ਫ਼ਲਸਤੀਨ ਦੇ ਮੁੱਦੇ ‘ਤੇ ਸਾਡਾ ਭਾਰਤ ਦੇ ਲੋਕਾਂ ਦਾ ਰੁਖ਼ ਕੀ ਹੋਣਾ ਚਾਹੀਦਾ ਹੈ?
ਦੋਸਤੋ, ਤੁਸੀਂ ਜਾਣਦੇ ਹੀ ਹੋਵੋਗੇ ਕਿ ਫ਼ਲਸਤੀਨ ਦੀ ਗ਼ਜ਼ਾ ਪੱਟੀ ਵਿੱਚ ਪਿਛਲੇ ਡੇਢ ਸਾਲਾਂ ਤੋਂ ਇੱਕ ਭਿਆਨਕ ਕਤਲੇਆਮ ਜਾਰੀ ਹੈ। ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 57 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਅਤੇ ਇੱਕ ਲੱਖ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ, ਔਰਤਾਂ, ਬਜ਼ੁਰਗ ਅਤੇ ਆਮ ਨਾਗਰਿਕ ਹਨ। ਦੋ ਮਹੀਨਿਆਂ ਦੀ ਯੁੱਧਬੰਦੀ ਤੋਂ ਬਾਅਦ ਇਜ਼ਰਾਇਲ ਨੇ ਬਿਲਕੁਲ ਇਕਤਰਫ਼ਾ ਢੰਗ ਨਾਲ਼ ਇਸ ਜੰਗ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਇਜ਼ਰਾਇਲੀ ਬੰਬਾਰੀ ਵਿੱਚ ਲੱਖਾਂ ਫ਼ਲਸਤੀਨੀ ਲੋਕਾਂ ਦੇ ਘਰ–ਬਾਰ, ਉਹਨਾਂ ਦੀ ਰੋਜ਼ੀ–ਰੋਟੀ, ਸਕੂਲ ਅਤੇ ਹਸਪਤਾਲ ਤਬਾਹ ਹੋ ਚੁੱਕੇ ਹਨ, ਉੱਥੇ ਪੀਣ ਦੇ ਪਾਣੀ ਦੀ ਜ਼ਬਰਦਸਤ ਕਿੱਲਤ ਹੈ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਜਿਵੇਂ ਭੋਜਨ, ਦਵਾਈਆਂ ਅਤੇ ਬਾਲਣ ਆਦਿ ਦੀ ਭਿਆਨਕ ਥੁੜ ਹੈ। ਇਜ਼ਰਾਇਲ ਨੇ ਬਿਜਲੀ ਸਮੇਤ ਜੀਵਨ ਲਈ ਲੋੜੀਂਦੀ ਹਰੇਕ ਚੀਜ਼ ਨੂੰ ਗ਼ਜ਼ਾ ਵਿੱਚ ਪਹੁੰਚਣ ਤੋਂ ਰੋਕ ਦਿੱਤਾ ਹੈ। ਇਹ 21ਵੀਂ ਸਦੀ ਦਾ ਸਭ ਤੋਂ ਭਿਆਨਕ ਮਨੁੱਖੀ ਸੰਕਟ ਹੈ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਇਸ ਮਨੁੱਖੀ ਸੰਕਟ ਤੋਂ ਬੇਚੈਨ ਹੋਏ ਬਿਨਾਂ ਨਹੀਂ ਰਹਿ ਸਕਦਾ। ਸਵਾਲ ਇਹ ਉੱਠਦਾ ਹੈ ਕਿ ਇਸ ਬਰਬਰਤਾ ਪਿੱਛੇ ਕਾਰਨ ਕੀ ਹਨ?
ਬਹੁਤ ਸਾਰੇ ਲੋਕ ਇਜ਼ਰਾਇਲ–ਫ਼ਲਸਤੀਨ ਵਿਵਾਦ ਨੂੰ ਮਜ਼ਹਬੀ ਚਸ਼ਮੇ ਨਾਲ਼ ਦੇਖਦੇ ਹਨ ਅਤੇ ਮੰਨਦੇ ਹਨ ਕਿ ਇਹ ਯਹੂਦੀਆਂ ਅਤੇ ਮੁਸਲਮਾਨਾਂ ਦੀ ਆਪਸੀ ਜੰਗ ਹੈ ਜੋ ਸਦੀਆਂ ਤੋਂ ਚਲਦੀ ਆ ਰਹੀ ਹੈ। ਕੁਝ ਲੋਕ ਇਸ ਨੂੰ ਅੱਤਵਾਦ ਦੇ ਖ਼ਿਲਾਫ਼ ਜੰਗ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਉਹ ਇਸ ਮਸਲੇ ਨੂੰ ਮੁਸਲਮਾਨਾਂ ਦੀ ਅਖੌਤੀ “ਕੱਟੜਤਾ” ਨਾਲ਼ ਜੋੜ ਕੇ ਦੇਖਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਫ਼ਲਸਤੀਨ ਦੇ ਲੋਕ ਅਤੇ ਖ਼ਾਸ ਕਰਕੇ ਹਮਾਸ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਲ ਰਹੀ ਹੈ ਅਤੇ ਇਜ਼ਰਾਇਲ ਨੂੰ ਇਹਨਾਂ ਅੱਤਵਾਦੀ ਕਾਰਵਾਈਆਂ ਦੇ ਜਵਾਬ ਵਜੋਂ ਆਪਣੀ ਸਵੈ–ਰੱਖਿਆ ‘ਚੋਂ ਇਹ ਯੁੱਧ ਛੇੜਨਾ ਪਿਆ ਹੈ। ਇਸ ਤਰ੍ਹਾਂ ਇਸ ਨਸਲਕੁਸ਼ੀ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਪਰ ਕਿਸੇ ਵੀ ਜਾਗਰੂਕ ਵਿਅਕਤੀ ਨੂੰ ਇਸ ਮਸਲੇ ‘ਤੇ ਆਪਣੀ ਰਾਏ ਬਣਾਉਣ ਤੋਂ ਪਹਿਲਾਂ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ ਇਹਨਾਂ ਦਾਅਵਿਆਂ ਦੀ ਪੜਤਾਲ ਕਰਨੀ ਚਾਹੀਦੀ ਹੈ। ਆਓ, ਦੇਖਦੇ ਹਾਂ ਕਿ ਇਹਨਾਂ ਦਾਅਵਿਆਂ ਵਿੱਚ ਕਿੰਨਾ ਦਮ ਹੈ।
ਕੀ ਇਹ ਯਹੂਦੀਆਂ ਅਤੇ ਮੁਸਲਮਾਨਾਂ ਦਰਮਿਆਨ ਕੋਈ ਧਾਰਮਕ ਵਿਵਾਦ ਹੈ?
ਜੇਕਰ ਅਸੀਂ ਫ਼ਲਸਤੀਨ ਦੇ ਮਸਲੇ ਨੂੰ ਡੂੰਘਾਈ ਨਾਲ਼ ਸਮਝਣ ਦਾ ਯਤਨ ਕਰੀਏ ਅਤੇ ਉਸ ਦੇ ਇਤਿਹਾਸ ਉੱਤੇ ਨਿਗਾਹ ਮਾਰੀਏ ਤਾਂ ਦੇਖਾਂਗੇ ਕਿ ਇਸ ਦਾ ਇਸਲਾਮ ਅਤੇ ਯਹੂਦੀ ਧਰਮ ਵਿਚਲੀ ਕਿਸੇ ਟੱਕਰ ਨਾਲ਼ ਕੋਈ ਸੰਬੰਧ ਨਹੀਂ ਹੈ। ਘੱਟ ਲੋਕ ਹੀ ਇਹ ਜਾਣਦੇ ਹਨ ਕਿ ਫ਼ਲਸਤੀਨੀ ਅਰਬ ਲੋਕਾਂ ਵਿੱਚ ਸਿਰਫ਼ ਮੁਸਲਮਾਨ ਹੀ ਨਹੀਂ, ਸਗੋਂ ਉਹਨਾਂ ਵਿੱਚ ਇਸਾਈ, ਯਹੂਦੀ ਅਤੇ ਬੱਦੂ ਕਬੀਲੇ ਦੇ ਲੋਕ ਵੀ ਸ਼ਾਮਲ ਹਨ। ਅਜਿਹਾ ਵੀ ਨਹੀਂ ਹੈ ਕਿ ਫ਼ਲਸਤੀਨ ਦੀ ਅਜ਼ਾਦੀ ਦੀ ਲੜਾਈ ਵਿੱਚ ਸਿਰਫ਼ ਮੁਸਲਮਾਨ ਹੀ ਸ਼ਾਮਲ ਰਹੇ ਹਨ। ਫ਼ਲਸਤੀਨੀ ਕੌਮੀ ਮੁਕਤੀ ਘੋਲ਼ ਦੇ ਵੱਡੇ ਆਗੂਆਂ ਵਿੱਚੋਂ ਇੱਕ ਜਾਰਜ ਹਬਾਸ਼ ਅਤੇ ਪ੍ਰਸਿੱਧ ਫ਼ਲਸਤੀਨੀ ਅਕਾਦਮਿਕ ਅਤੇ ਬੁੱਧੀਜੀਵੀ ਐਡਵਰਡ ਸਈਦ ਇਸਾਈ ਪਰਿਵਾਰਾਂ ‘ਚੋਂ ਆਉਂਦੇ ਸਨ। ਇਸੇ ਤਰ੍ਹਾਂ ਇਹ ਵੀ ਸੱਚ ਨਹੀਂ ਹੈ ਕਿ ਸਾਰੇ ਯਹੂਦੀ ਇਜ਼ਰਾਇਲ ਦਾ ਸਮਰਥਨ ਕਰਦੇ ਹਨ। ਤੁਸੀਂ ਮੀਡੀਆ ਵਿੱਚ ਦੇਖਿਆ ਹੋਵੇਗਾ ਕਿ ਇਜ਼ਰਾਇਲ ਦੇ ਖ਼ਿਲਾਫ਼ ਹੋਣ ਵਾਲ਼ੇ ਪ੍ਰਦਰਸ਼ਨਾਂ ਵਿੱਚ ਬਹੁਤ ਸਾਰੇ ਰੱਬੀ ਯਾਨੀ ਯਹੂਦੀ ਪਾਦਰੀਆਂ ਸਮੇਤ ਯਹੂਦੀਆਂ ਦੀ ਭਾਰੀ ਅਬਾਦੀ ਵੀ ਮੌਜੂਦ ਹੁੰਦੀ ਹੈ। ਅਮਰੀਕਾ ਵਿੱਚ ਯਹੂਦੀਆਂ ਦੀ ਇੱਕ ਵੱਡੀ ਸੰਸਥਾ ‘ਜਿਊਇਸ਼ ਵਾੱਇਸ ਫ਼ਾੱਰ ਪੀਸ‘ ਇਜ਼ਰਾਇਲ ਦੇ ਸਖ਼ਤ ਖ਼ਿਲਾਫ਼ ਹੈ ਅਤੇ ਇਸ ਦੇ ਮੈਂਬਰ ਇਜ਼ਰਾਇਲ ਦੀ ਅਧਿਕਾਰਕ ਬਸਤੀਵਾਦੀ ਅਤੇ ਸਾਮਰਾਜਵਾਦੀ ਵਿਚਾਰਧਾਰਾ ਜ਼ਾਇਨਵਾਦ ਨੂੰ ਯਹੂਦੀ ਧਰਮ ਦਾ ਕੱਟੜ ਦੁਸ਼ਮਣ ਮੰਨਦੇ ਹਨ। ਫ਼ਲਸਤੀਨ ਦੇ ਮਸਲੇ ‘ਤੇ ਇੱਕ ਸੰਖੇਪ ਜਿਹੀ ਨਿਗਾਹ ਮਾਰਨ ਤੋਂ ਹੀ ਇਹ ਪਤਾ ਚੱਲ ਜਾਂਦਾ ਹੈ ਕਿ ਇਹ ਧਾਰਮਕ ਮੁੱਦਾ, ਜਾਂ ਯਹੂਦੀਆਂ ਅਤੇ ਮੁਸਲਮਾਨਾਂ ਦਰਮਿਆਨ ਟਕਰਾਅ ਦਾ ਮੁੱਦਾ ਨਾ ਤਾਂ ਕਦੇ ਪਹਿਲਾਂ ਸੀ ਅਤੇ ਨਾ ਹੀ ਅੱਜ ਹੈ।
ਸੰਖੇਪ ਵਿੱਚ, ਨਾ ਤਾਂ ਫ਼ਲਸਤੀਨ ਦਾ ਮੁੱਦਾ ਕਦੇ ਧਰਮ ਦਾ ਮੁੱਦਾ ਸੀ ਅਤੇ ਨਾ ਹੀ ਇਹ ਅੱਜ ਹੈ। ਇਹ ਇੱਕ ਗੁਲਾਮ ਬਣਾਏ ਗਏ ਮੁਲਕ ਦੀ ਅਜ਼ਾਦੀ ਲਈ ਜਾਰੀ ਲੜਾਈ ਹੈ। ਗ਼ੌਰ ਕਰਨ ਯੋਗ ਹੈ ਕਿ ਫ਼ਲਸਤੀਨੀ ਅਬਾਦੀ ਦੇ ਦੁਸ਼ਮਣ ਵੀ ਉਹੀ ਪੱਛਮੀ ਸਾਮਰਾਜੀ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਨੂੰ 200 ਸਾਲਾਂ ਤੱਕ ਗੁਲਾਮ ਬਣਾ ਕੇ ਰੱਖਿਆ ਸੀ ਅਤੇ ਲੱਖਾਂ ਦੀ ਗਿਣਤੀ ਵਿੱਚ ਸਾਡੇ ਲੋਕਾਂ ਦਾ ਕਤਲੇਆਮ ਕੀਤਾ ਸੀ।
ਕੀ ਇਜ਼ਰਾਇਲ ਆਪਣੀ ਸਵੈ–ਰੱਖਿਆ ਕਰ ਰਿਹਾ ਹੈ?
ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ 1948 ਤੋਂ ਪਹਿਲਾਂ ਇਜ਼ਰਾਇਲ ਦਾ ਕੋਈ ਨਾਮੋ–ਨਿਸ਼ਾਨ ਨਹੀਂ ਸੀ। ਅੱਜ ਜ਼ਮੀਨ ਦੇ ਜਿਸ ਟੁਕੜੇ ਨੂੰ ਇਜ਼ਰਾਇਲ ਆਖਿਆ ਜਾਂਦਾ ਹੈ, ਉੱਥੇ 1948 ਤੋਂ ਪਹਿਲਾਂ ਮੁਸਲਮਾਨ, ਯਹੂਦੀ, ਇਸਾਈ, ਫ਼ਲਸਤੀਨੀ ਅਰਬ ਲੋਕ ਸੈਂਕੜੇ ਸਾਲਾਂ ਤੋਂ ਰਹਿੰਦੇ ਆਏ ਸਨ। ਉਹਨਾਂ ਦੀ ਆਪਣੀ ਇੱਕ ਵਧ–ਫੁੱਲ ਰਹੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੀ ਜਿਉਂਦੀ–ਜਾਗਦੀ ਵਿਰਾਸਤ ਸੀ। ਸੱਤਵੀਂ ਸਦੀ ਵਿੱਚ ਇਸਲਾਮ ਦੇ ਉਭਾਰ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੀ ਯਹੂਦੀਆਂ ਨੂੰ ਪਹਿਲਾਂ ਬੇਬੀਲੋਨਿਅਨ ਅਤੇ ਫਿਰ ਰੋਮਨ ਸ਼ਾਸਕਾਂ ਨੇ ਫ਼ਲਸਤੀਨ ਤੋਂ ਖਦੇੜ ਦਿੱਤਾ ਸੀ। ਇਸ ਪਿੱਛੋਂ ਉਹ ਯੂਰਪ ਦੇ ਵੱਖ–ਵੱਖ ਹਿੱਸਿਆਂ ਵਿੱਚ ਰਹਿਣ ਲੱਗੇ ਸਨ। ਉਹਨਾਂ ਦੀ ਕੌਮੀਅਤ, ਭਾਸ਼ਾ, ਸੱਭਿਆਚਾਰ, ਸੰਸਕ੍ਰਿਤੀ ਸਭ ਕੁਝ ਯੂਰਪੀ ਹੋ ਚੁੱਕਿਆ ਸੀ। ਜੋ ਯਹੂਦੀ ਜਿਸ ਦੇਸ਼ ਵਿੱਚ ਰਹਿੰਦਾ ਸੀ, ਉਸ ਦੇਸ਼ ਦੀ ਹੀ ਭਾਸ਼ਾ ਬੋਲਦਾ ਸੀ, ਉਸੇ ਦੀ ਸੱਭਿਅਤਾ ਦਾ ਅੰਗ ਸੀ, ਉਸੇ ਦੇਸ਼ ਦਾ ਨਾਗਰਿਕ ਸੀ। ਤਾਂ ਫਿਰ ਇਜ਼ਰਾਇਲ ਕਿਵੇਂ ਹੋਂਦ ਵਿੱਚ ਆਇਆ? ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ 19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਇਤਿਹਾਸ ਉੱਤੇ ਇੱਕ ਨਿਗਾਹ ਮਾਰਨੀ ਹੋਵੇਗੀ।
ਆਧੁਨਿਕ ਕਾਲ ਵਿੱਚ ਯੂਰਪ ਦੇ ਸਰਮਾਏਦਾਰਾ ਦੇਸ਼ਾਂ ਵਿੱਚ ਯਹੂਦੀ ਧਾਰਮਕ ਘੱਟਗਿਣਤੀਆਂ ਨਾਲ਼ ਭਿਆਨਕ ਭੇਦ–ਭਾਵ ਹੋ ਰਿਹਾ ਸੀ ਅਤੇ ਉਹਨਾਂ ਨੂੰ ਜਬਰ ਦਾ ਸਾਮ੍ਹਣਾ ਕਰਨਾ ਪੈ ਰਿਹਾ ਸੀ। ਯਹੂਦੀ–ਵਿਰੋਧੀ ਮਾਨਸਿਕਤਾ ਨੂੰ ਐਂਟੀ–ਸੈਮੀਟਿਜ਼ਮ ਦਾ ਨਾਂ ਦਿੱਤਾ ਜਾਂਦਾ ਹੈ। ਇਸੇ ਦੌਰ ਵਿੱਚ, ਯਹੂਦੀਆਂ ਦੀ ਨਸਲੀ ਸਰਵ–ਉੱਚਤਾ ਦੀ ਸੋਚ ਉੱਤੇ ਅਧਾਰਤ ਜ਼ਾਇਨਵਾਦ ਦੀ ਨਸਲਵਾਦੀ ਸਿਆਸੀ ਵਿਚਾਰਧਾਰਾ ਦਾ ਜਨਮ ਹੋਇਆ। ਜ਼ਾਇਨਵਾਦੀਆਂ ਨੇ ਯੂਰਪੀ ਦੇਸ਼ਾਂ ਅੰਦਰ ਐਂਟੀ–ਸੈਮੀਟਿਜ਼ਮ ਦੀ ਵਿਚਾਰਧਾਰਾ ਨਾਲ਼ ਲੜ ਕੇ ਯਹੂਦੀਆਂ ਨੂੰ ਬਰਾਬਰੀ ਦਾ ਦਰਜਾ ਦਿਵਾਉਣ ਦੀ ਥਾਂ ਕਿਸੇ ਹੋਰ ਸਥਾਨ ਉੱਤੇ ਯਹੂਦੀਆਂ ਦਾ ਆਪਣਾ ਵੱਖਰਾ ਰਾਜ ਬਣਾਉਣ ਦੀ ਮੰਗ ਉਠਾਈ। ਇਸ ਵਿਚਾਰਧਾਰਾ ਨੂੰ ਜਨਮ ਦੇਣ ਵਾਲ਼ੇ ਲੋਕਾਂ ਦੇ ਬ੍ਰਿਟਿਸ਼ ਅਤੇ ਪੱਛਮੀ ਸਾਮਰਾਜੀਆਂ ਅਤੇ ਇੱਥੋਂ ਤੱਕ ਕਿ ਯਹੂਦੀਆਂ ਦੀ ਯੂਰਪ ਵਿੱਚ ਕਤਲੋਗ਼ਾਰਤ ਕਰਨ ਵਾਲ਼ੇ ਨਾਜ਼ੀਆਂ ਤੱਕ ਨਾਲ਼ ਰਿਸ਼ਤੇ ਸਨ। ਜ਼ਾਇਨਵਾਦੀਆਂ ਦੇ ਭਵਿੱਖੀ ਰਾਜ ਪਿੱਛੇ ਕਿਸੇ ਰਾਸ਼ਟਰ/ਕੌਮ ਦਾ ਅਧਾਰ ਨਹੀਂ ਸੀ। ਕਿਉਂਕਿ ਯਹੂਦੀ ਇਸ ਰੂਪ ਵਿੱਚ ਕੋਈ ਰਾਸ਼ਟਰ/ਕੌਮ ਨਹੀਂ ਸਨ ਜਿਨ੍ਹਾਂ ਦਾ ਇੱਕ ਸਾਂਝਾ ਇਤਿਹਾਸ, ਇੱਕ ਸਾਂਝਾ ਖਿੱਤਾ, ਇੱਕ ਸਾਂਝਾ ਅਰਥਚਾਰਾ, ਇੱਕ ਸਾਂਝੀ ਭਾਸ਼ਾ ਹੋਵੇ। ਪਰ ਜ਼ਾਇਨਵਾਦੀਆਂ ਅਤੇ ਪੱਛਮੀ ਸਾਮਰਾਜੀਆਂ ਦੀ ਸਾਜਿਸ਼ ਦੇ ਤਹਿਤ ਯਹੂਦੀ ਰਾਜ ਬਣਾਉਣ ਦੇ ਪ੍ਰੋਜੈਕਟ ਉੱਤੇ ਕੰਮ ਹੋਣ ਲੱਗਿਆ ਅਤੇ ਇਸ ਦੇ ਲਈ ਅਜਿਹੇ ਦੇਸ਼ਾਂ ਬਾਰੇ ਸੋਚਿਆ ਜਾਣ ਲੱਗਿਆ, ਜਿੱਥੇ ਜਗ੍ਹਾ–ਜ਼ਮੀਨ ਉੱਤੇ ਜਬਰੀ ਕਬਜ਼ਾ ਕਰਕੇ ਯੂਰਪੀ ਯਹੂਦੀਆਂ ਲਈ ਇੱਕ ਰਾਜ ਬਣਾਇਆ ਜਾਵੇ।

ਉਸ ਸਮੇਂ ਦੀ ਸਭ ਤੋਂ ਵੱਡੀ ਸਾਮਰਾਜੀ ਤਾਕਤ ਬ੍ਰਿਟਿਸ਼ ਸਾਮਰਾਜ ਨੇ ਆਪਣੇ ਸਿਆਸੀ ਅਤੇ ਜੰਗੀ ਹਿੱਤਾਂ ਦੇ ਮੱਦੇਨਜ਼ਰ ਯਹੂਦੀਆਂ ਨੂੰ ਵਸਾਉਣ ਲਈ ਆਖ਼ਰਕਾਰ ਫ਼ਲਸਤੀਨ ਨੂੰ ਚੁਣਿਆ। ਫ਼ਲਸਤੀਨ ਸੁਏਜ਼ ਨਹਿਰ ਦੇ ਨੇੜੇ ਸੀ ਅਤੇ ਪੱਛਮੀ ਏਸ਼ੀਆ ਦੇ ਦੁਆਰ ‘ਤੇ ਸਥਿਤ ਸੀ ਅਤੇ ਉਸ ਦਾ ਜੰਗੀ ਮਹੱਤਵ ਫ਼ਾਰਸ ਦੀ ਖਾੜੀ ਵਿੱਚ ਤੇਲ ਦੀ ਖੋਜ ਹੋਣ ਤੋਂ ਬਾਅਦ ਤੋਂ ਹੋਰ ਵੱਧ ਗਿਆ ਸੀ। ਫ਼ਲਸਤੀਨ ਨੂੰ ਚੁਣਨ ਦੇ ਪਿੱਛੇ ਇੱਕ ਕਾਰਨ ਇਹ ਵੀ ਸੀ ਕਿ ਯਹੂਦੀਆਂ ਦਾ ਵੱਡਾ ਹਿੱਸਾ ਆਪਣੀ ਧਾਰਮਕ ਆਸਥਾ ਦੇ ਕਾਰਨ ਯੂਰਪ ਤੋਂ ਫ਼ਲਸਤੀਨ ਵੱਲ ਪਲਾਇਨ ਕਰਨ ਨੂੰ ਤਿਆਰ ਹੋ ਸਕਦਾ ਸੀ। ਜ਼ਾਇਨਵਾਦੀਆਂ ਨੇ ਯਹੂਦੀਆਂ ਅੰਦਰ ਇਹ ਝੂਠ ਪ੍ਰਚਾਰਿਆ ਕਿ ਫ਼ਲਸਤੀਨ ਇੱਕ ਅਜਿਹੀ ਖ਼ਾਲੀ ਥਾਂ ਹੈ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਉਹ ਯਹੂਦੀਆਂ ਲਈ ਬਿਲਕੁਲ ਢੁਕਵੀਂ ਹੈ ਜਿਨ੍ਹਾਂ ਦੀ ਆਪਣੀ ਕੋਈ ਜ਼ਮੀਨ ਨਹੀਂ ਸੀ। ਪਰ ਸੱਚ ਤਾਂ ਇਹ ਸੀ ਕਿ ਉਸ ਜ਼ਮੀਨ ਉੱਤੇ ਫ਼ਲਸਤੀਨੀ ਯਹੂਦੀ, ਮੁਸਲਮਾਨ, ਇਸਾਈ ਲੋਕ ਸੈਂਕੜੇ ਵਰ੍ਹਿਆਂ ਤੋਂ ਰਹਿੰਦੇ ਆਏ ਸਨ। ਇਜ਼ਰਾਇਲ ਉਦੋਂ ਹੀ ਹੋਂਦ ਵਿੱਚ ਆ ਸਕਦਾ ਸੀ, ਜਦੋਂ ਸਥਾਨਕ ਲੋਕਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਬੇਦਖ਼ਲ ਕਰ ਦਿੱਤਾ ਜਾਂਦਾ। ਇਹ ਬ੍ਰਿਟਿਸ਼ ਸਾਮਰਾਜੀਆਂ ਦੀ ਸਰਪ੍ਰਸਤੀ ਤੋਂ ਬਿਨਾਂ ਮੁਮਕਿਨ ਨਹੀਂ ਸੀ। 1917 ਵਿੱਚ ਬਾਲਫ਼ੋਰ ਐਲਾਨਾਮੇ ਰਾਹੀਂ ਬ੍ਰਿਟਿਸ਼ ਸਾਮਰਾਜਵਾਦ ਨੇ ਫ਼ਲਸਤੀਨ ਵਿੱਚ ਯਹੂਦੀਆਂ ਦਾ ਆਪਣਾ ‘ਹੋਮਲੈਂਡ‘ ਬਣਾਉਣ ਦੇ ਜ਼ਾਇਨਵਾਦੀਆਂ ਦੇ ਬਸਤੀਵਾਦੀ ਪ੍ਰੋਜੈਕਟ ਨੂੰ ਆਪਣੀ ਰਸਮੀ ਮਨਜ਼ੂਰੀ ਦੇ ਦਿੱਤੀ।
ਪਹਿਲੀ ਸੰਸਾਰ ਜੰਗ ਤੋਂ ਬਾਅਦ ਜਦੋਂ ਫ਼ਲਸਤੀਨ ਉੱਪਰ ਬ੍ਰਿਟਿਸ਼ ਬਸਤੀਵਾਦੀਆਂ ਨੇ ਆਪਣਾ ਕਬਜ਼ਾ ਜਮਾਇਆ ਉਸ ਤੋਂ ਬਾਅਦ ਤੋਂ ਹੀ ਯੋਜਨਾਬੱਧ ਢੰਗ ਨਾਲ਼ ਫ਼ਲਸਤੀਨ ਅੰਦਰ ਯਹੂਦੀਆਂ ਦੇ ਵਸੇਬੇ ਨੂੰ ਉਤਸ਼ਾਹਿਤ ਕੀਤਾ ਗਿਆ। ਸ਼ੁਰੂ ਵਿੱਚ ਤਾਂ ਫ਼ਲਸਤੀਨੀਆਂ ਨੇ ਇਹਨਾਂ ਲੋਕਾਂ ਦਾ ਸਵਾਗਤ ਕੀਤਾ ਅਤੇ ਯੂਰਪ ਵਿੱਚ ਉਹਨਾਂ ਉੱਪਰ ਹੋ ਰਹੇ ਜ਼ੁਲਮਾਂ ਦੇ ਕਾਰਨ ਉਹਨਾਂ ਨਾਲ਼ ਹਮਦਰਦੀ ਰੱਖਦਿਆਂ ਹੋਇਆਂ ਉਹਨਾਂ ਨੂੰ ਆਪਣੇ ਦੇਸ਼ ਵਿੱਚ ਪਨਾਹ ਦਿੱਤੀ। ਪਰ ਛੇਤੀ ਹੀ ਇਹਨਾਂ ਨੇ ਬ੍ਰਿਟਿਸ਼ ਸਾਮਰਾਜਵਾਦ ਦੀ ਮਦਦ ਨਾਲ਼ ਆਪਣੇ ਅੱਤਵਾਦੀ ਸੰਗਠਨ ਬਣਾ ਕੇ ਸਥਾਨਕ ਫ਼ਲਸਤੀਨੀਆਂ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। 1948 ਵਿੱਚ ਫ਼ਲਸਤੀਨੀਆਂ ਦੇ ਭਿਆਨਕ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਨੂੰ ਬੰਦੂਕ ਦੀ ਨੋਕ ‘ਤੇ ਆਪਣੀ ਹੀ ਜ਼ਮੀਨ ਤੋਂ ਬੇਦਖ਼ਲ ਕਰਕੇ ਇਜ਼ਰਾਇਲ ਦੀ ਸਥਾਪਨਾ ਹੋਈ। ਤਕਰੀਬਨ 10 ਲੱਖ ਫ਼ਲਸਤੀਨੀ ਬੇਦਖ਼ਲ ਹੋ ਕੇ ਪੱਛਮੀ ਏਸ਼ੀਆ ਦੇ ਹੋਰਨਾਂ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਲਈ ਮਜਬੂਰ ਹੋ ਗਏ। ਉਹਨਾਂ ਦੇ ਖੇਤਾਂ, ਬਾਗ਼ਾਂ, ਕਾਰਖ਼ਾਨਿਆਂ, ਮਕਾਨਾਂ ਅਤੇ ਜਾਇਦਾਦਾਂ ਉੱਪਰ ਜ਼ਾਇਨਵਾਦੀਆਂ ਦਾ ਕਬਜ਼ਾ ਹੋ ਗਿਆ। ਫ਼ਲਸਤੀਨ ਦੇ ਲੋਕ ਅੱਜ ਵੀ ਆਪਣੇ ਦੇਸ਼ ਉੱਪਰ ਟੁੱਟੇ ਇਸ ਕਹਿਰ ਨੂੰ ਨਕਬਾ ਦੇ ਨਾਂ ਨਾਲ਼ ਯਾਦ ਕਰਦੇ ਹਨ।
ਇਸ ਬੇਹੱਦ ਸੰਖੇਪ ਇਤਿਹਾਸ ਤੋਂ ਐਨਾ ਸਪਸ਼ਟ ਹੈ ਕਿ ਇਜ਼ਰਾਇਲ ਕੋਈ ਦੇਸ਼ ਜਾਂ ਰਾਸ਼ਟਰ ਨਹੀਂ, ਸਗੋਂ ਫ਼ਲਸਤੀਨ ਉੱਪਰ ਜਬਰੀ ਕਬਜ਼ਾ ਕਰਨ ਦਾ ਇੱਕ ਸੈਟਲਰ ਬਸਤੀਵਾਦੀ ਪ੍ਰੋਜੈਕਟ ਹੈ। ਇਹ ਪੱਛਮੀ ਸਾਮਰਾਜਵਾਦ ਦੁਆਰਾ ਜਬਰੀ ਬਣਾਈ ਗਈ ਇੱਕ ਬਸਤੀ ਹੈ ਜਿਸ ਦਾ ਇਸਤੇਮਾਲ ਉਹ ਫ਼ਲਸਤੀਨੀਆਂ ਉੱਤੇ ਜਬਰ ਕਰਨ ਅਤੇ ਉਹਨਾਂ ਦੀ ਬੇਦਖ਼ਲੀ ਅਤੇ ਕਤਲੇਆਮ ਲਈ ਅਤੇ ਨਾਲ਼ ਦੀ ਨਾਲ਼ ਮੱਧ–ਪੂਰਬ ਵਿੱਚ ਪੱਛਮੀ ਸਾਮਰਾਜਵਾਦ ਦੇ ਹਿੱਤਾਂ ਦੀ ਰਾਖੀ ਲਈ ਇਸਤੇਮਾਲ ਕੀਤੀ ਜਾਣ ਵਾਲ਼ੀ ਫ਼ੌਜੀ ਚੌਂਕੀ ਦੇ ਰੂਪ ਵਿੱਚ ਕਰਦਾ ਹੈ। ਉਸ ਦੁਆਰਾ ਫ਼ਲਸਤੀਨ ਵਿੱਚ ਕੀਤਾ ਜਾ ਰਿਹਾ ਕਤਲੇਆਮ ਆਪਣੀ ਸਵੈ–ਰੱਖਿਆ ਵਿੱਚ ਕੀਤੀ ਜਾ ਰਹੀ ਹਿੰਸਾ ਨਹੀਂ ਹੈ, ਸਗੋਂ ਇਸਦੇ ਉਲ਼ਟ ਉਹ ਫ਼ਲਸਤੀਨ ਉੱਪਰ ਆਪਣੇ ਕਬਜ਼ੇ ਨੂੰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਪਿਛਾਖੜੀ ਹਿੰਸਾ ਹੈ। ਇਸ ਮਸਲੇ ਨੂੰ ਵਿਸਥਾਰ ਵਿੱਚ ਜਾਨਣ–ਸਮਝਣ ਲਈ ਇਜ਼ਰਾਇਲੀ ਯਹੂਦੀ ਇਤਿਹਾਸਕਾਰ ਏਲਾਨ ਪਾਪੈ ਦੀਆਂ ਕਿਤਾਬਾਂ ‘ਏ ਹਿਸਟਰੀ ਆੱਫ਼ ਮਾਡਰਨ ਪੈਲੇਸਟਾਇਨ‘ ਅਤੇ ‘ਦਿ ਏਥਨਿਕ ਕਲੇਂਜਿੰਗ ਆਫ਼ ਪੈਲੇਸਟਾਇਨ‘ ਪੜ੍ਹੀਆਂ ਜਾ ਸਕਦੀਆਂ ਹਨ।
ਅਸਲ ਵਿੱਚ, ਇਜ਼ਰਾਇਲ ਕੋਈ ਦੇਸ਼ ਜਾਂ ਰਾਸ਼ਟਰ ਨਹੀਂ ਹੈ, ਸਗੋਂ ਪੱਛਮੀ ਸਾਮਰਾਜੀਆਂ ਦੁਆਰਾ ਫ਼ਲਸਤੀਨੀ ਅਬਾਦੀ ਦੇ ਉਜਾੜੇ ਅਤੇ ਕਤਲਾਂ ਉੱਪਰ ਟਿਕੀ ਉਪਨਿਵੇਸ਼ਵਾਦੀ ਬਸਤੀ ਹੈ। ਉਹ ਆਪਣੀ ਸਵੈ–ਰੱਖਿਆ ਨਹੀਂ ਕਰ ਰਿਹਾ ਹੈ, ਸਗੋਂ ਫ਼ਲਸਤੀਨੀ ਅਵਾਮ ਆਪਣੀ ਮੁਕਤੀ ਲਈ ਲੜ ਰਹੀ ਹੈ। ਇਤਿਹਾਸ 7 ਅਕਤੂਬਰ 2023 ਤੋਂ ਸ਼ੁਰੂ ਨਹੀਂ ਹੋਇਆ ਸੀ। ਉਸ ਤੋਂ ਪਹਿਲਾਂ ਤੋਂ ਹੀ ਤਕਰੀਬਨ ਅੱਠ ਦਹਾਕਿਆਂ ਤੋਂ ਇਜ਼ਰਾਇਲੀ ਸੈਟਲਰ ਬਸਤੀਵਾਦੀ ਪ੍ਰੋਜੈਕਟ ਫ਼ਲਸਤੀਨੀਆਂ ਦੇ ਕਤਲੇਆਮ, ਉਜਾੜੇ, ਕੌਮੀ–ਦਾਬੇ ਅਤੇ ਉਤਪੀੜਨ ਨੂੰ ਅੰਜਾਮ ਦੇ ਰਿਹਾ ਸੀ। 7 ਅਕਤੂਬਰ ਨੂੰ ਗ਼ਜ਼ਾ ਦੇ ਤਸੀਹਾ–ਕੇਂਦਰਾਂ ਦੇ ਕੈਦੀਆਂ ਨੇ ਬਗ਼ਾਵਤ ਕਰ ਦਿੱਤੀ, ਜਿਸ ਦੀ ਫ਼ੌਜੀ ਘੇਰੇਬੰਦੀ ਇਜ਼ਰਾਇਲ ਨੇ ਲੰਮੇ ਸਮੇਂ ਤੋਂ ਕਰ ਰੱਖੀ ਸੀ। ਜੇਕਰ ਇਹ ਸਵੈ–ਰੱਖਿਆ ਹੈ ਤਾਂ ਫਿਰ ਬ੍ਰਿਟਿਸ਼ ਸਾਮਰਾਜਵਾਦੀ ਵੀ ਭਗਤ ਸਿੰਘ, ਸੁਖਦੇਵ, ਰਾਜਗੁਰੂ, ਰਾਮ ਪ੍ਰਸਾਦ ਬਿਸਮਿਲ, ਚੰਦਰਸ਼ੇਖਰ ਅਜ਼ਾਦ ਅਤੇ ਅਸ਼ਫਾਕ ਉੱਲਾ ਖ਼ਾਂ ਵਰਗਿਆਂ ਦੇ ਕਤਲ ਕਰਕੇ ਆਪਣੀ ਸਵੈ–ਰੱਖਿਆ ਕਰ ਰਹੇ ਸਨ। ਬਸਤੀਵਾਦੀ ਕਬਜ਼ਾ ਕਰਨ ਵਾਲ਼ੇ ਕੋਲ਼ ਕੋਈ ਸਵੈ–ਰੱਖਿਆ ਦਾ ਹੱਕ ਨਹੀਂ ਹੁੰਦਾ ਹੈ ਅਤੇ ਉਸ ਨੂੰ ਲੋਕਾਂ ਦੀਆਂ ਹਿੰਸਕ ਅਤੇ ਸ਼ਾਂਤਮਈ, ਦੋਵਾਂ ਤਰ੍ਹਾਂ ਦੀਆਂ ਜਵਾਬੀ ਕਾਰਵਾਈਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਅਤੇ ਦੋਵੇਂ ਤਰ੍ਹਾਂ ਦੀਆਂ ਸਰਗਰਮੀਆਂ ਦਾ ਲੋਕਾਂ ਨੂੰ ਪੂਰਾ ਹੱਕ ਹੁੰਦਾ ਹੈ, ਜੇਕਰ ਉਹਨਾਂ ਨੂੰ ਗ਼ੁਲਾਮ ਬਣਾਇਆ ਜਾਂਦਾ ਹੈ।
ਕੀ ਫ਼ਲਸਤੀਨੀ ਲੋਕ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਲ ਰਹੇ ਹਨ?
ਫ਼ਲਸਤੀਨ ਦੀ ਧਰਤੀ ਉੱਪਰ ਪੱਛਮੀ ਸਾਮਰਾਜਵਾਦੀ ਜ਼ਾਇਨਵਾਦੀਆਂ ਦੇ ਜਬਰੀ ਕਬਜ਼ੇ ਨੂੰ ਚੁੱਪ ਕਰਕੇ ਸਹਿਣ ਕਰਨ ਦੀ ਥਾਂ ਫ਼ਲਸਤੀਨੀ ਲੋਕ ਉਸ ਦੇ ਖ਼ਿਲਾਫ਼ 1930 ਦੇ ਦਹਾਕੇ ਤੋਂ ਹੀ ਲੜ ਰਹੇ ਹਨ। ਇਹ ਉਹਨਾਂ ਦੀ ਅਜ਼ਾਦੀ ਦੀ ਜੰਗ ਹੈ, ਠੀਕ ਉਸੇ ਤਰ੍ਹਾਂ ਜਿਵੇਂ ਭਾਰਤ ਵਿੱਚ ਵੀ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੇ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੁੱਧ ਅਜ਼ਾਦੀ ਦੀ ਲੜਾਈ ਲੜੀ ਸੀ। ਫ਼ਲਸਤੀਨ ਕੋਲ਼ ਆਪਣੀ ਕੋਈ ਥਲ ਸੈਨਾ, ਹਵਾਈ ਸੈਨਾ ਜਾਂ ਸਮੁੰਦਰੀ ਸੈਨਾ ਨਹੀਂ ਹੈ। ਉਹਨਾਂ ਕੋਲ਼ ਪੱਥਰ, ਗੁਲੇਲ, ਰਾਕਟ, ਬੰਦੂਕ ਜਾਂ ਜੋ ਕੁਝ ਵੀ ਹੈ ਉਹ ਉਸ ਨਾਲ਼ ਲੜ ਰਹੇ ਹਨ। ਬੇਸ਼ੱਕ ਇਸ ਲੜਾਈ ਵਿੱਚ ਉਹਨਾਂ ਨੇ ਹਿੰਸਾ ਦਾ ਵੀ ਸਹਾਰਾ ਲਿਆ ਹੈ। ਪਰ ਕੀ ਆਪਣੇ ਦੇਸ਼ ਨੂੰ ਅਜ਼ਾਦ ਕਰਵਾਉਣ ਅਤੇ ਸਾਮਰਾਜੀਆਂ ਦੇ ਜਬਰ, ਅਪਮਾਨ, ਘੇਰੇਬੰਦੀ ਦੇ ਵਿਰੁੱਧ ਲੜਨ ਲਈ ਹਿੰਸਾ ਦਾ ਸਹਾਰਾ ਲੈਣ ਨੂੰ ਅੱਤਵਾਦ ਕਿਹਾ ਜਾ ਸਕਦਾ ਹੈ? ਜੇਕਰ ਹਾਂ ਤਾਂ ਸਾਨੂੰ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਅਜ਼ਾਦ, ਰਾਮ ਪ੍ਰਸਾਦ ਬਿਸਮਿਲ, ਅਸ਼ਫ਼ਾਕ ਉੱਲਾ ਖ਼ਾਂ ਅਤੇ ਖੁਦੀ ਰਾਮ ਬੋਸ ਜਿਹੇ ਇਨਕਲਾਬੀਆਂ ਨੂੰ ਵੀ ਅੱਤਵਾਦੀ ਕਹਿਣਾ ਪਵੇਗਾ ਕਿਉਂਕਿ ਉਹਨਾਂ ਨੇ ਵੀ ਸਾਡੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹਿੰਸਕ ਕਾਰਵਾਈਆਂ ਦਾ ਸਹਾਰਾ ਲਿਆ ਸੀ। ਇਹੀ ਨਹੀਂ, ਸਾਨੂੰ 1857 ਵਿੱਚ ਭਾਰਤ ਦੇ ਪਹਿਲੇ ਅਜ਼ਾਦੀ ਸੰਗਰਾਮ ਉੱਤੇ ਵੀ ਅੱਤਵਾਦ ਦਾ ਠੱਪਾ ਲਾਉਣਾ ਪਵੇਗਾ ਕਿਉਂਕਿ ਉਸ ਵਿੱਚ ਵੀ ਸਾਡੇ ਦੇਸ਼ ਦੇ ਅਜ਼ਾਦੀ ਘੁਲਾਟੀਆਂ ਨੇ ਹਿੰਸਾ ਕੀਤੀ ਸੀ। ਦੁਨੀਆਂ ਭਰ ਵਿੱਚ ਬਸਤੀਵਾਦ ਦੇ ਖ਼ਿਲਾਫ਼ ਜੋ ਲੜਾਈਆਂ ਹੋਈਆਂ ਹਨ, ਉਹਨਾਂ ਵਿੱਚ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੋਕਾਂ ਨੇ ਬਸਤੀਵਾਦੀ ਤਾਕਤਾਂ ਖ਼ਿਲਾਫ਼ ਹਿੰਸਾ ਦਾ ਸਹਾਰਾ ਲਿਆ ਹੈ। ਕੋਈ ਸਿਰਫਿਰਾ ਆਦਮੀ ਹੀ ਅਜ਼ਾਦੀ ਦੀਆਂ ਇਹਨਾਂ ਲੜਾਈਆਂ ਨੂੰ ਅੱਤਵਾਦ ਦੇ ਰੂਪ ਵਿੱਚ ਪੇਸ਼ ਕਰੇਗਾ। ਇਹੀ ਪੱਛਮੀ ਸਾਮਰਾਜਵਾਦ ਅਤੇ ਉਸ ਦੇ ਮੀਡੀਏ ਦਾ ਅਤੇ ਦੁਨੀਆ ਭਰ ਦੇ ਹੁਕਮਰਾਨਾਂ ਦਾ ਤਰੀਕਾ ਹੈ। ਜੇਕਰ ਕਿਸੇ ਦੇਸ਼ ਉੱਤੇ ਬੰਬਾਂ ਦਾ ਮੀਂਹ ਵਰ੍ਹਾਉਣਾ ਹੈ, ਉਸ ਉੱਤੇ ਹਮਲਾ ਕਰਨਾ ਹੈ, ਉਸ ਉੱਤੇ ਕਬਜ਼ਾ ਕਰਨਾ ਹੈ, ਤਾਂ ਉਸਨੂੰ ਅੱਤਵਾਦੀ ਕਰਾਰ ਦੇ ਦਿਓ। ਪਹਿਲਾਂ ਵੀ ਸਾਮਰਾਜੀਆਂ ਨੇ ਸਾਰੇ ਦੇਸ਼ਾਂ ਵਿੱਚ ਅਜ਼ਾਦੀ ਲਈ ਲੜਨ ਵਾਲ਼ੇ ਸੰਘਰਸ਼ੀ ਯੋਧਿਆਂ ਨੂੰ ਅੱਤਵਾਦੀ ਕਰਾਰ ਦਿੱਤਾ ਸੀ। ਜਿਸ ਤੋਂ ਉਹਨਾਂ ਨੂੰ ਡਰ ਲੱਗਦਾ ਹੈ, ਉਹ ਉਸੇ ਨੂੰ ਅੱਤਵਾਦੀ ਆਖ ਦਿੰਦੇ ਹਨ ਤਾਂ ਕਿ ਉਹਨਾਂ ਦੇ ਜਬਰ ਅਤੇ ਦਾਬੇ ਨੂੰ ਸਹੀ ਠਹਿਰਾਇਆ ਜਾ ਸਕੇ।

ਫ਼ਲਸਤੀਨ ਦੇ ਮਾਮਲੇ ਵਿੱਚ ਅਸਲੀ ਅੱਤਵਾਦੀ ਤਾਂ ਜ਼ਾਇਨਵਾਦੀ ਇਜ਼ਰਾਇਲ ਅਤੇ ਉਸ ਦੀ ਪਿੱਠ ਥਾਪੜਨ ਵਾਲ਼ੇ ਪੱਛਮੀ ਸਾਮਰਾਜਵਾਦੀ ਹਨ ਜਿਨ੍ਹਾਂ ਦੀ ਮਦਦ ਨਾਲ਼ ਇਜ਼ਰਾਇਲ ਦਹਾਕਿਆਂ ਤੋਂ ਬਰਬਰ ਕਿਸਮ ਦੀ ਕਤਲੋਗ਼ਾਰਤ ਅਤੇ ਨਸਲੀ ਸਫ਼ਾਏ ਦੀ ਨੀਤੀ ਉੱਪਰ ਅਮਲ ਕਰਦਾ ਆਇਆ ਹੈ। ਅਸੀਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਜ਼ਰਾਇਲ ਦੀ ਨੀਂਹ ਵਿੱਚ ਹੀ ਖ਼ੂਨ–ਖ਼ਰਾਬਾ, ਨਸਲੀ ਸਫ਼ਾਇਆ, ਜਬਰੀ ਕਬਜ਼ਾ ਅਤੇ ਫ਼ਲਸਤੀਨੀ ਅਵਾਮ ਦੇ ਉਜਾੜੇ ਦੀ ਤ੍ਰਾਸਦੀ ਮੌਜੂਦ ਹੈ। ਫ਼ਲਸਤੀਨ ਉੱਪਰ ਕਬਜ਼ਾ ਕਰਨ ਲਈ ਯਹੂਦੀ ਸੈਟਲਰਾਂ ਵਿੱਚੋਂ ਜ਼ਾਇਨਵਾਦੀਆਂ ਨੇ ਹੈਗਨਾਹ, ਇਰਗੁਨ ਅਤੇ ਲੇਹੀ ਵਰਗੇ ਅੱਤਵਾਦੀ ਸੰਗਠਨਾਂ ਨੂੰ ਖੜ੍ਹਾ ਕੀਤਾ ਸੀ। 1948 ਵਿੱਚ ਇਜ਼ਰਾਇਲ ਬਣਨ ਤੋਂ ਬਾਅਦ ਇਹਨਾਂ ਜ਼ਾਇਨਵਾਦੀ ਅੱਤਵਾਦੀ ਸੰਗਠਨਾਂ ਨੇ ਮਿਲ਼ ਕੇ ਇਜ਼ਰਾਇਲੀ ਫ਼ੌਜ ਦਾ ਗਠਨ ਕਰ ਲਿਆ ਸੀ। ਉਦੋਂ ਤੋਂ ਇਜ਼ਰਾਇਲ ਦੀਆਂ ਅੱਤਵਾਦੀ ਕਾਰਵਾਈਆਂ ਵਧਦੀਆਂ ਹੀ ਗਈਆਂ ਹਨ।
ਜ਼ਾਇਨਵਾਦੀ ਸੈਟਲਰ ਬਸਤੀਵਾਦੀ ਪ੍ਰੋਜੈਕਟ 1948 ਵਿੱਚ ਇਜ਼ਰਾਇਲ ਦੀ ਸਥਾਪਨਾ ਨਾਲ਼ ਮੁਕੰਮਲ ਨਹੀਂ ਹੋਇਆ, ਸਗੋਂ ਇਹ ਅੱਜ ਤੱਕ ਜਾਰੀ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਸਾਮਰਾਜਵਾਦੀ ਦੁਨੀਆਂ ਦਾ ਨਵਾਂ ਚੌਧਰੀ ਅਮਰੀਕਾ ਆਪਣੇ ਸਾਮਰਾਜੀ ਹਿੱਤਾਂ ਨੂੰ ਸਾਧਣ ਲਈ ਇਸ ਬਰਬਰ ਪ੍ਰੋਜੈਕਟ ਨੂੰ ਸਮਰਥਨ ਦਿੰਦਾ ਆਇਆ ਹੈ। 1967 ਵਿੱਚ ਛੇ ਦਿਨਾਂ ਦੇ ਯੁੱਧ ਤੋਂ ਬਾਅਦ ਇਜ਼ਰਾਇਲ ਨੇ ਅਮਰੀਕੀ ਫ਼ੌਜੀ ਮਦਦ ਦੀ ਸਹਾਇਤਾ ਨਾਲ਼ ਗ਼ਜ਼ਾ ਪੱਟੀ, ਵੈਸਟ ਬੈਂਕ, ਪੂਰਬੀ ਯਰੂਸ਼ਲਮ ਸਮੇਤ ਕਈ ਹੋਰਨਾਂ ਇਲਾਕਿਆਂ ਉੱਤੇ ਵੀ ਆਪਣਾ ਕਬਜ਼ਾ ਜਮਾ ਲਿਆ। ਉਸ ਤੋਂ ਬਾਅਦ ਵੀ ਇਜ਼ਰਾਇਲ ਨੇ ਫ਼ਲਸਤੀਨੀਆਂ ਦੇ ਨਸਲੀ ਸਫ਼ਾਏ ਦੀ ਨੀਤੀ ਉੱਪਰ ਅਮਲ ਕਰਦਿਆਂ ਅਨੇਕਾਂ ਕਤਲੇਆਮਾਂ ਨੂੰ ਅੰਜਾਮ ਦਿੱਤਾ ਹੈ ਅਤੇ ਮੌਜੂਦਾ ਕਤਲੇਆਮ ਇਸੇ ਲੜੀ ਦੀ ਬਿਲਕੁਲ ਨਵੀਂ ਕੜੀ ਹੈ। ਇਸ ਤਰ੍ਹਾਂ 1948 ਵਿੱਚ ਜੋ ਨਕਬਾ ਸ਼ੁਰੂ ਹੋਇਆ ਸੀ, ਉਹ ਹੁਣ ਤੱਕ ਜਾਰੀ ਹੈ।
ਹਮਾਸ ਦੇ ਚਰਿੱਤਰ ਨੂੰ ਕਿਵੇਂ ਸਮਝੀਏ
ਹਮਾਸ ਦੀ ਸ਼ੁਰੂਆਤ 1987 ਵਿੱਚ ਮਿਸਰ ਦੀ ਇਸਲਾਮਿਕ ਕੱਟੜਪੰਥੀ ਸੰਸਥਾ ਮੁਸਲਿਮ ਬ੍ਰਦਰਹੁੱਡ ਦੀ ਇੱਕ ਸ਼ਾਖਾ ਦੇ ਰੂਪ ਵਿੱਚ ਹੋਈ ਸੀ। ਇਹ ਉਹੀ ਸਮਾਂ ਸੀ ਜਦੋਂ ਫ਼ਲਸਤੀਨ ਉੱਪਰ ਇਜ਼ਰਾਈਲੀ ਕਬਜ਼ੇ ਦੇ ਖ਼ਿਲਾਫ਼ ਉਥੋਂ ਦੇ ਲੋਕਾਂ ਨੇ ਪਹਿਲਾਂ ਇੰਤਿਫ਼ਾਦਾ (ਲੋਕ–ਬਗ਼ਾਵਤ) ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਫ਼ਲਸਤੀਨ ਮੁਕਤੀ ਸੰਘਰਸ਼ ਦੀ ਅਗਵਾਈ ਫ਼ਲਸਤੀਨੀ ਲਿਬਰੇਸ਼ਨ ਆਰਗਨਾਇਜੇਸ਼ਨ (ਪੀਐੱਲਓ) ਜਿਹੇ ਧਰਮ–ਨਿਰਪੱਖ ਸੰਗਠਨ ਦੇ ਹੱਥਾਂ ਵਿੱਚ ਸੀ। ਸ਼ੁਰੂਆਤੀ ਸਾਲਾਂ ਵਿੱਚ ਇਜ਼ਰਾਇਲ ਨੇ ਹਮਾਸ ਨੂੰ ਉਤਸ਼ਾਹਿਤ ਵੀ ਕੀਤਾ ਸੀ ਤਾਂ ਜੋ ਪੀਐੱਲਓ ਦੇ ਸਮਰਥਨ ਅਧਾਰ ਵਿੱਚ ਸੰਨ੍ਹ ਲਾਇਆ ਜਾ ਸਕੇ ਕਿਉਂਕਿ ਅਰਬ ਯਹੂਦੀਆਂ, ਮੁਸਲਮਾਨਾਂ, ਇਸਾਈਆਂ ਦੀ ਏਕਤਾ ਉਹਨਾਂ ਲਈ ਖ਼ਤਰਨਾਕ ਸੀ। ਪਰ 1993 ਵਿੱਚ ਓਸਲੋ ਸਮਝੌਤਿਆਂ ਤੋਂ ਬਾਅਦ ਪੀਐੱਲਓ ਆਪਣੇ ਗੋਡੇ ਟੇਕਦਿਆਂ ਸਮਝੌਤਾਪ੍ਰਸਤੀ ਦੀ ਢਲਾਨ ਉੱਤੇ ਚੱਲ ਪਈ। ਪੀਐੱਲਓ ਦੀ ਸਮਝੌਤਾਪ੍ਰਸਤੀ ਤੋਂ ਬਾਅਦ ਦੀਆਂ ਹਾਲਤਾਂ ਦੇ ਦਬਾਅ ਹੇਠ ਹਮਾਸ ਦੇ ਚਰਿੱਤਰ ਵਿੱਚ ਵੀ ਬਦਲਾਅ ਆਇਆ ਅਤੇ ਉਹ ਮੁਸਲਿਮ ਬ੍ਰਦਰਹੁੱਡ ਅਤੇ ਇਜ਼ਰਾਇਲੀ ਪ੍ਰਭਾਵ ਤੋਂ ਮੁਕਤ ਹੋ ਕੇ ਫ਼ਲਸਤੀਨੀ ਅਬਾਦੀ ਦੀਆਂ ਆਕਾਂਖਿਆਵਾਂ ਨੂੰ ਪ੍ਰਗਟ ਕਰਨ ਵਾਲ਼ੇ ਇੱਕ ਜੁਝਾਰੂ ਸੰਗਠਨ ਦੇ ਰੂਪ ਵਿੱਚ ਸਾਮ੍ਹਣੇ ਆਇਆ। 2006 ਵਿੱਚ ਗ਼ਜ਼ਾ ਦੇ ਲੋਕਾਂ ਨੇ ਉਸ ਨੂੰ ਭਾਰੀ ਵੋਟਾਂ ਨਾਲ਼ ਜੇਤੂ ਬਣਾ ਕੇ ਉਸ ਨੂੰ ਆਪਣੇ ਆਗੂ ਦੇ ਰੂਪ ਵਿੱਚ ਮਨਜ਼ੂਰੀ ਦਿੱਤੀ। 2008 ਵਿੱਚ ਉਸ ਨੇ ਆਪਣੇ ਆਪ ਨੂੰ ਮੁਸਲਿਮ ਬ੍ਰਦਰਹੁੱਡ ਨਾਲ਼ੋਂ ਵੀ ਵੱਖ ਕਰ ਲਿਆ। ਇੱਥੋਂ ਤੱਕ ਕਿ ਉਸ ਨੇ ਇਜ਼ਰਾਇਲ ਦੇ ਖ਼ਾਤਮੇ ਦੇ ਟੀਚੇ ਨੂੰ ਛੱਡ ਕੇ 1967 ਦੇ ਫ਼ਲਸਤੀਨੀ–ਇਜ਼ਰਾਇਲੀ ਹੱਦ ਨੂੰ ਸਵੀਕਾਰ ਕਰਕੇ ਦੋ ਵੱਖਰੇ ਦੇਸ਼ ਬਣਾਉਣ ਨੂੰ ਮਾਨਤਾ ਦੇਣ ਵਾਲ਼ੇ ਸਮਝੌਤੇ ਨੂੰ ਵੀ ਸਵੀਕਾਰ ਕਰ ਲਿਆ।
ਫ਼ਲਸਤੀਨੀ ਅਬਾਦੀ ਆਪਣੀ ਅਜ਼ਾਦੀ ਲਈ ਲੜ ਰਹੀ ਹੈ। ਉਹਨਾਂ ਲਈ ਜੋ ਵੀ ਸੰਗਠਨ ਲੜਨ ਨੂੰ ਤਿਆਰ ਹੁੰਦਾ ਹੈ, ਲੋਕ ਉਸੇ ਦਾ ਸਾਥ ਦਿੰਦੇ ਹਨ। ਇਸਦਾ ਇਹ ਅਰਥ ਨਹੀਂ ਹੈ ਹਰੇਕ ਫ਼ਲਸਤੀਨੀ ਹਮਾਸ ਨਾਲ਼ ਵਿਚਾਰਧਾਰਕ ਤੌਰ ‘ਤੇ ਸਹਿਮਤ ਹੈ। ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਵੀ ਲੋਕਾਂ ਨੇ ਹਰੇਕ ਉਸ ਤਾਕਤ ਦਾ ਸਾਥ ਦਿੱਤਾ ਜੋ ਜੁਝਾਰੂ ਢੰਗ ਨਾਲ਼ ਅੰਗਰੇਜ਼ੀ ਹਕੂਮਤ ਦੇ ਖ਼ਿਲਾਫ਼ ਲੜਨ ਨੂੰ ਤਿਆਰ ਸੀ। ਚਾਹੇ ਉਹ ਧਾਰਮਕ ਮੁੜ–ਉਭਾਰ ਦਾ ਰੰਗ ਰੱਖਣ ਵਾਲ਼ਾ ਤਿਲਕ ਦਾ ਰਾਸ਼ਟਰਵਾਦ ਹੋਵੇ ਜਾਂ ਯੁਗਾਂਤਰ ਅਤੇ ਅਨੁਸ਼ੀਲਨ ਦਾ ਸ਼ੁਰੂਆਤੀ ਰਾਸ਼ਟਰਵਾਦ ਹੋਵੇ। ਜਨਤਾ ਉਸੇ ਨਾਲ਼ ਖੜ੍ਹੀ ਹੁੰਦੀ ਹੈ ਜੋ ਲੜਨ ਲਈ ਤਿਆਰ ਹੋਵੇ। ਫ਼ਲਸਤੀਨ ਦੇ ਕੌਮੀ ਮੁਕਤੀ ਸੰਘਰਸ਼ ਦਾ ਸਮਰਥਨ ਕਰਨ ਲਈ ਹਮਾਸ ਨਾਲ਼ ਵਿਚਾਰਧਾਰਕ ਤੌਰ ‘ਤੇ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਨਾਲ਼ ਹੀ, ਹਮਾਸ ਕੋਈ ਆਈ.ਐੱਸ.ਆਈ.ਐੱਸ, ਬੋਕੋ ਹਰਮ ਜਾਂ ਲਸ਼ਕਰ–ਏ–ਤੋਇਬਾ ਜਿਹਾ ਅੱਤਵਾਦੀ ਸੰਗਠਨ ਨਹੀਂ ਹੈ, ਸਗੋਂ ਇੱਕ ਕੌਮੀ ਮੁਕਤੀ ਯੁੱਧ ਵਿੱਚ ਸ਼ਾਮਲ ਸੰਗਠਨ ਹੈ। ਇਸ ਸਮੇਂ ਫ਼ਲਸਤੀਨ ਵਿੱਚ ਪੀ.ਐੱਫ਼.ਐੱਲ.ਪੀ ਜਿਹਾ ਸੈਕੂਲਰ ਸੰਗਠਨ ਇਜ਼ਰਾਇਲੀ ਜ਼ਾਇਨਵਾਦੀ ਬਸਤੀਵਾਦ ਦੇ ਵਿਰੁੱਧ ਕੌਮੀ ਮੁਕਤੀ ਯੁੱਧ ਵਿੱਚ ਸ਼ਾਮਲ ਹੈ ਅਤੇ ਹਮਾਸ ਸਮੇਤ ਹੋਰਨਾਂ ਸੰਗਠਨਾਂ ਨਾਲ਼ ਮੋਰਚਾ ਬਣਾ ਕੇ ਲੜ ਰਿਹਾ ਹੈ। ਇਸ ਲਈ ਇਹ ਫ਼ਲਸਤੀਨੀ ਲੋਕਾਂ ਦੀ ਅਜ਼ਾਦੀ ਦੀ ਲੜਾਈ ਹੈ, ਨਾ ਕਿ ਕੋਈ ਅੱਤਵਾਦੀ ਕਾਰਵਾਈ।
ਭਾਰਤ ਦੇ ਲੋਕਾਂ ਨੂੰ ਫ਼ਲਸਤੀਨ ਦੇ ਸਮਰਥਨ ਵਿੱਚ ਕਿਉਂ ਅੱਗੇ ਆਉਣਾ ਚਾਹੀਦਾ ਹੈ?
ਫ਼ਲਸਤੀਨ ਅਤੇ ਇਜ਼ਰਾਇਲ ਵਿੱਚੋਂ ਆਪਣਾ ਪੱਖ ਚੁਣਦੇ ਸਮੇਂ ਸਾਨੂੰ ਭਾਰਤ ਦੇ ਲੋਕਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਾਡਾ ਸਾਂਝਾ ਸਰੋਕਾਰ ਕਿਸ ਨਾਲ਼ ਹੈ? ਕੀ ਅਸੀਂ ਭੁੱਲ ਸਕਦੇ ਹਾਂ ਕਿ ਅਸੀਂ ਖ਼ੁਦ 200 ਸਾਲਾਂ ਤੱਕ ਬ੍ਰਿਟਿਸ਼ ਬਸਤੀਵਾਦੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਰਹੇ ਹਾਂ? ਜਿਸ ਤਰ੍ਹਾਂ ਬ੍ਰਿਟਿਸ਼ ਬਸਤੀਵਾਦੀ ਫ਼ਲਸਤੀਨੀਆਂ ਦੀ ਜ਼ਮੀਨ ਉੱਤੇ ਜਬਰੀ ਕਬਜ਼ੇ ਨੂੰ ਹਵਾ ਦੇ ਰਹੇ ਸਨ, ਉਸੇ ਤਰ੍ਹਾਂ ਉਹ ਸਾਡੇ ਦੇਸ਼ ਦੇ ਲੋਕਾਂ ਉੱਤੇ ਵੀ ਕਹਿਰ ਢਾਹ ਰਹੇ ਸਨ ਅਤੇ ਲੱਖਾਂ ਲੋਕਾਂ ਨੂੰ ਅਕਾਲ ਅਤੇ ਭੁੱਖਮਰੀ ਵੱਲ ਧੱਕ ਰਹੇ ਸਨ। ਇਹ ਇਤਿਹਾਸ ਦੀ ਇੱਕ ਤ੍ਰਾਸਦੀ ਹੀ ਹੈ ਕਿ 21ਵੀਂ ਸਦੀ ਵਿੱਚ ਜਦੋਂ ਦੁਨੀਆ ਦੇ ਤਮਾਮ ਦੇਸ਼ ਅਜ਼ਾਦ ਹੋ ਚੁੱਕੇ ਹਨ, ਉਦੋਂ ਫ਼ਲਸਤੀਨ ਨੂੰ ਹਾਲ਼ੇ ਤੱਕ ਇੱਕ ਭਿਆਨਕ ਕਿਸਮ ਦੇ ਸੈਟਲਰ ਬਸਤੀਵਾਦੀ ਜਬਰ ਅਤੇ ਦਾਬੇ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਜ਼ਾਹਰਾ ਤੌਰ ‘ਤੇ ਬਸਤੀਵਾਦੀ ਜ਼ੁਲਮਾਂ ਦੇ ਭੁਗਤ–ਭੋਗੀ ਰਹੇ ਭਾਰਤ ਦੇ ਸਵੈ–ਮਾਣੀ ਅਤੇ ਇਨਸਾਫ਼ਪਸੰਦ ਲੋਕਾਂ ਦਾ ਸੁਭਾਵਿਕ ਸਮਰਥਨ ਫ਼ਲਸਤੀਨ ਨੂੰ ਹੋਣਾ ਚਾਹੀਦਾ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰਦੇ ਅਤੇ ਇਜ਼ਰਾਇਲ ਦੇ ਪੱਖ ਵਿੱਚ ਖੜ੍ਹੇ ਹੁੰਦੇ ਹਾਂ ਤਾਂ ਇਹ ਆਪਣੇ ਸ਼ਾਨਦਾਰ ਵਿਰਸੇ, ਮਹਾਨ ਅਜ਼ਾਦੀ ਘੁਲਾਟੀਆਂ, ਇਨਕਲਾਬੀਆਂ ਦੀ ਸਿਮਰਤੀ ਅਤੇ ਆਪਣੇ ਪੁਰਖਿਆਂ ਦੀ ਬੇਇੱਜ਼ਤੀ ਦੇ ਸਮਾਨ ਹੋਵੇਗਾ।
ਇਹ ਇੱਕ ਵਿਡੰਬਨਾ ਹੀ ਹੈ ਕਿ ਪਿਛਲੇ ਕੁਝ ਦਹਾਕਿਆਂ ਦੇ ਦੌਰਾਨ ਅਤੇ ਖ਼ਾਸ ਕਰਕੇ ਮੋਦੀ ਸਰਕਾਰ ਦੇ ਪਿਛਲੇ ਇੱਕ ਦਹਾਕੇ ਦੇ ਫ਼ਾਸੀਵਾਦੀ ਸ਼ਾਸਨ ਦੇ ਦੌਰਾਨ ਫ਼ਲਸਤੀਨੀਆਂ ਦੇ ਅਜ਼ਾਦੀ ਦੇ ਸੰਘਰਸ਼ ਦੇ ਖ਼ਿਲਾਫ਼ ਕੀਤੇ ਗਏ ਕੂੜਪ੍ਰਚਾਰ ਦੇ ਕਾਰਨ ਭਾਰਤ ਵਿੱਚ ਇਜ਼ਰਾਇਲ ਪ੍ਰਤੀ ਸਮਰਥਨ ਵਧਿਆ ਹੈ। ਨਾਲ਼ ਹੀ ਇਸ ਮਸਲੇ ਨੂੰ ਲੈ ਕੇ ਦੇਸ਼ ਦੇ ਲੋਕਾਂ ਵਿੱਚ ਜਾਗਰੂਕਤਾ ਬਹੁਤ ਘੱਟ ਹੈ।
ਪਰ ਅਜਿਹਾ ਹਮੇਸ਼ਾ ਤੋਂ ਨਹੀਂ ਸੀ। ਸਾਡੇ ਦੇਸ਼ ਦੀ ਅਜ਼ਾਦੀ ਦੀ ਲੜਾਈ ਦੇ ਸਮੇਂ ਤੋਂ ਹੀ ਫ਼ਲਸਤੀਨੀ ਕੌਮ ਦੀ ਅਜ਼ਾਦੀ ਦੇ ਪ੍ਰਤੀ ਵਿਆਪਕ ਲੋਕ ਸਮਰਥਨ ਮੌਜੂਦ ਸੀ। ਗਾਂਧੀ ਅਤੇ ਨਹਿਰੂ ਜਿਹੇ ਅਜ਼ਾਦੀ ਅੰਦੋਲਨ ਦੇ ਪ੍ਰਮੁੱਖ ਆਗੂ ਵੀ ਫ਼ਲਸਤੀਨ ਦਾ ਖੁੱਲ੍ਹ ਕੇ ਸਮਰਥਨ ਕਰਦੇ ਸਨ। 1938 ਵਿੱਚ ‘ਹਰੀਜਨ‘ ਮੈਗਜ਼ੀਨ ਵਿੱਚ ਲਿਖੇ ਗਏ ਆਪਣੇ ਲੇਖ ਵਿੱਚ ਗਾਂਧੀ ਨੇ ਲਿਖਿਆ ਸੀ, ‘ਫ਼ਲਸਤੀਨ ਅਰਬਾਂ ਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਇੰਗਲੈਂਡ ਅੰਗਰੇਜ਼ਾਂ ਅਤੇ ਫ਼ਰਾਂਸ ਫ਼੍ਰੈਂਚ ਲੋਕਾਂ ਦਾ ਹੈ।‘ ਨਹਿਰੂ ਵੀ ਫ਼ਲਸਤੀਨੀਆਂ ਦੀ ਅਜ਼ਾਦੀ ਦੀ ਲੜਾਈ ਦਾ ਸਮਰਥਕ ਅਤੇ ਫ਼ਲਸਤੀਨ ਅੰਦਰ ਇੱਕ ਜ਼ਾਇਨਵਾਦੀ ਰਾਜ ਦੀ ਸਥਾਪਨਾ ਦਾ ਵਿਰੋਧੀ ਸੀ। ਗ਼ੌਰ ਕਰਨ ਯੋਗ ਹੈ ਕਿ 1947 ਵਿੱਚ ਜਦੋਂ ਸੰਯੁਕਤ ਰਾਸ਼ਟਰ ਵਿੱਚ ਇਜ਼ਰਾਇਲ ਨੂੰ ਮਨਜ਼ੂਰੀ ਦੇਣ ਵਾਲ਼ੀ ਬੇਇਨਸਾਫ਼ੀ ‘ਤੇ ਟਿਕੀ ਯੋਜਨਾ ਪਾਸ ਹੋਈ ਸੀ ਤਾਂ ਭਾਰਤ ਨੇ ਉਸ ਮਤੇ ਦੇ ਵਿਰੋਧ ਵਿੱਚ ਵੋਟ ਦਿੱਤੀ ਸੀ ਅਤੇ ਉਸ ਨੇ ਇਜ਼ਰਾਇਲ ਨੂੰ ਮਾਨਤਾ ਵੀ ਤੁਰੰਤ ਨਹੀਂ ਦਿੱਤੀ ਸੀ। ਅਜ਼ਾਦੀ ਤੋਂ ਬਾਅਦ ਦੇ ਕਈ ਦਹਾਕਿਆਂ ਤੱਕ ਭਾਰਤ ਨੇ ਇਜ਼ਰਾਇਲ ਨਾਲ਼ ਸਿਆਸੀ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਹੀ ਨਹੀਂ, ਦੁਨੀਆ ਭਰ ਵਿੱਚ ਅਨੇਕਾਂ ਦੇਸ਼ਾਂ ਦੇ ਕੌਮੀ ਮੁਕਤੀ ਸੰਘਰਸ਼ਾਂ ਦੇ ਆਗੂਆਂ ਜਿਵੇਂ ਤਨਜ਼ਾਨੀਆ ਦੇ ਜੂਲੀਅਸ ਨਿਅਏਰੇਰੇ, ਘਾਨਾ ਦੇ ਕਵਾਮੇ ਐਨਕ੍ਰੁਮਾ, ਕਾਂਗੋ ਦੇ ਪੈਟ੍ਰਿਸ ਲੁਮੁੰਬਾ, ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਵੀ ਜ਼ਾਇਨਵਾਦੀ ਇਜ਼ਰਾਇਲ ਦੇ ਵਿਰੋਧੀ ਅਤੇ ਫ਼ਲਸਤੀਨ ਦੀ ਅਜ਼ਾਦੀ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਣ ਵਾਲ਼ੇ ਆਗੂ ਸਨ। ਮੰਡੇਲਾ ਨੇ ਤਾਂ ਇਥੋਂ ਤੱਕ ਕਿਹਾ ਸੀ, ‘ਸਾਡੀ ਅਜ਼ਾਦੀ ਫ਼ਲਸਤੀਨ ਦੀ ਅਜ਼ਾਦੀ ਤੋਂ ਬਿਨਾਂ ਅਧੂਰੀ ਹੈ।‘
ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਇਜ਼ਰਾਇਲ ਨਾਲ਼ ਦੋਸਤੀ ਭਾਰਤ ਦੇ ਹਿੱਤ ਵਿੱਚ ਹੈ ਕਿਉਂਕਿ ਉਹ ਭਾਰਤ ਨੂੰ ਬੇਹੱਦ ਅਹਿਮ ਤਕਨੀਕ ਦੀ ਪੂਰਤੀ ਕਰਦਾ ਹੈ। ਪਹਿਲੀ ਗੱਲ ਤਾਂ ਇਜ਼ਰਾਇਲ ਦੁਆਰਾ ਰੱਖਿਆ ਅਤੇ ਨਿਗਰਾਨੀ ਦੇ ਖੇਤਰ ਵਿੱਚ ਭਾਰਤ ਨੂੰ ਦਿੱਤੀ ਜਾਣ ਵਾਲ਼ੀ ਤਕਨਾਲੋਜੀ ਦਾ ਲਾਭ ਜ਼ਿਆਦਾਤਰ ਭਾਰਤ ਦੇ ਸ਼ਾਸਕ ਵਰਗ ਦੇ ਹਿੱਤ ਵਿੱਚ ਹੈ, ਨਾ ਕਿ ਭਾਰਤ ਦੀ ਜਨਤਾ ਦੇ ਹਿੱਤ ਵਿੱਚ। ਕੀ ਅਸੀਂ ਭੁੱਲ ਸਕਦੇ ਹਾਂ ਕਿ ਇਜ਼ਰਾਇਲ ਦੁਆਰਾ ਭਾਰਤ ਸਮੇਤ ਦੁਨੀਆ ਭਰ ਦੇ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੇਚੇ ਗਏ ‘ਪੈਗਾਸਸ‘ ਨਾਮਕ ਮਾਲਵੇਅਰ ਦਾ ਇਸਤੇਮਾਲ ਸਿਆਸੀ ਵਿਰੋਧੀਆਂ ਅਤੇ ਸਮਾਜਕ ਅਤੇ ਸਿਆਸੀ ਕਾਰਕੁੰਨਾਂ ਅਤੇ ਪੱਤਰਕਾਰਾਂ ਉੱਪਰ ਨਿਗਰਾਨੀ ਰੱਖਣ ਲਈ ਕੀਤਾ ਗਿਆ ਸੀ? ਇਜ਼ਰਾਇਲ ਨਾਲ਼ ਸਾਡਾ–ਤੁਹਾਡਾ ਰਿਸ਼ਤਾ ਨਹੀਂ ਹੈ। ਉਸ ਨਾਲ਼ ਸਾਡੇ ਦੇਸ਼ ਦੀ ਹਾਕਮ ਜਮਾਤ ਦਾ ਰਿਸ਼ਤਾ ਹੈ, ਜੋ ਇਜ਼ਰਾਇਲ ਕੋਲ਼ੋਂ ਸਾਨੂੰ ਹੀ ਦਬਾਉਣ ਅਤੇ ਸਾਡੇ ਉੱਤੇ ਜਬਰ ਕਰਨ ਦੇ ਨਵੇਂ–ਨਵੇਂ ਢੰਗ–ਤਰੀਕੇ ਸਿੱਖਣ ਦਾ ਕੰਮ ਕਰਦੀ ਹੈ। ਕੋਈ ਵੀ ਇਨਸਾਫ਼ਪਸੰਦ ਵਿਅਕਤੀ ਕੀ ਫ਼ਲਸਤੀਨ ਦੇ ਨਿਰਦੋਸ਼ ਬੱਚਿਆਂ ਦੇ ਕਤਲੇਆਮ ਨੂੰ ਭੁੱਲ ਕੇ, ਉਹਨਾਂ ਦੇ ਨਿੱਕੇ–ਨਿੱਕੇ ਤਾਬੂਤਾਂ ਤੋਂ ਮੂੰਹ ਫੇਰ ਕੇ ਇਜ਼ਰਾਇਲ ਨਾਲ਼ ਕਿਸੇ ਵੀ ਕਿਸਮ ਦੇ ਰਿਸ਼ਤੇ ਨੂੰ ਜਾਇਜ਼ ਠਹਿਰਾ ਸਕਦਾ ਹੈ? ਬਰਬਰਤਾ ਅਤੇ ਨਸਲਕੁਸ਼ੀ ਦੇ ਪ੍ਰਤੀਕ ਇਜ਼ਰਾਇਲ ਦੇ ਪ੍ਰਤੀ ਕਿਸੇ ਵੀ ਪ੍ਰਕਾਰ ਦੇ ਰਿਸ਼ਤੇ ਦਾ ਸਮਰਥਨ ਕਰਨਾ ਕਿਸੇ ਵੀ ਇਨਸਾਫ਼ਪਸੰਦ ਵਿਅਕਤੀ ਦੀ ਜ਼ਮੀਰ ਨੂੰ ਮਨਜ਼ੂਰ ਨਹੀਂ ਹੋਵੇਗਾ। ਜ਼ਰਾ ਸੋਚੋ : ਕਿਉਂ ਪੂਰੀ ਦੁਨੀਆ ਦੀ ਬਹੁਗਿਣਤੀ ਇਜ਼ਰਾਇਲ ਦੇ ਖ਼ਿਲਾਫ਼ ਹੈ, ਚਾਹੇ ਉਹ ਈਸਾਈ ਹੋਣ, ਯਹੂਦੀ ਹੋਣ, ਬੋਧੀ ਹੋਣ, ਮੁਸਲਮਾਨ ਹੋਣ ਜਾਂ ਫਿਰ ਹੋਰ ਕਿਸੇ ਵੀ ਧਰਮ ਦੇ ਹੋਣ? ਬੱਸ ਪੱਛਮੀ ਸਾਮਰਾਜੀ ਦੇਸ਼ਾਂ ਦੀ ਹਾਕਮ ਜਮਾਤ ਇਜ਼ਰਾਇਲ ਦੇ ਪੱਖ ਵਿੱਚ ਹੈ। ਖ਼ੁਦ ਉਹਨਾਂ ਦੇ ਦੇਸ਼ ਦੇ ਲੋਕ ਵੀ ਇਜ਼ਰਾਇਲ ਦੇ ਨਹੀਂ, ਸਗੋਂ ਫ਼ਲਸਤੀਨ ਦੇ ਨਾਲ਼ ਹਨ, ਬਸਤੀਵਾਦ ਦੇ ਨਹੀਂ, ਸਗੋਂ ਅਜ਼ਾਦੀ ਦੇ ਨਾਲ਼ ਹਨ।
ਫ਼ਲਸਤੀਨ ਦੇ ਸਮਰਥਨ ਵਿੱਚ ਅਸੀਂ ਭਾਰਤ ਦੇ ਲੋਕ ਕੀ ਕਰ ਸਕਦੇ ਹਾਂ?
ਕਿਸੇ ਦੇ ਦਿਮਾਗ਼ ਵਿੱਚ ਇਹ ਸਵਾਲ ਆ ਸਕਦਾ ਹੈ ਕਿ ਅਸੀਂ ਫ਼ਲਸਤੀਨ ਤੋਂ ਹਜ਼ਾਰਾਂ ਮੀਲ ਦੂਰ ਭਾਰਤ ਵਿੱਚ ਬੈਠੇ ਲੋਕ ਫ਼ਲਸਤੀਨ ਦੇ ਸਮਰਥਨ ਵਿੱਚ ਕੀ ਕਰ ਸਕਦੇ ਹਾਂ? ਜੇਕਰ ਅਸੀਂ ਪਿਛਲੇ ਡੇਢ ਸਾਲਾਂ ਦੌਰਾਨ ਇਜ਼ਰਾਇਲ ਦੇ ਕਤਲੋਗ਼ਾਰਤ ਭਰੇ ਯੁੱਧ ਦੇ ਦੌਰਾਨ ਦੁਨੀਆ ਭਰ ਵਿੱਚ ਹੋ ਰਹੀ ਉਥਲ–ਪੁਥਲ ਉੱਤੇ ਨਿਗਾਹ ਮਾਰੀਏ ਤਾਂ ਸਾਨੂੰ ਇਸ ਸਵਾਲ ਦਾ ਜਵਾਬ ਸੌਖਿਆਂ ਹੀ ਮਿਲ਼ ਜਾਵੇਗਾ।
ਅੱਜ ਦੁਨੀਆ ਭਰ ਵਿੱਚ ਫ਼ਲਸਤੀਨ ਦੇ ਪ੍ਰਤੀ ਇੱਕਜੁਟਤਾ ਦਿਖਾਉਣ ਦੇ ਲਈ ਇੱਕ ਸੰਸਾਰ ਵਿਆਪੀ ਅੰਦੋਲਨ ਤੇਜ਼ੀ ਨਾਲ਼ ਫੈਲ ਰਿਹਾ ਹੈ। ਦੁਨੀਆ ਦੇ ਵੱਖ–ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ–ਨੌਜਵਾਨਾਂ ਸਮੇਤ ਸਾਰੇ ਧਰਮਾਂ ਦੇ ਇਨਸਾਫ਼ਪਸੰਦ ਲੋਕ ਮੋਢੇ ਨਾਲ਼ ਮੋਢਾ ਮਿਲ਼ਾਉਂਦਿਆਂ ਹੋਇਆਂ ਪਿਛਲੇ ਡੇਢ ਸਾਲਾਂ ਦੌਰਾਨ ਫ਼ਲਸਤੀਨ ਦੇ ਸਮਰਥਨ ਵਿੱਚ ਅਤੇ ਇਜ਼ਰਾਇਲ ਦੇ ਵਿਰੋਧ ਵਿੱਚ ਸੜਕਾਂ ਉੱਤੇ ਉੱਤਰਦੇ ਰਹੇ ਹਨ। ਇਹਨਾਂ ਪ੍ਰਦਰਸ਼ਨਾਂ ਨੇ ਜ਼ਾਇਨਵਾਦੀ ਇਜ਼ਰਾਇਲ ਦੇ ਬਰਬਰ ਚਰਿੱਤਰ ਨੂੰ ਬੇਪਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹੀ ਕਾਰਨ ਹੈ ਕਿ ਅੱਜ ਕੁਝ ਹੀ ਦੇਸ਼ਾਂ ਦੇ ਲੀਡਰ ਜ਼ਾਇਨਵਾਦੀ ਇਜ਼ਰਾਇਲ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਸੰਸਾਰ ਪੱਧਰ ‘ਤੇ ਇਜ਼ਰਾਇਲ ਅਤੇ ਉਸ ਦੇ ਸਰਪ੍ਰਸਤ ਅਮਰੀਕਾ ਜਿਹੇ ਸਾਮਰਾਜਵਾਦੀ ਮੁਲਕ ਅਲੱਗ–ਥਲੱਗ ਪੈ ਰਹੇ ਹਨ ਅਤੇ ਇਜ਼ਰਾਇਲ ਨੂੰ ਇੱਕ ਆਮ ਦੇਸ਼ ਦੇ ਰੂਪ ਵਿੱਚ ਮਾਨਤਾ ਦਿਵਾਉਣ ਦੀਆਂ ਤਮਾਮ ਕੋਸ਼ਸ਼ਾਂ ਨਾਕਾਮ ਸਿੱਧ ਹੋਈਆਂ ਹਨ। ਅਸੀਂ ਭਾਰਤ ਦੇ ਲੋਕਾਂ ਨੂੰ ਵੀ ਇਜ਼ਰਾਇਲ ਦੇ ਖ਼ਿਲਾਫ਼ ਅਤੇ ਫ਼ਲਸਤੀਨ ਦੇ ਪੱਖ ਵਿੱਚ ਹੋ ਰਹੇ ਇਸ ਸੰਸਾਰ ਵਿਆਪੀ ਅੰਦੋਲਨ ਵਿੱਚ ਵੱਧ–ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਦੇ ਨਾਲ਼ ਹੀ ਸਾਨੂੰ ਭਾਰਤ ਵਿੱਚ ਵੀ ਇਜ਼ਰਾਇਲ ਦੇ ਪੂਰੀ ਤਰ੍ਹਾਂ ਸਿਆਸੀ, ਅਕਾਦਮਿਕ, ਵਪਾਰਕ ਅਤੇ ਸੱਭਿਆਚਾਰਕ ਬਾਈਕਾਟ ਲਈ ਬਾਈਕਾਟ, ਡਾਇਵੈਸਟਮੈਂਟ ਅਤੇ ਸੈਂਕਸ਼ਨ (ਬੀਡੀਐੱਸ) ਮੁਹਿੰਮ ਵਿੱਢਣੀ ਹੋਵੇਗੀ। ਭੁੱਲਣਾ ਨਹੀਂ ਚਾਹੀਦਾ ਕਿ ਅਜਿਹੀਆਂ ਬਾਈਕਾਟ ਮੁਹਿੰਮਾਂ ਨੇ ਦੱਖਣੀ ਅਫ਼ਰੀਕਾ ਦੀ ਨਸਲਵਾਦੀ ਬਸਤੀਵਾਦੀ ਸੱਤਾ ਦੇ ਪਤਨ ਵਿੱਚ ਬੇਹੱਦ ਅਹਿਮ ਭੂਮਿਕਾ ਨਿਭਾਈ ਸੀ। ਇਜ਼ਰਾਇਲ ਨਾਮੀ ਸੈਟਲਰ ਬਸਤੀਵਾਦੀ ਪ੍ਰੋਜੈਕਟ ਦੇ ਪਤਨ ਦੀ ਵੀ ਉਲ਼ਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸਵਾਲ ਇਹ ਹੈ ਕਿ ਅਸੀਂ ਭਾਰਤ ਦੇ ਲੋਕ ਇਸ ਵਿੱਚ ਕੀ ਭੂਮਿਕਾ ਨਿਭਾਵਾਂਗੇ। ਅੱਜ ਫ਼ਲਸਤੀਨ ਦਾ ਪੱਖ ਇਨਸਾਨੀਅਤ ਦੀ ਕਸੌਟੀ ਬਣ ਚੁੱਕਿਆ ਹੈ। ਫ਼ਲਸਤੀਨ ਦਾ ਪੱਖ ਚੁਣਨ ਦਾ ਮਤਲਬ ਹੈ ਇਨਸਾਨੀਅਤ ਦਾ ਪੱਖ ਚੁਣਨਾ ਅਤੇ ਇਜ਼ਰਾਇਲ ਦਾ ਪੱਖ ਚੁਣਨ ਦਾ ਮਤਲਬ ਹੈ ਬਰਬਰਤਾ ਦੇ ਪੱਖ ਵਿੱਚ ਖੜ੍ਹੇ ਹੋਣਾ! ਫ਼ਲਸਤੀਨ ਵਿੱਚ ਹੋ ਰਹੇ ਬਰਬਰ ਕਤਲੇਆਮ ਅਤੇ ਬੇਇਨਸਾਫ਼ੀ ਉੱਤੇ ਬੋਲ ਕੇ ਅਸੀਂ ਆਪਣੇ ਦੇਸ਼ ਵਿੱਚ ਵੀ ਬੇਇਨਸਾਫ਼ੀ ਦੇ ਵਿਰੁੱਧ ਡਟ ਕੇ ਲੜ ਸਕਣ ਦੀ ਤਾਕਤ ਹਾਸਲ ਕਰਾਂਗੇ। ਇੱਕ ਥਾਂ ‘ਤੇ ਹੋ ਰਹੀ ਬੇਇਨਸਾਫ਼ੀ, ਅਸਲ ਵਿੱਚ ਹਰੇਕ ਥਾਂ ‘ਤੇ ਇਨਸਾਫ਼ ਦੀ ਲੜਾਈ ਲਈ ਖ਼ਤਰਾ ਹੁੰਦੀ ਹੈ। ਹਰੇਕ ਇਨਸਾਫ਼ਪਸੰਦ ਅਤੇ ਅਜ਼ਾਦੀ ਦਾ ਪੱਖ ਲੈਣ ਵਾਲ਼ਾ ਸਵੈਮਾਣ ਵਾਲ਼ਾ ਭਾਰਤੀ ਫ਼ਲਸਤੀਨ ਦਾ ਪੱਖ ਲਵੇਗਾ, ਕਿਉਂਕਿ ਉਹ ਆਪਣਾ ਇਤਿਹਾਸ ਜਾਣਦਾ ਹੈ। ਅਸੀਂ ਤੁਹਾਨੂੰ ਸਾਰਿਆਂ ਨੂੰ ਇਜ਼ਰਾਇਲੀ ਰਾਜ ਅਤੇ ਉਸ ਦੇ ਸਿਆਸੀ, ਅਕਾਦਮਿਕ, ਆਰਥਕ ਅਤੇ ਸੱਭਿਆਚਾਰਕ ਬਾਈਕਾਟ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੰਦੇ ਹਾਂ। ਇਹ ਮੁਹਿੰਮ ਫ਼ਲਸਤੀਨੀ ਨਿਰਦੋਸ਼ ਲੋਕਾਂ ਦੇ ਕਾਤਲ ਜ਼ਾਇਨਵਾਦੀ ਇਜ਼ਰਾਇਲ ਦੇ ਪੂਰਨ ਬਾਈਕਾਟ ਦੀ ਮੁਹਿੰਮ ਹੋਵੇਗੀ। ਯਾਨੀ ਇਜ਼ਰਾਇਲੀ ਉਤਪਾਦਾਂ ਦਾ, ਇਜ਼ਰਾਇਲੀ ਬੁੱਧੀਜੀਵੀਆਂ, ਲੇਖਕਾਂ, ਅਕਾਦਮਿਕਾਂ ਦਾ, ਇਜ਼ਰਾਇਲੀ ਫ਼ਿਲਮਾਂ, ਕਲਾਕਾਰਾਂ, ਆਦਿ ਦਾ ਪੂਰਨ ਬਾਈਕਾਟ; ਭਾਰਤ ਸਰਕਾਰ ਦੁਆਰਾ ਇਜ਼ਰਾਇਲ ਨਾਲ਼ੋਂ ਸਾਰੇ ਸਿਆਸੀ ਸੰਬੰਧ ਤੋੜਨ ਦੀ ਮੰਗ ਕਰਦਿਆਂ ਹੋਇਆਂ ਇੱਕ ਵਿਆਪਕ ਅਭਿਆਨ; ਅਤੇ ਦੇਸ਼ ਦੇ ਹਰੇਕ ਨਾਗਰਿਕ ਨੂੰ ਇਸ ਮਸਲੇ ਦੇ ਅਸਲ ਸੱਚ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਉਹਨਾਂ ਨੂੰ ਇਸ ਬਾਈਕਾਟ ਵਿੱਚ ਸ਼ਾਮਲ ਕਰਨਾ ਹੋਵੇਗਾ। ਆਓ, ਇਸ ਨੂੰ ਦੇਸ਼ਵਿਆਪੀ ਅੰਦੋਲਨ ਦਾ ਰੂਪ ਦੇਈਏ।
– ਫ਼ਲਸਤੀਨੀ ਲੋਕਾਂ ਦਾ ਮੁਕਤੀ ਘੋਲ਼ ਜ਼ਿੰਦਾਬਾਦ !
– ਇਜ਼ਰਾਇਲੀ ਜ਼ਾਇਨਵਾਦ ਮੁਰਦਾਬਾਦ !
ਜਾਰੀਕਰਤਾ :
– ਫ਼ਲਸਤੀਨ ਦੇ ਨਾਲ਼ ਇੱਕਜੁਟ ਭਾਰਤੀ ਲੋਕ
