ਇਨਕਲਾਬੀ ਮਜ਼ਦੂਰ ਸਿੱਖਿਆ ਲੜੀ – 2
ਕੁਝ ਬੁਨਿਆਦੀ ਗੱਲਾਂ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ – 1
- ਅਭਿਨਵ
ਇਸ ਵਾਰ ਅਸੀਂ ਸਿੱਧਾ ਰਾਜਨੀਤਕ ਅਰਥਸ਼ਾਸਤਰ ਦੀ ਚਰਚਾ ਸ਼ੁਰੂ ਕਰਨ ਦੀ ਥਾਂ ਕੁੱਝ ਇਕਦਮ ਬੁਨਿਆਦੀ ਧਾਰਨਾਵਾਂ ਤੋਂ ਸ਼ੁਰੂਆਤ ਕਰਾਂਗੇ। ਇਹ ਸੰਭਵ ਹੈ ਕਿ ਇਸ ਅੰਕ ਵਿੱਚ ਪ੍ਰਕਾਸ਼ਤ ਇਸ ਲੇਖ ਦੇ ਕਈ ਨੁਕਤਿਆਂ ਨੂੰ ਕਈ ਪਾਠਕ ਹਾਲ਼ੇ ਪੂਰੀ ਤਰ੍ਹਾਂ ਸਮਝ ਨਾ ਸਕਣ, ਸਿਰਫ ਅੰਸ਼ਿਕ ਤੌਰ ‘ਤੇ ਹੀ ਸਮਝ ਸਕਣ। ਪਰ ਇਸ ਵਿੱਚ ਕੋਈ ਨੁਕਸਾਨ ਨਹੀਂ ਹੈ। ਜਿਵੇਂ–ਜਿਵੇਂ ਅਸੀਂ ਸਰਮਾਏਦਾਰਾ ਸਮਾਜ ਦੇ ਆਰਥਕ ਸੰਬੰਧਾਂ, ਮਜ਼ਦੂਰ ਜਮਾਤ ਦੀ ਲੁੱਟ–ਚੋਂਘ ਦੀ ਸਚਾਈ, ਸਰਮਾਏਦਾਰਾ ਸੰਕਟਾਂ ਦੇ ਬੁਨਿਆਦੀ ਕਾਰਨਾਂ ਅਤੇ ਸਰਮਾਏਦਾਰਾ ਸਮਾਜ ਦੀ ਬੁਨਿਆਦੀ ਅਤੇ ਪ੍ਰਧਾਨ ਵਿਰੋਧਤਾਈ ਨੂੰ ਸਮਝਦੇ ਜਾਵਾਂਗੇ, ਉਵੇਂ–ਉਵੇਂ ਇਸ ਲੇਖ ਵਿੱਚ ਆਈਆਂ ਬੁਨਿਆਦੀ ਧਾਰਨਾਵਾਂ ਦੀ ਸਮਝ ਵੀ ਹੋਰ ਵਿਕਸਤ ਹੁੰਦੀ ਜਾਵੇਗੀ। ਇਹ ਲੇਖ ਤੁਹਾਡੇ ਲਈ ਅੱਗੇ ਜਾ ਕੇ ਵੀ ਇੱਕ ਮਹੱਤਵਪੂਰਨ ਸੰਦਰਭ ਸ੍ਰੋਤ ਦਾ ਕੰਮ ਕਰੇਗਾ। ਇਹ ਅਨੇਕਾਂ ਗੱਲਾਂ ਨੂੰ ਡੁੰਘਾਈ ਨਾਲ਼ ਸਮਝਣ ਅਤੇ ਉਹਨਾਂ ਬਾਰੇ ਵਿਗਿਆਨਕ ਸਮਝ ਬਣਾਉਣ ਵਿੱਚ ਤੁਹਾਡੀ ਭਵਿੱਖ ਵਿੱਚ ਵੀ ਮਦਦ ਕਰੇਗਾ। ਇਸ ਲਈ ਇਸ ਲੇਖ ਦੀਆਂ ਕੁਝ ਗੱਲਾਂ ਨੂੰ ਸਮਝ ਸਕਣ ਵਿੱਚ ਜੇਕਰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ।
ਇਸ ਲੇਖ ਅਤੇ ਅਗਲੇ ਅੰਕ ਵਿੱਚ ਪ੍ਰਕਾਸ਼ਤ ਹੋਣ ਵਾਲ਼ੇ ਇਸ ਦੇ ਅਗਲੇ ਹਿੱਸੇ ਵਿੱਚ ਅਸੀਂ ਜਿੰਨ੍ਹਾਂ ਚੀਜ਼ਾਂ ਦੀ ਚਰਚਾ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਇਤਿਹਾਸਕ ਪਦਾਰਥਵਾਦ, ਯਾਨੀ ਇਤਿਹਾਸ ਦੀ ਵਿਗਿਆਨਕ ਪਦਾਰਥਵਾਦੀ ਸਮਝਦਾਰੀ ਦੇ ਕੁਝ ਤੱਤਾਂ ਉੱਤੇ ਚਰਚਾ ਮੰਨ ਸਕਦੇ ਹਾਂ। ਇਹਨਾਂ ਨੂੰ ਸਮਝਣ ਤੋਂ ਬਾਅਦ ਸਰਮਾਏਦਾਰਾ ਸਮਾਜ ਦਾ ਸਮੁੱਚਾ ਆਰਥਕ ਵਿਸ਼ਲੇਸ਼ਣ ਕਰਨਾ ਤੁਹਾਡੇ ਲਈ ਕਿਤੇ ਜ਼ਿਆਦਾ ਸੌਖਾ ਹੋਵੇਗਾ ਅਤੇ ਉਸ ਦੀਆਂ ਜਟਿਲ ਧਾਰਨਾਵਾਂ ਨੂੰ ਵੀ ਤੁਸੀਂ ਵਧੇਰੇ ਸੌਖ ਨਾਲ਼ ਸਮਝ ਸਕੋਗੇ।
ਇਸ ਲਈ ਸ਼ੁਰੂ ਵਿੱਚ ਅਸੀਂ ਤੁਹਾਨੂੰ ਕੁਝ ਔਖਿਆਈ ਦੇ ਰਹੇ ਹਾਂ, ਪਰ ਸਾਨੂੰ ਯਕੀਨ ਹੈ ਕਿ ਇਹ ਔਖਿਆਈ ਤੁਹਾਡੇ ਲਈ ਕਾਫ਼ੀ ਉਪਯੋਗੀ ਸਿੱਧ ਹੋਵੇਗੀ।
ਪੈਦਾਵਾਰ, ਪੈਦਾਵਾਰੀ ਤਾਕਤਾਂ, ਪੈਦਾਵਾਰੀ ਸੰਬੰਧ ਅਤੇ ਸਮਾਜ ਦਾ ਆਰਥਕ ਅਧਾਰ
ਕਿਸੇ ਵੀ ਸਮਾਜ ਦੀ ਬੁਨਿਆਦ ਵਿੱਚ ਮਨੁੱਖ ਦੇ ਜੀਵਨ ਦੀ ਪਦਾਰਥਕ ਪੈਦਾਵਾਰ ਅਤੇ ਮੁੜ–ਪੈਦਾਵਾਰ ਹੁੰਦੀ ਹੈ। ਜੇਕਰ ਮਨੁੱਖ ਜਿਉਂਦਾ ਹੋਵੇਗਾ ਤਾਂ ਹੀ ਉਹ ਸਿਆਸਤ, ਵਿਚਾਰਧਾਰਾ, ਸਿੱਖਿਆ, ਕਲਾ, ਸਾਹਿਤ, ਸੱਭਿਆਚਾਰ, ਵਿਗਿਆਨਕ ਪ੍ਰਯੋਗ, ਖੇਡ–ਕੁੱਦ ਅਤੇ ਮਨੋਰੰਜਨ ਜਿਹੀਆਂ ਸਰਗਰਮੀਆਂ ਵਿੱਚ ਹਿੱਸਾ ਲੈ ਸਕਦਾ ਹੈ। ਮਨੁੱਖ ਆਪਣੇ ਜੀਵਨ ਦੀ ਪਦਾਰਥਕ ਪੈਦਾਵਾਰ ਅਤੇ ਮੁੜ–ਪੈਦਾਵਾਰ ਲਈ ਕੁਦਰਤ ਨਾਲ਼ ਇੱਕ ਨਿਸ਼ਚਿਤ ਸੰਬੰਧ ਬਣਾਉਂਦਾ ਹੈ ਅਤੇ ਉਸ ਦਾ ਰੂਪਾਂਤਰਨ ਕਰਕੇ ਉਸ ਦੇ ਸੰਸਾਧਨਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਲਦਾ ਹੈ। ਇਸ ਸਰਗਰਮੀ ਨੂੰ ਹੀ ਅਸੀਂ ਪੈਦਾਵਾਰ (ਉਤਪਾਦਨ) ਆਖਦੇ ਹਾਂ। ਮਨੁੱਖ ਦੇ ਪਦਾਰਥਕ ਜੀਵਨ ਦੀ ਮੁੜ–ਪੈਦਾਵਾਰ ਲਈ ਲੋੜੀਦੀਆਂ ਵਸਤਾਂ ਅਤੇ ਸੇਵਾਵਾਂ ਨੂੰ ਪੈਦਾ ਕਰਨ ਲਈ ਮਨੁੱਖ ਕੁਦਰਤ ਨੂੰ ਰੂਪਾਂਤਰਿਤ ਕਰਦਾ ਹੈ। ਇਹ ਮਨੁੱਖ ਦਾ ਪੈਦਾਵਾਰ ਲਈ, ਯਾਨੀ ਆਪਣੀਆਂ ਲੋੜਾਂ ਦੇ ਅਨੁਸਾਰ, ਕੁਦਰਤ ਦੇ ਰੂਪਾਂਤਰਨ ਦਾ ਸੰਘਰਸ਼ ਹੈ। ਕਹਿਣ ਦੀ ਲੋੜ ਨਹੀਂ ਹੈ ਕਿ ਮਨੁੱਖ ਦੇ ਲਈ ਕੀ ਉਪਯੋਗੀ ਹੈ ਅਤੇ ਕੀ ਨਹੀਂ, ਇਹ ਕੋਈ ਪਹਿਲਾਂ ਤੋਂ ਹੀ ਜਾਂ ਜਨਮ ਤੋਂ ਹੀ ਤੈਅ ਗੱਲ ਨਹੀਂ ਹੁੰਦੀ, ਸਗੋਂ ਸਮਾਜ ਦੇ ਵਿਕਾਸ ਨਾਲ਼ ਇਤਿਹਾਸਕ ਤੌਰ ‘ਤੇ ਬਦਲਣ ਵਾਲ਼ੀ ਚੀਜ਼ ਹੈ। ਮਿਸਾਲ ਦੇ ਤੌਰ ‘ਤੇ, ਪੱਥਰ–ਯੁੱਗ ਦੇ ਮਨੁੱਖ ਲਈ ਭਾਫ਼ ਇੰਜਣ ਉਪਯੋਗੀ ਨਹੀਂ ਸੀ ਪਰ 19ਵੀਂ ਸਦੀ ਦੇ ਮਨੁੱਖ ਲਈ ਇਹ ਉਪਯੋਗੀ ਸੀ ਅਤੇ ਅੱਜ ਵੀ ਹੈ। ਇਸੇ ਤਰ੍ਹਾਂ, ਅੱਜ ਦੇ ਮਨੁੱਖ ਲਈ ਪੱਥਰ ਦੇ ਔਜ਼ਾਰ ਉਪਯੋਗੀ ਨਹੀਂ ਹਨ, ਕਿਉਂਕਿ ਉਸ ਦਾ ਪੈਦਾਵਾਰੀ ਵਿਕਾਸ ਪੱਥਰ ਦੇ ਔਜ਼ਾਰਾਂ ਤੋਂ ਮੀਲਾਂ ਅੱਗੇ ਜਾ ਚੁੱਕਾ ਹੈ। ਜੇਕਰ ਕਿਸੇ ਆਦਿ ਮਨੁੱਖ ਦੇ ਹੱਥ ਵਿੱਚ ਮੋਬਾਇਲ ਫ਼ੋਨ ਜਾਂ ਕੰਪਿਊਟਰ ਫੜਾ ਦਿੱਤਾ ਜਾਵੇ ਤਾਂ ਉਸ ਲਈ ਇਸ ਦਾ ਕੀ ਉਪਯੋਗ ਹੋ ਸਕਦਾ ਹੈ? ਕਹਿਣ ਦਾ ਅਰਥ ਇਹ ਹੈ ਕਿ ਮਨੁੱਖ ਦੇ ਲਈ ਕਿਹੜੀਆਂ ਵਸਤਾਂ ਜਾਂ ਸੇਵਾਵਾਂ ਉਪਯੋਗੀ ਹਨ, ਜਾਂ ਦੂਜੇ ਸ਼ਬਦਾਂ ਵਿੱਚ, ਉਪਯੋਗ–ਮੁੱਲ ਹਨ, ਇਹ ਇਤਿਹਾਸਕ ਅਤੇ ਸਮਾਜਕ ਰੂਪ ਤੋਂ ਨਿਰਧਾਰਤ ਹੋਣ ਵਾਲ਼ੀ ਚੀਜ਼ ਹੈ। ਜ਼ਾਹਰ ਹੈ, ਮਨੁੱਖ ਨੂੰ ਜਿਉਣ ਲਈ ਸਿਰਫ਼ ਰੋਟੀ, ਕੱਪੜਾ ਅਤੇ ਮਕਾਨ ਹੀ ਜ਼ਰੂਰੀ ਨਹੀਂ ਹੈ। ਜਿਵੇਂ–ਜਿਵੇਂ ਮਨੁੱਖੀ ਕਿਰਤ ਦੀ ਪੈਦਾਵਾਰੀ ਸਮਰੱਥਾ ਦਾ ਵਿਕਾਸ ਹੋਇਆ, ਉਵੇਂ–ਉਵੇਂ ਉਸ ਦੀਆਂ ਬੁਨਿਆਦੀ ਲੋੜਾਂ ਦੀ ਪਰਿਭਾਸ਼ਾ ਵੀ ਬਦਲਦੀ ਗਈ। ‘ਬਾਈਬਲ‘ ਵਿੱਚ ਹੀ ਲਿਖ ਦਿੱਤਾ ਗਿਆ ਸੀ : “ਮਨੁੱਖ ਸਿਰਫ਼ ਰੋਟੀ ਦੇ ਆਸਰੇ ਹੀ ਨਹੀਂ ਜਿਉਂ ਸਕਦਾ।“
ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਦਰਤ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਲਣ ਲਈ ਜੋ ਸੰਘਰਸ਼ ਕਰਦਾ ਹੈ, ਉਸ ਨਾਲ਼ ਉਸ ਦਾ ਕੁਦਰਤ ਬਾਰੇ ਗਿਆਨ ਵੀ ਵਿਕਸਿਤ ਹੁੰਦਾ ਹੈ।। ਭਾਵ, ਉਸ ਦੀ ਚੇਤਨਾ ਉੱਨਤ ਹੁੰਦੀ ਹੈ, ਉਸ ਦੇ ਔਜ਼ਾਰ ਉੱਨਤ ਹੁੰਦੇ ਹਨ ਅਤੇ ਉਸ ਦੀ ਕੁਸ਼ਲਤਾ ਦਾ ਵਿਕਾਸ ਹੁੰਦਾ ਹੈ। ਇਸ ਦੇ ਨਾਲ਼ ਹੀ ਕੁਦਰਤ ਨੂੰ ਆਪਣੀਆਂ ਲੋੜਾਂ ਦੇ ਅਨੁਸਾਰ ਢਾਲਣ ਦੀ ਉਸ ਦੀ ਸਮਰੱਥਾ ਵੀ ਵਿਕਸਿਤ ਹੁੰਦੀ ਜਾਂਦੀ ਹੈ। ਮਨੁੱਖ ਆਪਣੇ ਲਈ ਉਪਯੋਗੀ ਵਸਤੂਆਂ ਦੀ ਪੈਦਾਵਾਰ ਹਿੱਤ ਕੁਦਰਤ ਦੇ ਇਨਕਲਾਬੀ ਰੂਪਾਂਤਰਨ ਦੀ ਜੋ ਸਮਰੱਥਾ ਵਿਕਸਿਤ ਕਰਦਾ ਹੈ, ਉਸ ਦੇ ਮਾਪ ਨੂੰ ਹੀ ਅਸੀਂ ਪੈਦਾਵਾਰੀ ਤਾਕਤ ਆਖਦੇ ਹਾਂ।
ਪਰ ਮਨੁੱਖ ਪੈਦਾਵਾਰ ਲਈ ਕਦੇ ਵੀ ਕੁਦਰਤ ਦਾ ਰੂਪਾਂਤਰਨ ਇਕੱਲਾ ਨਹੀਂ ਕਰਦਾ ਹੈ। ਸਮਾਜ ਦੀਆਂ ਲੋੜਾਂ ਦੀ ਪੂਰਤੀ ਲਈ ਪੈਦਾਵਾਰ ਆਪਣੇ ਚਰਿੱਤਰ ਤੋਂ ਹੀ ਇੱਕ ਸਮਾਜਕ ਸਰਗਰਮੀ ਹੁੰਦੀ ਹੈ। ਜਦੋਂ ਤੱਕ ਪੈਦਾਵਾਰੀ ਤਾਕਤਾਂ ਦਾ ਵਿਕਾਸ ਬਹੁਤ ਹੇਠਲੇ ਪੱਧਰ ‘ਤੇ ਸੀ, ਉਦੋਂ ਤੱਕ ਸਮਾਜ ਵਿੱਚ ਕੋਈ ਕਿਰਤ–ਵੰਡ ਪੈਦਾ ਨਹੀਂ ਹੋ ਸਕਦੀ ਸੀ ਅਤੇ ਨਾ ਹੀ ਕੋਈ ਸਮਾਜਕ ਵੰਡ ਯਾਨੀ ਅਮੀਰ–ਗ਼ਰੀਬ ਦਾ ਫ਼ਰਕ, ਮਾਲਕ ਅਤੇ ਉਤਪਾਦਕ ਦਾ ਫ਼ਰਕ, ਆਦਿ ਪੈਦਾ ਹੋ ਸਕਦਾ ਸੀ। ਪੈਦਾਵਾਰੀ ਤਾਕਤਾਂ ਦੇ ਇੱਕ ਪੱਧਰ ਤੱਕ ਵਿਕਾਸ ਦੇ ਨਾਲ਼ ਸਮਾਜ ਵਿੱਚ ਕਿਰਤ ਦੀ ਵੰਡ ਹੋਣ ਲੱਗਦੀ ਹੈ। ਯਾਨੀ, ਵੱਖ–ਵੱਖ ਉਤਪਾਦਕ ਵੱਖ–ਵੱਖ ਵਸਤੂਆਂ ਪੈਦਾ ਕਰਦੇ ਹਨ ਅਤੇ ਫਿਰ ਆਪਸ ਵਿੱਚ ਵਟਾਂਦਰੇ ਰਾਹੀਂ ਆਪਣੇ ਲਈ ਜ਼ਰੂਰੀ ਵਸਤਾਂ ਨੂੰ ਹਾਸਲ ਕਰਦੇ ਹਨ। ਬਿਲਕੁਲ ਸੰਭਵ ਹੈ ਕਿ ਸਮਾਜ ਵਿੱਚ ਲੱਖਾਂ ਦੀ ਗਿਣਤੀ ਵਿੱਚ ਵੱਖ–ਵੱਖ ਉਤਪਾਦਕ ਵੱਖ–ਵੱਖ ਵਸਤੂਆਂ ਦਾ ਉਤਪਾਦਨ ਕਰ ਰਹੇ ਹੋਣ। ਪਰ ਸਮਾਜਕ ਤੌਰ ‘ਤੇ ਦੇਖੀਏ ਤਾਂ ਇਹ ਸਮੁੱਚੀ ਪੈਦਾਵਾਰ ਕਿਸੇ ਇੱਕ ਉਤਪਾਦਕ ਦੀ ਸਰਗਰਮੀ ਨਹੀਂ ਹੈ, ਸਗੋਂ ਲੱਖਾਂ–ਕਰੋੜਾਂ ਉਤਪਾਦਕਾਂ ਦੀ ਸਾਂਝੀ ਸਰਗਰਮੀ ਹੈ, ਭਾਵੇਂ ਹੀ ਉਹ ਉਸ ਨੂੰ ਵਿਅਕਤੀਗਤ ਤੌਰ ‘ਤੇ ਕਰ ਰਹੇ ਹੋਣ। ਅੱਜ ਦੇ ਦੌਰ ਵਿੱਚ ਤਾਂ ਪੈਦਾਵਾਰ ਸਿੱਧੇ ਰੂਪ ਵਿੱਚ ਸਮਾਜਕ ਰੂਪ ਲੈ ਚੁੱਕੀ ਹੈ। ਇੱਕ ਸੂਈ ਵੀ ਅੱਜ ਇੱਕ ਮਜ਼ਦੂਰ ਇਕੱਲਾ ਨਹੀਂ ਬਣਾ ਰਿਹਾ ਹੈ। ਹਰੇਕ ਵਸਤੂ ਅਤੇ ਸੇਵਾ ਦੀ ਪੈਦਾਵਾਰ ਵਿੱਚ ਵਿਆਪਕ ਪੈਮਾਨੇ ਉੱਤੇ ਹਜ਼ਾਰਾਂ ਮਜ਼ਦੂਰ ਲੱਗੇ ਹੋਏ ਹਨ ਭਾਵੇਂ ਇਹ ਪੈਦਾਵਾਰ ਇਲਾਕਾਈ ਤੌਰ ‘ਤੇ ਕਈ ਵੱਖ–ਵੱਖ ਹਿੱਸਿਆਂ ਵਿੱਚ ਵੰਡੀ ਹੋਈ ਹੀ ਕਿਉਂ ਨਾ ਹੋਵੇ। ਅੱਜ ਪੈਦਾਵਾਰ ਦੇ ਇਸ ਸਮਾਜਕ ਖ਼ਾਸੇ ਨੂੰ ਦੇਖਣ ਲਈ ਕਿਸੇ ਡੂੰਘੇ ਵਿਸ਼ਲੇਸ਼ਣ ਦੀ ਲੋੜ ਨਹੀਂ ਰਹਿ ਗਈ ਹੈ। ਪਰ ਜਦੋਂ ਅਜਿਹਾ ਸਿੱਧੇ ਅਤੇ ਸਪਸ਼ਟ ਰੂਪ ਵਿੱਚ ਨਜ਼ਰ ਨਹੀਂ ਆਉਂਦਾ ਸੀ, ਉਦੋਂ ਵੀ ਪੈਦਾਵਾਰ ਅਸਲ ਵਿੱਚ ਇੱਕ ਸਮਾਜਕ ਸਰਗਰਮੀ ਹੀ ਸੀ।
ਹੁਣ ਕਿਉਂ ਜੋ ਪੈਦਾਵਾਰ ਆਪਣੇ ਸੁਭਾਅ ਤੋਂ ਹੀ ਇੱਕ ਸਮਾਜਕ ਸਰਗਰਮੀ ਹੈ, ਇਸ ਲਈ ਪੈਦਾਵਾਰ ਵਿੱਚ ਲੱਗੇ ਹੋਏ ਮਨੁੱਖ ਆਪਸ ਵਿੱਚ ਇੱਕ ਨਿਸ਼ਚਿਤ ਸੰਬੰਧ ਵਿੱਚ ਬੱਝਦੇ ਹਨ। ਜਿਸ ਸਮੇਂ ਪੈਦਾਵਾਰੀ ਤਾਕਤਾਂ ਦਾ ਵਿਕਾਸ ਬੇਹੱਦ ਨਿਮਨ ਪੱਧਰ ‘ਤੇ ਸੀ, ਸਮਾਜ ਆਪਣੇ ਸ਼ੁਰੂਆਤੀ ਦੌਰ ਵਿੱਚ ਸੀ, ਜਿਸ ਵਿੱਚ ਲੋਕ ਸ਼ਿਕਾਰ ਕਰਕੇ, ਕੰਦ–ਮੂਲ ਇਕੱਠਾ ਕਰਕੇ ਅਤੇ ਥੋੜ੍ਹੀ–ਬਹੁਤ ਖੇਤੀ ਕਰਕੇ ਮੁਸ਼ਕਲ ਨਾਲ਼ ਐਨਾ ਕੁਝ ਹੀ ਪੈਦਾ ਕਰ ਪਾਉਂਦੇ ਸਨ ਕਿ ਕਬੀਲੇ ਦੇ ਸਾਰੇ ਲੋਕਾਂ ਦੀਆਂ ਘੱਟੋ–ਘੱਟ ਲੋੜਾਂ ਪੂਰੀਆਂ ਹੋ ਸਕਣ, ਉਦੋਂ ਤੱਕ ਸਮਾਜ ਵਿੱਚ ਬਰਾਬਰੀ ਦੇ ਸੰਬੰਧ ਸਨ, ਕੋਈ ਊਚ–ਨੀਚ ਜਾਂ ਅਮੀਰੀ–ਗ਼ਰੀਬੀ ਨਹੀਂ ਸੀ। ਹੋ ਵੀ ਨਹੀਂ ਸਕਦੀ ਸੀ। ਕਿਉਂਕਿ ਅਮੀਰ ਅਤੇ ਲੋਟੂ ਲੋਕ ਉਦੋਂ ਹੀ ਪੈਦਾ ਹੋ ਸਕਦੇ ਹਨ, ਜਦੋਂ ਸਮਾਜ ਵਿੱਚ ਵਾਧੂ ਪੈਦਾਵਾਰ ਹੋ ਰਹੀ ਹੋਵੇ। ਇਸ ਉੱਤੇ ਅਸੀਂ ਅੱਗੇ ਵਿਸਥਾਰ ਵਿੱਚ ਗੱਲ ਕਰਾਂਗੇ। ਹਾਲੇ ਐਨਾ ਸਮਝਣ ਦੀ ਲੋੜ ਹੈ ਕਿ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ਅਨੁਸਾਰ ਹੀ ਸਮਾਜ ਵਿੱਚ ਪੈਦਾਵਾਰ ਦੀ ਪ੍ਰਕਿਰਿਆ ਵਿੱਚ ਲੱਗੇ ਮਨੁੱਖਾਂ ਦਰਮਿਆਨ ਨਿਸ਼ਚਿਤ ਸੰਬੰਧ ਬਣਦੇ ਹਨ। ਇਹਨਾਂ ਨੂੰ ਅਸੀਂ ਪੈਦਾਵਾਰੀ ਸੰਬੰਧ ਆਖਦੇ ਹਾਂ।
ਪੈਦਾਵਾਰੀ ਸੰਬੰਧ ਪਲ਼ਟ ਕੇ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਪ੍ਰਭਾਵਿਤ ਵੀ ਕਰਦੇ ਹਨ। ਜਦੋਂ ਪੈਦਾਵਾਰੀ ਸੰਬੰਧ ਪੈਦਾਵਾਰੀ ਤਾਕਤਾਂ ਦੇ ਅਨੁਸਾਰੀ ਹੁੰਦੇ ਹਨ, ਤਾਂ ਉਹ ਪੈਦਾਵਾਰੀ ਤਾਕਤਾਂ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਦੇ ਹਨ, ਜਦੋਂ ਪੈਦਾਵਾਰੀ ਤਾਕਤਾਂ ਦਾ ਵਿਕਾਸ ਅੱਗੇ ਵਧ ਜਾਂਦਾ ਹੈ ਅਤੇ ਪੈਦਾਵਾਰੀ ਸੰਬੰਧ ਪੁਰਾਣੇ ਪੈ ਜਾਂਦੇ ਹਨ, ਤਾਂ ਇਹੀ ਪੈਦਾਵਾਰੀ ਸੰਬੰਧ ਪੈਦਾਵਾਰੀ ਤਾਕਤਾਂ ਦੇ ਅਗਲੇਰੇ ਵਿਕਾਸ ਵਿੱਚ ਰੁਕਾਵਟ ਪੈਦਾ ਕਰਨ ਲਗਦੇ ਹਨ। ਅੱਗੇ ਅਸੀਂ ਇਤਿਹਾਸਕ ਬਿਉਰਿਆਂ ਨਾਲ਼ ਇਹਨਾਂ ਗੱਲਾਂ ਨੂੰ ਸਮਝਾਂਗੇ। ਹੁਣ ਐਨਾ ਸਮਝ ਲੈਣਾ ਕਾਫ਼ੀ ਹੈ ਕਿ ਪੈਦਾਵਾਰ ਲਈ ਕੁਦਰਤ ਦੇ ਇਨਕਲਾਬੀ ਰੂਪਾਂਤਰਨ ਦੀ ਮਨੁੱਖੀ ਸਮਰੱਥਾ ਦੇ ਮਾਪ ਨੂੰ ਹੀ ਪੈਦਾਵਾਰੀ ਤਾਕਤ ਆਖਿਆ ਜਾਂਦਾ ਹੈ ਅਤੇ ਪੈਦਾਵਾਰ ਦੀ ਇਸ ਪ੍ਰਕਿਰਿਆ ਵਿੱਚ ਮਨੁੱਖ ਆਪਸ ਵਿੱਚ ਜੋ ਨਿਸ਼ਚਿਤ ਸੰਬੰਧ ਸਥਾਪਤ ਕਰਦੇ ਹਨ, ਉਹਨਾਂ ਨੂੰ ਪੈਦਾਵਾਰੀ ਸੰਬੰਧ ਆਖਿਆ ਜਾਂਦਾ ਹੈ। ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ਅਨੁਸਾਰ ਬਣੇ ਪੈਦਾਵਾਰੀ ਸੰਬੰਧਾਂ ਦੇ ਕੁੱਲ ਜੋੜ ਨੂੰ ਹੀ ਅਸੀਂ ਆਰਥਕ ਅਧਾਰ ਜਾਂ ਮੂਲਾਧਾਰ ਆਖਦੇ ਹਾਂ।
ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧਾਂ ਦਰਮਿਆਨ ਲਗਾਤਾਰ ਘੋਲ਼ ਯਾਨੀ ਵਿਰੋਧਤਾਈ ਬਣੀ ਰਹਿੰਦੀ ਹੈ ਅਤੇ ਇਹੀ ਸਮਾਜ ਨੂੰ ਗਤੀ ਦੇਣ ਵਾਲ਼ਾ ਬੁਨਿਆਦੀ ਕਾਰਕ ਜਾਂ ਬੁਨਿਆਦੀ ਵਿਰੋਧਤਾਈ ਹੈ। ਦੂਜੇ ਸ਼ਬਦਾਂ ਵਿੱਚ, ਇਹ ਵਿਰੋਧਤਾਈ ਸਮਾਜ ਦੇ ਆਰਥਕ ਅਧਾਰ ਅੰਦਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੌਜੂਦ ਰਹਿੰਦੀ ਹੈ। ਇਹਨਾਂ ਵਿਚਲੀ ਵਿਰੋਧਤਾਈ ਅਤੇ ਉਸ ਦੇ ਹੱਲ ਅਤੇ ਫਿਰ ਇੱਕ ਨਵੇਂ ਪੱਧਰ ‘ਤੇ ਫਿਰ ਤੋਂ ਇਹਨਾਂ ਵਿਚਲੀਆਂ ਵਿਰੋਧਤਾਈਆਂ ਦੇ ਵਿਕਾਸ ਦੀ ਪ੍ਰਕਿਰਿਆ ਦੌਰਾਨ ਹੀ ਸਮਾਜ ਦਾ ਵਿਕਾਸ ਹੁੰਦਾ ਹੈ। ਆਰਥਕ ਅਧਾਰ ਜਾਂ ਮੂਲਾਧਾਰ ਉਹ ਖੇਤਰ ਹੈ ਜਿਸ ਵਿੱਚ ਇਹ ਵਿਰੋਧਤਾਈ ਲਗਾਤਾਰ ਬਣੀ ਰਹਿੰਦੀ ਹੈ ਅਤੇ ਉਸ ਵਿੱਚ ਗਤੀ ਲਈ ਜ਼ਿੰਮੇਵਾਰ ਹੁੰਦੀ ਹੈ। ਪਰ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧਾਂ ਵਿਚਲੀ ਵਿਰੋਧਤਾਈ ਹੀ ਆਪਣੇ ਆਪ ਵਿੱਚ ਆਰਥਕ ਅਧਾਰ ਨੂੰ ਸਿਫ਼ਤੀ ਤੌਰ ‘ਤੇ ਨਹੀਂ ਬਦਲ ਸਕਦੀ ਹੈ। ਇਹ ਸਿਰਫ਼ ਸਿਆਸੀ ਜਮਾਤੀ ਘੋਲ਼ ਦੇ ਰਾਹੀਂ ਹੀ ਸੰਭਵ ਹੁੰਦਾ ਹੈ, ਜੋ ਕਿ ਉੱਚ–ਉਸਾਰ ਦੇ ਖੇਤਰ ਵਿੱਚ ਜਾਰੀ ਰਹਿੰਦਾ ਹੈ। ਉੱਚ–ਉਸਾਰ ਕੀ ਹੁੰਦਾ ਹੈ?
ਉੱਚ–ਉਸਾਰ ਅਤੇ ਆਰਥਕ ਅਧਾਰ
ਸਮਾਜ ਦਾ ਆਰਥਕ ਅਧਾਰ ਯਾਨੀ ਉਸ ਦੇ ਆਰਥਕ ਸੰਬੰਧਾਂ ਦਾ ਸਮੁੱਚਾ ਢਾਂਚਾ ਜਿਸ ਤਰ੍ਹਾਂ ਦਾ ਹੁੰਦਾ ਹੈ, ਉਸੇ ਦੇ ਅਨੁਸਾਰ ਉਸ ਉੱਪਰ ਇੱਕ ਸਮੁੱਚਾ ਸਿਆਸੀ ਅਤੇ ਵਿਚਾਰਧਾਰਕ ਢਾਂਚਾ ਖੜ੍ਹਾ ਹੁੰਦਾ ਹੈ।
ਜੇਕਰ ਅਸੀਂ ਗੁਲਾਮਦਾਰੀ ਸਮਾਜ ਦੇ ਆਰਥਕ ਅਧਾਰ ਦੀ ਗੱਲ ਕਰੀਏ, ਤਾਂ ਉਸ ਸਮਾਜ ਵਿੱਚ ਗੁਲਾਮਦਾਰੀ ਪ੍ਰਬੰਧ ਦੇ ਆਰਥਕ ਸੰਬੰਧਾਂ ਦੇ ਅਧਾਰ ‘ਤੇ ਇੱਕ ਖ਼ਾਸ ਤਰ੍ਹਾਂ ਦੀ ਸਿਆਸਤ ਅਤੇ ਵਿਚਾਰਧਾਰਾ ਦਾ ਇੱਕ ਸਮੁੱਚਾ ਢਾਂਚਾ ਖੜ੍ਹਾ ਹੁੰਦਾ ਹੈ ਜੋ ਅੰਤ ਵਿੱਚ ਉਸ ਵਿਸ਼ੇਸ਼ ਆਰਥਕ ਅਧਾਰ ਦੀ ਸੇਵਾ ਕਰਦਾ ਹੈ। ਗੁਲਾਮਦਾਰੀ ਪ੍ਰਬੰਧ ਦੇ ਯੁੱਗ ਵਿੱਚ ਅਸੀਂ ਅੱਜ ਦੇ ਸਰਮਾਏਦਾਰਾ ਲੋਕਤੰਤਰ ਉੱਤੇ ਟਿਕੀ ਹੋਈ ਸਿਆਸਤ ਅਤੇ ਵਿਅਕਤੀਵਾਦ, ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਸੋਚ, ਅਤੇ ਸਰਮਾਏਦਾਰਾ ਲੋਭ–ਲਾਲਚ ਦੀ ਸੱਭਿਅਤਾ ਦੀ ਕਲਪਨਾ ਨਹੀਂ ਕਰ ਸਕਦੇ ਹਾਂ। ਸਰਮਾਏਦਾਰਾ ਲੋਕਤੰਤਰ ਅਤੇ ਸਰਮਾਏਦਾਰਾ ਵਿਚਾਰਧਾਰਾਵਾਂ ਅੰਤ ਵਿੱਚ ਸਰਮਾਏਦਾਰਾ ਆਰਥਕ ਅਧਾਰ ਦੀ ਹੀ ਸੇਵਾ ਕਰ ਸਕਦੀਆਂ ਹਨ ਅਤੇ ਉਹ ਸਰਮਾਏਦਾਰਾ ਆਰਥਕ ਅਧਾਰ ਦੀ ਬੁਨਿਆਦ ਉੱਤੇ ਹੀ ਖੜ੍ਹੀਆਂ ਹੋ ਸਕਦੀਆਂ ਹਨ। ਉਸੇ ਤਰਾਂ ਜਗੀਰਦਾਰੀ ਯੁੱਗ ਵਿੱਚ ਖੇਤ–ਗੁਲਾਮ ਪ੍ਰਥਾ ਅਤੇ ਜਗੀਰੂ ਲਗਾਨ ਦੇ ਜ਼ਰੀਏ ਪ੍ਰਤੱਖ ਉਤਪਾਦਕਾਂ ਦੀ ਵਾਧੂ ਕਿਰਤ ਨੂੰ ਲੁੱਟਣ ਦਾ ਕੰਮ ਜਗੀਰੂ ਜ਼ਿਮੀਂਦਾਰ ਅਤੇ ਰਾਜਾਸ਼ਾਹੀ ਕਰਦੇ ਹਨ। ਉਸ ਯੁੱਗ ਵਿੱਚ ਵੀ ਅਸੀਂ ਸਰਮਾਏਦਾਰਾ ਜਮਹੂਰੀਅਤ ਅਤੇ ਨਿੱਜੀ ਮੁਨਾਫ਼ੇ ‘ਤੇ ਟਿਕੀ ਸੋਚ ਅਤੇ ਸੱਭਿਆਚਾਰ ਦੀ ਕਲਪਨਾ ਨਹੀਂ ਕਰ ਸਕਦੇ ਹਾਂ। ਸਰਮਾਏਦਾਰਾ ਸਮਾਜ ਵਿੱਚ ਮਜ਼ਦੂਰ ਰਸਮੀ ਤੌਰ ‘ਤੇ ਦੋਹਰੇ ਅਰਥਾਂ ਵਿੱਚ “ਮੁਕਤ” ਹੁੰਦਾ ਹੈ। ਪਹਿਲਾ, ਉਹ ਪੈਦਾਵਾਰ ਦੇ ਸਾਧਨਾਂ ਤੋਂ ਪੂਰੀ ਤਰ੍ਹਾਂ “ਅਜ਼ਾਦ” ਹੋ ਜਾਂਦਾ ਹੈ, ਯਾਨੀ ਕਿ ਉਸ ਨੂੰ ਪੈਦਾਵਾਰ ਦੇ ਸਾਧਨਾਂ ਤੋਂ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਜਾਂਦਾ ਹੈ, ਜਿਸ ਦੇ ਕਾਰਨ ਉਹ ਆਪਣੀ ਮਿਹਨਤ ਕਰਨ ਦੀ ਸਮਰੱਥਾ ਭਾਵ ਕਿਰਤ–ਸ਼ਕਤੀ ਨੂੰ ਪੈਦਾਵਾਰ ਦੇ ਸਾਧਨ ਦੇ ਮਾਲਕ ਯਾਨੀ ਸਰਮਾਏਦਾਰ ਨੂੰ ਵੇਚਣ ਲਈ ਮਜਬੂਰ ਹੁੰਦਾ ਹੈ। ਦੂਜਾ, ਉਹ ਆਪਣਾ ਮਾਲਕ ਖ਼ੁਦ ਚੁਣ ਸਕਦਾ ਹੈ ਕਿਉਂਕਿ ਉਹ ਆਪਣੀ ਕਿਰਤ–ਸ਼ਕਤੀ ਇੱਕ ਨਿਸ਼ਚਿਤ ਸਮੇਂ ਲਈ ਹੀ ਸਰਮਾਏਦਾਰ ਨੂੰ ਵੇਚਦਾ ਹੈ। ਉਹ ਗੁਲਾਮ ਵਾਂਗ ਆਪਣੇ ਮਾਲਕ ਦੀ ਜਾਇਦਾਦ ਨਹੀਂ ਹੁੰਦਾ। ਗੁਲਾਮ ਨੂੰ ਤਾਂ ਰੋਮਨ ਸਮਾਜ ਵਿੱਚ ਗੁਲਾਮ–ਮਾਲਕ ‘ਬੋਲਣ ਵਾਲ਼ਾ ਔਜ਼ਾਰ‘ ਕਿਹਾ ਕਰਦੇ ਸਨ। ਸਰਮਾਏਦਾਰਾ ਸਮਾਜ ਅੰਦਰ ਮਜ਼ਦੂਰ ਇਸ ਤਰ੍ਹਾਂ ਨਿਰਪੇਖ ਅਰਥਾਂ ਵਿੱਚ ਗੁਲਾਮ ਨਹੀਂ ਹੁੰਦਾ, ਸਗੋਂ ਉਜਰਤੀ ਗੁਲਾਮ ਹੁੰਦਾ ਹੈ। ਯਾਨੀ ਉਹ ਕਿਰਤ–ਸ਼ਕਤੀ ਵੇਚਣ ਲਈ ਮਜਬੂਰ ਹੁੰਦਾ ਹੈ ਅਤੇ ਮਜ਼ਦੂਰੀ ਲਈ ਸਰਮਾਏਦਾਰ ਦੀ ਗੁਲਾਮੀ ਕਰਦਾ ਹੈ। ਇੱਕ ਵਾਰ ਆਪਣੀ ਕਿਰਤ–ਸ਼ਕਤੀ ਇੱਕ ਨਿਸ਼ਚਿਤ ਸਮੇਂ ਲਈ ਸਰਮਾਏਦਾਰ ਨੂੰ ਵੇਚਣ ਤੋਂ ਬਾਅਦ ਮਜ਼ਦੂਰ ਦਾ ਕਿਰਤ–ਸ਼ਕਤੀ ਦੇ ਉਪਯੋਗ ਉੱਤੇ ਕੋਈ ਕੰਟਰੋਲ ਨਹੀਂ ਹੁੰਦਾ ਅਤੇ ਸਰਮਾਏਦਾਰ ਉਸ ਦੀ ਕਿਰਤ–ਸ਼ਕਤੀ ਦਾ ਜਿਵੇਂ ਚਾਹੇ ਇਸਤੇਮਾਲ ਕਰ ਸਕਦਾ ਹੈ। ਅਜਿਹੀ ਹਾਲਤ ਵਿੱਚ ਉੱਤੋਂ ਦੇਖਣ ‘ਤੇ ਲੈਣ–ਦੇਣ ਦੀ ਬਰਾਬਰੀ ਯਾਨੀ ਕਿ ‘ਵਟਾਂਦਰੇ ਦੀ ਬਰਾਬਰੀ‘ ਹੁੰਦੀ ਹੈ। ਮਜ਼ਦੂਰ ਆਪਣੀ ਕਿਰਤ–ਸ਼ਕਤੀ ਨੂੰ ਇੱਕ ਨਿਸ਼ਚਿਤ ਸਮੇਂ ਲਈ ਸਰਮਾਏਦਾਰ ਨੂੰ ਵੇਚਦਾ ਹੈ ਅਤੇ ਬਦਲੇ ਵਿੱਚ ਆਪਣੀ ਕਿਰਤ–ਸ਼ਕਤੀ ਨੂੰ ਫਿਰ ਤੋਂ ਪੈਦਾ ਕਰਨ ਲਈ ਲੋੜੀਂਦਾ ਸਮਾਨ ਖ਼ਰੀਦਣ ਲਈ ਉਸ ਨੂੰ ਮਜ਼ਦੂਰੀ ਮਿਲ਼ਦੀ ਹੈ। ਉੱਪਰੋਂ ਦੇਖਣ ‘ਤੇ ਇੱਥੇ ਕਿਤੇ ਕੋਈ ਸ਼ੋਸ਼ਣ ਨਜ਼ਰ ਨਹੀਂ ਆਉਂਦਾ ਹੈ। ਮਜ਼ਦੂਰ ਦੇ ਸ਼ੋਸ਼ਣ ਨੂੰ ਸਿਰਫ਼ ਬਾਹਰੀ ਤੌਰ ‘ਤੇ ਨਜ਼ਰ ਆ ਰਹੀ ਇਸ ਹਕੀਕਤ ਨੂੰ ਚੀਰ ਕੇ ਹੀ ਦੇਖਿਆ ਜਾ ਸਕਦਾ ਹੈ ਕਿਉਂਕਿ ਮਜ਼ਦੂਰ ਆਪਣੀ ਇੱਕ ਦਿਨ ਦੀ ਕੰਮ–ਦਿਹਾੜੀ ਦੇ ਦੌਰਾਨ ਆਪਣੀ ਕਿਰਤ–ਸ਼ਕਤੀ ਦੀ ਮੁੜ–ਪੈਦਾਵਾਰ ਕਰਨ ਯੋਗ ਮੁੱਲ ਤਾਂ ਕੰਮ–ਦਿਹਾੜੀ ਦੇ ਇੱਕ ਹਿੱਸੇ ਵਿੱਚ ਹੀ ਪੈਦਾ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਹ ਸਰਮਾਏਦਾਰ ਲਈ ਮੁਫ਼ਤ ਵਿੱਚ ਮੁਨਾਫ਼ਾ ਪੈਦਾ ਕਰਦਾ ਹੈ, ਜਿਸ ਦੇ ਬਦਲੇ ਵਿੱਚ ਉਸ ਨੂੰ ਕੁਝ ਵੀ ਨਹੀਂ ਮਿਲ਼ਦਾ। ਜਿਵੇਂ ਹੀ ਅਸੀਂ ਇਹ ਸਮਝ ਜਾਂਦੇ ਹਾਂ ਕਿ ਕਿਰਤ–ਸ਼ਕਤੀ ਇੱਕ ਅਜਿਹੀ ਜਿਣਸ ਹੈ ਜੋ ਆਪਣੇ ਖ਼ਰਚ ਹੋਣ ਦੀ ਪ੍ਰਕਿਰਿਆ ਵਿੱਚ ਆਪਣੇ ਮੁੱਲ ਤੋਂ ਜ਼ਿਆਦਾ ਮੁੱਲ ਪੈਦਾ ਕਰਦੀ ਹੈ, ਉਵੇਂ ਹੀ ਸਰਮਾਏਦਾਰ ਜਮਾਤ ਦੇ ਮੁਨਾਫ਼ੇ ਦਾ ਭੇਤ ਵੀ ਸਾਡੀ ਸਮਝ ਵਿੱਚ ਆ ਜਾਂਦਾ ਹੈ ਅਤੇ ਵਟਾਂਦਰੇ ਦੀ ਬਰਾਬਰੀ ਦਾ ਸੱਚ ਵੀ ਸਾਮ੍ਹਣੇ ਆ ਜਾਂਦਾ ਹੈ। ਸਾਰੇ ਸਰਮਾਏਦਾਰ ਅਤੇ ਗ਼ੈਰ–ਸਰਮਾਏਦਾਰ (ਸਧਾਰਨ) ਮਾਲ ਉਤਪਾਦਕ ਵੀ ਮੰਡੀ ਵਿੱਚ ਆਪਣੇ ਮਾਲਾਂ ਦਾ ਵਟਾਂਦਰੇ ਦੀ ਬਰਾਬਰੀ ਦੇ ਸਿਧਾਂਤ ਦੇ ਅਧਾਰ ‘ਤੇ ਵਟਾਂਦਰਾ ਕਰਦੇ ਹਨ ਅਤੇ ਇੱਕ–ਦੂਜੇ ਦੀ ਨਿੱਜੀ ਜਾਇਦਾਦ ਦੇ ਹੱਕ ਨੂੰ ਕੁਦਰਤੀ ਹੱਕ ਮੰਨਦੇ ਹਨ। ਮੰਡੀ ਵਿੱਚ, ਭਾਵ ਸਰਕੂਲੇਸ਼ਨ ਦੇ ਖੇਤਰ ਵਿੱਚ ਹੋਣ ਵਾਲ਼ਾ ਇਹ ਬਰਾਬਰ ਵਟਾਂਦਰਾ ਅਤੇ ਨਿੱਜੀ ਜਾਇਦਾਦ ਦਾ ‘ਕੁਦਰਤੀ ਹੱਕ‘ ਸਰਮਾਏਦਾਰਾ ਜਮਹੂਰੀਅਤ ਦਾ ਅਧਾਰ ਹੁੰਦਾ ਹੈ, ਜਦੋਂ ਕਿ ਪੈਦਾਵਾਰ ਦੇ ਖੇਤਰ ਵਿੱਚ ਕਿਰਤ–ਸ਼ਕਤੀ ਨੂੰ ਖ਼ਰੀਦਣ ਤੋਂ ਬਾਅਦ ਮਜ਼ਦੂਰਾਂ ਦੀ ਸਰਮਾਏਦਾਰ ਸਾਮ੍ਹਣੇ ਪੂਰਨ ਅਧੀਨਤਾ ਸਰਮਾਏਦਾਰਾ ਤਾਨਾਸ਼ਾਹੀ ਦਾ ਅਧਾਰ ਹੁੰਦੀ ਹੈ।
ਕਹਿਣ ਤੋਂ ਭਾਵ ਇਹ ਹੈ ਕਿ ਸਮਾਜ ਦਾ ਆਰਥਕ ਅਧਾਰ ਜਿਸ ਤਰ੍ਹਾਂ ਦਾ ਹੁੰਦਾ ਹੈ, ਯਾਨੀ ਉਸ ਵਿੱਚ ਜਿਸ ਤਰ੍ਹਾਂ ਦੇ ਪੈਦਾਵਾਰੀ ਸੰਬੰਧ ਹੁੰਦੇ ਹਨ, ਉਸੇ ਦੇ ਅਧਾਰ ‘ਤੇ ਸਮਾਜ ਵਿੱਚ ਇੱਕ ਸਿਆਸੀ ਅਤੇ ਵਿਚਾਰਧਾਰਕ ਉੱਚ–ਉਸਾਰ ਦਾ ਨਿਰਮਾਣ ਹੁੰਦਾ ਹੈ। ਉਸੇ ਦੇ ਅਨੁਸਾਰ, ਰਾਜਨੀਤਕ ਸੱਤਾ ਦਾ ਸਮੁੱਚਾ ਢਾਂਚਾ ਯਾਨੀ ਕਨੂੰਨ, ਸੰਵਿਧਾਨ, ਪੁਲ਼ਸ, ਸੰਸਦ, ਵਿਧਾਨ ਸਭਾਵਾਂ ਆਦਿ ਸਥਾਪਤ ਹੁੰਦੀਆਂ ਹਨ, ਉਸੇ ਤਰ੍ਹਾਂ ਦੀ ਸਿੱਖਿਆ ਪ੍ਰਣਾਲੀ, ਸੱਭਿਆਚਾਰਕ ਤਾਣਾ–ਬਾਣਾ ਅਤੇ ਤਰ੍ਹਾਂ–ਤਰ੍ਹਾਂ ਦੀਆਂ ਵਿਚਾਰਧਾਰਾਵਾਂ ਦਾ ਢਾਂਚਾ ਖੜ੍ਹਾ ਹੁੰਦਾ ਹੈ। ਇਹ ਉੱਚ–ਉਸਾਰ ਅੰਤ ਵਿੱਚ ਆਰਥਕ ਅਧਾਰ ਦੀ ਹੀ ਸੇਵਾ ਕਰਦਾ ਹੈ, ਪਰ ਹਰੇਕ ਸਮੇਂ ਨਹੀਂ, ਸਗੋਂ ਅੰਤਮ ਰੂਪ ਵਿੱਚ ਉਹ ਆਰਥਕ ਅਧਾਰ ਦੀ ਸੇਵਾ ਕਰਦਾ ਹੈ। ਯਾਨੀ ਖ਼ੁਦ ਆਰਥਕ ਅਧਾਰ ਅਤੇ ਉੱਚ–ਉਸਾਰ ਦਰਮਿਆਨ ਵੀ ਵਿਰੋਧਤਾਈ ਮੌਜੂਦ ਹੁੰਦੀ ਹੈ।
ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਵਿਚਕਾਰ ਘੋਲ਼ ਮਜ਼ਦੂਰਾਂ ਦੀਆਂ ਆਰਥਕ ਅਤੇ ਪਦਾਰਥਕ ਮੰਗਾਂ ਨੂੰ ਲੈ ਕੇ ਸ਼ੁਰੂ ਹੁੰਦਾ ਹੈ ਪਰ ਜਿਵੇਂ–ਜਿਵੇਂ ਇਹ ਸੰਘਰਸ਼ ਵਿਕਸਤ ਹੁੰਦਾ ਜਾਂਦਾ ਹੈ ਉਵੇਂ–ਉਵੇਂ ਮਜ਼ਦੂਰ ਜਮਾਤ ਪਹਿਲਾਂ ਇਹ ਸਮਝਦੀ ਹੈ ਕਿ ਉਸ ਦੇ ਸ਼ੋਸ਼ਣ ਲਈ ਮਸ਼ੀਨਾਂ ਨਹੀਂ, ਸਗੋਂ ਮਾਲਕ ਜ਼ਿੰਮੇਵਾਰ ਹਨ, ਫਿਰ ਇਹ ਸਮਝਦੀ ਹੈ ਕਿ ਉਸਦਾ ਦੁਸ਼ਮਣ ਇੱਕ ਮਾਲਕ ਨਹੀਂ, ਸਗੋਂ ਮਾਲਕਾਂ ਦੀ ਪੂਰੀ ਜਮਾਤ, ਯਾਨੀ ਸਰਮਾਏਦਾਰ ਜਮਾਤ ਹੈ, ਫਿਰ ਇਹ ਸਮਝਦੀ ਹੈ ਕਿ ਸਰਮਾਏਦਾਰ ਜਮਾਤ ਆਪਣੇ ਸ਼ੋਸ਼ਣ, ਉਤਪੀੜਨ ਅਤੇ ਜਬਰ ਨੂੰ ਜਾਰੀ ਰੱਖਣ ਦਾ ਕੰਮ ਆਪਣੀ ਰਾਜਸੱਤਾ ਦੇ ਜ਼ਰੀਏ ਕਰਦੀ ਹੈ। ਜਿਵੇਂ–ਜਿਵੇਂ ਮਜ਼ਦੂਰ ਜਮਾਤ ਅੰਦਰ ਇਹ ਚੇਤਨਾ ਵਿਕਸਤ ਹੁੰਦੀ ਜਾਂਦੀ ਹੈ, ਉਵੇਂ–ਉਵੇਂ ਉਹ ਆਪਣੇ ਸਿਆਸੀ ਹਿੱਤਾਂ ਅਤੇ ਟੀਚੇ ਪ੍ਰਤੀ ਸੁਚੇਤ ਹੁੰਦੀ ਜਾਂਦੀ ਹੈ ਅਤੇ ਉਹ ਇਹ ਸਮਝਦੀ ਜਾਂਦੀ ਹੈ ਕਿ ਅਸਲ ਸਵਾਲ ਰਾਜਸੱਤਾ ਦਾ ਹੈ ਅਤੇ ਜਦੋਂ ਤੱਕ ਸਰਮਾਏਦਾਰ ਜਮਾਤ ਦੀ ਰਾਜਸੱਤਾ ਕਾਇਮ ਰਹੇਗੀ, ਉਦੋਂ ਤੱਕ ਉਹ ਭਾਵੇਂ ਕਿੰਨੇ ਹੀ ਜੁਝਾਰੂ ਆਰਥਕ ਘੋਲ਼ ਲੜ ਲਵੇ, ਉਸ ਦਾ ਸ਼ੋਸ਼ਣ ਖ਼ਤਮ ਨਹੀਂ ਹੋਵੇਗਾ। ਇਸ ਸਿਆਸੀ ਚੇਤਨਾ ਦੇ ਵਿਕਸਤ ਹੋਣ ਨਾਲ਼ ਮਜ਼ਦੂਰ ਜਮਾਤ ਆਪਣੇ ਆਪ ਨੂੰ ਇੱਕ ਸਿਆਸੀ ਜਮਾਤ, ਯਾਨੀ ਪ੍ਰੋਲੇਤਾਰੀ ਜਮਾਤ ਦੇ ਰੂਪ ਵਿੱਚ, ਆਪਣੇ ਹੀ ਸੰਘਰਸ਼ਾਂ ਦੇ ਜ਼ਰੀਏ, ਇੱਕਜੁਟ ਕਰਦੀ ਹੈ ਅਤੇ ਜੱਥੇਬੰਦ ਕਰਦੀ ਹੈ। ਯਾਨੀ, ਇੱਕ ਅਜਿਹੀ ਜਮਾਤ ਦੇ ਰੂਪ ਵਿੱਚ ਜਿਸ ਦਾ ਟੀਚਾ ਸਰਮਾਏਦਾਰਾ ਰਾਜਸੱਤਾ ਨੂੰ ਤਬਾਹ ਕਰਕੇ ਆਪਣੀ ਰਾਜਸੱਤਾ ਨੂੰ ਸਥਾਪਤ ਕਰਨਾ ਹੈ। ਇਸ ਸਿਆਸੀ ਚੇਤਨਾ ਦਾ ਸਰਬ–ਉੱਚ ਰੂਪ ਹੀ ਪਾਰਟੀ ਦੀ ਲੋੜ ਨੂੰ ਸਮਝਣਾ ਹੈ, ਯਾਨੀ ਪਾਰਟੀ ਸਿਆਸੀ ਚੇਤਨਾ ਦਾ ਵਿਕਾਸ ਹੈ। ਪ੍ਰੋਲੇਤਾਰੀ ਜਮਾਤ ਦੇ ਉੱਨਤ ਤੱਤਾਂ ਦੁਆਰਾ ਪ੍ਰੋਲੇਤਾਰੀ ਜਮਾਤ ਦੀ ਹਿਰਾਵਲ ਪਾਰਟੀ ਦੇ ਨਿਰਮਾਣ ਰਾਹੀਂ ਹੀ ਪ੍ਰੋਲੇਤਾਰੀ ਜਮਾਤ ਆਪਣੇ ਆਪ ਨੂੰ ਸਰਮਾਏਦਾਰ ਜਮਾਤ ਦੀ ਰਾਜਸੱਤਾ ਨੂੰ ਤਬਾਹ ਕਰਨ ਲਈ ਇੱਕ ਸਿਆਸੀ ਜਮਾਤ ਦੇ ਰੂਪ ਵਿੱਚ ਜੱਥੇਬੰਦ ਕਰਨ ਦੇ ਸਿਖ਼ਰਲੇ ਪੜਾਅ ‘ਤੇ ਪਹੁੰਚਦੀ ਹੈ ਅਤੇ ਸਿਰਫ਼ ਉਸ ਦੇ ਜ਼ਰੀਏ ਹੀ ਉਹ ਵਿਆਪਕ ਮਿਹਨਤਕਸ਼ ਅਬਾਦੀ ਯਾਨੀ ਗ਼ਰੀਬ ਅਤੇ ਸੀਮਾਂਤ ਕਿਸਾਨੀ, ਨਿਮਨ ਮੱਧਵਰਗ, ਛੋਟੇ ਮਾਲ ਉਤਪਾਦਕਾਂ ਆਦਿ ਨੂੰ ਸਰਮਾਏਦਾਰ ਜਮਾਤ ਦੇ ਸਿਆਸੀ ਅਤੇ ਵਿਚਾਰਧਾਰਕ ਗਲਬੇ ਤੋਂ ਮੁਕਤ ਕਰਕੇ ਆਪਣੀ ਵਿਚਾਰਧਾਰਕ ਅਤੇ ਸਿਆਸੀ ਅਗਵਾਈ ਦੇ ਅਧੀਨ ਲਿਆਉਂਦੀ ਹੈ। ਜਦੋਂ ਪ੍ਰੋਲੇਤਾਰੀ ਜਮਾਤ ਆਪਣੀ ਪਾਰਟੀ ਦੀ ਅਗਵਾਈ ਵਿੱਚ ਸਮੁੱਚੀ ਮਿਹਨਤਕਸ਼ ਲੋਕਾਈ ਨੂੰ ਅਗਵਾਈ ਦੇਣ ਦੀ ਸਥਿਤੀ ਵਿੱਚ ਪਹੁੰਚਦੀ ਹੈ, ਸਿਰਫ਼ ਉਦੋਂ ਹੀ ਉਹ ਸਰਮਾਏਦਾਰ ਜਮਾਤ ਅਤੇ ਉਸ ਦੀ ਰਾਜਸੱਤਾ ਨੂੰ ਜੜ੍ਹੋਂ ਪੁੱਟ ਸੁੱਟਣ ਦੀ ਸਥਿਤੀ ਵਿੱਚ ਪਹੁੰਚ ਸਕਦੀ ਹੈ। ਜੇਕਰ ਉਹ ਅਜਿਹਾ ਨਹੀਂ ਕਰ ਪਾਉਂਦੀ ਤਾਂ ਵਿਆਪਕ ਅਬਾਦੀ ਵਿੱਚ ਸਰਮਾਏਦਾਰ ਜਮਾਤ ਆਪਣੇ ਵਿਚਾਰਧਾਰਕ ਅਤੇ ਸਿਆਸੀ ਗਲਬੇ ਨੂੰ ਕਾਇਮ ਰੱਖਣ ਅਤੇ ਇਸ ਤਰ੍ਹਾਂ ਆਪਣੀ ਰਾਜਸੱਤਾ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਹੁੰਦੀ ਹੈ। ਸਿਰਫ਼ ਆਪਣੀ ਰਾਜਸੱਤਾ ਦੀ ਸਥਾਪਨਾ ਕਰਕੇ ਹੀ ਪ੍ਰੋਲੇਤਾਰੀ ਜਮਾਤ ਆਰਥਕ ਅਧਾਰ ਵਿੱਚ ਮੌਜੂਦ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧਾਂ ਵਿਚਲੇ ਦਵੰਦ ਨੂੰ ਹੱਲ ਕਰ ਸਕਦੀ ਹੈ, ਯਾਨੀ ਸਮਾਜਕ ਵਿਕਾਸ ਦੇ ਪੈਰਾਂ ਵਿੱਚ ਬੇੜੀ ਬਣ ਚੁੱਕੇ ਨਿੱਜੀ ਮਾਲਕੀ ਦੇ ਸੰਬੰਧਾਂ ਦਾ ਨਾਸ਼ ਕਰਕੇ ਸਮੂਹਿਕ ਮਾਲਕੀ ਦੀ ਸਥਾਪਨਾ ਕਰ ਸਕਦੀ ਹੈ, ਪੈਦਾਵਾਰੀ ਤਾਕਤਾਂ ਦੇ ਅਗਲੇਰੇ ਵਿਕਾਸ ਦਾ ਰਾਹ ਪੱਧਰਾ ਕਰ ਸਕਦੀ ਹੈ, ਯੋਜਨਾਬੱਧ ਢੰਗ ਨਾਲ਼ ਪੈਦਾਵਾਰ ਅਤੇ ਵੰਡ ਨੂੰ ਮੁੱਠੀ ਭਰ ਲੋਟੂਆਂ ਦੇ ਨਿੱਜੀ ਮੁਨਾਫ਼ੇ ਅਤੇ ਮੰਡੀ ਦੀਆਂ ਅਰਾਜਕ ਤਾਕਤਾਂ ਦੇ ਅਨੁਸਾਰ ਨਹੀਂ, ਸਗੋਂ ਸਮਾਜਕ ਲੋੜਾਂ ਦੇ ਅਨੁਸਾਰ ਜੱਥੇਬੰਦ ਕਰ ਸਕਦੀ ਹੈ, ਸ਼ੋਸ਼ਣ ਦਾ ਖ਼ਾਤਮਾ ਕਰ ਸਕਦੀ ਹੈ ਅਤੇ ਇੱਕ ਨਵੇਂ ਸਮਾਜਕ ਪ੍ਰਬੰਧ ਦੇ ਨਿਰਮਾਣ ਵੱਲ ਅੱਗੇ ਵਧ ਸਕਦੀ ਹੈ। ਸਰਮਾਏਦਾਰਾ ਸਮਾਜ ਅੰਦਰ ਪ੍ਰੋਲੇਤਾਰੀ ਜਮਾਤ ਅਤੇ ਸਰਮਾਏਦਾਰ ਜਮਾਤ ਵਿਚਲੀ ਇਹ ਸਿਆਸੀ ਵਿਰੋਧਤਾਈ ਯਾਨੀ ਸਿਆਸੀ ਜਮਾਤੀ ਘੋਲ਼ ਹੀ ਉਹ ਪ੍ਰਧਾਨ ਵਿਰੋਧਤਾਈ ਹੁੰਦੀ ਹੈ, ਜੋ ਕਿ ਸਮਾਜ ਦੀ ਤਤਕਾਲੀ ਚਾਲਕ–ਸ਼ਕਤੀ ਹੁੰਦੀ ਹੈ ਅਤੇ ਸਮਾਜ ਦੇ ਵਿਕਾਸ ਨੂੰ ਇੱਕ ਮੰਜ਼ਲ ਤੋਂ ਦੂਜੀ ਮੰਜ਼ਲ ਉੱਪਰ ਲੈ ਕੇ ਜਾਂਦੀ ਹੈ। ਅਸਲ ਵਿੱਚ ਹਰੇਕ ਸਮਾਜ ਵਿੱਚ ਸਿਆਸੀ ਜਮਾਤੀ ਘੋਲ਼ ਹੀ ਸਮਾਜ ਨੂੰ ਤਤਕਾਲੀ ਤੌਰ ‘ਤੇ ਗਤੀ ਦੇਣ ਵਾਲ਼ਾ ਮੁੱਢਲਾ ਪ੍ਰੇਰਕ ਤੱਤ ਹੁੰਦਾ ਹੈ। ਇਸ ਲਈ ਜਮਾਤੀ ਸੰਘਰਸ਼ ਨੂੰ ਮਾਰਕਸ ਨੇ ਸਮਾਜ ਦੀ ‘ਤਤਕਾਲੀ ਪ੍ਰੇਰਕ ਸ਼ਕਤੀ‘ ਅਤੇ ਮਾਓ ਨੇ ‘ਪ੍ਰਧਾਨ ਵਿਰੋਧਤਾਈ‘ ਦਾ ਨਾਂ ਦਿੱਤਾ। ਇਸ ਦਾ ਹੱਲ ਹੀ ਬੁਨਿਆਦੀ ਵਿਰੋਧਤਾਈ ਯਾਨੀ ਆਰਥਕ ਅਧਾਰ ਦੇ ਵਜੂਦਸਮੋਈ ਵਿਰੋਧਤਾਈ ਅਤੇ ਨਾਲ਼ ਹੀ ਹੋਰਨਾਂ ਸਾਰੀਆਂ ਵਿਰੋਧਤਾਈਆਂ ਦੇ ਹੱਲ ਨੂੰ ਸੰਭਵ ਬਣਾਉਂਦਾ ਹੈ।
ਸੰਖੇਪ ਵਿੱਚ, ਆਰਥਕ ਅਧਾਰ ਦੇ ਦਵੰਦ ਯਾਨੀ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧਾਂ ਦੇ ਦਵੰਦ ਦਾ ਹੱਲ ਆਪਣੇ ਆਪ ਨਹੀਂ ਹੋ ਸਕਦਾ ਹੈ, ਸਗੋਂ ਸਿਰਫ਼ ਸਿਆਸੀ ਜਮਾਤੀ ਘੋਲ਼ ਅਤੇ ਉਸ ਦੇ ਫਲਸਰੂਪ ਰਾਜਸੱਤਾ ਯਾਨੀ ਸਿਆਸੀ ਉੱਚ–ਉਸਾਰ ਦੀ ਇਨਕਲਾਬੀ ਰੂਪਬਦਲੀ ਰਾਹੀਂ ਹੀ ਆਰਥਕ ਅਧਾਰ ਦੀ ਇਨਕਲਾਬੀ ਰੂਪਬਦਲੀ ਸ਼ੁਰੂ ਹੋ ਸਕਦੀ ਹੈ। ਇਹ ਆਰਥਕ ਅਧਾਰ ਅਤੇ ਉੱਚ–ਉਸਾਰ ਵਿਚਲੇ ਘੋਲ਼ ਦੀ ਇੱਕ ਮਿਸਾਲ ਹੈ ਜੋ ਕਿ ਇਨਕਲਾਬ ਤੋਂ ਬਾਅਦ ਵੀ ਵੱਖ–ਵੱਖ ਰੂਪਾਂ ਵਿੱਚ ਜਾਰੀ ਰਹਿੰਦਾ ਹੈ। ਕਿਉਂਕਿ ਸਿਆਸੀ ਉੱਚ–ਉਸਾਰ ਦੀ ਇਨਕਲਾਬੀ ਰੂਪਬਦਲੀ ਅਤੇ ਉਸ ਤੋਂ ਬਾਅਦ ਆਰਥਕ ਅਧਾਰ ਦੀ ਇਨਕਲਾਬੀ ਰੂਪਬਦਲੀ ਦੀ ਸ਼ੁਰੂਆਤ ਦੇ ਬਾਵਜੂਦ ਪੁਰਾਣਾ ਵਿਚਾਰਧਾਰਕ ਉੱਚ–ਉਸਾਰ ਇੱਕਦਮ ਨਸ਼ਟ ਨਹੀਂ ਹੋ ਜਾਂਦਾ ਅਤੇ ਨਾ ਹੀ ਆਰਥਕ ਅਧਾਰ ਦੀ ਇਨਕਲਾਬੀ ਰੂਪਬਦਲੀ ਸਿਰਫ਼ ਨਿੱਜੀ ਜਾਇਦਾਦ ਦੇ ਕਨੂੰਨੀ ਤੌਰ ‘ਤੇ ਖ਼ਾਤਮੇ ਨਾਲ਼ ਪੂਰੀ ਹੋ ਜਾਂਦੀ ਹੈ। ਇੱਕ ਪਾਸੇ ਸਮਾਜ ਦੇ ਆਰਥਕ ਅਧਾਰ ਵਿੱਚ ਵੀ ਹਾਲ਼ੇ ਵੀ ਜਿਣਸ ਪੈਦਾਵਾਰ ਜਾਰੀ ਰਹਿੰਦੀ ਹੈ, ਯਾਨੀ ਵਸਤਾਂ ਦੀ ਪੈਦਾਵਾਰ ਸਿਰਫ਼ ਸਮਾਜ ਦੇ ਲਈ ਉਪਯੋਗੀ ਵਸਤਾਂ ਦੇ ਤੌਰ ‘ਤੇ ਨਹੀਂ ਹੁੰਦੀ, ਸਗੋਂ ਮਾਲਾਂ ਦੇ ਰੂਪ ਵਿੱਚ ਉਹਨਾਂ ਦਾ ਵਟਾਂਦਰਾ ਇੱਕ ਅਲੱਗ ਰੂਪ ਵਿੱਚ ਹਾਲ਼ੇ ਵੀ ਜਾਰੀ ਰਹਿੰਦਾ ਹੈ। ਦੂਜੇ ਪਾਸੇ, ਸਰਮਾਏਦਾਰਾ ਸਮਾਜ ਅਤੇ ਉਸ ਤੋਂ ਵੀ ਪਹਿਲਾਂ ਦੇ ਸ਼ੋਸ਼ਣ ‘ਤੇ ਟਿਕੇ ਸਮਾਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਗ਼ੈਰ–ਬਰਾਬਰੀ, ਸ਼ੋਸ਼ਣ, ਉਤਪੀੜਨ ਅਤੇ ਜਬਰ, ਵਿਅਕਤੀਵਾਦ, ਲੋਭ–ਲਾਲਚ, ਨਿੱਜੀ ਮੁਨਾਫ਼ੇ ‘ਤੇ ਅਧਾਰਤ ਵਿਚਾਰਾਂ, ਮੁੱਲ–ਮਾਨਤਾਵਾਂ ਅਤੇ ਆਦਤਾਂ ਦਾ ਪ੍ਰਭਾਵ ਹਾਲ਼ੇ ਵੀ ਬਣਿਆ ਰਹਿੰਦਾ ਹੈ। ਸਿੱਟੇ ਵਜੋਂ, ਆਰਥਕ ਅਧਾਰ ਅਤੇ ਉੱਚ–ਉਸਾਰ ਦਰਮਿਆਨ ਵਿਰੋਧਤਾਈਆਂ ਨਵੇਂ ਅਤੇ ਜਟਿਲ ਰੂਪਾਂ ਵਿੱਚ ਮੌਜੂਦ ਰਹਿੰਦੀਆਂ ਹਨ।
ਉੱਚ–ਉਸਾਰ ਅੰਦਰ ਮੁੱਖ ਵਿਰੋਧਤਾਈ ਸਿਆਸੀ ਉੱਚ–ਉਸਾਰ ਅਤੇ ਵਿਚਾਰਧਾਰਕ ਉੱਚ–ਉਸਾਰ ਦਰਮਿਆਨ ਹੁੰਦੀ ਹੈ। ਸਮਾਜ ਅੰਦਰਲੀ ਸਰਮਾਏਦਾਰਾ ਵਿਚਾਰਧਾਰਾ ਦੇ ਵਿਰੁੱਧ ਪ੍ਰੋਲੇਤਾਰੀ ਜਮਾਤ ਆਪਣੀ ਵਿਚਾਰਧਾਰਾ ਰਾਹੀਂ ਸੰਘਰਸ਼ ਛੇੜਦੀ ਹੈ। ਜੇਕਰ ਪ੍ਰੋਲੇਤਾਰੀ ਜਮਾਤ ਆਪਣੇ ਵਿਚਾਰਧਾਰਕ ਸੰਘਰਸ਼ ਨੂੰ ਸਹੀ ਢੰਗ ਨਾਲ਼ ਚਲਾਉਂਦੀ ਹੈ ਅਤੇ ਸਰਮਾਏਦਾਰਾ ਵਿਚਾਰਧਾਰਾ ਉੱਪਰ ਆਪਣੇ ਗਲਬੇ ਨੂੰ ਸਥਾਪਤ ਕਰ ਲੈਂਦੀ ਹੈ, ਤਾਂ ਇਹ ਗੱਲ ਉਸ ਦੇ ਸਿਆਸੀ ਜਮਾਤੀ ਸੰਘਰਸ਼ ਨੂੰ ਵੀ ਬਲ ਦਿੰਦੀ ਹੈ ਅਤੇ ਉਸ ਨੂੰ ਅੱਗੇ ਵਧਾਉਂਦੀ ਹੈ। ਪਰ ਜੇਕਰ ਮਜ਼ਦੂਰ ਜਮਾਤ ਖ਼ੁਦ ਸਰਮਾਏਦਾਰਾ ਵਿਚਾਰਧਾਰਾਵਾਂ ਮਿਸਾਲ ਵਜੋਂ ਅਰਥਵਾਦ, ਮਜ਼ਦੂਰਵਾਦ, ਅਰਾਜਕਤਾਵਾਦ ਆਦਿ ਦੇ ਪ੍ਰਭਾਵ ਹੇਠ ਆ ਕੇ ਆਪਣੇ ਇਤਿਹਾਸਕ ਟੀਚੇ ਅਤੇ ਆਪਣੀ ਹਿਰਾਵਲ ਦਸਤੇ ਦੀ ਭੂਮਿਕਾ ਨੂੰ ਭੁੱਲ ਜਾਂਦੀ ਹੈ, ਤਾਂ ਇਹ ਗੱਲ ਉਸ ਦੇ ਸਿਆਸੀ ਜਮਾਤੀ ਸੰਘਰਸ਼ ਨੂੰ ਪਿੱਛੇ ਧੱਕਣ ਦਾ ਕੰਮ ਕਰਦੀ ਹੈ ਅਤੇ ਉਹ ਸਰਮਾਏਦਾਰ ਜਮਾਤ ਦੇ ਵਿਚਾਰਧਾਰਕ ਅਤੇ ਸਿਆਸੀ ਗਲਬੇ ਦੇ ਅਧੀਨ ਰਹਿਣ ਲਈ ਸਰਾਪੀ ਜਾਂਦੀ ਹੈ। ਉੱਚ–ਉਸਾਰ ਅੰਦਰ ਸਿਆਸੀ ਜਮਾਤੀ ਸੰਘਰਸ਼ ਅਤੇ ਵਿਚਾਰਧਾਰਕ ਜਮਾਤੀ ਸੰਘਰਸ਼ ਦਰਮਿਆਨ ਇਹ ਵਿਰੋਧਤਾਈ ਲਗਾਤਾਰ ਮੌਜੂਦ ਰਹਿੰਦੀ ਹੈ। ਅਤੇ ਇਹ ਉੱਚ–ਉਸਾਰ ਦੀ ਬੁਨਿਆਦੀ ਵਿਰੋਧਤਾਈ ਹੁੰਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧਾਂ ਵਿਚਲੀ ਵਿਰੋਧਤਾਈ ਆਰਥਕ ਅਧਾਰ ਦੀ ਬੁਨਿਆਦੀ ਵਿਰੋਧਤਾਈ ਹੁੰਦੀ ਹੈ।
ਅੰਤ ਵਿੱਚ ਸਮੁੱਚੇ ਮਨੁੱਖੀ ਸਮਾਜ ਦੀ ਇਤਿਹਾਸਕ ਗਤੀ ਦੀ ਵਿਆਖਿਆ ਕਰਨ ਵਾਲ਼ੀ ਵਿਰੋਧਤਾਈ ਆਰਥਕ ਅਧਾਰ ਅਤੇ ਉੱਚ–ਉਸਾਰ ਵਿਚਲੀ ਵਿਰੋਧਤਾਈ ਹੁੰਦੀ ਹੈ, ਜੋ ਆਪਣੇ ਅੰਦਰ ਸਮਾਜਕ ਜੀਵਨ ਦੇ ਸਾਰੇ ਪੱਖਾਂ ਅਤੇ ਉਸ ਦੇ ਵਜੂਦਸਮੋਈਆਂ ਵਿਰੋਧਤਾਈਆਂ ਨੂੰ ਸਮੇਟਦੀ ਹੈ।
ਇਹ ਕੁਝ ਬੁਨਿਆਦੀ ਗੱਲਾਂ ਅਤੇ ਧਾਰਨਾਵਾਂ ਹਨ ਜਿਨ੍ਹਾਂ ਨੂੰ ਸਮਝ ਕੇ ਅਸੀਂ ਆਪਣੇ ਅਗਲੇ ਕਾਰਜ ਨੂੰ ਚੰਗੀ ਤਰ੍ਹਾਂ ਨਾਲ਼ ਪੂਰਾ ਕਰ ਸਕਦੇ ਹਾਂ, ਯਾਨੀ ਸਰਮਾਏਦਾਰਾ ਸਮਾਜ ਅੰਦਰ ਮਜ਼ਦੂਰ ਜਮਾਤ ਦੀ ਲੁੱਟ–ਚੋਂਘ ਨੂੰ ਸਮਝਣਾ, ਸਰਮਾਏਦਾਰਾ ਸਮਾਜ ਵਿੱਚ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸੰਬੰਧਾਂ ਨੂੰ ਸਮਝਣਾ, ਉਹਨਾਂ ਦੇ ਦਵੰਦ ਨੂੰ ਸਮਝਣਾ ਅਤੇ ਇਸ ਗੱਲ ਨੂੰ ਸਮਝਣਾ ਕਿ ਇਤਿਹਾਸ ਦੇ ਕਿਸੇ ਵੀ ਹੋਰ ਸਮਾਜ ਦੇ ਵਾਂਗ ਸਰਮਾਏਦਾਰਾ ਸਮਾਜ ਦਾ ਵੀ ਇੱਕ ਆਦਿ ਅਤੇ ਅੰਤ ਹੈ, ਸਰਮਾਏਦਾਰੀ ਸਦੀਵੀ ਨਹੀਂ ਹੈ। ਇਸਦਾ ਅੰਦਰੂਨੀ ਘੋਲ਼ ਹੀ ਅੰਤ ਵਿੱਚ ਇੱਕ ਨਵੇਂ ਉੱਨਤ ਸਮਾਜ ਵੱਲ ਲੈ ਕੇ ਜਾਂਦਾ ਹੈ।
ਅਗਲੇ ਅੰਕ ਵਿੱਚ ਅਸੀਂ ਇਸੇ ਲੇਖ ਦੇ ਦੂਜੇ ਹਿੱਸੇ ਵਿੱਚ ਮਨੁੱਖ ਦੇ ਗਿਆਨ ਦੇ ਵਿਕਾਸ ਦੀ ਪ੍ਰਕਿਰਿਆ ਅੰਦਰ ਕੁਝ ਬੁਨਿਆਦੀ ਗੱਲਾਂ ਨੂੰ ਸਮਝਾਂਗੇ ਅਤੇ ਉਸਤੋਂ ਬਾਅਦ ਅਸੀਂ ਸਰਮਾਏਦਾਰਾ ਸਮਾਜ ਦੇ ਇਨਕਲਾਬੀ ਵਿਗਿਆਨਕ ਆਰਥਕ ਵਿਸ਼ਲੇਸ਼ਣ ਵੱਲ ਅੱਗੇ ਵਧਾਂਗੇ।