ਮਜ਼ਦੂਰ ਬਿਗਲ – Workers' Newspaper

  • ਮੁੱਖ ਪੇਜ
  • ‘ਮਜ਼ਦੂਰ ਬਿਗਲ’ ਬਾਰੇ
  • ਪੁਰਾਣੇ ਅੰਕ
  • ਸੰਪਰਕ
April 30, 2025 - ਫ਼ਿਲਮ / ਸਿਨੇਮਾ, ਫ਼ਾਸੀਵਾਦ / ਸੰਪਰਦਾਇਕਤਾ
Author: ਸੂਰਜ

ਛਾਵਾ : ਫ਼ਾਸੀਵਾਦੀ ਪ੍ਰਚਾਰ ਦੇ ਕੂੜੇਦਾਨ ਵਿੱਚੋਂ ਨਿੱਕਲੀ ਇੱਕ ਹੋਰ ਪ੍ਰਾਪੇਗੰਡਾ ਫ਼ਿਲਮ

  • ਸੂਰਜ

ਫ਼ਾਸੀਵਾਦੀ ਸਿਆਸਤ ਦਾ ਇੱਕ ਅਹਿਮ ਹਿੱਸਾ ਇਸ ਦਾ ਪ੍ਰਚਾਰ ਤੰਤਰ ਹੁੰਦਾ ਹੈ। ਮਿੱਥਾਂ ਨੂੰ ਇਤਿਹਾਸ ਬਣਾਉਣ ਲਈ ਫ਼ਾਸੀਵਾਦੀ ਤਾਕਤਾਂ ਆਪਣੇ ਪ੍ਰਚਾਰ ਤੰਤਰ ਦਾ ਵਿਆਪਕ ਪੱਧਰ ‘ਤੇ ਇਸਤੇਮਾਲ ਕਰਦੀਆਂ ਹਨ। ਭਾਰਤ ਵਿੱਚ ਇਹ ਕੰਮ ਗੋਦੀ ਮੀਡੀਆ ਤੋਂ ਲੈ ਕੇ ਸੰਘ ਦੁਆਰਾ ਗਲੀ-ਮੁਹੱਲਿਆਂ ਵਿੱਚ ਲਾਈਆਂ ਜਾਣ ਵਾਲ਼ੀਆਂ ਸ਼ਾਖਾਵਾਂ ਦੁਆਰਾ ਕੀਤਾ ਜਾ ਰਿਹਾ ਹੈ। ਪਰ ਅਜੋਕੇ ਫ਼ਿਰਕੂ ਨਫ਼ਰਤ ਨੂੰ ਫੈਲਾਉਣ ਵਾਲ਼ੇ ਇਸ ਪ੍ਰਚਾਰ ਤੰਤਰ ਵਿੱਚ ਇੱਕ ਅਹਿਮ ਭੂਮਿਕਾ ਫ਼ਿਲਮਾਂ ਅਤੇ ਸੋਸ਼ਲ ਮੀਡੀਆ ‘ਤੇ ਮੌਜੂਦ ਛੋਟੇ-ਛੋਟੇ ਵੀਡੀਓ ਅਤੇ ਰੀਲਾਂ ਵੀ ਨਿਭਾ ਰਹੀਆਂ ਹਨ। ਜਿੱਥੇ ਇੱਕ ਪਾਸੇ ਤਕਨਾਲੌਜੀ ਦੀ ਵਰਤੋਂ ਕਰਕੇ ਭਾਜਪਾ ਅਤੇ ਸੰਘ ਦਾ ਆਈਟੀ ਸੈੱਲ ਵਿਆਪਕ ਪੱਧਰ ‘ਤੇ ਛੋਟੇ-ਛੋਟੇ ਵੀਡੀਓ ਕਲਿੱਪ ਅਤੇ ਰੀਲਾਂ ਬਣਾ ਕੇ ਮੁਸਲਮਾਨ-ਵਿਰੋਧੀ ਪ੍ਰਾਪੇਗੰਡਾ ਫੈਲਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਾਲੀਵੁੱਡ ਵਿੱਚ ਅਜਿਹੀਆਂ ਫ਼ਿਲਮਾਂ ਨੂੰ ਵੱਡੇ ਪੱਧਰ ‘ਤੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਜੋ ਸਿੱਧੇ ਰੂਪ ਵਿੱਚ ਭਾਜਪਾ ਅਤੇ ਆਰਐੱਸਐੱਸ ਦੇ ਪ੍ਰਚਾਰ ਤੰਤਰ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਇਸ ਦੌਰਾਨ ‘ਦ ਕੇਰਲਾ ਸਟੋਰੀ’, ‘ਜਹਾਂਗੀਰ ਨੈਸ਼ਨਲ ਯੂਨੀਵਰਸਿਟੀ’, ‘ਦ ਕਸ਼ਮੀਰ ਫਾਈਲਜ਼’, ‘ਆਰਆਰਆਰ’, ‘ਬਾਹੂਬਲੀ’ ਸਮੇਤ ਅਜਿਹੀਆਂ ਫ਼ਿਲਮਾਂ ਦਾ ਹੜ੍ਹ ਜਿਹਾ ਆ ਗਿਆ ਹੈ ਜੋ ਸਿੱਧੇ ਜਾਂ ਫਿਰ ਲੁਕਵੇਂ ਰੂਪ ਵਿੱਚ ਭਾਜਪਾ ਅਤੇ ਆਰਐੱਸਐੱਸ ਦੇ ਪ੍ਰਚਾਰ ਨੂੰ (ਜਾਂ ਕਹਿ ਲਿਆ ਜਾਵੇ ਕਿ ਨਫ਼ਰਤੀ ਜ਼ਹਿਰ ਨੂੰ) ਆਮ ਲੋਕਾਂ ਵਿੱਚ ਲੈ ਕੇ ਜਾਣ ਦਾ ਕੰਮ ਕਰ ਰਹੀਆਂ ਹਨ।
ਇਸੇ ਕੜੀ ਤਹਿਤ ਅਗਲੀ ਫ਼ਿਲਮ ਹੈ – ਛਾਵਾ। ਇਹ ਫ਼ਿਲਮ 17ਵੀਂ ਸਦੀ ਦੇ ਦੌਰਾਨ ਮਰਾਠਾ ਰਾਜੇ ਸ਼ਿਵਾ ਜੀ ਦੇ ਪੁੱਤਰ ਸੰਭਾ ਜੀ ਦੇ ਜੀਵਨ ਉੱਪਰ ਬਣੀ ਹੈ। ਇਸ ਫ਼ਿਲਮ ਦੇ ਕਿਰਦਾਰ ਸੰਭਾ ਜੀ ਨਾਲ਼ ਐਨੀ ਜ਼ੋਰ-ਜਬਰਦਸਤੀ ਅਤੇ ਐਨਾ ਜ਼ੁਲਮ ਨਹੀਂ ਕੀਤਾ ਗਿਆ ਹੋਵੇਗਾ, ਜਿੰਨਾ ਕਿ ਫ਼ਿਲਮਕਾਰਾਂ ਨੇ ਇਤਿਹਾਸ ਅਤੇ ਤੱਥਾਂ ਨਾਲ਼ ਕੀਤਾ ਹੈ। ਵੈਸੇ ਤਾਂ ਇਸ ਫ਼ਿਲਮ ਦੇ ਤਕਰੀਬਨ ਸਾਰੇ ਦ੍ਰਿਸ਼ਾਂ ਦਾ ਇਤਿਹਾਸਕ ਤੱਥਾਂ ਦੇ ਅਧਾਰ ‘ਤੇ ਖੰਡਨ ਕੀਤਾ ਜਾ ਸਕਦਾ ਹੈ ਅਤੇ ਦਿਖਾਇਆ ਜਾ ਸਕਦਾ ਹੈ ਕਿ ਲੱਗਭਗ ਪੂਰੀ ਫ਼ਿਲਮ ਹੀ ਮਿੱਥਕਾਂ, ਝੂਠਾਂ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਉੱਪਰ ਟਿਕੀ ਹੋਈ ਹੈ। ਪਰ ਥਾਂ ਦੀ ਕਮੀ ਨੂੰ ਦੇਖਦਿਆਂ ਹੋਇਆਂ ਅਸੀਂ ਇਸ ਫ਼ਿਲਮ ਦੇ ਕੁਝ ਚੋਣਵੇਂ ਦ੍ਰਿਸ਼ਾਂ ਦੀ ਹੀ ਗੱਲ ਕਰ ਰਹੇ ਹਾਂ, ਜੋ ਆਪਣੇ ਆਪ ਵਿੱਚ ਇਸ ਫ਼ਿਲਮ ਦੇ ਕੱਚ-ਸੱਚ ਨੂੰ ਪੇਸ਼ ਕਰਨ ਲਈ ਕਾਫ਼ੀ ਹੋਣਗੇ।

ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਇੱਕ ਹਿੰਦੂ ਰਾਜੇ ਦਾ ਦ੍ਰਿਸ਼ ਆਉਂਦਾ ਹੈ, ਜੋ ਕਿ ਇੱਕ ਜਾਬਰ ਮੁਗਲ ਸ਼ਾਸਕ ਸਾਮ੍ਹਣੇ ਬੇੜੀਆਂ ਵਿੱਚ ਬੰਨ੍ਹਿਆ ਹੋਇਆ ਹੈ, ਉਹ ਲਹੂ ਨਾਲ਼ ਲੱਥ-ਪੱਥ ਹੈ ਅਤੇ ਉਸ ਦੇ ਚਾਰੇ ਪਾਸੇ ਮੁਸਲਮਾਨ ਸਿਪਾਹੀ ਖੜ੍ਹੇ ਹਨ, ਜਿਨ੍ਹਾਂ ਵਿੱਚੋਂ ਹਰ ਕਿਸੇ ਦੀ ਲੰਬੀ ਦਾੜੀ ਹੈ। ਇਸ ਦ੍ਰਿਸ਼ ਦੇ ਰਾਹੀਂ ਇਹ ਦਿਖਾਉਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮੁਗਲ ਸ਼ਾਸਕ ਔਰੰਗਜ਼ੇਬ ਦੁਆਰਾ ਇੱਕ ਹਿੰਦੂ ਰਾਜੇ ਉੱਤੇ ਜ਼ੁਲਮ ਢਾਇਆ ਗਿਆ ਸੀ ਕਿਉਂਕਿ ਉਹ ਹਿੰਦੂ ਰਾਜਾ ਹਿੰਦੂ ਧਰਮ ਅਤੇ “ਹਿੰਦਵੀ ਸਵਰਾਜ” ਨੂੰ ਬਚਾਉਣ ਦੀ ਲੜਾਈ ਲੜ ਰਿਹਾ ਸੀ। ਇਤਿਹਾਸਕਾਰਾਂ ਦਾ ਇਸ ਉੱਤੇ ਕੀ ਆਖਣਾ ਹੈ? ਇਤਿਹਾਸਕਾਰ ਸੇਤੂ ਮਾਧਵਰਾਓ ਪਗੜੀ ਨੇ “ਹਿੰਦਵੀ ਸਵਰਾਜ” ਦੀ ਧਾਰਨਾ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਅਤੇ “ਹਿੰਦਵੀ ਸਵਰਾਜ” ‘ਤੇ ਮਿਲ਼ੇ ਹੁਣ ਤੱਕ ਦੇ ਪ੍ਰਮਾਣਾਂ ਦੀ ਭਰੋਸੇਯੋਗਤਾ ਨੂੰ ਵੀ ਇਤਿਹਾਸਕਾਰਾਂ ਨੇ ਰੱਦ ਕਰ ਦਿੱਤਾ ਹੈ। ਨਾਲ਼ ਹੀ ਜਿਸ ਸ਼ਿਵਾਜੀ ਦੇ “ਹਿੰਦਵੀ ਸਵਰਾਜ” ਦੇ ਸੁਪਨੇ ਦੀ ਗੱਲ ਫ਼ਿਲਮ ਵਿੱਚ ਕੀਤੀ ਗਈ ਹੈ, ਉਸ ਉੱਤੇ ਖ਼ੁਦ ਸ਼ਿਵਾ ਜੀ ਦੇ ਬੇਟੇ ਸੰਭਾ ਜੀ ਨੇ ਹਮਲਾ ਕੀਤਾ ਸੀ। ਅਸਲ ਵਿੱਚ ਹਿੰਦਵੀ ਸ਼ਬਦ ਦਾ ਹਿੰਦੂ ਧਰਮ ਨਾਲ਼ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਇਹ ਸ਼ਬਦ ਇੱਕ ਨਿਸ਼ਚਿਤ ਖੇਤਰ ਅਤੇ ਉਸ ਵਿੱਚ ਰਹਿਣ ਵਾਲ਼ੇ ਅਤੇ ਕੁਝ ਨਿਸ਼ਚਿਤ ਭਾਸ਼ਾਵਾਂ ਬੋਲਣ ਵਾਲ਼ੇ ਲੋਕਾਂ ਲਈ ਪ੍ਰਯੋਗ ਕੀਤਾ ਗਿਆ ਸੀ ਅਤੇ ਇਹਨਾਂ ਲੋਕਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਸ਼ਾਮਲ ਸਨ। ਇਹ ਸ਼ਬਦ ਬਣਿਆ ਹੀ ਇੱਕ ਅਰਬੀ ਸ਼ਬਦ ‘ਹਿੰਦ’ ਤੋਂ ਹੈ!
ਫ਼ਿਲਮ ਦੀ ਸ਼ੁਰੂਆਤ ਅਦਾਕਾਰ ਅਜੇ ਦੇਵਗਨ ਦੀ ਅਵਾਜ਼ ਨਾਲ਼ ਹੁੰਦੀ ਹੈ, ਜਿਸ ਵਿੱਚ ਕੁਝ ਤਸਵੀਰਾਂ ਨਾਲ਼ ਭਾਰਤ ਦਾ ਇਤਿਹਾਸ ਦਿਖਾਇਆ ਜਾਂਦਾ ਹੈ, ਜੋ ਕਿ ਅਸਲ ਵਿੱਚ ਮਿੱਥਾਂ ‘ਤੇ ਆਧਾਰਤ ਕਹਾਣੀ ਹੈ। ਇਸ ਵਿੱਚ ਤੱਥਾਂ ਜਿਹਾ ਕੁਝ ਵੀ ਨਹੀਂ ਹੈ। ਇਹਨਾਂ ਦ੍ਰਿਸ਼ਾਂ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਔਰੰਗਜ਼ੇਬ ਨੇ ਭਾਰਤ ਦੇਸ਼ ਨੂੰ, ਜਿਸ ਨੂੰ ਫ਼ਿਲਮ ਵਿੱਚ ਇੱਕ ਮੰਦਰ ਦੇ ਰੂਪ ਵਿੱਚ ਦਿਖਾਇਆ ਗਿਆ ਹੈ, ਤਬਾਹ ਕੀਤਾ ਅਤੇ ਸ਼ਿਵਾਜੀ ਨੇ ਔਰੰਗਜ਼ੇਬ ਦੇ ਖ਼ਿਲਾਫ਼ ਜੰਗ ਛੇੜ ਕੇ ਇਸ ਨੂੰ ਬਚਾਇਆ। ਇਸ ਤਰ੍ਹਾਂ ਇਹ ਫ਼ਿਲਮ ਮਿੱਥਕਾਂ ਦੇ ਸਹਾਰੇ ਇੱਕ ਗੌਰਵਸ਼ਾਲੀ ਅਤੀਤ ਨੂੰ ਰਚਨ ਦਾ ਕੰਮ ਕਰਦੀ ਹੈ। ਪਰ ਜਿਵੇਂ ਹੀ ਅਸੀਂ ਤੱਥਾਂ ਨੂੰ ਸਾਮ੍ਹਣੇ ਰੱਖਦੇ ਹਾਂ, ਉਵੇਂ ਹੀ ਇਸ ਸਮੁੱਚੇ ਮਿਥਿਹਾਸਕ ਇਤਿਹਾਸ ਦੀ ਹਕੀਕਤ ਸਾਮ੍ਹਣੇ ਆ ਜਾਂਦੀ ਹੈ।
ਪਹਿਲਾਂ ਤੱਥ ਤਾਂ ਇਹੀ ਹੈ ਕਿ ਇਹ ਫ਼ਿਲਮ ਕਿਸੇ ਇਤਿਹਾਸਕ ਘਟਨਾ ‘ਤੇ ਨਹੀਂ, ਸਗੋਂ ਸ਼ਿਵਾਜੀ ਸਾਵੰਤ ਦੇ ਇੱਕ ਨਾਵਲ ਉੱਪਰ ਬਣੀ ਹੈ। ਪਰ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਇਹ ਇਤਿਹਾਸ ਬਿਆਨ ਕਰ ਰਹੀ ਹੋਵੇ। ਦੂਜਾ, ਜੇਕਰ ਇਤਿਹਾਸਕ ਤੱਥਾਂ ‘ਤੇ ਨਿਗਾਹ ਮਾਰੀਏ ਤਾਂ ਇਹ ਗੱਲ ਸਾਫ਼ ਸਮਝ ਵਿੱਚ ਆ ਜਾਂਦੀ ਹੈ ਕਿ ਔਰੰਗਜ਼ੇਬ ਅਤੇ ਸ਼ਿਵਾ ਜੀ ਦਰਮਿਆਨ ਲੜਾਈ ਕੋਈ ਧਰਮ-ਰੱਖਿਆ ਦੀ ਲੜਾਈ ਨਹੀਂ ਸੀ, ਸਗੋਂ ਇਹ ਪੂਰੀ ਤਰ੍ਹਾਂ ਆਪਣੀ ਰਾਜਨੀਤਕ ਸੱਤਾ ਦੇ ਵਿਸਥਾਰ ਦੀ ਲੜਾਈ ਸੀ। ਸ਼ਿਵਾਜੀ ਦੀ ਸੈਨਾ ਵਿੱਚ ਕਿੰਨੇ ਹੀ ਮੁਸਲਮਾਨ ਸੈਨਾਪਤੀ ਮੌਜੂਦ ਸਨ, ਨਾਲ਼ ਹੀ ਔਰੰਗਜ਼ੇਬ ਦੀ ਸੈਨਾ ਅਤੇ ਦਰਬਾਰ ਵਿੱਚ ਹਿੰਦੂ ਮੰਤਰੀ, ਸੈਨਾਪਤੀ ਅਤੇ ਸੈਨਿਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਔਰੰਗਜ਼ੇਬ ਦਾ ਮਕਸਦ ਜੇਕਰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੁੰਦਾ, ਤਾਂ ਜ਼ਾਹਰਾ ਤੌਰ ‘ਤੇ ਪਹਿਲਾਂ ਉਹ ਆਪਣੇ ਦਰਬਾਰ ਅਤੇ ਆਪਣੀ ਸੈਨਾ ਵਿੱਚ ਅਗਵਾਈ ਅਤੇ ਸਰਦਾਰੀ ਦੀ ਸਥਿਤੀ ਵਿੱਚ ਮੌਜੂਦ ਹਿੰਦੂਆਂ ਨੂੰ ਮੁਸਲਮਾਨ ਬਣਾਉਂਦਾ। ਜੇਕਰ ਉਸ ਨੇ ਧਰਮ ਬਦਲੀ ਦਾ ਇਸਤੇਮਾਲ ਕੀਤਾ ਵੀ ਤਾਂ ਉਹ ਸਿਆਸੀ ਦਬਦਬੇ ਦੀ ਲੜਾਈ ਦਾ ਹਿੱਸਾ ਸੀ, ਨਾ ਕਿ ਇਸਲਾਮ ਦਾ ਰਾਜ ਭਾਰਤ ਵਿੱਚ ਕਾਇਮ ਕਰਨ ਦੀ ਮੁਹਿੰਮ।
ਖੋਜਕਾਰ ਰਾਮ ਪੁਨਿਆਨੀ ਸਮੇਤ ਕਈ ਇਤਿਹਾਸਕਾਰਾਂ ਦੇ ਅਨੁਸਾਰ ਔਰੰਗਜ਼ੇਬ ਅਤੇ ਕਈ ਮੁਸਲਮਾਨ ਸ਼ਾਸਕਾਂ ਨੇ ਕਿੰਨੇ ਹੀ ਮੰਦਰਾਂ ਦੇ ਨਿਰਮਾਣ ਲਈ ਦਾਨ ਦਿੱਤੇ ਸਨ। ਮਿਸਾਲ ਦੇ ਤੌਰ ‘ਤੇ, ਸੋਮੇਸ਼ਵਰ ਮਹਾਂਦੇਵ ਮੰਦਰ ਖ਼ੁਦ ਔਰੰਗਜ਼ੇਬ ਨੇ ਬਣਵਾਇਆ ਸੀ ਅਤੇ ਇਸ ਮੰਦਰ ਦੇ ਸਤੰਭ ਲੇਖ ਉੱਤੇ ਇਹ ਗੱਲ ਦਰਜ ਹੈ। ਸ਼੍ਰਿੰਗੇਰੀ ਸ਼ਾਰਦਾ ਮੰਦਰ ਵੀ ਇਸ ਦੀ ਪ੍ਰਮੁੱਖ ਮਿਸਾਲ ਹੈ ਜਿਸ ਨੂੰ 1791 ਵਿੱਚ ਮਰਾਠਾ ਸੈਨਾ ਨੇ ਤੋੜ ਦਿੱਤਾ ਸੀ ਅਤੇ ਜਿਸ ਦੀ ਮੁੜ-ਉਸਾਰੀ ਟੀਪੂ ਸੁਲਤਾਨ ਨੇ ਕਰਵਾਈ ਸੀ। ਅਤੇ ਅਜਿਹੀਆਂ ਕਈ ਮਿਸਾਲਾਂ ਮੌਜੂਦ ਹਨ ਜਿਨ੍ਹਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਕਈ ਮੁਸਲਮਾਨ ਸ਼ਾਸਕਾਂ ਨੇ ਮੰਦਰਾਂ ਲਈ ਨਾ ਸਿਰਫ਼ ਦਾਨ ਦਿੱਤਾ, ਸਗੋਂ ਉਹਨਾਂ ਵਿੱਚੋਂ ਕੁਝ ਦਾ ਨਿਰਮਾਣ ਵੀ ਕਰਵਾਇਆ ਸੀ। ਇਤਿਹਾਸ ਦੀ ਜਾਣਕਾਰੀ ਰੱਖਣ ਵਾਲ਼ਾ ਕੋਈ ਵੀ ਵਿਅਕਤੀ ਇਸ ਕਿਸਮ ਦੇ ਬਚਕਾਨੇ ਤਰਕਾਂ ਉੱਤੇ ਸਿਰਫ਼ ਹੱਸ ਸਕਦਾ ਹੈ। ਪਰ ਫ਼ਾਸੀਵਾਦੀ ਤਾਕਤਾਂ ਝੂਠ ਦਾ ਪ੍ਰਚਾਰ ਇਸੇ ਤਰ੍ਹਾਂ ਵਿਆਪਕ ਪੱਧਰ ‘ਤੇ ਕਰਦੀਆਂ ਹਨ ਤਾਂ ਕਿ ਸਾਡੇ ਦਿਮਾਗ਼ ਵਿੱਚ ਮਿੱਥਕਾਂ ਨੂੰ ਸਥਾਪਤ ਕਰਕੇ ਉਸ ਨੂੰ ਆਮ ਬੋਧ ਬਣਾ ਦਿੱਤਾ ਜਾਵੇ, ਜਿਸ ਉੱਪਰ ਅਸੀਂ ਸਵਾਲ ਹੀ ਨਾ ਖੜ੍ਹਾ ਕਰ ਸਕੀਏ, ਸਗੋਂ ਆਦਤਨ ਹੀ ਉਸ ਨੂੰ ਸੱਚ ਮੰਨ ਲਈਏ। ਇਸ ਫ਼ਿਲਮ ਦੁਆਰਾ ਕੀਤੀ ਜਾਣ ਵਾਲ਼ੀ ਕਰੋੜਾਂ ਦੀ ਕਮਾਈ ਇਸ ਗੱਲ ਦੀ ਸੂਚਕ ਹੈ ਕਿ ਇੱਕ ਵੱਡੀ ਅਬਾਦੀ ਇਸ ਝੂਠੇ ਨਫ਼ਰਤੀ ਪ੍ਰਚਾਰ ਦੇ ਵਹਿਣ ਵਿੱਚ ਵਹਿ ਰਹੀ ਹੈ। ਇਸੇ ਲਈ ਇਸ ਫ਼ਿਲਮ ਦੇ (ਕੁ)ਤਰਕਾਂ ਦਾ ਖੰਡਨ ਕਰਨਾ ਬੇਹੱਦ ਜ਼ਰੂਰੀ ਹੈ।
ਫ਼ਿਲਮ ਦੇ ਕੁਝ ਦ੍ਰਿਸ਼ਾਂ ਨੂੰ ਇਸ ਤਰ੍ਹਾਂ ਫ਼ਿਲਮਾਇਆ ਗਿਆ ਹੈ ਜਿਨ੍ਹਾਂ ਵਿੱਚ ਮੁਸਲਿਮ ਸੈਨਾ ਨੂੰ ਹਿੰਦੂ ਇਲਾਕੇ ਵਿੱਚ ਜਾ ਕੇ ਆਮ ਲੋਕਾਂ ‘ਤੇ ਜ਼ੁਲਮ ਕਰਦਿਆਂ ਦਿਖਾਇਆ ਗਿਆ ਹੈ। ਇਸ ਨੂੰ ਇਸ ਰੂਪ ਵਿੱਚ ਦਿਖਾਇਆ ਗਿਆ ਹੈ ਕਿ ਜਿਵੇਂ ਹਿੰਦੂ ਬੱਚਿਆਂ ਨੂੰ ਮਾਰਨਾ, ਉਹਨਾਂ ਦੇ ਘਰਾਂ ਨੂੰ ਅੱਗ ਲਾ ਦੇਣੀ, ਔਰਤਾਂ ਦਾ ਬਲਾਤਕਾਰ ਕਰਨਾ ਇਸਲਾਮ ਧਰਮ ਦੇ ਲੋਕਾਂ ਦਾ ਜਮਾਂਦਰੂ ਲੱਛਣ ਹੈ। ਇਤਿਹਾਸਕ ਤੱਥਾਂ ਨਾਲ਼ ਦਿਖਾਇਆ ਜਾ ਸਕਦਾ ਹੈ ਕਿ ਦਿੱਲੀ ਸਲਤਨਤ ਤੋਂ ਲੈ ਕੇ ਮੁਗ਼ਲ ਕਾਲ ਤੱਕ ਅਜਿਹਾ ਵਰਤਾਓ ਮੁਸਲਮਾਨਾਂ ਨੇ ਨਹੀਂ ਕੀਤਾ ਅਤੇ ਨਾ ਹੀ ਹਿੰਦੂਆਂ ਨੇ ਕੀਤਾ ਸੀ। ਅਸਲ ਵਿੱਚ ਉਸ ਦੌਰ ਵਿੱਚ ਹੋਏ ਤਮਾਮ ਯੁੱਧ ਸਾਮਰਾਜਾਂ, ਰਿਆਸਤਾਂ ਆਦਿ ਦੇ ਆਪਸੀ ਸਿਆਸੀ ਟਕਰਾਅ ਸਨ ਅਤੇ ਧਰਮ ਉਹਨਾਂ ਵਿੱਚ ਕੋਈ ਮਸਲਾ ਨਹੀਂ ਸੀ। ਲੱਗਭਗ ਸਾਰੇ ਯੁੱਧਾਂ ਵਿੱਚ ਦੋਵੇਂ ਪਾਸਿਆਂ ਦੀਆਂ ਫ਼ੌਜਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਹੋਇਆ ਕਰਦੇ ਸਨ। ਸ਼ਿਵਾਜੀ ਨੂੰ ਪੁਰੰਦਰ ਦੇ ਕਿਲ੍ਹੇ ਵਿੱਚ ਘੇਰ ਕੇ ਔਰੰਗਜ਼ੇਬ ਨਾਲ਼ ਸਮਝੌਤਾ ਕਰਨ, ਉਸ ਨੂੰ 23 ਕਿਲ੍ਹੇ ਸੌਂਪਣ ਅਤੇ ਔਰੰਗਜ਼ੇਬ ਦੀ ਅਧੀਨਗੀ ਸਵੀਕਾਰ ਕਰਨ ਲਈ ਮਜਬੂਰ ਕਰਨ ਦਾ ਕੰਮ ਇੱਕ ਹਿੰਦੂ ਰਾਜੇ ਜੈ ਸਿੰਘ ਨੇ ਕੀਤਾ ਸੀ।
ਮੁਸਲਮਾਨਾਂ ਨੂੰ ਇੱਕ ਘਿਸੇ-ਪਿਟੇ ਅਕਸ ਦੇ ਅਧਾਰ ‘ਤੇ ਬਣਾਏ ਗਏ ਇੱਕ ਖ਼ਾਸ ਪਹਿਰਾਵੇ ਵਿੱਚ ਦਿਖਾ ਕੇ ਇਹ ਫ਼ਿਲਮ ਇੱਕ ਤਰੀਕੇ ਨਾਲ਼ ਲੋਕਾਂ ਵਿੱਚ ਅਜਿਹੇ ਪਹਿਰਾਵੇ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਦੇ ਬੀਜ ਬੀਜਣ ਦਾ ਕੰਮ ਕਰਦੀ ਹੈ। ਇੱਕ ਪਾਸੇ ਇਹਨਾਂ ਦ੍ਰਿਸ਼ਾ ਦੇ ਰਾਹੀਂ ਇਹ ਫ਼ਿਲਮ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਦਾ ਕੰਮ ਤਾਂ ਕਰਦੀ ਹੀ ਹੈ, ਉੱਥੇ ਹੀ ਦੂਜੇ ਪਾਸੇ ਅੱਜ ਮੁਸਲਮਾਨਾਂ ਦੇ ਖ਼ਿਲਾਫ਼ ਜੋ ਹਿੰਸਕ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਵੀ ਸਹੀ ਸਿੱਧ ਕਰਨ ਦਾ ਕੰਮ ਕਰਦੀ ਹੈ। ਗੁਜਰਾਤ ਦੰਗਿਆਂ ਦੇ ਦੌਰਾਨ ਜੋ ਭਿਆਨਕ ਤਸਵੀਰਾਂ ਸਾਡੇ ਸਾਮ੍ਹਣੇ ਆਈਆਂ ਸਨ, ਜਦੋਂ ਸੰਘ ਪਰਿਵਾਰ ਦੇ ਗੁੰਡਾ-ਗਿਰੋਹਾਂ ਵਿਚਲੇ ਦੈਂਤ ਤ੍ਰਿਸ਼ੂਲਾਂ ਨਾਲ਼ ਗਰਭਵਤੀ ਔਰਤਾਂ ਦਾ ਢਿੱਡ ਪਾੜ ਕੇ ਆਪਣੀ ਦਲੇਰੀ ਦਾ ਸਬੂਤ ਦੇ ਰਹੇ ਸਨ, ਜਦੋਂ ਇਹ ਸੰਘੀ ਗੁੰਡੇ ਪਿੰਡ-ਪਿੰਡ ਵਿੱਚ ਜਾ ਕੇ ਮੁਸਲਮਾਨ ਔਰਤਾਂ ਦਾ ਬਲਾਤਕਾਰ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ, ਉਹ ਦ੍ਰਿਸ਼ ਅੱਜ ਵੀ ਹਰੇਕ ਇਨਸਾਫ਼ਪਸੰਦ ਅਤੇ ਸੰਵੇਦਨਸ਼ੀਲ ਵਿਅਕਤੀ ਦੇ ਦਿਮਾਗ਼ ਅੰਦਰ ਤਾਜ਼ਾ ਹਨ; ਜਾਂ ਫਿਰ ਧਰਮ ਦੇ ਨਾਮ ‘ਤੇ ਭੀੜ ਦੁਆਰਾ ਮੁਸਲਮਾਨ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ, ਜਾਂ ਹਰੇਕ ਤਿੱਥ-ਤਿਓਹਾਰ ਮੌਕੇ ਦੰਗੇ ਭੜਕਾਉਣ ਜਾਂ ਫਿਰ ਸੋਸ਼ਲ ਮੀਡੀਆ ‘ਤੇ ਮੁਸਲਮਾਨ ਔਰਤਾਂ ਨਾਲ਼ ਛੇੜਖਾਨੀ ਅਤੇ ਬਲਾਤਕਾਰ ਜਿਹੇ ਅਪਰਾਧਾਂ ਨੂੰ ਪ੍ਰਚਾਰਤ ਕਰਨ ਵਾਲ਼ੇ ‘ਜ਼ਾਲਮ ਹਿੰਦੂ’ ਵਰਗੇ ਪੇਜਾਂ ਦੇ ਬਣਾਏ ਜਾਣ ਨੂੰ ਇਹ ਫ਼ਿਲਮ ਸਹੀ ਠਹਿਰਾਉਣ ਦਾ ਕੰਮ ਕਰਦੀ ਹੈ। ਇਸ ਗੱਲ ਨੂੰ ਅਸਾਨੀ ਨਾਲ਼ ਸਮਝਿਆ ਜਾ ਸਕਦਾ ਹੈ ਕਿਉਂਕਿ ਸੰਘੀਆਂ ਦੇ ਇੱਕ ਗੁਰੂ ਸਾਵਰਕਰ ਨੇ ਮੁਸਲਮਾਨਾਂ ਦੇ ਖ਼ਿਲਾਫ਼ ਬਲਾਤਕਾਰ ਅਤੇ ਹੱਤਿਆ ਨੂੰ ਜਾਇਜ਼ ਹਥਿਆਰ ਦੱਸਿਆ ਸੀ।
ਇਸ ਫ਼ਿਲਮ ਦੁਆਰਾ ਬਹੁਤ ਸੂਖਮ ਤਰੀਕੇ ਨਾਲ਼ ਦਰਸ਼ਕਾਂ ਦੇ ਦਿਮਾਗ਼ ਵਿੱਚ ਇਹ ਭਰਨ ਦੀ ਕੋਸ਼ਸ਼ ਕੀਤੀ ਗਈ ਹੈ ਕਿ ਕਿਉਂ ਜੋ ਉਸ ਦੌਰ ਵਿੱਚ ਮੁਸਲਮਾਨ ਸ਼ਾਸਕਾਂ ਨੇ ਹਿੰਦੂ ਲੋਕਾਂ ਪ੍ਰਤੀ ਬਰਬਰਤਾ ਦਿਖਾਈ (ਜੋ ਕਿ ਮਿੱਥ ਤੋਂ ਵੱਧ ਕੁਝ ਵੀ ਨਹੀਂ ਹੈ, ਅਤੇ ਜੋ ਇਤਿਹਾਸਕ ਤੌਰ ‘ਤੇ ਇਤਿਹਾਸਕਾਰਾਂ ਦੁਆਰਾ ਸਿਰੇ ਤੋਂ ਖਾਰਜ ਕੀਤਾ ਜਾ ਚੁੱਕਿਆ ਹੈ), ਇਸ ਲਈ ਅੱਜ ਹਿੰਦੂਆਂ (ਅਸਲ ਵਿੱਚ ਸੰਘ ਅਤੇ ਉਸ ਦੇ ਗੁੰਡਾ-ਟੋਲਿਆਂ) ਨੂੰ ਵੀ ਮੁਸਲਮਾਨਾਂ ਉੱਪਰ ਇਸ ਕਿਸਮ ਦੇ ਬਰਬਰ ਜ਼ੁਲਮ ਕਰਨੇ ਚਾਹੀਦੇ ਹਨ। ਇਹੋ ਇਸ ਫ਼ਿਲਮ ਦਾ ਅਸਲ ਮਕਸਦ ਹੈ: ਧਾਰਮਿਕ ਨਫ਼ਰਤ ਫੈਲਾ ਕੇ ਮੁਸਲਮਾਨਾਂ ਦੇ ਖ਼ਿਲਾਫ਼ ਪੂਰੇ ਦੇਸ਼ ਅੰਦਰ ਫ਼ਿਰਕੂ ਮਾਹੌਲ ਤਿਆਰ ਕਰਨਾ। ਇਸ ਦਾ ਨਤੀਜਾ ਨਾਗਪੁਰ ਵਿੱਚ ਸਾਮ੍ਹਣੇ ਵੀ ਆਉਣ ਲੱਗਿਆ ਹੈ।
‘ਪਦਮਾਵਤ’, ‘ਛਾਵਾ’, ‘ਪਾਣੀਪਤ’ ਜਿਹੀਆਂ ਫ਼ਿਲਮਾਂ ਭਾਵੇਂ ਇਤਿਹਾਸਕ ਕਿਰਦਾਰਾਂ ਅਤੇ ਇਤਿਹਾਸਕ ਕਾਲ (ਜਿਸ ਪ੍ਰਕਾਰ ਇਹ ਖ਼ੁਦ ਨੂੰ ਪੇਸ਼ ਕਰਦੀਆਂ ਹਨ) ਉੱਪਰ ਆਧਾਰਤ ਹੋਣ ਪਰ ਇਹ ਫ਼ਿਲਮਾਂ ਅੱਜ ਦੇ ਦੌਰ ਦੇ ਫ਼ਾਸੀਵਾਦੀ ਪ੍ਰਚਾਰ ਨੂੰ ਗਤੀ ਦੇਣ ਵਾਲ਼ੀਆਂ ਆਧੁਨਿਕ ਫ਼ਿਲਮਾਂ ਹਨ ਜੋ ਅਸਲ ਇਤਿਹਾਸ ਅਤੇ ਤੱਥਾਂ ਨੂੰ ਵਿਗਾੜ ਕੇ ਪੇਸ਼ ਕਰਦਿਆਂ, ਉਹਨਾਂ ਨੂੰ ਫ਼ਾਸੀਵਾਦੀ ਫ਼ਿਰਕੂ ਪ੍ਰਚਾਰ ਦੇ ਚੌਖਟੇ ਅੰਦਰ ਫਿੱਟ ਕਰਨ ਦਾ ਕੰਮ ਕਰਦੀਆਂ ਹਨ।
ਫ਼ਾਸੀਵਾਦ ਦੇ ਚਰਿੱਤਰ ਦਾ ਇਹ ਇੱਕ ਅਹਿਮ ਲੱਛਣ ਹੈ ਕਿ ਉਹ ਇੱਕ ਸ਼ੁੱਧ ਰੂਪ ਤੋਂ ਕਾਲਪਨਿਕ ਸਮੂਹ (ਜਿਵੇਂ ਕਿ “ਹਿੰਦੂ ਰਾਸ਼ਟਰ”) ਦਾ ਨਿਰਮਾਣ ਕਰਦਾ ਹੈ, ਅਤੇ ਆਪਣੇ ਆਪ ਨੂੰ ਉਸ ਸਮੂਹ ਦੇ ਇੱਕਮਾਤਰ ਨੁਮਾਇੰਦੇ ਵਜੋਂ ਪੇਸ਼ ਕਰਦਾ ਹੈ। ਨਾਲ਼ ਹੀ ਇਸ ਵਿਚਾਰਧਾਰਕ ਸਮੂਹ ਦੇ ਮੁਕਾਬਲੇ ਵਿੱਚ ਦੂਜੇ ਸਮੂਹ ਨੂੰ ਇੱਕ ਨਕਲੀ ਦੁਸ਼ਮਣ ਦੇ ਰੂਪ ਵਿੱਚ ਪੇਸ਼ ਕਰਦਾ ਹੈ, ਜਿਵੇਂ ਕਿ ਸੰਘ ਪਰਿਵਾਰ ਅਤੇ ਮੋਦੀ ਸਰਕਾਰ ਦੁਆਰਾ ਮੁਸਲਮਾਨਾਂ ਨੂੰ ਕੀਤਾ ਜਾ ਰਿਹਾ ਹੈ। ਇਸ ਨਕਲੀ ਦੁਸ਼ਮਣ ਨੂੰ ਬਹੁਗਿਣਤੀ ਸਮੁਦਾਇ ਦੀਆਂ ਸਾਰੀਆਂ ਦਿੱਕਤਾਂ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ, ਮਿਸਾਲ ਵਜੋਂ ਬੇਰੁਜ਼ਗਾਰੀ, ਮਹਿੰਗਾਈ, ਆਦਿ। ਇਸ ਤਰ੍ਹਾਂ ਇਹਨਾਂ ਸਮੱਸਿਆਵਾਂ ਲਈ ਅਸਲ ਵਿੱਚ ਜ਼ਿੰਮੇਵਾਰ ਸਰਮਾਏਦਾਰਾ ਪ੍ਰਬੰਧ ਅਤੇ ਸਰਮਾਏਦਾਰ ਜਮਾਤ ਨੂੰ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਜਿਹੇ ਫ਼ਾਸੀਵਾਦੀ ਕਟਹਿਰੇ ਤੋਂ ਬਾਹਰ ਕਰ ਦਿੰਦੇ ਹਨ। ਜਰਮਨੀ ਵਿੱਚ ਇਹ ਨਕਲੀ ਦੁਸ਼ਮਣ ਯਹੂਦੀ ਸਨ ਅਤੇ ਉੱਥੇ ਸ਼ੁੱਧ ਰੂਪ ਤੋਂ ਕਾਲਪਨਿਕ ਸਮੂਹ ਸੀ “ਜਰਮਨ ਆਰੀਆ ਰਾਸ਼ਟਰ”, ਹਾਲਾਂਕਿ ਇਸ ਵਿੱਚ ਕੁਝ ਵੀ ਅਸਲ ਨਹੀਂ ਸੀ। ਅਜਿਹਾ ਕੋਈ ਆਰੀਆ ਰਾਸ਼ਟਰ ਹੋਂਦ ਵਿੱਚ ਨਹੀਂ ਸੀ। ਜਰਮਨੀ ਵਿੱਚ ਆਰੀਆ ਨਸਲ ਦੀ ਇਹੀ ਇੱਕਮਾਤਰ ਪਛਾਣ ਬਣਾ ਦਿੱਤੀ ਗਈ ਸੀ ਕਿ ਉਹ ਯਹੂਦੀ ਨਹੀਂ ਸਨ, ਅਤੇ ਭਾਰਤ ਵਿੱਚ ਸੰਘ ਦੇ “ਹਿੰਦੂ ਰਾਸ਼ਟਰ” ਦੇ ਸਾਰੇ ਮੈਂਬਰਾਂ ਵਿੱਚ ਹੋਰ ਕੁਝ ਵੀ ਸਾਂਝਾ ਨਹੀਂ ਹੈ, ਸਿਵਾਏ ਇਸ ਗੱਲ ਤੋਂ ਕਿ ਉਹ ਮੁਸਲਮਾਨ ਨਹੀਂ ਹਨ। ਐਨਾ ਹੀ ਨਹੀਂ, ਫ਼ਾਸੀਵਾਦੀ ਤਾਕਤਾਂ ਹੌਲ਼ੀ-ਹੌਲ਼ੀ ਇਸ ਨਕਲੀ ਦੁਸ਼ਮਣ ਦੇ ਘੇਰੇ ਨੂੰ ਵਧਾਉਂਦੀਆਂ ਹਨ ਅਤੇ ਹਰੇਕ ਉਹ ਵਿਅਕਤੀ ਜੋ ਫ਼ਾਸੀਵਾਦੀ ਸੁਪਰੀਮ ਲੀਡਰ ਜਾਂ ਸੰਗਠਨ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਦਾ ਹੈ, ਉਸ ਨੂੰ ਵੀ ਉਸ ਨਕਲੀ ਦੁਸ਼ਮਣ ਦੇ ਘੇਰੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਜਰਮਨੀ ਦੇ ਅੰਦਰ ਵੀ ਇਸ ਪਛਾਣ ਨੂੰ ਸਥਾਪਤ ਕਰਨ ਵਿੱਚ ਉੱਥੋਂ ਦੇ ਮੀਡੀਆ ਤੰਤਰ ਸਮੇਤ ਰੇਡੀਓ ਅਤੇ ਕਲਾ ਦੇ ਹੋਰਨਾਂ ਮਾਧਿਅਮਾਂ ਦੀ ਅਹਿਮ ਭੂਮਿਕਾ ਰਹੀ ਸੀ, ਅਤੇ ਅੱਜ ਭਾਰਤ ਵਿੱਚ ਵੀ ਫ਼ਾਸੀਵਾਦੀ ਪ੍ਰਚਾਰ ਤੰਤਰ ਦਾ ਇੱਕ ਵੱਡਾ ਹਿੱਸਾ ਇਸ ਕੰਮ ਵਿੱਚ ਦਿਨ-ਰਾਤ ਲੱਗਿਆ ਹੋਇਆ ਹੈ।
ਅੱਜ ਇਸ ਪ੍ਰਚਾਰ ਤੰਤਰ ਦੇ ਬਰਕਸ ਸਾਨੂੰ ਲੋਕਾਂ ਦੇ ਅਸਲ ਮੁੱਦਿਆਂ ਦਾ ਉਹਨਾਂ ਦੇ ਕਾਰਨਾਂ ਸਮੇਤ ਪ੍ਰਚਾਰ ਕਰਨਾ ਹੋਵੇਗਾ, ਕਿਉਂਕਿ ਫ਼ਾਸੀਵਾਦੀ ਪ੍ਰਚਾਰ ਤੰਤਰ ਦਾ ਆਖ਼ਰੀ ਟੀਚਾ ਇਹੋ ਹੁੰਦਾ ਹੈ ਕਿ ਲੋਕਾਂ ਨੂੰ ਉਹਨਾਂ ਦੇ ਅਸਲ ਮੁੱਦਿਆਂ ਤੋਂ ਭਟਕਾਅ ਕੇ ਉਹਨਾਂ ਨੂੰ ਆਪਸ ਵਿੱਚ ਲੜਾ ਦਿੱਤਾ ਜਾਵੇ, ਤਾਂ ਕਿ ਦੇਸ਼ ਦੀ ਮੁੱਠੀ ਭਰ ਅਬਾਦੀ ਦੁਆਰਾ ਕੀਤੀ ਜਾਣ ਵਾਲ਼ੀ ਲੁੱਟ ਨੂੰ ਕਾਇਮ ਰੱਖਿਆ ਜਾ ਸਕੇ। ਪਰ ਇਸ ਵਿਆਪਕ ਪ੍ਰਚਾਰ ਤੰਤਰ ਦੇ ਬਾਵਜੂਦ ਫ਼ਾਸੀਵਾਦੀਆਂ ਦੀ ਪੂਰੀ ਸਿਆਸਤ ਝੂਠ ਉੱਤੇ ਟਿਕੀ ਹੁੰਦੀ ਹੈ। ਇਸ ਦੇ ਬਰਕਸ ਇਨਕਲਾਬੀਆਂ ਕੋਲ਼ ਸੱਚ ਦੀ ਤਾਕਤ ਹੁੰਦੀ ਹੈ, ਉਹ ਸੱਚ ਜਿਸ ਦਾ ਆਮ ਲੋਕ ਹਰ ਦਿਨ, ਹਰ ਵਕਤ ਸਾਮ੍ਹਣਾ ਕਰਦੇ ਹਨ। ਇਸ ਸੱਚ ਦੇ ਜ਼ਰੀਏ ਹੀ ਅਸੀਂ ਫ਼ਾਸੀਵਾਦੀਆਂ ਦੇ ਖੋਖਲੇ ਪ੍ਰਚਾਰ ਦੀਆਂ ਧੱਜੀਆਂ ਉਡਾ ਸਕਦੇ ਹਾਂ। ਪਰ ਇਸ ਦੇ ਲਈ ਵੀ ਮਿਹਨਤਕਸ਼ ਜਮਾਤ ਨੂੰ ਲੋਕ-ਸ੍ਰੋਤਾਂ ਦੇ ਦਮ ‘ਤੇ ਆਪਣੇ ਪ੍ਰਚਾਰ ਤੰਤਰ ਖੜ੍ਹੇ ਕਰਨੇ ਹੋਣਗੇ ਅਤੇ ਇਸ ਤਰ੍ਹਾਂ ਹੀ ਅਸੀਂ ਫ਼ਾਸੀਵਾਦੀ ਸਿਆਸਤ ਨੂੰ ਨੰਗਾ ਕਰ ਸਕਦੇ ਹਾਂ। ‘ਛਾਵਾ’ ਜਿਹੀਆਂ ਫ਼ਾਸੀਵਾਦੀ ਪ੍ਰਾਪੇਗੰਡਾ ਫ਼ਿਲਮਾਂ ਦੇ ਝੂਠਾਂ ਅਤੇ ਫ਼ਿਰਕੂ ਜ਼ਹਿਰ ਦੇ ਪ੍ਰਚਾਰ ਦੇ ਅਸਲ ਸੱਚ ਨੂੰ ਸਾਮ੍ਹਣੇ ਲੈ ਕੇ ਆਉਣਾ ਵੀ ਸਾਡੇ ਇਸੇ ਕੰਮ ਦਾ ਹਿੱਸਾ ਹੈ। ਸਾਨੂੰ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਵੀ ਆਪਣੇ ਦੇਸ਼ ਦਾ ਅਸਲੀ ਇਤਿਹਾਸ ਪੜ੍ਹਨਾ ਹੋਵੇਗਾ ਤਾਂ ਜੋ ਅਸੀਂ ਫ਼ਾਸੀਵਾਦੀਆਂ ਦੁਆਰਾ ਇਤਿਹਾਸ ਦੇ ਮਿੱਥਕੀਕਰਨ ਨੂੰ ਪਛਾਣ ਸਕੀਏ ਅਤੇ ਉਸ ਦਾ ਮੋੜਵਾਂ ਜਵਾਬ ਦੇ ਸਕੀਏ।



ਮਜ਼ਦੂਰ ਬਿਗਲ ਫ਼ਰਵਰੀ-ਮਾਰਚ-ਅਪ੍ਰੈਲ 2025

ਨਵਾਂ ਅੰਕ

ਮਜ਼ਦੂਰ ਬਿਗਲ - ਫ਼ਰਵਰੀ-ਮਾਰਚ-ਅਪ੍ਰੈਲ 2025

  • ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ : ਸੈਲਾਨੀਆਂ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਲਈ ਕੌਣ ਹੈ ਜ਼ਿੰਮੇਵਾਰ !?
  • ਵਕਫ਼ (ਸੋਧ) ਬਿਲ-2025 : ਧਾਰਮਿਕ ਜਾਇਦਾਦ ਦੇ ਸਹੀ ਪ੍ਰਬੰਧਨ ਦੇ ਨਾਂ ‘ਤੇ ਭਾਜਪਾ ਅਤੇ ਸੰਘ ਪਰਿਵਾਰ ਦਾ ਮੁਸਲਿਮ ਘੱਟਗਿਣਤੀਆਂ ਉੱਤੇ ਇੱਕ ਹੋਰ ਫ਼ਾਸੀਵਾਦੀ ਹਮਲਾ
  • ਇਨਕਲਾਬੀ ਮਜ਼ਦੂਰ ਸਿੱਖਿਆ ਲੜੀ – 2 ਕੁਝ ਬੁਨਿਆਦੀ ਗੱਲਾਂ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ – 1
  • ਅਸੀਂ ਦੇਸ਼ ਦੇ ਕਿਰਤੀ ਲੋਕ ਜੰਗ ਨਹੀਂ ਚਾਹੁੰਦੇ, ਅਸੀਂ ਸਿੱਖਿਆ-ਰੁਜ਼ਗਾਰ-ਸਿਹਤ ਸਹੂਲਤਾਂ ਅਤੇ ਚੰਗੀ ਜ਼ਿੰਦਗੀ ਚਾਹੁੰਦੇ ਹਾਂ !
  • ਛਾਵਾ : ਫ਼ਾਸੀਵਾਦੀ ਪ੍ਰਚਾਰ ਦੇ ਕੂੜੇਦਾਨ ਵਿੱਚੋਂ ਨਿੱਕਲੀ ਇੱਕ ਹੋਰ ਪ੍ਰਾਪੇਗੰਡਾ ਫ਼ਿਲਮ
  • ਫ਼ਲਸਤੀਨ ਦੇ ਮੁੱਦੇ ‘ਤੇ ਸਾਡਾ ਭਾਰਤ ਦੇ ਲੋਕਾਂ ਦਾ ਰੁਖ਼ ਕੀ ਹੋਣਾ ਚਾਹੀਦਾ ਹੈ?
  • ਵਾਤਾਵਰਨੀ ਤਬਾਹੀ ਦੇ ਚਲਦਿਆਂ ਸੁੰਗੜਦਾ ਜਾਂਦਾ ਬਸੰਤ
  • ਪਾਠਕ ਮੰਚ
  • ਸੱਤਵਾਂ ਕੌਮਾਂਤਰੀ ‘ਅਰਵਿੰਦ ਯਾਦਗਾਰੀ ਸੈਮੀਨਾਰ’ ਹੈਦਰਾਬਾਦ ਵਿੱਚ ਪੂਰਾ ਹੋਇਆ! ਫ਼ਾਸੀਵਾਦ ਦੀ ਸਹੀ ਸਮਝ ਲੈ ਕੇ ਇਸ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਲਿਆ ਗਿਆ ਅਹਿਦ!
  • ਇਤਿਹਾਸ ਦੇ ਗਲਿਆਰਿਆਂ ‘ਚੋਂ ਆਉਂਦੀ ਅਵਾਜ਼ ਨੂੰ ਸੁਣੋ ! ਸ਼ਹੀਦ-ਏ-ਆਜ਼ਮ ਭਗਤ ਸਿੰਘ ਅੱਜ ਦੇਸ਼ ਦੇ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਮਿਹਨਤਕਸ਼ਾਂ ਨੂੰ ਕੀ ਸੁਨੇਹਾ ਦੇ ਰਹੇ ਹਨ ?

ਲੇਖਮਾਲਾ

  • ਇਨਕਲਾਬੀ ਮਜ਼ਦੂਰ ਸਿੱਖਿਆ ਲੜੀ

ਮਜ਼ਦੂਰ ਬਿਗਲ ਨੂੰ ਹੋਰ ਭਾਸ਼ਾਵਾਂ ਵਿੱਚ ਪੜ੍ਹਨ ਲਈ

Mazdoor Bigul