਨਿਯੁਕਤੀਆਂ ਹਨ। ਇਹ ਬਹੁਤ ਫ਼ਾਇਦੇਮੰਦ ਅਹੁਦੇ ਹਨ ਜੋ ਆਮ ਤੌਰ ‘ਤੇ ਸੱਤਾਧਾਰੀ ਪਾਰਟੀ ਦੇ ਕਰੀਬੀ ਲੋਕਾਂ ਨੂੰ ਮਿਲ਼ਦੇ ਹਨ। ਚੇਅਰਮੈਨ ਦੀ ਤਨਖ਼ਾਹ 2.26 ਲੱਖ ਰੁਪਏ ਤੋਂ ਵਧਾ ਕੇ 3.5 ਲੱਖ ਰੁਪਏ ਕਰ ਦਿੱਤੀ ਗਈ, ਜਦੋਂ ਕਿ ਮੈਂਬਰਾਂ ਦੀ ਤਨਖ਼ਾਹ 2.23 ਲੱਖ ਰੁਪਏ ਤੋਂ ਵਧਾ ਕੇ 3.25 ਲੱਖ ਰੁਪਏ ਕਰ ਦਿੱਤੀ ਗਈ। ਆਪਣੇ ਆਪ ਨੂੰ “ਕਮਿਊਨਿਸਟ–ਮਾਰਕਸਵਾਦੀ” ਆਖਣ ਵਾਲ਼ੇ ਕੇਰਲਾ ਦੇ ਖੱਬੇ–ਪੱਖੀ ਆਸ਼ਾ ਵਰਕਰਾਂ ਦੀ ਤਨਖ਼ਾਹ 7000 ਰੁਪਏ ਤੋਂ 1 ਪੈਸਾ ਵੀ ਨਾ ਵਧਾਉਣ ਉੱਤੇ ਅੜੇ ਹੋਏ ਹਨ। ਪਰ ਉਹ ਪੀਐੱਸਸੀ ਵਿੱਚ ਬੈਠੇ ਆਪਣੇ ਚਮਚਿਆਂ ਉੱਪਰ 3.25 ਲੱਖ ਰੁਪਏ ਮਹੀਨਾ ਲੁਟਾਉਣ ਲਈ ਤਿਆਰ ਹਨ।
ਖੱਬੇ–ਪੱਖੀ ਸਰਕਾਰ ਇੱਥੇ ਹੀ ਨਹੀਂ ਰੁਕੀ। ਅਗਲੇ ਹੀ ਦਿਨ ਇਸ ਨੇ ਕੇ.ਵੀ. ਥਾੱਮਸ, ਜਿਹੜਾ ਕੇਰਲਾ ਦੁਆਰਾ ਸਿਰਜੇ ‘ਦਿੱਲੀ ਵਿੱਚ ਕੇਰਲਾ ਦੇ ਵਿਸ਼ੇਸ਼ ਨੁਮਾਇੰਦੇ‘ ਨਾਮਕ ਬੇਕਾਰ ਦੇ ਅਹੁਦੇ ਉੱਪਰ ਬਿਰਾਜਮਾਨ ਹੈ, ਦੇ ਯਾਤਰਾ ਭੱਤੇ ਨੂੰ 5 ਲੱਖ ਤੋਂ ਵਧਾ ਕੇ 11.31 ਲੱਖ ਰੁਪਏ ਕਰਨ ਦਾ ਸੁਝਾਅ ਰੱਖ ਦਿੱਤਾ! ਥਾੱਮਸ ਕਈ ਦਹਾਕਿਆਂ ਤੱਕ ਕਾਂਗਰਸ ਨਾਲ਼ ਸੀ ਪਰ ਸੰਸਦੀ ਸੀਟ ਦੀ ਟਿਕਟ ਨਾ ਮਿਲ਼ਣ ਤੋਂ ਬਾਅਦ ਕੇਰਲਾ ਕਾਂਗਰਸ ਤੋਂ ਛਾਲ ਮਾਰ ਕੇ ਮਾਕਪਾ ਵਿੱਚ ਆ ਗਿਆ। ਕੇਰਲਾ ਵਿੱਚ ਇਹ ਕੋਈ ਨਵੀਂ ਖ਼ਬਰ ਨਹੀਂ ਹੈ, ਖੱਬੇ–ਪੱਖੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਛੱਡਣ ਵਾਲ਼ਿਆਂ ਦਾ ਮਨਪਸੰਦ ਟਿਕਾਣਾ ਬਣ ਗਈਆਂ ਹਨ। ਸੰਸਦੀ ਖੱਬੇ–ਪੱਖੀਆਂ ਦਾ ਜਿਸ ਹੱਦ ਤੱਕ ਪਤਨ ਹੋ ਚੁੱਕਿਆ ਹੈ, ਉਸ ਤੋਂ ਬਾਅਦ ਭਲਾਂ ਅਜਿਹਾ ਹੋਵੇਗਾ ਵੀ ਕਿਉਂ ਨਹੀਂ? ਯਾਤਰਾ ਭੱਤੇ ਵਿੱਚ ਇਹ ਵਾਧਾ ਥਾੱਮਸ ਨੂੰ ਪਹਿਲਾਂ ਤੋਂ ਮਿਲ਼ ਰਹੇ 12.5 ਲੱਖ ਰੁਪਏ ਦੇ ਮਾਣ–ਭੱਤੇ ਤੋਂ ਬਿਨਾਂ ਹੈ। ਨਾਲ਼ ਹੀ ਉਸ ਕੋਲ਼ ਇੱਕ ਨਿੱਜੀ ਸਕੱਤਰ ਅਤੇ ਡਰਾਈਵਰ ਵੀ ਹੈ, ਜਿਨ੍ਹਾਂ ਦਾ ਭੁਗਤਾਨ ਸੂਬਾ ਸਰਕਾਰ ਕਰਦੀ ਹੈ।
ਕੇਰਲਾ ਦੇ ਖੱਬੇ–ਪੱਖੀਆਂ ਦਾ ਚਰਿੱਤਰ ਇਸ ਤੋਂ ਜ਼ਿਆਦਾ ਨੰਗਾ ਨਹੀਂ ਹੋ ਸਕਦਾ – ਮਜ਼ਦੂਰਾਂ ਨੂੰ ਦਰੜੋ, ਉਹਨਾਂ ਨੂੰ ਉਚਿਤ ਮਜ਼ਦੂਰੀ ਅਤੇ ਕੰਮ ਕਰਨ ਦੀਆਂ ਸਥਿਤੀਆਂ ਵੀ ਨਾ ਦਿਓ, ਸਰਮਾਏਦਾਰਾਂ ਸਾਮ੍ਹਣੇ ਡੰਡੌਤ ਕਰੋ, ਉਹਨਾਂ ਦੁਆਰਾ ਮੁਨਾਫ਼ਾ ਕੁੱਟਣ ਦੀ ਰਾਹ ਵਿੱਚ ਆਉਣ ਵਾਲ਼ੀ ਹਰੇਕ ਰੁਕਾਵਟ ਨੂੰ ਹਟਾਓ, ਸੱਤਾ ਉੱਪਰ ਆਪਣੀ ਪਕੜ ਬਣਾਈ ਰੱਖਣ ਲਈ ਚਾਪਲੂਸ ਸਹਿਯੋਗੀਆਂ ਅਤੇ ਦੂਜੀਆਂ ਪਾਰਟੀਆਂ ਤੋਂ ਆਏ ਦਲ–ਬਦਲੂਆਂ ਉੱਤੇ ਜਨਤਾ ਦੇ ਪੈਸੇ ਉਡਾਓ ਅਤੇ ਨਾਲ਼ੇ ਖ਼ੁਦ ਨੂੰ ‘ਮਾਰਕਸਵਾਦੀ‘ ਆਖਦੇ ਰਹੋ!!
ਪਰ ਅਸਲੀ ਕਮਾਲ ਹੋਣਾ ਤਾਂ ਹਾਲ਼ੇ ਬਾਕੀ ਸੀ। ਜਦੋਂ ਇਹ ਸਭ ਚੱਲ ਰਿਹਾ ਸੀ, ਉਸੇ ਸਮੇਂ ਪੱਕੇ ਮੌਕਾਪ੍ਰਸਤ ਅਤੇ ਕੇਰਲਾ ਵਿੱਚ ਉੱਚ ਮੱਧਵਰਗ ਦੇ ਲਾਡਲੇ ਸ਼ਸ਼ੀ ਥਰੂਰ ਦੇ ਕਾਂਗਰਸ ਦੀ ਸੂਬਾ ਲੀਡਰਸ਼ਿਪ ਨਾਲ਼ ਮੱਤਭੇਦ ਉੱਭਰ ਰਹੇ ਸਨ। ਮਾਕਪਾ ਦੀ ਮਸ਼ੀਨਰੀ ਨੇ ਤੁਰੰਤ ਮੌਕਾ ਸੰਭਾਲਿਆ ਅਤੇ ਥਰੂਰ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ। ਹੁਣ ਦ੍ਰਿਸ਼ ਵਿੱਚ ਐਂਟਰੀ ਹੋਈ ਮਾਕਪਾ ਦੀ ਕੇਂਦਰੀ ਕਮੇਟੀ ਦੇ ਮੈਂਬਰ ਏ.ਕੇ. ਬਾਲਨ ਦੀ, ਜੋ ਕੇਰਲਾ ਦੇ ਖੱਬੇ–ਪੱਖੀਆਂ ਵਿੱਚ ਸਭ ਤੋਂ ਯੋਗ ਕਾਮਦੇਵ ਦੇ ਰੂਪ ਵਿੱਚ ਉੱਭਰਿਆ ਹੈ। ਕੁਝ ਮਹੀਨੇ ਪਹਿਲਾਂ, ਸੰਘ ਪਰਿਵਾਰ ਦਾ ਇੱਕ ਪ੍ਰਮੁੱਖ ਆਗੂ ਸੰਦੀਪ ਵਾਰਿਅਰ ਜੋ ਆਪਣੇ ਜ਼ਹਿਰੀਲੇ ਫ਼ਿਰਕੂ ਭਾਸ਼ਣਾਂ ਲਈ ਬਦਨਾਮ ਹੈ, ਪਲੱਕਾੜ ਵਿਧਾਨ ਸਭਾ ਸੀਟ ਤੋਂ ਪਾਰਟੀ ਟਿਕਟ ਨਾ ਮਿਲ਼ਣ ‘ਤੇ ਭਾਜਪਾ ਤੋਂ ਵੱਖ ਹੋ ਗਿਆ। ਬਾਲਨ ਨੇ ਤੁਰੰਤ ਉਸ ਦਾ ਮਾਕਪਾ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ “ਉਹ ਬਹੁਤ ਚੰਗੇ ਕਾਮਰੇਡ ਬਣਨਗੇ!” ਇਸ ਵਾਰ ਬਾਲਨ ਨੇ ਤੁਰੰਤ ਐਲਾਨ ਕਰ ਦਿੱਤਾ ਕਿ ਥਰੂਰ ‘ਵਿਸ਼ਵ ਪੱਧਰ ‘ਤੇ ਪ੍ਰਸਿੱਧ ਬੁੱਧੀਜੀਵੀ‘ ਅਤੇ ‘ਇਨਕਲਾਬੀ‘ ਹਨ!! ਇਸ ਤੋਂ ਬਾਅਦ ਮਾਕਪਾ ਨੇ ‘ਜਮਹੂਰੀ ਨੌਜਵਾਨ ਸਭਾ‘ ਦੇ ਆਪਣੇ ਆਗੂਆਂ ਨੂੰ ਥਰੂਰ ਦੇ ਘਰ ਭੇਜਿਆ ਅਤੇ ਉਸ ਨੂੰ ਆਪਣੇ ਦੁਆਰਾ ਆਯੋਜਿਤ ‘ਸਟਾਰਟਅਪ ਫ਼ੈਸਟ‘ ਵਿੱਚ ਸੱਦਾ ਦਿੱਤਾ। ਇਹ ਵੱਖਰੀ ਗੱਲ ਹੈ ਕਿ ਹੰਢੇ ਹੋਏ ਮੌਕਾਪ੍ਰਸਤ ਥਰੂਰ ਨੇ ਹਾਲ ਦੀ ਘੜੀ ਪਾਰਟੀ ਨਾ ਛੱਡਣ ਦਾ ਫ਼ੈਸਲਾ ਕੀਤਾ ਅਤੇ ਉਹ ਵੱਧ ਫ਼ਾਇਦਾ ਚੁੱਕਣ ਲਈ ਢੁੱਕਵੇਂ ਸਮੇਂ ਦੇ ਇੰਤਜ਼ਾਰ ਵਿੱਚ ਹੈ। (ਸੰਭਾਵਨਾ ਹੈ ਕਿ ਸਹੀ ਸਮਾਂ ਆਉਣ ‘ਤੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਵੇ)।
ਇਹ ਅਤੇ ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਘਟਨਾਵਾਂ ਸਾਨੂੰ ਸੰਸਦੀ ਖੱਬੇ–ਪੱਖੀਆਂ ਬਾਰੇ ਕੀ ਦੱਸਦੀਆਂ ਹਨ? ਮਾਕਪਾ ਦੀ ਅਗਵਾਈ ਵਿੱਚ ਭਾਰਤ ਦੇ ਸੰਸਦੀ ਖੱਬੇ–ਪੱਖੀਆਂ ਨੇ ਦਹਾਕਿਆਂ ਪਹਿਲਾਂ ਮਾਰਕਸਵਾਦ ਨੂੰ ਤਿਲਾਂਜਲੀ ਦੇ ਦਿੱਤੀ ਸੀ ਅਤੇ ਸਮਾਜਕ–ਜਨਵਾਦ ਦੀ ਰਾਹ ਉੱਤੇ ਚੱਲ ਪਏ ਸਨ। ਲੈਨਿਨ ਨੇ ਕਿਹਾ ਸੀ ਕਿ ਸਮਾਜਕ–ਜਨਵਾਦ ਮਜ਼ਦੂਰ ਜਮਾਤ ਦੇ ਅੰਦਰ ਵੜਿਆ ਹੋਇਆ ਗ਼ੱਦਾਰ ਹੈ, ਜੋ ਮਜ਼ਦੂਰ ਜਮਾਤ ਦੀ ਪਾਰਟੀ ਦੀ ਆੜ ਵਿੱਚ ਬੁਰਜੁਆ ਨੀਤੀਆਂ ਨੂੰ ਅੰਜਾਮ ਦਿੰਦਾ ਹੈ। ਖੱਬੇ–ਪੱਖੀਆਂ ਦਾ ਇਹ ਵਿਸ਼ਵਾਸਘਾਤੀ ਚਰਿੱਤਰ ਲੋਕਾਂ ਸਾਮ੍ਹਣੇ ਹਰ ਰੋਜ਼ ਬੇਪਰਦ ਹੋ ਰਿਹਾ ਹੈ। ਸਰਮਾਏ ਦੇ ਸਾਮ੍ਹਣੇ ਉਹ ਪੂਰੀ ਤਰ੍ਹਾਂ ਡੰਡੌਤ ਕਰ ਰਹੇ ਹਨ। ਸੱਤਾ ਵਿੱਚ ਰਹਿਣ ‘ਤੇ ਉਹ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਸੌਖਾ ਬਣਾ ਕੇ ਸਰਮਾਏਦਾਰ ਜਮਾਤ ਦੇ ਕਾਰਕੁੰਨਾਂ ਦੀ ਭੂਮਿਕਾ ਨਿਭਾਉਂਦੇ ਹਨ। ਪਾਰਟੀ ਢਾਂਚੇ ਅਤੇ ਟ੍ਰੇਡ ਯੂਨੀਅਨਾਂ ਦਾ ਇਸਤੇਮਾਲ ਕਰਕੇ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਮਜ਼ਦੂਰ ਜਮਾਤ ਕੰਟਰੋਲ ਵਿੱਚ ਰਹੇ।
ਇਹੀ ਕਾਰਨ ਹੈ ਕਿ ਆਸ਼ਾ ਵਰਕਰਾਂ ਦੀ ਹੜਤਾਲ ਉੱਤੇ ਸਭ ਤੋਂ ਤਿੱਖਾ ਹਮਲਾ ਸੀਟੂ ਆਗੂਆਂ ਵੱਲੋਂ ਹੋਇਆ। ਸਮਾਜਕ–ਜਨਵਾਦੀਆਂ ਦੀ ਕਿਰਤ ਵੰਡ ਦੀ ਸਮਝਦਾਰੀ ਦੇ ਅਨੁਸਾਰ ਖੱਬੇ–ਪੱਖੀ ਸਰਕਾਰ ਪੂਰੀ ਤਰ੍ਹਾਂ ਨਵਉਦਾਰਵਾਦੀ ਨੀਤੀਆਂ ਨੂੰ ਲਾਗੂ ਕਰਕੇ ਸਰਮਾਏਦਾਰ ਜਮਾਤ ਦੀ ਸੇਵਾ ਕਰਦੀ ਹੈ। ਉਸ ਦੇ ਟ੍ਰੇਡ ਯੂਨੀਅਨ ਮੋਰਚੇ ਦੇ ਰੂਪ ਵਿੱਚ, ਸੀਟੂ ਦਾ ‘ਜਮਾਤੀ ਫ਼ਰਜ਼‘ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਮਜ਼ਦੂਰਾਂ ‘ਤੇ ਲਗਾਮ ਕਸੀ ਰਹੇ ਅਤੇ ਉਹ ਇਹਨਾਂ ਨੀਤੀਆਂ ਦਾ ਭੋਰਾ ਵੀ ਵਿਰੋਧ ਨਾ ਕਰ ਸਕਣ। ਇਸ ਲਈ, ਕੋਈ ਵੀ ਹੜਤਾਲ, ਜੋ ਸੀਟੂ ਦੀਆਂ ਹੜਤਾਲਾਂ ਦੀ “ਹੱਦਬੰਦੀ” ਦੇ ਘੇਰੇ ਤੋਂ ਅੱਗੇ ਵੱਧਦੀ ਹੈ, ਸਰਮਾਏਦਾਰ ਜਮਾਤ ਅਤੇ ਸਮਾਜਕ–ਜਨਵਾਦ ਲਈ ਖ਼ਤਰਾ ਬਣ ਜਾਂਦੀ ਹੈ। ਅਜਿਹੇ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸੀਟੂ ਦੇ ਸੂਬਾ ਉਪ–ਪ੍ਰਧਾਨ ਹਰਸ਼ ਕੁਮਾਰ ਨੇ ਹੜਤਾਲ ਦੀ ਇੱਕ ਮਹਿਲਾ ਆਗੂ ਨੂੰ “ਲਾਗ ਦਾ ਰੋਗ ਫੈਲਾਉਣ ਵਾਲ਼ਾ ਕੀਟ” ਆਖਿਆ।
ਸੁਭਾਵਿਕ ਹੀ ਹੈ ਕਿ ਸੀਟੂ ਦਾ ਇੱਕ ਆਗੂ, ਜੋ ਪੂੰਜੀ ਅਤੇ ਬੁਰਜੁਆ ਜਮਾਤ ਦੀ ਸੁਰੱਖਿਆ ਲਈ ਮਜ਼ਦੂਰ ਜਮਾਤ ਦੀ ਲਗਾਮ ਕਸ ਕੇ ਰੱਖਣ ਦੇ ਆਪਣੇ ਫ਼ਰਜ਼ ਨਾਲ਼ ਬੰਨ੍ਹਿਆ ਹੈ, ਹੜਤਾਲੀ ਆਸ਼ਾਕਰਮੀਆਂ ਨੂੰ ‘ਲਾਗ ਦੀ ਬਿਮਾਰੀ ਫੈਲਾਉਣ ਵਾਲ਼ੇ ਕੀਟਾਂ‘ ਦੇ ਰੂਪ ਵਿੱਚ ਦੇਖਦਾ ਹੈ। ਪਰ ਉਹ ਜੋ ‘ਲਾਗ ਦਾ ਰੋਗ‘ ਫੈਲਾ ਰਹੀ ਹੈ, ਉਸ ਨੂੰ ਮਜ਼ਦੂਰ ਜਮਾਤੀ ਚੇਤਨਾ ਕਿਹਾ ਜਾਂਦਾ ਹੈ। ਅਤੇ ਉਹ ਦਿਨ ਬਹੁਤਾ ਦੂਰ ਨਹੀਂ ਜਦੋਂ ਦਲਾਲ ਸੰਸਦੀ ਖੱਬੇ–ਪੱਖੀ ਇਸ ਰੋਗ ਨਾਲ਼ ਮਾਰੇ ਜਾਣਗੇ ਅਤੇ ਇਹ ‘ਕੀਟ‘ ਮਨੁੱਖਤਾ ਨੂੰ ਇਸ ਗਲ਼ੇ–ਸੜੇ ਪ੍ਰਬੰਧ ਤੋਂ ਮੁਕਤ ਕਰ ਦੇਣਗੇ।