ਅਸੀਂ ਦੇਸ਼ ਦੇ ਕਿਰਤੀ ਲੋਕ ਜੰਗ ਨਹੀਂ ਚਾਹੁੰਦੇ, ਅਸੀਂ ਸਿੱਖਿਆ–ਰੁਜ਼ਗਾਰ–ਸਿਹਤ ਸਹੂਲਤਾਂ ਅਤੇ ਚੰਗੀ ਜ਼ਿੰਦਗੀ ਚਾਹੁੰਦੇ ਹਾਂ !
- ਇਨਜਿੰਦਰ
22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਹਾਕਮ ਇੱਕ ਦੂਜੇ ਨੂੰ ਧਮਕੀਆਂ ਦੇਣ ਅਤੇ ਆਪਣੇ–ਆਪਣੇ ਮੁਲਕ ਦੇ ਲੋਕਾਂ ਅੰਦਰ ਅੰਨ੍ਹੇ ਕੌਮੀ ਅਤੇ ਫ਼ਿਰਕੂ ਜਨੂੰਨ ਨੂੰ ਭੜਕਾਉਣ ‘ਤੇ ਲੱਗ ਗਏ। ਇਸੇ ਸਿਲਸਿਲੇ ਦੀ ਕੜੀ ਵਜੋਂ 6-7 ਮਈ ਦੀ ਵਿਚਕਾਰਲੀ ਰਾਤ ਨੂੰ ਭਾਰਤੀ ਹਾਕਮਾਂ ਨੇ “ਮਿਸ਼ਨ ਸੰਧੂਰ” ਦਾ ਨਾਂ ਦੇ ਕੇ ਪਾਕਿਸਤਾਨੀ ਅੱਤਵਾਦੀ ਟਿਕਾਣਿਆਂ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ। ਇਸ ਉਪਰੰਤ ਪਾਕਿਸਤਾਨ ਵੱਲੋਂ ਵੀ ਇਹਨਾਂ ਹਮਲਿਆਂ ਨੂੰ ਨਾਗਰਿਕ ਹਮਲੇ ਐਲਾਨਦਿਆਂ ਭਾਰਤ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਪਣੇ ਟਿਕਾਣਿਆਂ ਨੂੰ ਛੱਡ ਕੇ ਥਾਂ–ਥਾਂ ਰੁਲਣ ਲਈ ਮਜਬੂਰ ਹੋ ਗਏ। ਚਾਰੇ ਪਾਸੇ ਅਫ਼ਵਾਹਾਂ ਦਾ ਬਜ਼ਾਰ ਪੂਰਾ ਗਰਮ ਹੋ ਗਿਆ। ਗੋਦੀ ਮੀਡੀਆ ਤੋਂ ਲੈ ਕੇ ਸਾਰਾ ਅਖੌਤੀ ਅਗਾਂਹਵਧੂ ਅਤੇ ਲਿਬਰਲ ਲਾਣਾ ਵੀ ਜੰਗ ਦੀ ਜਨੂੰਨੀ ਅੱਗ ਨੂੰ ਭੜਕਾਉਣ ਵਿੱਚ ਲੱਗ ਗਿਆ। ਸਪਸ਼ਟ ਹੈ ਕਿ ਯੁੱਧ ਦੇ ਹਾਲਾਤ ਵਿੱਚ ਸਰਹੱਦ ਦੇ ਦੋਵਾਂ ਪਾਸਿਆਂ ਦੇ ਮਿਹਨਤਕਸ਼ ਲੋਕਾਂ ਨੂੰ ਹੀ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ।
ਸਾਨੂੰ ਸੁਚੇਤ ਹੋ ਕੇ ਸਰਮਾਏਦਾਰਾਂ ਦੀਆਂ ਚਾਕਰ ਸਰਕਾਰਾਂ ਦੀਆਂ ਇਹਨਾਂ ਸਿਆਸੀ ਚਾਲਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਸੋਚਣਾ ਚਾਹੀਦਾ ਹੈ ਕਿ ਯੁੱਧ ਕਿਹੜੇ ਲੋਕਾਂ ਲਈ ਫ਼ਾਇਦੇਮੰਦ ਹੈ ਅਤੇ ਯੁੱਧ ਦਾ ਅਸਲ ਮੁੱਲ ਕਿਸ ਜਮਾਤ ਨੂੰ ਤਾਰਨਾ ਪੈਂਦਾ ਹੈ? ਜਦੋਂ ਵੀ ਸਰਹੱਦ ਉੱਪਰ ਤਣਾਅ ਦੀਆਂ ਗੱਲਾਂ ਆਉਂਦੀਆਂ ਹਨ ਤਾਂ ਮੁਲ਼ਕ ਦਾ ਅੱਗ–ਲਾਊ ਗੋਦੀ ਮੀਡੀਆ ਅਤੇ ਲਿਬਰਲ ਜਮਾਤ “ਘਰ ਅੰਦਰ ਵੜ ਕੇ ਮਾਰਨ“, “ਦੁਸ਼ਮਣ ਦੇਸ਼ ਨੂੰ ਸਬਕ ਸਿਖਾਉਣ” ਦੀ ਅੰਨ੍ਹੀ ਕੌਮਪ੍ਰਸਤੀ ਦੇ ਪ੍ਰਚਾਰ–ਪ੍ਰਸਾਰ ਵਿੱਚ ਜੁਟ ਜਾਂਦੀ ਹੈ। ਆਪਣੇ ਏ.ਸੀ. ਨਿਊਜ਼ ਰੂਮਾਂ ਅੰਦਰ “ਮੋਰਚਾ ਸੰਭਾਲੀ ਬੈਠੇ” ਐਂਕਰ ਦੋਵਾਂ ਦੇਸ਼ਾਂ ਦੇ ਆਮ ਮਿਹਨਤਕਸ਼ ਲੋਕਾਂ ਅੰਦਰ ਇੱਕ–ਦੂਜੇ ਵਿਰੁੱਧ ਨਫ਼ਰਤ ਅਤੇ ਦੁਸ਼ਮਣੀ ਫੈਲਾਉਣ ਦੀ ਮੁਹਿੰਮ ਵਿੱਚ ਲੱਗ ਜਾਂਦੇ ਹਨ। ਮੱਧਵਰਗ ਨੂੰ ਅਜਿਹੇ ਫ਼ਰਜ਼ੀ ਰਾਸ਼ਟਰਵਾਦ ਦਾ ਭੂਤ ਵਧੇਰੇ ਚਿੰਬੜਦਾ ਹੈ। ਦੇਸੀ–ਵਿਦੇਸ਼ੀ ਕਾਰਪੋਰੇਟ ਘਰਾਣੇ ਅਤੇ ਹਥਿਆਰ ਕਾਰੋਬਾਰੀ ਅਜਿਹੇ ਮੌਕਿਆਂ ਦਾ ਫਾਇਦਾ ਉਠਾਉਂਦਿਆਂ ਮੁਨਾਫ਼ਾ ਨਿਚੋੜਣ ਦੇ ਕੰਮ ਵਿੱਚ ਲੱਗੇ ਰਹਿੰਦੇ ਹਨ। ਕਿਰਤੀ ਜਮਾਤ ਜੰਗੀ ਜਨੂੰਨ ਦਾ ਪਹਿਲ ਦੇ ਅਧਾਰ ‘ਤੇ ਸ਼ਿਕਾਰ ਕਦੇ ਵੀ ਨਹੀਂ ਬਣਦੀ ਅਤੇ ਸੱਚ ਸਾਮ੍ਹਣੇ ਆਉਣ ‘ਤੇ ਛੇਤੀ ਹੀ ਇਸ ਤੋਂ ਉੱਭਰ ਜਾਂਦੀ ਹੈ। ਹਾਕਮਾਂ ਦੀਆਂ ਉਂਗਲਾਂ ‘ਤੇ ਚੜ੍ਹਿਆ, ਫ਼ਰਜ਼ੀ ਦੇਸ਼ਭਗਤੀ ਵਿੱਚ ਡੁੱਬਿਆ ਲਾਣਾ ‘ਯੁੱਧ–ਯੁੱਧ‘ ਦੀ ਰੱਟ ਲਾਈ ਰੱਖਦਾ ਹੈ ਅਤੇ ਖ਼ੁਦ ਹੀ ਯੁੱਧ ਦੀ ਤਬਾਹੀ ਵੱਲ ਬਾਹਾਂ ਅੱਡ ਕੇ ਖੜੋ ਜਾਂਦਾ ਹੈ ਪਰ ਇਹੀ ਉਹ ਲੋਕ ਹਨ ਜਿਹੜੇ ਉਦੋਂ ਚੁੱਪ ਵੱਟੀ ਰੱਖਦੇ ਹਨ ਜਦੋਂ ਫ਼ੌਜੀਆਂ ਨੂੰ ਬੁਨਿਆਦੀ ਸਹੂਲਤਾਂ ਤੱਕ ਤੋਂ ਵੀ ਵਾਂਝਾ ਰੱਖਿਆ ਜਾਂਦਾ ਹੈ। ਜਨਤਾ ਦੇ ਬੁਰੇ ਹਾਲਾਤ ਇਨ੍ਹਾਂ ਲਈ ਕੋਈ ਮਾਅਨੇ ਨਹੀਂ ਰਖਦੇ ਕਿਉਂਕਿ ਇਨ੍ਹਾਂ ਲਈ ਦੇਸ਼ ਸਿਰਫ਼ ਕਾਗਜ਼ ‘ਤੇ ਬਣਿਆ ਇੱਕ ਨਕਸ਼ਾ ਹੁੰਦਾ ਹੈ।
ਅਜਿਹੇ ਵਿੱਚ ਦੇਸ਼ ਦੇ ਸੂਝਵਾਨ ਨਾਗਰਿਕਾਂ, ਜਾਗਰੂਕ ਵਿਦਿਆਰਥੀਆਂ, ਨੌਜਵਾਨਾਂ, ਮਿਹਨਤਕਸ਼ਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀਆਂ ਹਕੂਮਤਾਂ ਤੋਂ ਮੰਗ ਕਰਨ ਕਿ ਪਹਿਲਗਾਮ, ਪੁਲਵਾਮਾ ਸਮੇਤ ਅਜਿਹੇ ਸਾਰੇ ਹਮਲਿਆਂ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ। ਚਾਹੇ ਭਾਰਤ ਹੋਵੇ ਜਾਂ ਪਾਕਿਸਤਾਨ, ਦੋਵਾਂ ਦੇਸ਼ਾਂ ਦੇ ਲੋਕ ਇਸ ਸਮੇਂ ਸਿੱਖਿਆ, ਸਿਹਤ, ਰੁਜ਼ਗਾਰ ਜਿਹੀਆਂ ਸਹੂਲਤਾਂ ਤੋਂ ਵਾਂਝੇ ਹਨ। ਅੰਬਰਾਂ ਨੂੰ ਛੂੰਹਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਜਿਹੇ ਵਿੱਚ ਦੋਵਾਂ ਪਾਸਿਆਂ ਦੀਆਂ ਹਾਕਮ ਜਮਾਤਾਂ ਦੇ ਹਿੱਤ ਇਸੇ ਗੱਲ ਵਿੱਚ ਹਨ ਕਿ ਸਰਹੱਦ ‘ਤੇ ਜੰਗੀ ਮਾਹੌਲ ਸਿਰਜ ਕੇ ਲੋਕਾਂ ਵਿੱਚ ਅੰਨ੍ਹੀ ਕੌਮਪ੍ਰਸਤੀ ਨੂੰ ਹਵਾ ਦਿੱਤੀ ਜਾਵੇ ਅਤੇ ਉਹਨਾਂ ਦੇ ਜੀਵਨ ਦੇ ਅਸਲ ਮੁੱਦਿਆਂ ਤੋਂ ਉਹਨਾਂ ਦਾ ਧਿਆਨ ਭਟਕਾ ਦਿੱਤਾ ਜਾਵੇ।
ਜ਼ਰਾ ਸੋਚ ਕੇ ਦੇਖੋ, ਅਜਿਹੀਆਂ ਜੰਗੀ ਕਾਰਵਾਈਆਂ ਦਾ ਖ਼ਮਿਆਜ਼ਾ ਕੌਣ ਭੁਗਤਦਾ ਹੈ? ਸਾਫ਼ ਤੇ ਸਿੱਧਾ ਜਿਹਾ ਜਵਾਬ ਹੈ – ਆਮ ਲੋਕ। ਆਮ ਲੋਕਾਂ ਦੇ ਹੀ ਧੀਆਂ–ਪੁੱਤ ਸਰਹੱਦਾਂ ‘ਤੇ ਆਪਣੀਆਂ ਜਾਨਾਂ ਗਵਾਉਂਦੇ ਹਨ ਅਤੇ ਹਾਕਮਾਂ ਦੀ ਸਿਆਸਤ ਦੀ ਬਲੀ ਚੜ੍ਹਦੇ ਹਨ। ਜੰਗੀ ਜਨੂੰਨ ਪੈਦਾ ਕਰਕੇ ਸਿਆਸੀ ਲੀਡਰ ਅਤੇ ਉਹਨਾਂ ਦੇ ਚੇਲੇ–ਚਪਾਟੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ। ਆਮ ਮਿਹਨਤਕਸ਼ਾਂ ਨੂੰ ਜੋਕਾਂ ਵਾਂਗ ਚਿੰਬੜੇ ਹੋਏ ਇਹਨਾਂ ਲੋਕਾਂ ਅਤੇ ਇਹਨਾਂ ਦੇ ਪਿਛਲੱਗੂਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਇਹਨਾਂ ਖ਼ੂਨੀ ਜੰਗਾਂ ਵਿੱਚ ਜਾਨਾਂ ਗਵਾਉਣ ਵਾਲ਼ੇ ਫ਼ੌਜੀਆਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਹੈ? ਸਰਮਾਏਦਾਰਾ ਜੰਗਾਂ ਵਿੱਚ ਲੋਕਾਂ ਨੂੰ ਮੋਹਰਿਆਂ ਵਜੋਂ ਵਰਤਿਆ ਜਾਂਦਾ ਹੈ ਅਤੇ ਉਹਨਾਂ ਨੂੰ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਤੋਂ ਦੂਰ ਕਰ ਦਿੱਤਾ ਜਾਂਦਾ ਹੈ।
ਯੁੱਧ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ? ਸਾਫ਼ ਹੈ – ਸਰਮਾਏਦਾਰਾਂ ਅਤੇ ਉਹਨਾਂ ਦੀਆਂ ਮੈਨੇਜਿੰਗ ਕਮੇਟੀਆਂ ਦੇ ਰੂਪ ਵਿੱਚ ਕੰਮ ਕਰਦੀਆਂ ਸਰਕਾਰਾ ਨੂੰ! ਆਮ ਲੋਕਾਂ ਅਤੇ ਫ਼ੌਜੀਆਂ ਦੀ ਜਾਨ ਦੀ ਕੀਮਤ ‘ਤੇ ਹੀ ਸਰਮਾਏਦਾਰਾਂ ਦੇ ਹਥਿਆਰਾਂ ਦੇ ਕਾਰੋਬਾਰ ਵੱਧਦੇ–ਫੁੱਲਦੇ ਹਨ। ਅਜਿਹੇ ਮੌਕੇ ‘ਤੇ ਆਮ ਮਿਹਨਤਕਸ਼ ਲੋਕਾਂ ਦੀ ਸਹੀ ਸਮਝ ਕੀ ਹੋਣੀ ਚਾਹੀਦੀ ਹੈ? ਦਿਨ ਦੀ ਰੌਸ਼ਨੀ ਵਾਂਗ ਸਾਫ਼ ਹੈ ਕਿ ਅਜਿਹੇ ਸਮੇਂ ਵਿੱਚ ਹਾਕਮ ਜਮਾਤ ਵੱਲੋਂ ਫੈਲਾਏ ਜਾ ਰਹੇ ਜੰਗੀ ਜਨੂੰਨ ਵਿੱਚ ਵਹਿਣਾ ਆਪਣੇ ਪੈਰਾਂ ‘ਤੇ ਕੁਹਾੜਾ ਮਾਰਨਾ ਹੋਵੇਗਾ। ਸਾਨੂੰ ਇਹਨਾਂ ਸਰਮਾਏਦਾਰ ਸਰਕਾਰਾਂ ਦੇ ਅਸਲ ਕਿਰਦਾਰ ਨੂੰ ਜਾਣਨਾ–ਸਮਝਣਾ ਹੋਵੇਗਾ ਅਤੇ ਉਸ ਦਾ ਪਰਦਾਚਾਕ ਕਰਨਾ ਹੋਵੇਗਾ। ਨਾਲ਼ ਹੀ ਦੋਵਾਂ ਦੇਸ਼ਾਂ ਦੇ ਕਿਰਤੀ ਲੋਕਾਂ ਨੂੰ ਆਪਣੀਆਂ ਸਰਕਾਰਾਂ ‘ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਇਸ ਜੰਗੀ ਮਾਹੌਲ ਨੂੰ ਬਣਾਉਣ–ਉਕਸਾਉਣ ਤੋਂ ਬਾਜ਼ ਆਉਣ। ਹਾਕਮ ਜਮਾਤ ਦੁਆਰਾ ਫੈਲਾਏ ਜਾ ਰਹੇ ਪ੍ਰਾਪੇਗੰਡੇ ਦਾ ਸ਼ਿਕਾਰ ਬਣ ਕੇ ਅਸੀਂ ਆਪਣੇ ਖ਼ੁਦ ਦੇ ਹੀ ਖ਼ਿਲਾਫ਼ ਭੁਗਤਾਂਗੇ। ਇਸ ਲਈ ਸਾਨੂੰ ਹਾਕਮ ਜਮਾਤੀ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜੰਗੀ ਮਾਹੌਲ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ।