ਸੱਤਵਾਂ ਕੌਮਾਂਤਰੀ ‘ਅਰਵਿੰਦ ਯਾਦਗਾਰੀ ਸੈਮੀਨਾਰ‘ ਹੈਦਰਾਬਾਦ ਵਿੱਚ ਪੂਰਾ ਹੋਇਆ!
ਫ਼ਾਸੀਵਾਦ ਦੀ ਸਹੀ ਸਮਝ ਲੈ ਕੇ ਇਸ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਲਿਆ ਗਿਆ ਅਹਿਦ!
ਲੰਘੇ 29 ਦਸੰਬਰ 2024 ਤੋਂ 2 ਜਨਵਰੀ 2025 ਦਰਮਿਆਨ ’21ਵੀਂ ਸਦੀ ਵਿੱਚ ਫ਼ਾਸੀਵਾਦ : ਲਗਾਤਾਰਤਾ ਅਤੇ ਤਬਦੀਲੀ ਦੇ ਤੱਤ ਅਤੇ ਮੌਜੂਦਾ ਪ੍ਰੋਲੇਤਾਰੀ ਯੁੱਧਨੀਤੀ ਦਾ ਸਵਾਲ‘ ਵਿਸ਼ੇ ‘ਤੇ ਸੱਤਵਾਂ ਕੌਮਾਂਤਰੀ ਅਰਵਿੰਦ ਯਾਦਗਾਰੀ ਸੈਮੀਨਾਰ ਹੈਦਰਾਬਾਦ ਵਿੱਚ ਸੰਪੰਨ ਹੋਇਆ। ਅਰਵਿੰਦ ਯਾਦਗਾਰੀ ਟਰੱਸਟ ਦੁਆਰਾ ਕਰਵਾਏ ਗਏ ਇਸ ਸੈਮੀਨਾਰ ਵਿੱਚ 400 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ। ਇਸ ਸੈਮੀਨਾਰ ਵਿੱਚ ਕਈ ਕਮਿਊਨਿਸਟ ਸੰਗਠਨਾਂ, ਗਰੁੱਪਾਂ, ਸਿਆਸੀ ਕਾਰਕੁੰਨਾਂ, ਮਾਰਕਸਵਾਦੀ ਬੁੱਧੀਜੀਵੀਆਂ, ਖੋਜਾਰਥੀਆਂ ਅਤੇ ਲੇਖਕਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ–ਨੌਜਵਾਨਾਂ ਨੇ ਹਿੱਸਾ ਲਿਆ। ਸੈਮੀਨਾਰ ਵਿੱਚ ਨੇਪਾਲ, ਅਮਰੀਕਾ, ਆਸਟ੍ਰੇਲੀਆ, ਜਰਮਨੀ ਆਦਿ ਦੇਸ਼ਾਂ ਤੋਂ ਵੀ ਕਈ ਲੋਕ ਸ਼ਾਮਲ ਹੋਏ। ਇਸ ਸੈਮੀਨਾਰ ਵਿੱਚ ਪ੍ਰਬੰਧਕਾਂ ਵੱਲੋਂ ਪੜ੍ਹੇ ਗਏ ਪੰਜ ਪਰਚਿਆਂ ਸਹਿਤ ਕੁੱਲ ਦਸ ਪਰਚੇ ਪੜ੍ਹੇ ਗਏ। ਵੱਖ–ਵੱਖ ਸੰਗਠਨਾਂ, ਗਰੁੱਪਾਂ ਅਤੇ ਵਿਅਕਤੀਆਂ ਨੇ ਫ਼ਾਸੀਵਾਦ ‘ਤੇ ਆਪਣੀ ਸਮਝਦਾਰੀ ਰੱਖਦਿਆਂ ਹੋਇਆਂ ਬਹਿਸ–ਮੁਬਾਹਸੇ ਵਿੱਚ ਹਿੱਸਾ ਲਿਆ ਅਤੇ ਪੰਜ ਦਿਨਾਂ ਤੱਕ ਸਿਆਸੀ ਵਿਚਾਰ–ਵਟਾਂਦਰੇ ਦਾ ਸਿਲਸਿਲਾ ਜਾਰੀ ਰੱਖਿਆ।
ਸਾਡੇ ਦੇਸ਼ ਦੇ ਕਮਿਊਨਿਸਟ ਅੰਦੋਲਨ ਵਿੱਚ ਫ਼ਾਸੀਵਾਦ ਦੀ ਸਮਝ ਨੂੰ ਲੈ ਕੇ ਆਮ ਤੌਰ ‘ਤੇ ਕਾਫ਼ੀ ਸਾਰੇ ਭਰਮ–ਭੁਲੇਖੇ ਮੌਜੂਦ ਹਨ। ਕਈ ਸੰਗਠਨ ਅਤੇ ਗਰੁੱਪ 20ਵੀਂ ਸਦੀ ਦੇ ਫ਼ਾਸੀਵਾਦ ਦੇ ਹੂਬਹੂ ਦੁਹਰਾਅ ਦੀ ਉਮੀਦ ਕਰ ਰਹੇ ਹਨ ਤਾਂ ਕਈ ਅਜਿਹੇ ਹਨ ਜੋ ਮੌਜੂਦ ਸੱਤਾ ਨੂੰ ਫ਼ਾਸੀਵਾਦੀ ਤਾਂ ਆਖਦੇ ਹਨ ਪਰ ਉਹਨਾਂ ਵਿੱਚ ਫ਼ਾਸੀਵਾਦ ਨੂੰ ਲੈ ਕੇ ਸਪਸ਼ਟ ਸਮਝਦਾਰੀ ਦੀ ਕਮੀ ਹੈ ਅਤੇ ਉਹ ਫ਼ਾਸੀਵਾਦ ਨਾਲ਼ ਲੜਨ ਲਈ 20ਵੀਂ ਸਦੀ ਵਿੱਚ ਅਪਣਾਈਆਂ ਗਈਆਂ ਯੁੱਧਨੀਤੀਆਂ ਤੋਂ ਅੱਗੇ ਨਹੀਂ ਵਧ ਪਾ ਰਹੇ ਹਨ। ਅਜਿਹੇ ਵਿੱਚ, ਭਾਰਤ ਦੇ ਕਮਿਊਨਿਸਟ ਅੰਦੋਲਨ ਵਿੱਚ ਅਰਵਿੰਦ ਯਾਦਗਾਰੀ ਟਰੱਸਟ ਦੁਆਰਾ ਆਯੋਜਿਤ ਇਹ ਸੈਮੀਨਾਰ ਇੱਕ ਰਾਹ–ਦਰਸਾਵੇ ਦੇ ਰੂਪ ਵਿੱਚ ਉਹਨਾਂ ਸਾਰੇ ਲੋਕਾਂ ਲਈ ਮਦਦਗਾਰ ਰਿਹਾ ਜੋ ਫ਼ਾਸੀਵਾਦ ਨੂੰ ਸਮਝਣ ਅਤੇ ਉਸ ਦੇ ਖ਼ਿਲਾਫ਼ ਸਹੀ ਪ੍ਰੋਲੇਤਾਰੀ ਯੁੱਧਨੀਤੀ ਬਣਾਉਣ ਦੇ ਕੰਮ ਵਿੱਚ ਜੁਟੇ ਹੋਏ ਹਨ। ਸੱਤਵੇਂ ਕੌਮਾਂਤਰੀ ਅਰਵਿੰਦ ਯਾਦਗਾਰੀ ਸੈਮੀਨਾਰ ਲਈ ਪ੍ਰਸਿੱਧ ਤੇਲਗੂ ਲੇਖਕਾ ਰੰਗਨਾਇਕੰਮਾ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਤੀਸਤਾ ਸੀਤਲਵਾੜ ਵੱਲੋਂ ਆਏ ਸਮਰਥਨ ਸੁਨੇਹਿਆਂ ਨੂੰ ਪੜ੍ਹ ਕੇ ਸੁਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਅੱਜ ਦੇ ਸਭ ਤੋਂ ਭੱਖਦੇ ਸਵਾਲ ਉੱਤੇ ਰੱਖੇ ਗਏ ਇਸ ਵਿਚਾਰ–ਵਟਾਂਦਰੇ ਲਈ ਪ੍ਰਬੰਧਕਾਂ ਅਤੇ ਸ਼ਮੂਲੀਅਤ ਕਰਨ ਵਾਲ਼ਿਆਂ ਨੂੰ ਵਧਾਈ ਦਿੰਦਿਆਂ ਆਪਣੇ ਸੁਝਾਅ ਸਾਂਝੇ ਕੀਤੇ।
ਸੈਮੀਨਾਰ ਦੇ ਪਹਿਲੇ ਦਿਨ ਦੀ ਸ਼ੁਰੂਆਤ ਕਾਮਰੇਡ ਅਰਵਿੰਦ ਅਤੇ ਕਾਮਰੇਡ ਮੀਨਾਕਸ਼ੀ ਦੀ ਤਸਵੀਰ ਉੱਤੇ ਫੁੱਲ ਭੇਂਟ ਕਰਦਿਆਂ ਹੋਇਆਂ ਇਨਕਲਾਬੀ ਨਾਅਰਿਆਂ ਅਤੇ ਗੀਤਾਂ ਨਾਲ਼ ਹੋਈ। ਉਸ ਤੋਂ ਬਾਅਦ ਅਰਵਿੰਦ ਯਾਦਗਾਰੀ ਟਰੱਸਟ ਵੱਲੋਂ ਕਾਮਰੇਡ ਸੱਤਿਅਮ ਨੇ ਅਰਵਿੰਦ ਯਾਦਗਾਰੀ ਟਰੱਸਟ ਨਾਲ਼ ਇੱਕ ਸੰਖੇਪ ਜਾਣ–ਪਛਾਣ ਕਰਵਾਈ। ਉਨ੍ਹਾਂ ਹੁਣ ਤੱਕ ਕਰਵਾਏ ਗਏ ਛੇ ਅਰਵਿੰਦ ਯਾਦਗਾਰੀ ਸੈਮੀਨਾਰਾਂ ਬਾਰੇ ਦੱਸਦਿਆਂ ਹੋਇਆਂ ਟਰੱਸਟ ਦੇ ਗਠਨ, ਉਦੇਸ਼ਾਂ ਅਤੇ ਇਸ ਦੇ ਤਹਿਤ ਹੋਣ ਵਾਲ਼ੇ ਸਟੱਡੀ ਸਰਕਲਾਂ, ਲੈਕਚਰਾਂ ਅਤੇ ਪ੍ਰਕਾਸ਼ਨਾਂ ਦਾ ਬਿਓਰਾ ਪੇਸ਼ ਕੀਤਾ। ਉਨ੍ਹਾਂ ਇਸ ਸੈਮੀਨਾਰ ਦੀ ਲੋੜ ਨੂੰ ਰੇਖਾਂਕਿਤ ਕਰਦਿਆਂ ਹੋਇਆ ਕਿਹਾ ਕਿ ਫ਼ਾਸੀਵਾਦ ਦੇ ਖ਼ਾਸੇ ਨੂੰ ਸਮਝਦਿਆਂ ਹੋਇਆਂ ਉਸ ਵਿਰੁੱਧ ਕਾਰਗਰ ਪ੍ਰੋਲੇਤਾਰੀ ਯੁੱਧਨੀਤੀ ਅਤੇ ਆਮ ਦਾਅ–ਪੇਚ ਵਿਕਸਤ ਕਰਨ ਦਾ ਕੰਮ ਕੇਂਦਰੀ ਮਹੱਤਵ ਰੱਖਣ ਵਾਲ਼ਾ ਬੁਨਿਆਦੀ ਸਿਆਸੀ ਮਸਲਾ ਹੈ। ਕਾਮਰੇਡ ਸੱਤਿਅਮ ਨੇ ਬਹਿਸ–ਮੁਬਾਹਸੇ ਦੀ ਮਾਰਕਸਵਾਦੀ ਪਰੰਪਰਾ ਨੂੰ ਸਥਾਪਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਆਉਣ ਵਾਲ਼ੇ ਪੰਜ ਦਿਨਾਂ ਤੱਕ ਪੇਸ਼ ਕੀਤੇ ਜਾਣ ਵਾਲ਼ੇ ਪਰਚਿਆਂ ਦਾ ਸਵਾਗਤ ਕੀਤਾ।

ਸੈਮੀਨਾਰ ਵਿੱਚ ਕੇਂਦਰੀ ਪਰਚੇ ’21ਵੀਂ ਸਦੀ ਵਿੱਚ ਫ਼ਾਸੀਵਾਦ : ਲਗਾਤਾਰਤਾ ਅਤੇ ਤਬਦੀਲੀ ਦੇ ਤੱਤ‘ ਨੂੰ ‘ਮਜ਼ਦੂਰ ਬਿਗਲ‘ ਅਖ਼ਬਾਰ ਦੇ ਸੰਪਾਦਕ ਅਭਿਨਵ ਸਿਨਹਾ ਦੁਆਰਾ ਪੇਸ਼ ਕੀਤਾ ਗਿਆ। ਆਪਣੇ ਪਰਚੇ ਵਿੱਚ ਅਭਿਨਵ ਨੇ ਦੱਸਿਆ ਕਿ ਫ਼ਾਸੀਵਾਦ ਕੋਈ ਆਮ ਅਤੇ ਸਧਾਰਨ ਧੁਰ ਸੱਜੇ–ਪੱਖੀ ਬੁਰਜੂਆ ਪ੍ਰਤੀਕਿਰਿਆ ਨਹੀਂ ਹੈ, ਸਗੋਂ ਇਹ ਇੱਕ ਖ਼ਾਸ ਤਰ੍ਹਾਂ ਦੀ ਧੁਰ ਸੱਜੇ–ਪੱਖੀ ਸਰਮਾਏਦਾਰਾ ਪ੍ਰਤੀਕਿਰਿਆ ਦਾ ਰੂਪ ਹੈ ਜਿਸ ਦੀ ਪਛਾਣ ਇੱਕ ਖ਼ਾਸ ਤਰ੍ਹਾਂ ਦੀ ਫ਼ਾਸੀਵਾਦੀ ਵਿਚਾਰਧਾਰਾ, ਇੱਕ ਖ਼ਾਸ ਕਿਸਮ ਦੇ ਕਾਡਰ ਅਧਾਰਤ ਸੰਗਠਨ ਅਤੇ ਨਿੱਕ–ਬੁਰਜੁਆ ਜਮਾਤਾਂ ਦੇ ਇੱਕ ਜੱਥੇਬੰਦ ਪਿਛਾਖੜੀ ਅੰਦੋਲਨ ਤੋਂ ਹੁੰਦੀ ਹੈ। ਉਨ੍ਹਾਂ ਫ਼ਾਸੀਵਾਦ ਦੇ ਆਮ ਚਰਿੱਤਰਕ ਲੱਛਣਾਂ ਨੂੰ ਸਪਸ਼ਟ ਕਰਦਿਆਂ ਹੋਇਆਂ ਦਿਖਾਇਆ ਕਿ ਫ਼ਾਸੀਵਾਦ ਕਿਸ ਤਰਾਂ ਧੁਰ ਸੱਜੇ–ਪੱਖੀ ਪ੍ਰਤੀਕਿਰਿਆ ਦੇ ਹੋਰਨਾਂ ਰੂਪਾਂ ਤੋਂ ਵੱਖ ਹੈ। ਸਾਮਰਾਜਵਾਦ ਦੇ ਨਵਉਦਾਰਵਾਦੀ ਦੌਰ ਵਿੱਚ ਸਰਮਾਏਦਾਰੀ ਦੇ ਢੰਗ–ਤਰੀਕਿਆਂ ਵਿੱਚ ਆਉਣ ਵਾਲ਼ੀਆਂ ਤਬਦੀਲੀਆਂ ਦੇ ਨਾਲ਼ ਹੀ ਫ਼ਾਸੀਵਾਦੀ ਉਭਾਰ ਅਤੇ ਫ਼ਾਸੀਵਾਦੀ ਹਕੂਮਤਾਂ ਦੀ ਕਾਰਜ–ਪ੍ਰਣਾਲੀ ਅਤੇ ਹੋਂਦ ਦੇ ਰੂਪ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ। ਅੱਜ ਫ਼ਾਸੀਵਾਦ ਇੱਕ ਸਿਆਸੀ ਰੁਝਾਨ ਦੇ ਰੂਪ ਵਿੱਚ ਇੱਕ ਬਿਪਤਾ ਜਿਹੀ “ਘਟਨਾ” ਨਹੀਂ ਰਹਿ ਗਿਆ ਹੈ, ਸਗੋਂ ਹੁਣ ਇਸ ਦੀ ਪਛਾਣ ਲੰਬੇ ਇਨਕਿਉਬੇਸ਼ਨ ਕਾਲ (long incubation period) ਤੋਂ ਹੁੰਦੀ ਹੈ। ਕਿਉਂਕਿ ਅੱਜ ਸਰਮਾਏਦਾਰਾ ਆਰਥਕ ਸੰਕਟ ਇਕ ਦੀਰਘਕਾਲੀ ਸਰੂਪ ਧਾਰਨ ਕਰ ਚੁੱਕਿਆ ਹੈ, ਇਸ ਲਈ ਫ਼ਾਸੀਵਾਦੀ ਪ੍ਰਤੀਕਿਰਿਆ ਵੀ ਸਮਾਜ ਵਿੱਚ ਇੱਕ ਦੀਰਘਕਾਲੀ ਵਰਤਾਰੇ ਵਿੱਚ ਤਬਦੀਲ ਹੋ ਚੁੱਕੀ ਹੈ। ਇਸ ਦੌਰਾਨ ਫ਼ਾਸੀਵਾਦ ਸਮਾਜ ਵਿੱਚ ਆਪਣੀ ਮੌਜੂਦਗੀ ਬਣਾਈ ਰੱਖਦੇ ਹੋਏ ਸੈਨਾ, ਨੌਕਰਸ਼ਾਹੀ, ਨਿਆਂਪਾਲਿਕਾ ਸਮੇਤ ਰਾਜਸੱਤਾ ਦੇ ਵੱਖ–ਵੱਖ ਅਦਾਰਿਆਂ ਵਿੱਚ ਆਪਣੀ ਦਖ਼ਲ–ਅੰਦਾਜ਼ੀ ਨੂੰ ਵਧਾਉਂਦਾ ਜਾਂਦਾ ਹੈ ਭਾਵ ਰਾਜਸੱਤਾ ਅੰਦਰ ਡੂੰਘੀ ਘੁਸਪੈਠ ਕਰਦਾ ਹੈ ਅਤੇ ਸਮਾਜ ਦੇ ਪੋਰ–ਪੋਰ ਅੰਦਰ ਆਪਣੀ ਹੋਂਦ ਬਣਾਉਣ ਨੂੰ ਅੰਜਾਮ ਦਿੰਦਾ ਹੈ। ਇਹ ਸਰਮਾਏਦਾਰਾ ਆਰਥਕ ਸੰਕਟ ਦੇ ਕਾਰਨ ਪੈਦਾ ਹੋਣ ਵਾਲ਼ੀ ਨਿੱਕ–ਬੁਰਜੁਆ ਜਮਾਤਾਂ ਦੀ ਅੰਨ੍ਹੀ ਪ੍ਰਤਿਕਿਰਿਆ ਦੇ ਸਾਮ੍ਹਣੇ ਕਿਸੇ ਗੌਲਣਯੋਗ ਅਕਾਰ ਦੀ ਘੱਟਗਿਣਤੀ ਅਬਾਦੀ ਨੂੰ ਇੱਕ ਨਕਲੀ ਦੁਸ਼ਮਣ ਦੇ ਰੂਪ ਵਿੱਚ ਖੜ੍ਹਾ ਕਰਦਾ ਹੈ ਤਾਂ ਜੋ ਉਸ ਦੇ ਅਸਲ ਦੁਸ਼ਮਣ ਨੂੰ ਉਸ ਦੀਆਂ ਅੱਖਾਂ ਤੋਂ ਓਹਲੇ ਕੀਤਾ ਜਾ ਸਕੇ। ਫ਼ਾਸੀਵਾਦ ਆਪਣਾ ਵਿਰੋਧ ਕਰਨ ਵਾਲ਼ੀ ਹਰੇਕ ਤਾਕਤ ਨੂੰ “ਰਾਸ਼ਟਰ ਦੇ ਦੁਸ਼ਮਣ” ਦੇ ਰੂਪ ਵਿੱਚ ਚਿੰਨ੍ਹਤ ਕਰਦਾ ਹੈ ਅਤੇ ਫ਼ਾਸੀਵਾਦੀ ਆਗੂ ਜਾਂ ਅਗਵਾਈ ਨੂੰ ਬਹੁਗਿਣਤੀ ਸਮੂਹ ਦੇ ਇੱਕੋ–ਇੱਕ ਨੁਮਾਇੰਦੇ ਅਤੇ ਆਗੂ ਦੇ ਰੂਪ ਵਿੱਚ ਪੇਸ਼ ਕਰਦਾ ਹੈ। ਉਹ ਫ਼ਾਸੀਵਾਦੀ ਨਿਮਨ ਮੱਧਵਰਗੀ ਪ੍ਰਤੀਕਿਰਿਆ ਨੂੰ ਜੱਥੇਬੰਦਕ ਰੂਪ ਦੇ ਕੇ ਉਸ ਨੂੰ ਖ਼ਾਸ ਤੌਰ ‘ਤੇ ਵੱਡੀ ਪੂੰਜੀ ਅਤੇ ਆਮ ਤੌਰ ‘ਤੇ ਪੂੰਜੀ ਦੀ ਸੇਵਾ ਵਿੱਚ ਲਾ ਦਿੰਦਾ ਹੈ। ਇਸ ਤਰ੍ਹਾਂ ਇੱਕ ਜਬਰ ‘ਤੇ ਟਿਕੇ ਸ਼ਾਸਨ ਦੇ ਰਾਹੀਂ ਫ਼ਾਸੀਵਾਦ ਸਰਮਾਏਦਾਰ ਜਮਾਤ ਨੂੰ ਮੁਨਾਫ਼ੇ ਦੀ ਡਿੱਗਦੀ ਦਰ ਦੇ ਸੰਕਟ ਤੋਂ ਉਭਾਰਨ ਦਾ ਹਰ ਸੰਭਵ ਯਤਨ ਕਰਦਾ ਹੈ। ਅਭਿਨਵ ਨੇ ਦੱਸਿਆ ਕਿ ਅੱਜ ਦੇ ਦੌਰ ਵਿੱਚ ਸਰਮਾਏਦਾਰਾ ਜਮਹੂਰੀਅਤ ਦਾ ਰੂਪ ਯਾਨੀ ਬਹੁਦਲੀ ਸੰਸਦੀ ਜਮਹੂਰੀਅਤ ਅੰਦਰੋਂ ਇਸ ਕਦਰ ਖੋਖਲੀ ਹੋ ਚੁੱਕੀ ਹੈ ਕਿ 20ਵੀਂ ਸਦੀ ਦੇ ਜਰਮਨ ਅਤੇ ਇਤਾਲਵੀ ਫ਼ਾਸੀਵਾਦ ਵਾਂਗ ਅੱਜ ਦੇ ਦੌਰ ਵਿੱਚ ਫ਼ਾਸੀਵਾਦ ਨੂੰ ਸਰਮਾਏਦਾਰਾ ਜਮਹੂਰੀਅਤ ਦੇ ਇਸ ਰੂਪ/ ਖੋਲ ਨੂੰ ਤਿਆਗਣ ਦੀ ਆਮ ਤੌਰ ‘ਤੇ ਕੋਈ ਲੋੜ ਨਹੀਂ ਹੈ। ਉਹ ਆਪਣੇ ਸਾਰਤੱਤ ਤੋਂ ਖੋਖਲੇ ਹੋ ਰਹੇ ਇਸ ਰੂਪ, ਯਾਨੀ ਸੰਸਦ, ਚੋਣਾਂ ਆਦਿ ਨੂੰ ਬਰਕਰਾਰ ਰੱਖ ਕੇ ਹੀ ਉਹ ਸਭ ਕੁਝ ਕਰ ਸਕਦਾ ਹੈ, ਜੋ 20ਵੀਂ ਸਦੀ ਦੇ ਫ਼ਾਸੀਵਾਦ ਨੇ ਕੀਤਾ ਸੀ। ਅਭਿਨਵ ਨੇ ਆਪਣੇ ਪਰਚੇ ਵਿੱਚ ਫ਼ਾਸੀਵਾਦ ਦੇ ਮੁਕਾਬਲੇ ਲਈ ਸੰਘਰਸ਼ ਦੇ ਵੱਖ–ਵੱਖ ਰੂਪਾਂ ਨੂੰ ਰੇਖਾਂਕਿਤ ਕੀਤਾ ਅਤੇ ਸਦਨ ਸਾਮ੍ਹਣੇ ਕੁਝ ਵਿਸ਼ੇਸ਼ ਕਾਰਜਭਾਰ ਪੇਸ਼ ਕੀਤੇ। ਅਭਿਨਵ ਦੇ ਪਰਚੇ ਦੇ ਅੰਤ ਵਿੱਚ ਸਵਾਲ–ਜਵਾਬ ਦਾ ਲੰਮਾ ਸੈਸ਼ਨ ਚੱਲਿਆ। ਇਸ ਸੈਸ਼ਨ ਦੌਰਾਨ ਸਦਨ ਵਿੱਚ ਮੌਜੂਦ ਵਿਦਿਆਰਥੀਆਂ, ਬੁੱਧੀਜੀਵੀਆਂ ਅਤੇ ਸਿਆਸੀ ਕਾਰਕੁੰਨਾਂ ਨੇ ਸਰਗਰਮੀ ਨਾਲ਼ ਸ਼ਮੂਲੀਅਤ ਕੀਤੀ।
ਸਦਨ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਅਭਿਨਵ ਨੇ ਦੱਸਿਆ ਕਿ ਦੁਨੀਆ ਦੇ ਕਮਿਊਨਿਸਟ ਅੰਦੋਲਨ ਅੰਦਰ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਨੂੰ ਸਾਵਧਾਨੀ ਨਾਲ਼ ਸਮਝੇ ਬਿਨਾਂ ਹੀ ਫ਼ਾਸੀਵਾਦ ਦਾ ਨਾਂ ਦੇ ਦੇਣ ਦਾ ਇੱਕ ਚਲਨ ਰਿਹਾ ਹੈ। ਕਾਰਨ ਇਹ ਹੈ ਕਿ ਫ਼ਾਸੀਵਾਦ ਦੇ ਖ਼ਾਸੇ ਨੂੰ ਸਮਝਣ ਦੀ ਇੱਕ ਅਣਹੋਂਦ ਰਹੀ ਹੈ ਅਤੇ ਇਸ ਤੋਂ ਬਿਨਾਂ ਫ਼ਾਸੀਵਾਦ ਦੇ ਵਿਰੁੱਧ ਕੋਈ ਵੀ ਕਾਰਗਰ ਪ੍ਰੋਲੇਤਾਰੀ ਯੁੱਧਨੀਤੀ ਜਾਂ ਆਮ ਦਾਅ–ਪੇਚ ਵਿਕਸਿਤ ਕਰਨ ਦਾ ਕੰਮ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਫ਼ਾਸੀਵਾਦ ਦੇ ਸਰਵਵਿਆਪੀ ਖ਼ਾਸੇ ਨੂੰ ਪਛਾਣਦੇ ਹਨ, ਉਹਨਾਂ ਸਾਮ੍ਹਣੇ ਇਹ ਸਵਾਲ ਹੈ ਕਿ ਕੀ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਪੈਦਾ ਹੋਏ ਫ਼ਾਸੀਵਾਦੀ ਅਤੇ ਨਾਜ਼ੀ ਅੰਦੋਲਨਾਂ ਅਤੇ ਹਕੂਮਤਾਂ ਦੇ ਮੁਕਾਬਲੇ ‘ਤੇ ਅੱਜ ਦੇ ਦੌਰ ਦੇ ਫ਼ਾਸੀਵਾਦੀ ਉਭਾਰ ਅਤੇ ਹਕੂਮਤ ਵਿੱਚ ਕੋਈ ਫ਼ਰਕ ਹੈ? ਕੀ ਅੱਜ ਦੀਆਂ ਫ਼ਾਸੀਵਾਦੀ ਤਾਕਤਾਂ, ਉਹਨਾਂ ਦੇ ਜੀਵਨ–ਰੂਪਾਂ, ਉਹਨਾਂ ਦੀ ਕਾਰਜ–ਪ੍ਰਣਾਲੀ, ਅੱਜ ਦੇ ਫ਼ਾਸੀਵਾਦੀ ਅੰਦੋਲਨ, ਅੱਜ ਉਸ ਦੇ ਸੱਤਾ ‘ਤੇ ਕਾਬਜ਼ ਹੋਣ ਦੇ ਤਰੀਕਿਆਂ ਅਤੇ ਉਸ ਦੀ ਤਾਕਤ ਵਿੱਚ ਅਸੀਂ ਤਬਦੀਲੀ ਦੇ ਤੱਤ ਨੂੰ ਦੇਖਦੇ ਹਾਂ? ਜਾਂ ਅਸੀਂ ਅੱਜ ਦੇ ਫ਼ਾਸੀਵਾਦੀ ਉਭਾਰਾਂ ਵਿੱਚ ਵੀ 20ਵੀਂ ਸਦੀ ਦੇ ਫ਼ਾਸੀਵਾਦੀ ਪ੍ਰਯੋਗਾਂ ਦੇ ਹੂਬਹੂ ਦੁਹਰਾਅ ਨੂੰ ਦੇਖਦੇ ਹਾਂ? ਭਾਰਤ ਵਿੱਚ ਮੋਦੀ–ਸ਼ਾਹ ਸੱਤਾ ਨੂੰ ਅਤੇ 1980 ਦੇ ਦਹਾਕੇ ਦੇ ਅੱਧ ਤੋਂ ਲੰਮੀ ਪ੍ਰਕਿਰਿਆ ਵਿੱਚ ਜਾਰੀ ਸੱਤਾ ਪ੍ਰਾਪਤੀ ਦੀਆਂ ਕੋਸ਼ਸ਼ਾਂ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ? ਕੀ ਮੋਦੀ–ਸ਼ਾਹ ਦੀ ਸੱਤਾ ਮਹਿਜ਼ ‘ਨਵਉਦਾਰਵਾਦੀ ਸਰਮਾਏ ਦੀ ਤਾਨਾਸ਼ਾਹੀ‘ ਹੈ? ਕੀ ਉਹ ਮਹਿਜ਼ ‘ਸਰਵਸੱਤਾਵਾਦੀ ਧਾਰਮਕ ਕੱਟੜਪੰਥੀ ਸੱਤਾ‘ ਹੈ? ਕੀ ਉਹ ਸਿਰਫ਼ ਇੱਕ ‘ਆਟੋਕ੍ਰੈਟਾਇਜ਼ਡ ਸੱਤਾ‘ ਹੈ? ਜਾਂ ਫਿਰ ਉਹ ਇੱਕ ਫ਼ਾਸੀਵਾਦੀ ਸੱਤਾ ਹੈ, ਇੱਕ ਨਵੀਂ ਤਰ੍ਹਾਂ ਦੀ ਫ਼ਾਸੀਵਾਦੀ ਸੱਤਾ ਜਿਸ ਦੇ 20ਵੀਂ ਸਦੀ ਦੀਆਂ ਫ਼ਾਸੀਵਾਦੀ ਸੱਤਾਵਾਂ, ਤਾਕਤਾਂ ਅਤੇ ਅੰਦੋਲਨਾਂ ਨਾਲ਼ੋਂ ਕੁਝ ਮਹੱਤਵਪੂਰਨ ਖ਼ਾਸ ਵਖਰੇਵੇਂ ਹਨ? ਇਸਦੇ ਨਾਲ਼ ਹੀ ਉਨ੍ਹਾਂ ਦੱਸਿਆ ਕਿ ਅੱਜ ਸਾਨੂੰ ਪੂਰੀ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਨੂੰ ਵੀ ਸਮਝਣਾ ਹੋਵੇਗਾ। ਪਿਛਲੀ ਸਦੀ ਵਿੱਚ ਦੁਨੀਆ ਜਿੱਥੇ ਖੜ੍ਹੀ ਸੀ ਅੱਜ ਉਸ ਤੋਂ ਕਿਤੇ ਅੱਗੇ ਜਾ ਚੁੱਕੀ ਹੈ। ਸੰਸਾਰ ਸਰਮਾਏਦਾਰੀ ਦੀ ਕਾਰਜ–ਪ੍ਰਣਾਲੀ ਵਿੱਚ, ਮੰਦੀ ਦੇ ਸੁਭਾਅ ਵਿੱਚ, ਸਰਮਾਏਦਾਰਾ ਸਮਾਜਾਂ ਦੀ ਜਮਾਤੀ ਬਣਤਰ ਵਿੱਚ, ਬੁਰਜੁਆ ਰਾਜਸੱਤਾ ਦੇ ਕੰਮ ਕਰਨ ਦੇ ਤੌਰ–ਤਰੀਕਿਆਂ ਵਿੱਚ ਕਈ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ ਜਿਸ ਦਾ ਪ੍ਰਭਾਵ ਫ਼ਾਸੀਵਾਦ ਦੇ ਉਭਾਰ ਅਤੇ ਉਸ ਦੇ ਚਰਿੱਤਰ ‘ਤੇ ਪਿਆ ਹੈ। ਤੁਰਕੀ, ਬ੍ਰਾਜ਼ੀਲ, ਫਿਲੀਪੀਨਜ, ਰੂਸ, ਮੱਧ–ਪੂਰਬੀ ਖਿੱਤੇ, ਅਮਰੀਕਾ, ਬ੍ਰਿਟੇਨ ਜਾਂ ਫਰਾਂਸ ਵਿੱਚ ਜੋ ਤਬਦੀਲੀਆਂ ਹੋ ਰਹੀਆਂ ਹਨ, ਉਹਨਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਉਨ੍ਹਾਂ ਤੁਰਕੀ ਵਿੱਚ ਏਰਦੋਆਨ, ਰੂਸ ਵਿੱਚ ਪੁਤਿਨ, ਬ੍ਰਾਜ਼ੀਲ ਵਿੱਚ ਬੋਲਸੋਨਾਰੋ, ਅਮਰੀਕਾ ਵਿੱਚ ਟਰੰਪ, ਇਰਾਨ ਵਿੱਚ ਖੁਮੈਨੀ ਦੀ ਅਗਵਾਈ ਹੇਠਲੇ ਇਨਕਲਾਬ ਤੋਂ ਬਾਅਦ ਤੋਂ ਹੋਂਦ ਵਿੱਚ ਰਹੀ ਸੱਤਾ ਦੇ ਚਰਿੱਤਰ ਬਾਰੇ ਗੱਲ ਰੱਖੀ ਅਤੇ ਬੋਨਾਪਾਰਤਵਾਦੀ ਸੱਤਾ ਅਤੇ ਫ਼ਾਸੀਵਾਦੀ ਸੱਤਾ ਵਿੱਚ ਫ਼ਰਕ ਸਪਸ਼ਟ ਕਰਦੇ ਹੋਏ ਦੱਸਿਆ ਕਿ ਫ਼ਾਸੀਵਾਦ ਇੱਕ ਖ਼ਾਸ ਤਰ੍ਹਾਂ ਦੇ ਸਿਆਸੀ ਸੰਕਟ ਭਾਵ ‘ਪਾਵਰ ਬਲਾਕ‘ ਦੇ ਸੰਕਟ ਦੀ ਪੈਦਾਵਾਰ ਹੁੰਦਾ ਹੈ ਜਦੋਂਕਿ ਬੋਨਾਪਾਰਤਵਾਦ ‘ਸੰਤੁਲਨ ਸੰਕਟ‘ ਦਾ ਪ੍ਰਗਟਾਵਾ ਹੁੰਦਾ ਹੈ।
ਅਜਿਹੇ ਵਿੱਚ ਫ਼ਾਸੀਵਾਦ ਦੇ ਆਮ ਲੱਛਣਾਂ ਨੂੰ ਪਛਾਣਨਾ ਅਤੇ 21ਵੀਂ ਸਦੀ ਵਿੱਚ ਫ਼ਾਸੀਵਾਦ ਦੇ ਖ਼ਾਸੇ ਨੂੰ ਸਮਝਣਾ ਅਤੇ ਹੋਰਨਾਂ ਧੁਰ ਸੱਜੇ–ਪੱਖੀ ਪ੍ਰਤੀਕ੍ਰਿਆਵਾਂ ਤੋਂ ਉਸ ਦੇ ਫ਼ਰਕ ਦੀ ਪਛਾਣ ਕਰਨਾ ਮਹਿਜ਼ ਕੋਈ ਅਕਾਦਮਿਕ ਕਵਾਇਦ ਨਹੀਂ ਹੈ, ਸਗੋਂ ਅੱਜ ਦੇ ਦੌਰ ਵਿੱਚ ਕੇਂਦਰੀ ਮਹੱਤਵ ਰੱਖਣ ਵਾਲ਼ਾ ਬੁਨਿਆਦੀ ਸਿਆਸੀ ਸਵਾਲ ਹੈ। ਇਹਨਾਂ ਸਵਾਲਾਂ ‘ਤੇ ਵਿਸਥਾਰ ਵਿੱਚ ਗੱਲ ਰੱਖਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਬਹਿਸਾਂ ਰਾਹੀਂ ਹੀ ਅਸੀਂ ਅੱਜ ਦੇ ਸਭ ਤੋਂ ਭੱਖਦੇ ਅਤੇ ਜ਼ਰੂਰੀ ਸਿਆਸੀ ਪ੍ਰਸ਼ਨ ਦੇ ਹੱਲ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਾਂ: ਯਾਨੀ ਮੌਜੂਦਾ ਮੋਦੀ–ਸ਼ਾਹ ਸੱਤਾ ਦੇ ਵਿਰੁੱਧ ਇੱਕ ਸਹੀ ਇਨਕਲਾਬੀ ਯੁੱਧਨੀਤੀ ਅਤੇ ਆਮ ਦਾਅ–ਪੇਚ ਘੜਨ ਦੇ ਕੰਮ ਵਿੱਚ ਲੱਗ ਸਕਦੇ ਹਾਂ।
ਸੈਮੀਨਾਰ ਵਿੱਚ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਕੌਲਿਨ ਗੋਂਜ਼ਾਲਵਿਸ ਨੇ ‘ਫ਼ਾਸੀਵਾਦ ਦਾ ਉਭਾਰ ਅਤੇ ਕਨੂੰਨ ਤੇ ਨਿਆਂਪਾਲਿਕਾ ਦਾ ਸਵਾਲ‘ ਵਿਸ਼ੇ ‘ਤੇ ਆਪਣੀ ਗੱਲ ਰੱਖੀ। ਕੌਲਿਨ ਗੋਂਜ਼ਾਲਵਿਸ ਨੇ ਦੱਸਿਆ ਕਿ ਕਿਸ ਤਰ੍ਹਾਂ ਸਮੁੱਚੇ ਨਿਆਂ ਪ੍ਰਬੰਧ ਨੂੰ ਫ਼ਾਸੀਵਾਦੀ ਤਾਕਤਾਂ ਨੇ ਅੰਦਰੋਂ ਖੋਖਲਾ ਕਰ ਦਿੱਤਾ ਹੈ ਅਤੇ ਲੰਮੀ ਪ੍ਰਕਿਰਿਆ ਵਿੱਚ ਉਸ ਦਾ ਟੇਕਓਵਰ ਕਰ ਲਿਆ ਹੈ। ਹਾਲ ਹੀ ਵਿੱਚ ਆਏ ਕਈ ਫ਼ੈਸਲਿਆਂ ਦੀ ਚਰਚਾ ਕਰਦਿਆਂ ਹੋਇਆਂ ਉਨ੍ਹਾਂ ਦਿਖਾਇਆ ਕਿ ਨਿਆਂਪਾਲਿਕਾ ਸਮੇਤ ਪੁਲ਼ਸ ਅਤੇ ਨੌਕਰਸ਼ਾਹੀ ਤੱਕ ਉੱਤੇ ਫ਼ਾਸੀਵਾਦੀ ਤਾਕਤਾਂ ਨੇ ਅੰਦਰੋਂ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਸਾਲਾਂ ਦੇ ਦੌਰਾਨ ਮੋਦੀ ਸਰਕਾਰ ਨੇ ਨਿਆਂਪਾਲਿਕਾ ਦੇ ਬਚੇ–ਖੁਚੇ ਢਾਂਚੇ ਨੂੰ ਜਿਸ ਢੰਗ ਨਾਲ਼ ਕਮਜ਼ੋਰ ਕੀਤਾ ਹੈ, ਅਜ਼ਾਦੀ ਤੋਂ ਪਿੱਛੋਂ ਦੇ ਭਾਰਤੀ ਇਤਿਹਾਸ ਵਿੱਚ ਉਸ ਦੇ ਬਰਾਬਰ ਦੀ ਹੋਰ ਕੋਈ ਮਿਸਾਲ ਨਹੀਂ ਹੈ। ਕੌਲਿਨ ਨੇ ਅਨੇਕਾਂ ਤੱਥਾਂ ਅਤੇ ਘਟਨਾਵਾਂ ਦੇ ਜ਼ਰੀਏ ਜ਼ੋਰਦਾਰ ਢੰਗ ਨਾਲ਼ ਇਸ ਗੱਲ ਨੂੰ ਰੱਖਿਆ ਕਿ ਮੋਦੀ ਸਰਕਾਰ ਨੇ ਅੱਜ ਲੋਕਤੰਤਰ ਨੂੰ ਅੰਦਰੋਂ ਖੋਖਲਾ ਬਣਾ ਦਿੱਤਾ ਹੈ। ਤਮਾਮ ਜਮਹੂਰੀ ਅਦਾਰਿਆਂ ਦਾ ਬੱਸ ਢਾਂਚਾ ਹੀ ਬਚਿਆ ਰਹਿ ਗਿਆ ਹੈ। ਉਨ੍ਹਾਂ ਨੇ ਨਿਆਂਪਾਲਿਕਾ ਵਿੱਚ ਫ਼ਾਸੀਵਾਦੀ ਘੁਸਪੈਠ ਅਤੇ ਜਮਹੂਰੀਅਤ ‘ਤੇ ਹਮਲਿਆਂ ਬਾਰੇ ਬਹੁਤ ਸਾਰੀਆਂ ਠੋਸ ਮਿਸਾਲਾਂ ਨਾਲ਼ ਆਪਣੀ ਗੱਲ ਰੱਖੀ।
ਟਰੱਸਟ ਵੱਲੋਂ ਕਾਮਰੇਡ ਆਨੰਦ ਨੇ ‘ਭਾਰਤ ਵਿੱਚ ਫ਼ਾਸੀਵਾਦ ਦਾ ਉਭਾਰ : ਉਤਪਤੀ, ਵਿਕਾਸ ਅਤੇ ਮੌਜੂਦਾ ਹਾਲਤ ਅਤੇ ਟਾਕਰੇ ਦੀ ਪ੍ਰੋਲੇਤਾਰੀ ਯੁੱਧਨੀਤੀ ਦਾ ਸਵਾਲ‘ ਵਿਸ਼ੇ ‘ਤੇ ਪਰਚਾ ਪੜ੍ਹਿਆ। ਇਸ ਵਿੱਚ ਭਾਰਤ ਵਿੱਚ ਫ਼ਾਸੀਵਾਦ ਦੇ ਖ਼ਾਸੇ ਬਾਰੇ ਵਿਸਥਾਰ ਵਿੱਚ ਗੱਲ ਰੱਖਦਿਆਂ ਹੋਇਆਂ ਇਹ ਦੱਸਿਆ ਗਿਆ ਕਿ ਭਾਰਤ ਅੰਦਰ ਫ਼ਾਸੀਵਾਦੀ ਸੰਗਠਨ ਅਤੇ ਫ਼ਾਸੀਵਾਦੀ ਵਿਚਾਰਧਾਰਾ ਬ੍ਰਿਟਿਸ਼ ਬਸਤੀਵਾਦੀ ਕਾਲ ਦੌਰਾਨ ਹੀ ਹੋਂਦ ਵਿੱਚ ਆ ਗਈ ਸੀ, ਪਰ ਫ਼ਾਸੀਵਾਦੀ ਅੰਦੋਲਨ ਉਸ ਤੋਂ ਕਈ ਦਹਾਕਿਆਂ ਬਾਅਦ 1980 ਦੇ ਦਹਾਕੇ ਵਿੱਚ ਜਾ ਕੇ ਹੋਂਦ ਵਿੱਚ ਆਇਆ। ਇਸ ਤਰ੍ਹਾਂ ਭਾਰਤ ਵਿੱਚ ਫ਼ਾਸੀਵਾਦ ਇੱਕ ਲੰਬੇ ਇਨਕਿਉਬੇਸ਼ਨ ਕਾਲ (ਸੁਮਿਤ ਸਰਕਾਰ ਦੇ ਸ਼ਬਦਾਂ ਵਿੱਚ ਗਰਭ ਅਵਸਥਾ ਦੀ ਲੰਮੀ ਪ੍ਰਕਿਰਿਆ) ‘ਚੋਂ ਹੋ ਕੇ ਲੰਘਿਆ ਹੈ ਜਿਸ ਦੌਰਾਨ ਉਸ ਨੇ ਸਮਾਜ ਦੇ ਪੋਰ–ਪੋਰ ਵਿੱਚ ਆਪਣੀ ਮੌਜੂਦਗੀ ਨੂੰ ਦਰਜ ਕਰਵਾਇਆ ਹੈ। ਆਪਣੇ ਵਜੂਦ ਦੇ ਪਹਿਲੇ ਛੇ ਦਹਾਕਿਆਂ ਦੇ ਦੌਰਾਨ ਉਹ, ਗ੍ਰਾਮਸ਼ੀ ਦੇ ਸ਼ਬਦਾਂ ਵਿੱਚ, ਇੱਕ ਲੰਬੇ ਸਥਿਤੀਗਤ ਯੁੱਧ (war of positions) ਦੇ ਰੂਪ ਵਿੱਚ ਮੌਜੂਦ ਸੀ। ਇਸ ਦੌਰਾਨ ਉਸ ਨੇ ਸਮਾਜ ਵਿੱਚ ਵੱਖ–ਵੱਖ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਜੋ ਅੱਜ ਸੰਘ ਪਰਿਵਾਰ ਦਾ ਹਿੱਸਾ ਹਨ। ਸਮਾਜਕ, ਵਿੱਦਿਅਕ ਅਤੇ ਸੁਧਾਰ ਸੰਸਥਾਵਾਂ ਦਾ ਤਾਣਾ–ਬਾਣਾ ਖੜ੍ਹਾ ਕਰਕੇ ਆਪਣੇ ਸਮਾਜਕ ਅਧਾਰ ਦਾ ਵਿਸਥਾਰ ਕਰਨਾ ਆਰਐੱਸਐੱਸ ਦੀ ਲੰਮੀ ਯੋਜਨਾ ਦਾ ਹਿੱਸਾ ਸੀ। ਇਸ ਦੌਰਾਨ ਇਸ ਨੇ ਸਟੇਟ ਮਸ਼ੀਨਰੀ ਦੇ ਸਾਰੇ ਅੰਗਾਂ ਵਿੱਚ ਡੂੰਘੀ ਘੁਸਪੈਠ ਕੀਤੀ। 1980 ਦੇ ਦਹਾਕੇ ਦੇ ਅੱਧ ਤੱਕ ਆਉਂਦਿਆਂ–ਆਉਂਦਿਆਂ ਜਦੋਂ ਪਬਲਿਕ ਸੈਕਟਰ ਪੂੰਜੀਵਾਦ ਆਪਣੇ ਸੰਤ੍ਰਿਪਤੀ ਬਿੰਦੂ ‘ਤੇ ਪਹੁੰਚ ਰਿਹਾ ਸੀ ਅਤੇ ਜਦੋਂ ਨਿੱਕ–ਬੁਰਜੁਆ ਪ੍ਰਤੀਕਿਰਿਆ ਇੱਕ ਗੌਲਣਯੋਗ ਪੱਧਰ ‘ਤੇ ਪਹੁੰਚ ਚੁੱਕੀ ਸੀ, ਫ਼ਾਸੀਵਾਦੀਆਂ ਨੇ 1980 ਦੇ ਦਹਾਕੇ ਵਿੱਚ ਸਰਮਾਏਦਾਰਾ ਸੰਕਟ ਦੁਆਰਾ ਮੱਧ ਵਰਗਾਂ ਵਿੱਚ ਪੈਦਾ ਹੋਈ ਅਸੁਰੱਖਿਆ ਅਤੇ ਬੇਚੈਨੀ ਦਾ ਇਸਤੇਮਾਲ ਕਰਦਿਆਂ ਹੋਇਆਂ ਅਸਲ ਜਮਾਤੀ ਵਿਰੋਧਤਾਈਆਂ ਨੂੰ ਵਿਚਾਰਧਾਰਾਤਮਕ ਅਤੇ ਸਿਆਸੀ ਤੌਰ ‘ਤੇ ਇੱਕ ਗ਼ਲਤ ਰੂਪ ਵਿੱਚ ਪੇਸ਼ ਕਰਕੇ ਲੋਕਾਂ ਨੂੰ ਰਾਮ ਮੰਦਰ ਦੇ ਮੁੱਦੇ ‘ਤੇ ਲਾਮਬੰਦ ਕੀਤਾ। ਇਸ ਨੂੰ ਭਾਰਤ ਅੰਦਰ ਫ਼ਾਸੀਵਾਦ ਦਾ ਪਹਿਲਾ ਗੇੜ ਆਖਿਆ ਜਾ ਸਕਦਾ ਹੈ। 1992 ਵਿੱਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਦੇ ਨਾਲ਼ ਹੀ ਇਹ ਅੰਦੋਲਨ ਆਪਣੇ ਸਿਖ਼ਰ ‘ਤੇ ਜਾ ਪਹੁੰਚਿਆ। 2002 ਵਿੱਚ ਗੁਜਰਾਤ ਕਤਲੇਆਮ ਦੇ ਰੂਪ ਵਿੱਚ ਭਾਰਤੀ ਫ਼ਾਸੀਵਾਦ ਨੇ ਆਪਣੇ ਦੂਜੇ ਗੇੜ ਨੂੰ ਅੰਜਾਮ ਦਿੱਤਾ। ਇਸ ਦੌਰ ਨਾਲ਼ ਅਖੌਤੀ “ਹਿੰਦੂ ਹਿਰਦੇ ਸਮਰਾਟ” ਨਰਿੰਦਰ ਮੋਦੀ ਦੇ ਰੂਪ ਵਿੱਚ ਭਾਰਤੀ ਫ਼ਾਸੀਵਾਦ ਦੇ ਸੁਪਰੀਮ ਲੀਡਰ ਨੂੰ ਘੜ੍ਹੇ ਜਾਣ ਦੇ ਵਰਤਾਰੇ ਦੀ ਸ਼ੁਰੂਆਤ ਹੋਈ। 2004 ਤੋਂ 2014 ਦੇ ਦਰਮਿਆਨ ਇੱਕ ਦਹਾਕੇ ਦੇ ਵਿਰਾਮ ਕਾਲ ਵਿੱਚ ਦੋ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਸੰਘ ਪਰਿਵਾਰ ਨੇ ਸਮਾਜ ਵਿੱਚ ਆਪਣੀ ਪੈਠ ਬਣਾਈ ਰੱਖੀ, ਭਾਵੇਂ ਉਹ ਸਰਕਾਰੀ ਸੱਤਾ ਤੋਂ ਬਾਹਰ ਸੀ। ਆਰਥਕ ਸੰਕਟ ਦੀ ਹਾਲਤ ਅਤੇ 2010-11 ਦੇ ਵਿਸ਼ਾਲ ਘਪਲਿਆਂ–ਘੋਟਾਲਿਆਂ ਦੇ ਕਾਰਨ ਕਾਂਗਰਸ ਦੀ ਅਗਵਾਈ ਵਾਲ਼ੀ ਯੂਪੀਏ ਸਰਕਾਰ ਦੀ ਵੱਡੇ ਪੱਧਰ ‘ਤੇ ਸਾਖ ਡਿੱਗਣ ਦੇ ਮੱਦੇਨਜ਼ਰ ਅਜਿਹੇ ਹਾਲਾਤ ਬਣੇ ਜਿਨ੍ਹਾਂ ਵਿੱਚ 2010-11 ਅਤੇ 2014 ਦੇ ਦਰਮਿਆਨ ਭਾਰਤੀ ਫ਼ਾਸੀਵਾਦ ਨੇ ਕਾਰਪੋਰੇਟ ਮੀਡੀਏ ਦੀ ਪੂਰੀ ਤਰ੍ਹਾਂ ਮਿਲ਼ੀਭੁਗਤ ਨਾਲ਼ ਨਰਿੰਦਰ ਮੋਦੀ ਦੇ ਪੱਖ ਵਿੱਚ ਪੈਦਾ ਕੀਤੇ ਗਏ ਪਿਛਾਖੜੀ ਜਨੂੰਨ ਦੀ ਬਦੌਲਤ ਆਪਣੇ ਤੀਜੇ ਗੇੜ ਨੂੰ ਅੰਜਾਮ ਦੇਣ ਵਿੱਚ ਕਾਮਯਾਬੀ ਹਾਸਲ ਕੀਤੀ ਜਦੋਂ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਅਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੂਰਨ ਬਹੁਮਤ ਨਾਲ਼ ਸਰਕਾਰੀ ਸੱਤਾ ਤੱਕ ਪਹੁੰਚੀ। ਉਸ ਤੋਂ ਬਾਅਦ ਤੋਂ ਭਾਰਤ ਦੇ ਲੋਕ ਇੱਕ ਫ਼ਾਸੀਵਾਦੀ ਹਕੂਮਤ ਦੇ ਅਧੀਨ ਜਿਉਂ ਰਹੇ ਹਨ ਜਿਸ ਨੇ ਚੋਣਾਂ ਅਤੇ ਹੋਰਨਾਂ ਜਮਹੂਰੀ ਪ੍ਰਕਿਰਿਆਵਾਂ ਅਤੇ ਨਿਆਂ ਪ੍ਰਬੰਧ ਸਹਿਤ ਤਮਾਮ ਅਦਾਰਿਆਂ ਨੂੰ ਟੇਕਓਵਰ ਕਰਕੇ ਬੁਰਜੁਆ ਜਮਹੂਰੀ ਅੰਤਰਵਸਤੂ ਨੂੰ ਬੇਮਿਸਾਲ ਢੰਗ ਨਾਲ਼ ਤਾਰ–ਤਾਰ ਕਰ ਦਿੱਤਾ ਹੈ। ਪਰਚੇ ਦੇ ਅੰਤ ਵਿੱਚ ਫ਼ਾਸੀਵਾਦ ਦੇ ਖ਼ਿਲਾਫ਼ ਟਾਕਰੇ ਦੀ ਲਹਿਰ ਖੜ੍ਹੀ ਕਰਨ ਦੇ ਮੱਦੇਨਜ਼ਰ ਆਮ ਅਤੇ ਖ਼ਾਸ ਕਾਰਜਭਾਰਾਂ ਦਾ ਵੀ ਉਲੇਖ ਕੀਤਾ ਗਿਆ।

ਟਰੱਸਟ ਵੱਲੋਂ ਤੀਜਾ ਪਰਚਾ ਕਾਮਰੇਡ ਸ਼ਿਵਾਨੀ ਨੇ ਪੜ੍ਹਿਆ। ‘ਫ਼ਾਸੀਵਾਦ ਸੰਬੰਧੀ ਮਾਰਕਸਵਾਦੀ ਇਤਿਹਾਸ–ਲੇਖਣ : ਇੱਕ ਆਲੋਚਨਾਤਮਕ ਪੁਨਰ–ਮੁਲਾਂਕਣ‘ ਨਾਮੀ ਇਸ ਪਰਚੇ ਵਿੱਚ ਕਲਾਰਾ ਜੈਟਕਿਨ, ਗ੍ਰਾਮਸ਼ੀ ਜਿਹੇ ਮਾਰਕਸਵਾਦੀ ਵਿਚਾਰਕਾਂ ਦੇ ਦ੍ਰਿਸ਼ਟੀਕੋਣਾਂ ਦੀ ਚਰਚਾ ਕਰਦੇ ਹੋਏ ਫ਼ਾਸੀਵਾਦ ਦੇ ਪ੍ਰਤੀ ਕਾਮਿੰਟਰਨ ਯਾਨੀ ਤੀਜੇ ਕਮਿਊਨਿਸਟ ਇੰਟਰਨੈਸ਼ਨਲ ਦੇ ਵਿਸ਼ਲੇਸ਼ਣ ਦੇ ਪੈਦਾ ਹੋਣ ਅਤੇ ਵਿਕਾਸ ਦਾ ਉਲੇਖ ਕੀਤਾ ਗਿਆ। ਨਾਲ਼ ਹੀ ਦੂਜੇ ਸੰਸਾਰ ਯੁੱਧ ਤੋਂ ਬਾਅਦ ਸਰਮਾਏਦਾਰਾ ਰਾਜ ਅਤੇ ਫ਼ਾਸੀਵਾਦ ਦੇ ਸੁਭਾਅ ਅਤੇ ਕੰਮ ਕਰਨ ਦੇ ਤੌਰ–ਤਰੀਕਿਆਂ ਵਿੱਚ ਆਈਆਂ ਤਬਦੀਲੀਆਂ ‘ਤੇ ਵਿਸਥਾਰ ਵਿੱਚ ਚਰਚਾ ਕਰਦੇ ਹੋਏ ਐਨਸਨ ਰਾਬਿਨਬਾਖ਼, ਡੇਵਿਡ ਇਬਰਾਹਿਮ, ਜੇਫ਼ ਏਲੀ, ਕਰਟ ਗੌਸਵਾਇਲਰ ਅਤੇ ਨਿਕੋਸ ਪੂਲਾਂਤਜ਼ਾਸ ਜਿਹੇ ਮਾਰਕਸਵਾਦੀਆਂ ਅਤੇ ਬੁੱਧੀਜੀਵੀਆਂ ਦੇ ਵਿਸ਼ਲੇਸ਼ਣ ਦਾ ਆਲੋਚਨਾਤਮਕ ਮੁਲਾਂਕਣ ਕੀਤਾ ਗਿਆ। ਪਰਚੇ ਵਿੱਚ ਇਸ ਗੱਲ ਨੂੰ ਜ਼ੋਰਦਾਰ ਢੰਗ ਨਾਲ਼ ਰੱਖਿਆ ਗਿਆ ਕਿ ਆਪਣੀ ਸੱਤਵੀਂ ਕਾਂਗਰਸ ਵਿੱਚ ਕਾਮਿੰਟਰਨ ਦੁਆਰਾ ਅਪਣਾਈ ਗਈ ‘ਪਾਪੂਲਰ ਫ਼ਰੰਟ‘ ਦੀ ਲਾਈਨ ਗ਼ਲਤ ਸੀ, ਹਾਲਾਂਕਿ ਕਾਮਿੰਟਰਨ ਨੇ ਬਾਅਦ ਵਿੱਚ ਇਸ ਨੂੰ ਛੱਡ ਦਿੱਤਾ ਸੀ। ਪਰਚੇ ਵਿੱਚ 1920 ਅਤੇ 1930 ਦੇ ਦਹਾਕਿਆਂ ਦੌਰਾਨ ਕਾਮਿੰਟਰਨ ਦੀ ਲਾਈਨ ਵਿੱਚ ਆਈਆਂ ਤਬਦੀਲੀਆਂ ਦਾ ਵਿਸਥਾਰਪੂਰਵਕ ਵਰਣਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ‘ਹੇਠਾਂ ਤੋਂ ਸੰਯੁਕਤ ਮੋਰਚਾ ਬਣਾਉਣ‘ ਦੀ ਲੈਨਿਨਵਾਦੀ ਲਾਈਨ ਸਹੀ ਲਾਈਨ ਸੀ, ਪਰ ਬਾਅਦ ਵਿੱਚ “ਖੱਬੇ” ਅਤੇ ਸੱਜੇ–ਪੱਖੀ ਭਟਕਾਅ ਪੈਦਾ ਹੋਏ ਅਤੇ ਛੇਵੀਂ ਕਾਂਗਰਸ ਤੋਂ ਅਤਿ ਖੱਬੇ–ਪੱਖ ਦੇ ਭਟਕਾਅ ਦੀ ਇੱਕ ਬਿਮਾਰ ਪ੍ਰਤੀਕਿਰਿਆ ਦੇ ਰੂਪ ਵਿੱਚ ਹੀ ‘ਪਾਪੂਲਰ ਫ਼ਰੰਟ‘ ਦੀ ਲਾਈਨ ਸਾਮ੍ਹਣੇ ਆਈ। ਫਿਰ ਵੀ ਅੱਜ ਸਾਡੇ ਦੇਸ਼ ਵਿੱਚ ਫ਼ਾਸੀਵਾਦ ਦੇ ਟਾਕਰੇ ਦੇ ਨਾਂ ‘ਤੇ ਬੱਸ “ਪਾਪੂਲਰ ਫ਼ਰੰਟ” ਦੀ ਹੀ ਗੱਲ ਕੀਤੀ ਜਾਂਦੀ ਹੈ ਅਤੇ ਉਸ ਨੂੰ ਵੀ ਮਹਿਜ਼ ਬੁਰਜੁਆ ਪਾਰਟੀਆਂ ਦੇ ਨਾਲ਼ ਚੋਣ ਮੋਰਚੇ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪਰਚੇ ਵਿੱਚ ਪਿਛਲੀ ਸਦੀ ਦੇ ਅਖ਼ੀਰਲੇ ਕੁਝ ਦਹਾਕਿਆਂ ਵਿੱਚ ਸਰਮਾਏਦਾਰਾ ਸੰਕਟ ਦੇ ਸੁਭਾਅ ਵਿੱਚ ਆ ਰਹੀਆਂ ਤਬਦੀਲੀਆਂ ਅਤੇ ਇਸ ਦੇ ਨਾਲ਼ ਹੀ ਬੁਰਜੁਆ ਸਟੇਟ ਦੇ ਤਾਨਾਸ਼ਾਹ ਹੁੰਦੇ ਜਾਣ ਅਤੇ ਫ਼ਾਸੀਵਾਦ ਦੇ ਕੰਮ ਕਰਨ ਦੇ ਤੌਰ–ਤਰੀਕਿਆਂ ਵਿੱਚ ਆਈਆਂ ਤਬਦੀਲੀਆਂ ‘ਤੇ ਵੀ ਪੂਲਾਂਤਜ਼ਾਸ ਦੇ ਵਿਸ਼ਲੇਸ਼ਣ ਦੇ ਹਵਾਲੇ ਨਾਲ਼ ਚਰਚਾ ਕੀਤੀ ਗਈ। ਇਸ ਉਪਰੰਤ ਪਿਛਲੇ 30 ਸਾਲਾਂ ਦੇ ਦੌਰਾਨ ਦੁਨੀਆ ਵਿੱਚ ਫ਼ਾਸੀਵਾਦ ਸਮੇਤ ਧੁਰ ਸੱਜੇ–ਪੱਖੀ ਪ੍ਰਤੀਕਿਰਿਆ ਦੇ ਹੋਰਨਾਂ ਰੂਪਾਂ ਦਾ ਵਿਸ਼ਲੇਸ਼ਣ ਕਰਦਿਆਂ ਹੋਇਆਂ ਪੇਪਰ ਵਿੱਚ ਇਸ ਸੰਬੰਧੀ ਹੋਈਆਂ ਨਵੀਆਂ ਖੋਜਾਂ ਦਾ ਵੀ ਆਲੋਚਨਾਤਮਕ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਜੀ.ਐੱਮ. ਤਮਾਸ, ਉਗੋ ਪਲਹੇਤਾ, ਆਦਿ ਜਿਹੇ ਵਿਦਵਾਨ ਸ਼ਾਮਲ ਸਨ। ਇੱਕ ਵੱਖਰੇ ਹਿੱਸੇ ਵਿੱਚ ਇਸ ਪੇਪਰ ਵਿੱਚ ਸੋਧਵਾਦੀ ਅਤੇ ਸਮਾਜਕ–ਜਮਹੂਰੀ ਵਿਆਖਿਆਵਾਂ ਦੀ ਆਲੋਚਨਾ ਪੇਸ਼ ਕੀਤੀ ਗਈ।
ਸੈਮੀਨਾਰ ਦੇ ਚੌਥੇ ਦਿਨ ਟਰੱਸਟ ਵੱਲੋਂ ਕਾਮਰੇਡ ਸਨੀ ਸਿੰਘ ਨੇ ਆਪਣਾ ਪਰਚਾ ‘ਭਾਰਤੀ ਕਮਿਊਨਿਸਟ ਅੰਦੋਲਨ ਵਿੱਚ ਫ਼ਾਸੀਵਾਦ ਦੀ ਸਮਝ ਅਤੇ ਇਸ ਦੇ ਟਾਕਰੇ ਦੀਆਂ ਯੁੱਧਨੀਤੀਆਂ : ਇੱਕ ਆਲੋਚਨਾਤਮਕ ਵਿਸ਼ਲੇਸ਼ਣ‘ ਪੇਸ਼ ਕੀਤਾ। ਇਸ ਵਿੱਚ ਭਾਰਤ ਵਿੱਚ ਵੱਖ–ਵੱਖ ਕਮਿਊਨਿਸਟ ਧਿਰਾਂ ਅਤੇ ਬੁੱਧੀਜੀਵੀਆਂ ਤੇ ਸਮਾਜਕ–ਜਨਵਾਦੀਆਂ ਦੀ ਫ਼ਾਸੀਵਾਦ ਬਾਰੇ ਸਮਝ ਦੀ ਵਿਸਥਾਰ ਵਿੱਚ ਆਲੋਚਨਾ ਪੇਸ਼ ਕੀਤੀ ਗਈ। ਇਸ ਵਿੱਚ ਸੀਪੀਆਈ (ਐੱਮਐੱਲ), ਨਿਊ ਡੈਮੋਕ੍ਰੇਸੀ, ਸੀਪੀਆਈ (ਐੱਮਐੱਲ), ਰੈੱਡ ਸਟਾਰ ਅਤੇ ਨਾਲ਼ ਹੀ ਕਾ. ਮੁਰਲੀ (ਅਜੀਤ) ਦੀ ਫ਼ਾਸੀਵਾਦ ਬਾਰੇ ਸਮਝ ਦੀ ਵੀ ਵਿਸਥਾਰ ਵਿੱਚ ਆਲੋਚਨਾ ਪੇਸ਼ ਕੀਤੀ ਗਈ। ਇਸ ਵਿੱਚ ਮਾਰਕਸਵਾਦ ਤੋਂ ਕਾ. ਮੁਰਲੀ ਦੇ ਭਟਕਾਅ ਨੂੰ ਵਿਸਥਾਰ ਨਾਲ਼ ਪੇਸ਼ ਕੀਤਾ ਗਿਆ। ਨਾਲ਼ ਹੀ ਫ਼ਾਸੀਵਾਦ ਬਾਰੇ ਪ੍ਰਭਾਤ ਪਟਨਾਇਕ ਦੀ ਸਮਝਦਾਰੀ ਦੀ ਵੀ ਆਲੋਚਨਾ ਪੇਸ਼ ਕੀਤੀ ਗਈ। ਇਸ ਪਰਚੇ ‘ਤੇ ਚਰਚਾ ਦੇ ਦੌਰਾਨ ਕਈ ਮਹੱਤਵਪੂਰਨ ਮਸਲਿਆਂ ‘ਤੇ ਗੱਲਬਾਤ ਤੋਂ ਇਲਾਵਾ ਕਿਸਾਨਾਂ ਦੇ ਲਈ ਘੱਟੋ–ਘੱਟ ਸਮਰਥਨ ਮੁੱਲ (MSP), ਰਾਖਵੇਂਕਰਨ ਅਤੇ ਭਾਰਤੀ ਸਮਾਜ ਵਿੱਚ ਭਾਰੂ ਪੈਦਾਵਾਰੀ ਪੱਧਤੀ ਜਿਹੇ ਮੁੱਦਿਆਂ ‘ਤੇ ਚਰਚਾ ਹੋਈ। ਇਹਨਾਂ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਪੇਂਡੂ ਕਿਰਤੀਆਂ ਅਤੇ ਗ਼ਰੀਬ ਤੇ ਸੀਮਾਂਤ ਕਿਸਾਨੀ ਦੀਆਂ ਮੰਗਾਂ ਜਿਵੇਂ ਸੰਸਥਾਗਤ ਕਰਜ਼ੇ, ਧਨੀ ਕਿਸਾਨਾਂ ‘ਤੇ ਟੈਕਸ ਲਾ ਕੇ ਖੇਤੀ ਲਾਗਤਾਂ ਨੂੰ ਘੱਟ ਕਰਨਾ ਆਦਿ ਉੱਤੇ ਅਜ਼ਾਦ ਸੰਘਰਸ਼ ਕਰਨਾ ਚਾਹੀਦਾ ਹੈ, ਨਾ ਕਿ ਐੱਮਐੱਸਪੀ ਦੇ ਸਮਰਥਨ ਵਿੱਚ ਧਨੀ ਕਿਸਾਨਾਂ ਅਤੇ ਕੁਲਕਾਂ ਦੇ ਪਿੱਛੇ ਚੱਲਣਾ ਚਾਹੀਦਾ ਹੈ।
ਟਰੱਸਟ ਵੱਲੋਂ ਪ੍ਰਸਿੱਧ ਹਿੰਦੀ ਕਵਿਤਰੀ ਅਤੇ ਸਿਆਸੀ ਕਾਰਕੁੰਨ ਕਾਮਰੇਡ ਕਾਤਿਆਇਨੀ ਦੁਆਰਾ ‘ਸਾਡੇ ਸਮਿਆਂ ਵਿੱਚ ਫ਼ਾਸੀਵਾਦ ਅਤੇ ਕਲਾ–ਸਾਹਿਤ ਦਾ ਮੋਰਚਾ : ਕੁਝ ਮਹੱਤਵਪੂਰਨ ਪ੍ਰਸ਼ਨ‘ ਵਿਸ਼ੇ ‘ਤੇ ਪੰਜਵਾਂ ਅਤੇ ਆਖ਼ਰੀ ਪਰਚਾ ਪੇਸ਼ ਕੀਤਾ ਗਿਆ। ਫ਼ਾਸੀਵਾਦ ਕਿਸ ਤਰ੍ਹਾਂ ਕਲਾ ਅਤੇ ਸਾਹਿਤ ਦਾ ਆਪਣੇ ਪੱਖ ਵਿੱਚ ਇਸਤੇਮਾਲ ਕਰਦਾ ਹੈ, ਇਸ ਉੱਤੇ ਵਿਸਥਾਰ ਵਿੱਚ ਗੱਲ ਰੱਖਦਿਆਂ ਹੋਇਆਂ ਉਨ੍ਹਾਂ ਪਿਛਾਖੜੀ ਤੱਤਾਂ ਦਾ ਇਸਤੇਮਾਲ ਕਰਨ ਦੀ ਹਿੰਦੂਤਵੀ ਫ਼ਾਸੀਵਾਦੀਆਂ ਦੀ ਸੰਸਕ੍ਰਿਤਿਕ ਰਣਨੀਤੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਫ਼ਾਸੀਵਾਦ–ਵਿਰੋਧੀ ਸੰਘਰਸ਼ ਵਿੱਚ ਕਲਾ ਅਤੇ ਸਾਹਿਤ ਦੇ ਮੋਰਚੇ ‘ਤੇ ਇਤਿਹਾਸਕ ਤਜ਼ਰਬਿਆਂ ਨੂੰ ਰੇਖਾਂਕਿਤ ਕੀਤਾ ਅਤੇ ਸਾਡੇ ਸਮੇਂ ਵਿੱਚ ਇਸ ਨੂੰ ਲੈ ਕੇ ਮੌਜੂਦ ਵੱਖ–ਵੱਖ ਭੁਲੇਖਿਆਂ ਅਤੇ ਪ੍ਰਵਿਰਤੀਆਂ ‘ਤੇ ਇੱਕ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾ। ਇਸ ਮਹੱਤਵਪੂਰਨ ਪਰਚੇ ਦੀ ਸਮਾਪਤੀ ਫ਼ਾਸੀਵਾਦ ਦੇ ਵਿਰੁੱਧ ਸੰਘਰਸ਼ ਵਿੱਚ ਕਲਾ–ਸਾਹਿਤ ਅਤੇ ਸੰਸਕ੍ਰਿਤੀ ਦੇ ਮੋਰਚੇ ‘ਤੇ ਭਵਿੱਖੀ ਜ਼ਿੰਮੇਵਾਰੀਆਂ ਨੂੰ ਰੇਖਾਂਕਿਤ ਕਰਨ ਦੇ ਨਾਲ਼ ਹੋਈ।
ਸੈਮੀਨਾਰ ਵਿੱਚ ਸੀਪੀਆਈ ਐੱਮਐੱਲ (ਰੈੱਡ ਸਟਾਰ) ਦੇ ਕਾਮਰੇਡ ਪੀ.ਜੇ. ਜੇਮਸ ਦੇ ਪਰਚੇ ‘ਗਲੋਬਲ ਨਿਓਫ਼ਾਸਿਜ਼ਮ ਇਨਕਲੂਡਿੰਗ ਆਰਐੱਸਐੱਸ ਫ਼ਾਸਿਜ਼ਮ ਇਨ ਇੰਡੀਆ ਐਂਡ ਐਂਟੀ ਫ਼ਾਸਿਸਟ ਟਾਸਕ‘ ਨੂੰ ਕਾਮਰੇਡ ਮਨਸਾਇਆ ਨੇ ਪੇਸ਼ ਕੀਤਾ। ਸੀਪੀਆਈ (ਐੱਮਐੱਲ) ਮਾਸਲਾਈਨ ਦੇ ਕਾਮਰੇਡ ਕੇਜੀ ਰਾਮਚੰਦਰ ਵੱਲੋਂ ਕਾਮਰੇਡ ਪਦਮਾ ਨੇ ਫ਼ਾਸੀਵਾਦ ‘ਤੇ ਇੱਕ ਪਰਚਾ ਪੜ੍ਹਿਆ। ਇਸ ਵਿੱਚ ਮੋਦੀ–ਸ਼ਾਹ ਦੇ ਮੌਜੂਦਾ ਸ਼ਾਸਨ ਨੂੰ ਇੱਕ ਖੁੱਲ੍ਹੀ ਅੱਤਵਾਦੀ ਤਾਨਾਸ਼ਾਹੀ ਦੱਸਦਿਆਂ ਹੋਇਆਂ ਸੈਮੀਨਾਰ ਦੇ ਮੁੱਖ ਪਰਚੇ ਦੀ ਇਸ ਪੁਜੀਸ਼ਨ ਨਾਲ਼ ਸਹਿਮਤੀ ਪ੍ਰਗਟ ਕੀਤੀ ਗਈ। ਨਿਊਯਾਰਕ ਦੇ ਮਾਓਵਾਦੀ ਕਮਿਊਨਿਸਟ ਸੰਗਠਨ ਦੇ ਕਾਮਰੇਡ ਏਰਿਕ ਸੋਰਾਬ ਨੇ ‘ਟਰੰਪਵਾਦ ਉੱਤੇ 10 ਆਰਜ਼ੀ ਟਿੱਪਣੀਆਂ‘ ਸਿਰਲੇਖ ਹੇਠ ਆਪਣੀ ਗੱਲ ਰੱਖੀ। ਉਨ੍ਹਾਂ ਅਮਰੀਕੀ ਪੂੰਜੀਵਾਦ ਦੇ ਸੰਕਟ ਦੇ ਨਾਲ਼–ਨਾਲ਼ ਉੱਥੇ ਧੁਰ ਸੱਜੇ–ਪੱਖੀ ਪ੍ਰਤੀਕਿਰਿਆ ਦੇ ਵਧਦੇ ਸਮਰਥਨ ਦੀ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਯੂਨੀਅਨਾਂ ਵਿੱਚ ਜੱਥੇਬੰਦ ਮਜ਼ਦੂਰਾਂ ਦੇ ਲਗਭਗ 50 ਫ਼ੀਸਦ ਹਿੱਸੇ ਨੇ ਇਸ ਵਾਰ ਟਰੰਪ ਨੂੰ ਵੋਟ ਦਿੱਤੀ। ਦੂਜੇ ਪਾਸੇ ਗ਼ਜ਼ਾ ਵਿੱਚ ਇਜ਼ਰਾਇਲ ਦੁਆਰਾ ਜਾਰੀ ਕਤਲੇਆਮ ਨੂੰ ਬਾਇਡੇਨ ਸ਼ਾਸਨ ਦੇ ਨੰਗੇ–ਚਿੱਟੇ ਸਮਰਥਨ ਨੇ ਵੀ ਡੈਮੋਕ੍ਰੇਟਾਂ ਨੂੰ ਨੁਕਸਾਨ ਪਹੁੰਚਾਇਆ। ਏਰਿਕ ਨੇ ਕਿਹਾ ਕਿ ਟਰੰਪ ਦੇ ਪਿੱਛੇ ਕਿਸੇ ਕਾਡਰ–ਅਧਾਰਤ ਪਾਰਟੀ ਦੀ ਤਾਕਤ ਨਹੀਂ ਹੈ ਅਤੇ ਕੁਝ ਹੋਰ ਪੱਖ ਵੀ ਹਨ ਜਿਨ੍ਹਾਂ ਦੇ ਚਲਦੇ ਉਸਦੇ ਸ਼ਾਸਨ ਨੂੰ ਫ਼ਾਸੀਵਾਦੀ ਨਹੀਂ ਕਿਹਾ ਜਾ ਸਕਦਾ, ਪਰ ਉਸ ਦਾ ਸ਼ਾਸਨ ਯਕੀਨਨ ਹੀ ਬੇਹੱਦ ਪ੍ਰਤੀਕਿਰਿਆਵਾਦੀ ਅਤੇ ਲੋਕ–ਵਿਰੋਧੀ ਹੋਵੇਗਾ। ਸੈਮੀਨਾਰ ਵਿੱਚ ਜਰਮਨੀ ਦੇ ਬੁੱਧੀਜੀਵੀ ਨਿਕੋਲਾਈ ਮੇਸਰਸ਼ਮਿਟ, ਕੋਲਕਾਤਾ ਦੀ ਖੋਜਾਰਥੀ ਦਿਸ਼ਾਰੀ ਚੱਕਰਵਰਤੀ ਨੇ ਪਰਚੇ ਪੇਸ਼ ਕੀਤੇ। ਆਸਟ੍ਰੇਲੀਆ–ਏਸ਼ੀਆ ਵਰਕਰਜ਼ ਲਿੰਕ (AAWL) ਦੀ ਸੈਕਟਰੀ ਜਿਸੇਲ ਹਾਨਾ ਨੇ ਵੀ ਵੀਡੀਓ ਲਿੰਕ ਰਾਹੀਂ ਆਪਣੀ ਹਾਜ਼ਰੀ ਲਵਾਈ ਜਿਸਦਾ ਵਿਸ਼ਾ ਸੀ ‘ਆਸਟ੍ਰੇਲੀਆ ਵਿੱਚ ਅਲਟ੍ਰਾ–ਰਾਈਟ ਦਾ ਉਭਾਰ ਅਤੇ ਅਸੀਂ ਉਸ ਨਾਲ਼ ਕਿਵੇਂ ਲੜ ਰਹੇ ਹਾਂ‘।
ਸੈਮੀਨਾਰ ਦੇ ਦੌਰਾਨ ਪੇਸ਼ ਕੀਤੇ ਗਏ ਸਾਰੇ ਪਰਚਿਆਂ ਅਤੇ ਲੈਕਚਰਾਂ ਦੇ ਵੱਖ–ਵੱਖ ਪੱਖਾਂ ‘ਤੇ ਵਿਆਪਕ ਸਾਰਥਕ ਬਹਿਸ–ਮੁਬਾਹਸਾ ਹੋਇਆ। ਕਾ. ਨਿਨੂ ਚਾਪਾਗਾਂਈ, ਕਾ. ਕੇ. ਮੁਰਲੀ, ਕਾ. ਸਿਧਾਰਥ, ਕਾ. ਰਮਾ ਆਦਿ ਸਹਿਤ ਦਰਜਨਾਂ ਸਿਆਸੀ ਕਾਰਕੁੰਨਾਂ, ਬੁੱਧੀਜੀਵੀਆਂ ਅਤੇ ਨੌਜਵਾਨਾਂ ਨੇ ਗੱਲਬਾਤ ਵਿੱਚ ਹਿੱਸਾ ਲਿਆ। ਆਖ਼ਰੀ ਦਿਨ ਪਰਚਿਆਂ ‘ਤੇ ਹੋਈ ਚਰਚਾ ਅਤੇ ਸਵਾਲ–ਜਵਾਬ ਦੇ ਨਾਲ਼–ਨਾਲ਼ ਫ਼ਾਸੀਵਾਦ ਦੇ ਖ਼ਾਸ ਚਰਿੱਤਰ, ਇਸ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੇ ਗਠਨ, ਕਾਂਗਰਸ ਜਾਂ ਸੰਸਦੀ ਖੱਬੇ–ਪੱਖੀ ਪਾਰਟੀਆਂ ਨਾਲ਼ ਚੋਣ ਗੱਠਜੋੜ ਦੇ ਸਵਾਲ ਆਦਿ ਉੱਪਰ ਚਰਚਾ ਹੋਈ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਫ਼ਾਸਿਸਟਾਂ ਨੂੰ ਅੱਜ ਸੰਵਿਧਾਨ ਅਤੇ ਸੰਸਦ ਨੂੰ ਭੰਗ ਕਰਨ ਦੀ ਕੋਈ ਲੋੜ ਨਹੀਂ ਹੈ। ਪਿਛਲੇ ਲੰਮੇ ਸਮੇਂ ਦੇ ਦੌਰਾਨ ਸਟੇਟ ਮਸ਼ੀਨਰੀ ਦੇ ਵੱਖ–ਵੱਖ ਅੰਗਾਂ ਵਿੱਚ ਘੁਸਪੈਠ ਰਾਹੀਂ ਉਹ ਇਸ ਨੂੰ ਅੰਦਰੋਂ ‘ਟੇਕਓਵਰ‘ ਕਰ ਚੁੱਕੇ ਹਨ। ਬੁਰਜੁਆ ਸਟੇਟ ਦੇ ਜਮਹੂਰੀ ਤੱਤ ਪਹਿਲਾਂ ਹੀ ਇਸ ਕਦਰ ਕਮਜ਼ੋਰ ਹੋ ਚੁੱਕੇ ਹਨ ਕਿ ਉਹਨਾਂ ਨੂੰ ਆਪਣੇ ਮਨਸੂਬਿਆਂ ਦੇ ਅਨੁਸਾਰ ਢਾਲਣ ਵਿੱਚ ਫ਼ਾਸਿਸਟਾਂ ਨੂੰ ਵਧੇਰੇ ਮੁਸ਼ੱਕਤ ਨਹੀਂ ਕਰਨੀ ਪਈ ਹੈ।
ਫ਼ਾਸੀਵਾਦ ਜਿਹੇ ਬੇਹੱਦ ਭੱਖਦੇ ਅਤੇ ਮਹੱਤਵਪੂਰਨ ਵਿਸ਼ੇ ‘ਤੇ ਵਿਚਾਰ–ਚਰਚਾ ਲਈ ਪੰਜ ਦਿਨਾਂ ਦਾ ਸਮਾਂ ਕਾਫ਼ੀ ਨਹੀਂ ਸੀ ਅਤੇ ਕਈ ਮੁੱਦਿਆਂ ‘ਤੇ ਗੱਲਬਾਤ ਨੂੰ ਸੀਮਤ ਕਰਨਾ ਪਿਆ ਪਰ ਇਸ ਦੌਰਾਨ ਹੋਏ ਸਿਆਸੀ ਬਹਿਸ–ਮੁਬਾਹਸੇ ਨੇ ਕਈ ਬੇਹੱਦ ਅਹਿਮ ਸਵਾਲਾਂ ਨੂੰ ਚੁੱਕਿਆ। ਯਕੀਨਨ ਹੀ ਫ਼ਾਸੀਵਾਦ ਦੇ ਵਰਤਾਰੇ ਨੂੰ ਸਮਝਣ ਅਤੇ ਉਸ ਨਾਲ਼ ਲੜਨ ਦੀ ਸਹੀ ਪ੍ਰੋਲੇਤਾਰੀ ਯੁੱਧਨੀਤੀ ਤਿਆਰ ਕਰਨ ਦੀ ਦਿਸ਼ਾ ਵਿੱਚ ਕਮਿਊਨਿਸਟ ਇਨਕਲਾਬੀਆਂ ਅਤੇ ਸੰਜੀਦਾ ਇਨਸਾਫ਼ਪਸੰਦ ਲੋਕਾਂ ਲਈ ਇਹ ਸੈਮੀਨਾਰ ਇੱਕ ਅਹਿਮ ਭੂਮਿਕਾ ਨਿਭਾਏਗਾ।