ਮਜ਼ਦੂਰ ਬਿਗਲ – Workers' Newspaper

  • ਮੁੱਖ ਪੇਜ
  • ‘ਮਜ਼ਦੂਰ ਬਿਗਲ’ ਬਾਰੇ
  • ਪੁਰਾਣੇ ਅੰਕ
  • ਸੰਪਰਕ
April 30, 2025 - ਵਾਤਾਵਰਨ
Author: ਸਨੀ

ਵਾਤਾਵਰਨੀ ਤਬਾਹੀ ਦੇ ਚਲਦਿਆਂ ਸੁੰਗੜਦਾ ਜਾਂਦਾ ਬਸੰਤ

  • ਸਨੀ

ਭਾਰਤ ਵਿੱਚ ਅਤੇ ਦੁਨੀਆ ਭਰ ਵਿੱਚ ਬਸੰਤ ਦਾ ਮੌਸਮ ਹੌਲ਼ੀ–ਹੌਲ਼ੀ ਛੋਟਾ ਹੁੰਦਾ ਜਾ ਰਿਹਾ ਹੈ। ਇਸ ਮੌਸਮ ਵਿੱਚ ਹੀ ਫੁੱਲ ਖਿੜਦੇ ਹਨ ਅਤੇ ਸਰਦ ਰੁੱਤ ਦੀ ਠੰਢ ਕਾਰਨ ਰੁਕਿਆ–ਰੁਕਿਆ ਜਿਹਾ ਪ੍ਰਤੀਤ ਹੁੰਦਾ ਜੀਵਨ ਆਪਣੇ ਸੁਰਖ਼ ਰੰਗਾਂ ਵਿੱਚ ਫੁੱਟ ਕੇ ਨਿੱਖਰ ਉੱਠਦਾ ਹੈ। ਪਰ ਵਾਤਾਵਰਨ ਵਿੱਚ ਤਬਦੀਲੀ ਦੇ ਚਲਦਿਆਂ ਇਹ ਰੁੱਤ ਹੀ ਸੁੰਗੜਦੀ ਜਾ ਰਹੀ ਹੈ। ਨਾ ਸਿਰਫ਼ ਬਸੰਤ ਸਗੋਂ ਸਾਰੇ ਮੌਸਮਾਂ ਦੀ ਤੁਲਨਾ ਵਿੱਚ ਹੀ ਗਰਮੀ ਰੁੱਤ ਦਾ ਦੌਰ ਲੰਮਾ ਖਿੱਚਦਾ ਜਾ ਰਿਹਾ ਹੈ। ਪਿਛਲੇ ਸਾਲ ਦਿੱਲੀ ਵਿੱਚ ਤਾਪਮਾਨ ਦਾ 50 ਡਿਗਰੀ ਤੱਕ ਚਲੇ ਜਾਣਾ ਹਾਲੇ ਵੀ ਆਮ ਲੋਕਾਂ ਦੀਆਂ ਯਾਦ ‘ਚੋਂ ਮਿਟਿਆ ਨਹੀਂ ਹੈ। ਨਾ ਸਿਰਫ਼ ਇਹ, ਬਲਕਿ ਪਿਛਲੇ ਕੁਝ ਸਾਲਾਂ ਦੌਰਾਨ ਗੜੇਮਾਰੀ, ਲੂਆਂ, ਤੂਫ਼ਾਨਾਂ ਅਤੇ ਹੋਰਨਾਂ ਕੁਦਰਤੀ ਆਫ਼ਤਾਵਾਂ ਦੀ ਆਵਰਤੀ ਵਿੱਚ ਵਾਧਾ ਹੋਇਆ ਹੈ। ਤੇਜ਼, ਤਿੱਖੀਆਂ ਤਬਦੀਲੀਆਂ ਅਤੇ ਗਰਮੀ ਦੀ ਰੁੱਤ ਦਾ ਵਿਸਥਾਰ ਧਰਤੀ ਦੇ ਤਾਪਮਾਨ ਦੇ ਵਾਧੇ ਕਾਰਨ ਵਾਪਰ ਰਿਹਾ ਹੈ। ਗਲੇਸ਼ੀਅਰਾਂ ਦੇ ਪਿਘਲਣ ਤੋਂ ਲੈ ਕੇ ਕਈ ਜੀਵ ਪ੍ਰਜਾਤੀਆਂ ਦਾ ਅਲੋਪ ਹੋਣਾ ਵੀ ਧਰਤੀ ਦੇ ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਵਾਪਰ ਰਿਹਾ ਹੈ। ਵਾਤਾਵਰਨ ਵਿੱਚ ਹੋ ਰਹੀ ਇਹ ਤਬਦੀਲੀ ਇੱਕ ਅਜਿਹੇ ਮੁਕਾਮ ਉੱਪਰ ਪਹੁੰਚ ਗਈ ਹੈ ਜਿੱਥੇ ਧਰਤੀ ਨੂੰ ਇੱਕ ਨਾ–ਟਾਲਣਯੋਗ ਨੁਕਸਾਨ ਹੋਣ ਦੀ ਸੰਭਾਵਨਾ ਪੈਦਾ ਹੋ ਚੁੱਕੀ ਹੈ।

ਨਾਸਾ ਦੇ ਪ੍ਰਸਿੱਧ ਵਿਗਿਆਨੀ ਜੇਮਜ਼ ਹਾਨਸੇਨ ਨੇ ਇਸ ਸਾਲ ਫ਼ਰਵਰੀ ਵਿੱਚ ਐਲਾਨ ਕੀਤਾ ਕਿ ਯੂਨਾਇਟਡ ਨੇਸ਼ਨਜ਼ ਦੇ ਪੈਰਿਸ ਸਮਝੌਤੇ ਵਿੱਚ ਵਿਸ਼ਵ ਤਾਪਮਾਨ ਨੂੰ ਉਦਯੋਗਿਕ ਇਨਕਲਾਬ ਤੋਂ ਪਹਿਲਾਂ ਦੇ ਤਾਪਮਾਨ ਤੋਂ 2 ਡਿਗਰੀ ਸੈਲਸੀਅਸ ਹੇਠਾਂ ਰੱਖਣ ਦਾ ਕਰਾਰ ‘ਮਰ‘ ਚੁੱਕਿਆ ਹੈ ਅਤੇ ਅਸੀਂ ਇਸ ਤਾਪਮਾਨ ਵਾਧੇ ਤੋਂ ਅੱਗੇ ਵੱਧ ਚੁੱਕੇ ਹਾਂ। ਹਾਨਸੇਨ ਨੇ ਆਪਣੀ ਰਿਸਰਚ ਦੀ ਰਿਪੋਰਟ ਦੇ ਹਵਾਲੇ ਨਾਲ਼ ਆਖਿਆ ਹੈ ਕਿ ਆਮ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ‘ਟੂਸੀ‘ (2C) ਦੇ ਨਾਂ ਨਾਲ਼ ਜਾਣੇ ਜਾਂਦੇ ਇਸ ਸਮਝੌਤੇ ਦਾ ਅੰਤ ਹੋ ਚੁੱਕਿਆ ਹੈ ਅਤੇ ਇਸ ਦੇ ਭਿਆਨਕ ਸਿੱਟੇ ਸਾਮ੍ਹਣੇ ਆਉਣ ਵਾਲ਼ੇ ਹਨ। ਧਰਤੀ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਤੱਕ ਵਧਣ ਤੋਂ ਬਾਅਦ ਕੁਝ ਅਜਿਹੇ ਵਰਤਾਰੇ ਸ਼ੁਰੂ ਹੋਣ ਵਾਲ਼ੇ ਹਨ ਜੋ ਨਾ–ਟਾਲਣਯੋਗ ਹਨ, ਮਿਸਾਲ ਵਜੋਂ ਧਰਤੀ ਬਰਫ਼ ਦੇ ਗਿਲਾਫ਼ ਤੋਂ ਮੁਕਤ ਹੋ ਜਾਵੇਗੀ, ਸਮੁੰਦਰ ਧਰਤੀ ਦੇ ਵੱਡੇ ਹਿੱਸੇ ਨੂੰ ਖਾ ਜਾਣਗੇ, ਮਹੱਤਵਪੂਰਨ ਮਹਾਂਸਾਗਰੀ ਧਾਰਾਵਾਂ ਮ੍ਰਿਤ ਹੋ ਜਾਣਗੀਆਂ ਅਤੇ ਚਾਣਚੱਕ ਵਾਪਰਨ ਵਾਲ਼ੀਆਂ ਵਾਤਾਵਰਨੀ ਤਬਦੀਲੀਆਂ ਆਮ ਹੋ ਜਾਣਗੀਆਂ। ਹਾਨਸੇਨ ਦੇ ਅਨੁਸਾਰ ਅਸੀਂ ਦੋ ਡਿਗਰੀ ਸੈਲਸੀਅਸ ਦੇ ਤਾਪਮਾਨ ਵਾਧੇ ਦੀ ਇਸ ‘ਚੱਟਾਨ‘ ਨੂੰ ਪਾਰ ਕਰਕੇ ਡੂੰਘੀ ਖੱਡ ਵਿੱਚ ਡਿੱਗਣ ਨੂੰ ਸਰਾਪੇ ਹੋਏ ਹਾਂ ਅਤੇ ਹੁਣ ਧਰਤੀ ਪਹਿਲਾਂ ਜਿਹੀ ਨਹੀਂ ਰਹੇਗੀ।

ਜੇਮਜ਼ ਹਾਨਸੇਨ ਦਾ ਇਹ ਵੀ ਕਹਿਣਾ ਹੈ ਕਿ ਅੱਜ ਦੇ ਸਮੇਂ ਇਸ ਵਾਤਾਵਰਨੀ ਸੰਕਟ ਤੋਂ ਬਚਣ ਦਾ ਰਾਹ ਕਿਸੇ ਬੁਨਿਆਦੀ ਤਬਦੀਲੀ ਸਦਕਾ ਹੀ ਸੰਭਵ ਹੈ। ਹਾਨਸੇਨ ਇਸ ਤਬਾਹੀ ਦਾ ਜ਼ਿੰਮੇਵਾਰ ਇਸ ਦੁਨੀਆ ਦੇ ਸਰਮਾਏਦਾਰਾਂ ਨੂੰ ਮੰਨਦਾ ਹੈ। ਪਰ ਇੱਥੇ ਆ ਕੇ ਉਹ ਰੁਕ ਜਾਂਦਾ ਹੈ। ਉਹ ਇਹ ਨਹੀਂ ਦੱਸਦਾ ਹੈ ਕਿ ਇਹ ਤਬਦੀਲੀ ਸਮਾਜਕ ਇਨਕਲਾਬ ਤੋਂ ਬਿਨਾਂ ਨਹੀਂ ਹੋ ਸਕਦੀ। ਉਹ ਇਹ ਤਾਂ ਆਖਦਾ ਹੈ ਕਿ ਇਸ ਦੁਨੀਆ ਦੀ ਬਰਬਾਦੀ ਦਾ ਕਾਰਨ ਸਰਮਾਏਦਾਰੀ ਹੈ ਪਰ ਇਹ ਵਿਗਿਆਨੀ ਇਸ ਬਰਬਾਦੀ ਦਾ ਬਦਲ ਪੇਸ਼ ਕਰਨ ਤੋਂ ਅਸਮਰੱਥ ਹੈ। ਵਾਤਾਵਰਨ ਨੂੰ ਬਚਾਉਣ ਦਾ ਹੱਲ ਕਾਲਜਾਂ ਦੇ ਪਾਠਕ੍ਰਮ ਵਿੱਚ ਮੌਜੂਦ ਵਿਸ਼ੇ ‘ਇਕੋਲੌਜੀ‘ ਨਾਲ਼ ਨਹੀਂ ਦਿੱਤਾ ਜਾ ਸਕਦਾ। ਇਸ ਦਾ ਹੱਲ ਸਿਆਸੀ ਤੌਰ ‘ਤੇ ਹੀ ਦਿੱਤਾ ਜਾ ਸਕਦਾ ਹੈ। ਰੋਕੇ ਦਾਲਤੋਨ ਨੇ ਸਹੀ ਹੀ ਆਖਿਆ ਸੀ ਕਿ ਇੱਕ ਵਿਸ਼ੇ ਦੇ ਤੌਰ ‘ਤੇ “ਇਕੋਲੌਜੀ” ਮਹਿਜ਼ “ਗੂੰਜ ਹੈ, ਸਰਮਾਏਦਾਰੀ ਦੁਆਰਾ ਦੁਨੀਆ ਦੀ ਤਬਾਹੀ ਕਾਰਨ ਮੱਚੇ ਸ਼ੋਰ ਦੀ“। ਇਹ ਵਿਸ਼ਾ ਹੀ ਵਾਤਾਵਰਨ ਵਿੱਚ ਤਬਦੀਲੀ ਅਤੇ ਜਮਾਤ ਰਹਿਤ ਮਨੁੱਖੀ ਸਮਾਜ ਦੇ ਸੰਬੰਧਾਂ ਦੀ ਪੜਤਾਲ ਕਰਦਾ ਹੈ। ਮੌਜੂਦਾ ਵਾਤਾਵਰਨੀ ਆਫ਼ਤ ਨਾ ਤਾਂ ਕੁਦਰਤੀ ਆਫ਼ਤ ਹੈ ਅਤੇ ਨਾ ਹੀ ਇਸਨੂੰ “ਮਨੁੱਖ ਦੁਆਰਾ ਸਿਰਜੀ” ਆਫ਼ਤ ਆਖਿਆ ਜਾਣਾ ਚਾਹੀਦਾ ਹੈ।

ਚਾਹੇ ਗਰਮੀ ਹੋਵੇ, ਸਰਦੀ ਹੋਵੇ ਜਾਂ ਬਿਨ ਮੌਸਮ ਤੋਂ ਆਇਆ ਮੀਂਹ ਹੋਵੇ, ਇਸ ਦਾ ਬੋਝ ਗ਼ਰੀਬ ਅਬਾਦੀ ਨੂੰ ਹੀ ਚੁੱਕਣਾ ਪੈਂਦਾ ਹੈ। ਲੂ ਵਿੱਚ ਜਾਂ ਸ਼ੀਤ ਲਹਿਰ ਦੌਰਾਨ ਜੋ ਮਰਦੇ ਹਨ, ਹੜ੍ਹਾਂ ਵਿੱਚ ਜਿਨ੍ਹਾਂ ਦੇ ਘਰ ਢਹਿ ਜਾਂਦੇ ਹਨ, ਸੋਕੇ ਦੌਰਾਨ ਜੋ ਪਿਆਸੇ ਮਰਦੇ ਹਨ, ਉਹ ਗ਼ਰੀਬ ਹੀ ਹਨ। ਮੌਸਮ ਵਿੱਚ ਹੋਣ ਵਾਲ਼ੀਆਂ ਅਨਿਯਮਿਤ ਤਬਦੀਲੀਆਂ ਦੀ ਮਾਰ ਤੋਂ ਅਮੀਰ ਅਤੇ ਉੱਚ ਮੱਧਵਰਗ ਆਪਣੇ ਘਰਾਂ ਵਿੱਚ ਲੱਗੇ ਏਅਰ ਕੰਡੀਸ਼ਨਰਾਂ, ਹੀਟਰਾਂ, ਵਾਟਰ ਪਰੂਫ਼ ਛੱਤਾਂ ਅਤੇ ਹੋਰਨਾਂ ਸਹੂਲਤਾਂ ਦੇ ਦਮ ‘ਤੇ ਆਮ ਕਰਕੇ ਤਤਕਾਲੀ ਤੌਰ ‘ਤੇ ਬਚ ਨਿੱਕਲਦਾ ਹੈ। ਵਾਤਾਵਰਨ ਦੀ ਮਾਰ ਦਾ ਅਸਰ ਸਭ ਤੋਂ ਵੱਧ ਗ਼ਰੀਬ ਅਬਾਦੀ ਉੱਪਰ ਹੁੰਦਾ ਹੈ ਅਤੇ ਅਮੀਰਾਂ ਦੀ ਇਹ ਅਬਾਦੀ ਆਮ ਕਰਕੇ ਇਸ ਤੋਂ ਤਤਕਾਲੀ ਤੌਰ ‘ਤੇ ਪ੍ਰਭਾਵਿਤ ਨਹੀਂ ਹੁੰਦੀ ਤਾਂ ਫਿਰ ਇਹ ਸਵਾਲ ਪੁੱਛਣਾ ਜ਼ਰੂਰੀ ਹੈ ਕਿ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ? ਇਸ ਦੇ ਦੋਸ਼ੀ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਧਰਤੀ ਦੇ ਤਾਪਮਾਨ ਵਿੱਚ ਵਾਧੇ ਦਾ ਕਾਰਨ ਕੀ ਹੈ ਅਤੇ ਇਹ ਵਾਧਾ ਵਾਤਾਵਰਨੀ ਤਬਾਹੀ ਵਿੱਚ ਕਿਉਂ ਬਦਲ ਜਾਂਦਾ ਹੈ? ਇਹ ਸ਼ੁੱਧ ਰੂਪ ਵਿੱਚ ਮੁਨਾਫ਼ੇ ਦੀ ਖ਼ਾਤਰ ਅੰਨ੍ਹੇਵਾਹ ਜੀਵਾਸ਼ਮ–ਅਧਾਰਤ ਈਂਧਣ ਯਾਨੀ ਪੈਟਰੋਲ ਅਤੇ ਡੀਜ਼ਲ ਆਦਿ ਦੀ ਖਪਤ ਦੇ ਕਾਰਨ, ਸਰਮਾਏਦਾਰਾ ਖੇਤੀ, ਖਾਣਾਂ ਅਤੇ ਉਦਯੋਗਾਂ ਦੇ ਕਾਰਨ ਜੰਗਲ਼ਾਂ ਦੇ ਹੋ ਰਹੇ ਸਫ਼ਾਏ ਕਾਰਨ ਵਾਪਰ ਰਿਹਾ ਹੈ। ਧਰਤੀ ਉੱਤੇ ਸਮੁੰਦਰਾਂ, ਪਰਬਤਾਂ ਅਤੇ ਜੰਗਲਾਂ ਦੇ ਜੀਵਨ–ਪ੍ਰਵਾਹ ਨੂੰ ਮੌਜੂਦਾ ਮੁਨਾਫ਼ੇ ਉੱਤੇ ਟਿਕਿਆ ਪ੍ਰਬੰਧ ਭੰਗ ਕਰ ਰਿਹਾ ਹੈ।

ਧਰਤੀ ਉੱਤੇ ਸੂਰਜ ਦੀ ਰੌਸ਼ਨੀ ਦਾ ਇੱਕ ਹਿੱਸਾ ਵਾਯੂਮੰਡਲ ਦੁਆਰਾ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ ਪਰ ਰੌਸ਼ਨੀ ਦਾ ਇੱਕ ਹਿੱਸਾ ਧਰਤੀ ਦੀ ਸਤ੍ਹਾ ਅਤੇ ਸਾਗਰ ਸੋਖ ਲੈਂਦੇ ਹਨ ਜਿਸ ਨੂੰ ਉਹ ਗਰਮੀ ਦੇ ਰੂਪ ਵਿੱਚ ਵਾਪਸ ਰੈਡੀਏਟ ਕਰਦੇ ਹਨ। ਇਹ ਵਰਤਾਰਾ ਧਰਤੀ ਦੇ ਤਾਪਮਾਨ ਨੂੰ ਇੱਕ ਨਿਸ਼ਚਿਤ ਸੀਮਾ ਤੱਕ ਲੈ ਜਾਂਦਾ ਹੈ ਜਿਸ ਸੀਮਾ ਦੇ ਅੰਦਰ ਇੱਕ ਸਮੇਂ ਧਰਤੀ ਦੀ ਸਤ੍ਹਾ ‘ਤੇ ਜੀਵਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੀ ਅਤੇ ਅੱਜ ਵੀ ਜਾਰੀ ਹੈ। ਪਰ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਤੋਂ ਧਰਤੀ ਦੇ ਗਰਭ ਵਿੱਚੋਂ ਜੀਵਾਸ਼ਮ ਈਂਧਣ ਨੂੰ ਕੱਢ ਕੇ ਜਲਾਉਣ ਨਾਲ਼ ਧਰਤੀ ਦਾ ਤਾਪਮਾਨ ਆਪਣੇ ਸੁਭਾਵਿਕ ਤਾਪਮਾਨ ਵਾਧੇ ਤੋਂ ਵਧੇਰੇ ਤੇਜ਼ੀ ਨਾਲ਼ ਵਧ ਰਿਹਾ ਹੈ। ਧਰਤੀ ਉੱਤੇ ਜੀਵਨ ਸੂਰਜ ਦੀ ਰੌਸ਼ਨੀ ਨੂੰ ਹੀ ਸੋਖ ਕੇ ਸੰਚਾਲਿਤ ਹੁੰਦਾ ਹੈ ਅਤੇ ਇੱਕ ਤੈਅ ਸੀਮਾ ਤੱਕ ਤਾਪਮਾਨ ਸੀਮਤ ਰਹਿੰਦਾ ਹੈ। ਜੀਵਾਸ਼ਮ ਈਂਧਣ ਦੇ ਦਹਿਣ ਕਾਰਨ ਜੰਮੀ ਹੋਈ ਮ੍ਰਿਤ “ਸੂਰਜ ਦੀ ਰੌਸ਼ਨੀ” ਜੀਵਤ ਸੂਰਜ ਦੀ ਰੌਸ਼ਨੀ ਨਾਲ਼ ਮਿਲ਼ ਕੇ ਤਾਪਮਾਨ ਨੂੰ ਵਧੇਰੇ ਤੇਜ਼ੀ ਨਾਲ਼ ਵਧਾ ਰਹੀ ਹੈ। ਇਸ ਦੇ ਚਲਦਿਆਂ ਹੀ ਧਰਤੀ ਉੱਤੇ ਅਜਿਹੀਆਂ ਤਬਦੀਲੀਆਂ ਹੋ ਰਹੀਆਂ ਹਨ ਜੋ ਜੀਵਨ ਦੇ ਕਈ ਰੂਪਾਂ ਲਈ ਜਾਨਲੇਵਾ ਸਿੱਧ ਹੋ ਰਹੀਆਂ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਧਰਤੀ ਨੂੰ ਬੁਖ਼ਾਰ ਚੜ੍ਹ ਗਿਆ ਹੋਵੇ। ਜਿਸ ਤਰ੍ਹਾਂ ਇੱਕ ਹੱਦ ਤੋਂ ਬਾਅਦ ਬੁਖ਼ਾਰ ਮਨੁੱਖ ਲਈ ਜਾਨਲੇਵਾ ਸਿੱਧ ਹੁੰਦਾ ਹੈ, ਉਸੇ ਤਰ੍ਹਾਂ ਹੀ ਧਰਤੀ ਉੱਤੇ ਤਾਪਮਾਨ ਦਾ ਵਾਧਾ ਵੀ ਧਰਤੀ ਉੱਪਰ ਜੀਵਨ ਲਈ ਜਾਨਲੇਵਾ ਹੈ। ਇਹ ਭਿਅੰਕਰ ਹੁੰਦੇ ਹਾਲਾਤ ਸਭ ਤੋਂ ਵੱਧ ਇਸ ਧਰਤੀ ਦੀ ਆਮ ਮਿਹਨਤਕਸ਼ ਗ਼ਰੀਬ ਜਨਤਾ ਲਈ ਜਾਨਲੇਵਾ ਹਨ।

ਮਾਰੂ ਸਿੱਧ ਹੁੰਦੀਆਂ ਇਹ ਵਾਤਾਵਰਨੀ ਤਬਦੀਲੀਆਂ ਸਰਮਾਏ ਦੁਆਰਾ ਕੁਦਰਤ ਦੀ ਅੰਨ੍ਹੀ ਲੁੱਟ ਦੇ ਸਿੱਟੇ ਹਨ। ਵਾਤਾਵਰਨੀ ਤਬਦੀਲੀਆਂ ਪ੍ਰਤੀ ਫ਼ਿਕਰਮੰਦੀ ਸਰਮਾਏਦਾਰ ਦੇਸ਼ਾਂ ਦੇ ਹੁਕਮਰਾਨਾਂ ਦੇ ਏਜੰਡੇ ਵਿੱਚ ਹੀ ਨਹੀਂ ਹੈ। ਉਹਨਾਂ ਦੀ ਚਿੰਤਾ ਮੁਨਾਫ਼ੇ ਦੀ ਡਿੱਗਦੀ ਦਰ ਨੂੰ ਰੋਕਣ ਦੇ ਖ਼ਿਆਲਾਂ ਅਤੇ ਯਤਨਾਂ ਵਿੱਚ ਹੀ ਡੁੱਬੀ ਹੋਈ ਹੈ ਜੋ ਉਹਨਾਂ ਨੂੰ ਕਿਰਤ ਅਤੇ ਕੁਦਰਤ ਦੀ ਹੋਰ ਵਧੇਰੇ ਲੁੱਟ–ਖਸੁੱਟ ਕਰਨ ਵੱਲ ਧੱਕਦੀ ਹੈ। ਭਾਰਤ ਸਰਕਾਰ ਦੁਆਰਾ ਜੰਗਲਾਂ ਤੋਂ ਲੈ ਕੇ ਪਹਾੜਾਂ, ਨਦੀਆਂ ਨੂੰ ਬਰਬਾਦ ਕਰਨ ਦੀਆਂ ਯੋਜਨਾਵਾਂ ਉੱਪਰ ਮੋਹਰ ਲਾਉਣ ਤੋਂ ਲੈ ਕੇ ਸਾਮਰਾਜੀ ਤਾਕਤਾਂ ਦੁਆਰਾ ਗ੍ਰੀਨਲੈਂਡ, ਆਰਕਟਿਕ ਅਤੇ ਅੰਟਾਰਟਿਕਾ ਵਿੱਚ ਜੀਵਾਸ਼ਮ ਬਾਲਣ ਦੇ ਭੰਡਾਰਾਂ ਦੀ ਲੁੱਟ ਲਈ ਨੂਰਾ ਕੁਸ਼ਤੀ ਹੋਵੇ ਜਾਂ ਬ੍ਰਾਜ਼ੀਲ ਦੇ ਐਮਾਜੌਨ ਦੇ ਜੰਗਲਾਂ ਦੀ ਤਬਾਹੀ, ਇਹ ਸਪਸ਼ਟ ਹੈ ਕਿ ਵਾਤਾਵਰਨ ਨੂੰ ਬਚਾਉਣਾ ਇਹਨਾਂ ਦੇ ਏਜੰਡੇ ਉੱਤੇ ਹੈ ਹੀ ਨਹੀਂ। ਸਪਸ਼ਟ ਹੈ ਕਿ ਵਾਤਾਵਰਨ ਨੂੰ ਬਚਾਉਣ ਦਾ ਮੁੱਦਾ ਵੀ ਆਮ ਮਿਹਨਤਕਸ਼ ਲੋਕਾਂ ਦੇ ਜਿਉਣ ਦੇ ਹੱਕ ਨਾਲ਼ ਜੁੜਿਆ ਮੁੱਦਾ ਹੈ। ਵਾਤਾਵਰਨ ਵਿਗਿਆਨੀ ਹਾਨਸੇਨ ਦੀ ‘2 ਸੀ ਇਜ਼ ਡੈੱਡ‘ ਦੀ ਚੇਤਾਵਨੀ ਸਰਮਾਏਦਾਰ ਹੁਕਮਰਾਨਾਂ ਦੇ ਬੋਲ਼ੇ ਕੰਨਾਂ ‘ਤੇ ਪੈ ਰਹੀ ਹੈ। ਇਹ ਮਸਲਾ ਅੱਜ ਮਜ਼ਦੂਰ ਜਮਾਤੀ ਸਿਆਸਤ ਦਾ ਅਹਿਮ ਮੁੱਦਾ ਹੈ। ਇਹ ਦੁਨੀਆ ਦੇ ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦੇ ਜਿਉਣ ਦੇ ਹੱਕ ਦਾ ਹੀ ਮਸਲਾ ਹੈ ਅਤੇ ਇਸ ਦੇ ਲਈ ਸੰਘਰਸ਼ ਵੀ ਮਜ਼ਦੂਰ ਜਮਾਤੀ ਪੈਂਤੜੇ ਤੋਂ ਲੜ ਕੇ ਹੀ ਕੀਤਾ ਜਾ ਸਕਦਾ ਹੈ, ਨਾ ਕਿ ਹਾਕਮਾਂ ਦੇ ਅੱਗੇ ਕੱਢੀਆਂ ਲੇਲ੍ਹੜੀਆਂ ਨਾਲ਼!

• ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ 1880 ਤੋਂ ਬਾਅਦ ਤੋਂ ਲਗਾਤਾਰ ਵੱਧ ਰਿਹਾ ਹੈ। 2024, ਤਾਪਮਾਨ ਦੇ ਮਾਪੇ ਜਾਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਹੈ ਅਤੇ ਪਿਛਲੇ 10 ਸਾਲ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਹਨ।

• ਪਿਛਲੇ ਸਾਲ ਆਈ ਔਕਸਫ਼ੈਮ ਦੀ ਰਿਪੋਰਟ ਅਨੁਸਾਰ ਦੁਨੀਆ ਦੇ 1 ਫ਼ੀਸਦ ਸਭ ਤੋਂ ਅਮੀਰ ਲੋਕ ਕਾਰਬਨ ਡਾਈਆਕਸਾਈਡ ਦੀ 16 ਫ਼ੀਸਦ ਨਿਕਾਸੀ ਲਈ ਅਤੇ 10 ਫ਼ੀਸਦ ਸਭ ਤੋਂ ਅਮੀਰ ਲੋਕ 50 ਫ਼ੀਸਦ ਨਿਕਾਸੀ ਲਈ ਜ਼ਿੰਮੇਵਾਰ ਹਨ।

• ਦੁਨੀਆ ਦੇ ਸਭ ਤੋਂ ਗ਼ਰੀਬ 66 ਫ਼ੀਸਦ ਲੋਕ, ਜਿਨ੍ਹਾਂ ਵਿੱਚ ਅਸੀਂ ਅਤੇ ਤੁਸੀਂ ਵੀ ਸ਼ਾਮਲ ਹਾਂ, ਕਾਰਬਨ ਡਾਈਆਕਸਾਈਡ ਦੀ ਜਿੰਨੀ ਨਿਕਾਸੀ ਕਰਦੇ ਹਨ, ਉਸ ਤੋਂ ਵੱਧ ਪ੍ਰਦੂਸ਼ਣ ਦੁਨੀਆ ਦੇ 1 ਫ਼ੀਸਦ ਲੋਕ ਕਰਦੇ ਹਨ।

• 2022 ਵਿੱਚ 125 ਅਰਬਪਤੀਆਂ ਨੇ ਆਪਣੇ ਉਦਯੋਗਾਂ ਵਿੱਚ ਔਸਤਨ 30 ਲੱਖ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕੀਤੀ ਜਦੋਂ ਕਿ ਦੁਨੀਆ ਦੀ ਸਭ ਤੋਂ ਗ਼ਰੀਬ 90 ਫ਼ੀਸਦ ਅਬਾਦੀ ਇਸੇ ਸਾਲ ਔਸਤਨ ਮਹਿਜ਼ 3 ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਲਈ ਜ਼ਿੰਮੇਵਾਰ ਸੀ।

• ਗ੍ਰੀਨਪੀਸ ਫ਼ਾਊਂਡੇਸ਼ਨ ਦੇ ਅਨੁਸਾਰ ਪਿਛਲੇ ਤਿੰਨ ਸਾਲਾਂ ਵਿੱਚ ਯੂਰਪ ਦੇ ਅਮੀਰਾਂ ਨੇ ਆਪਣੇ ਨਿੱਜੀ ਹਵਾਈ ਜਹਾਜ਼ਾਂ ਨਾਲ਼ 53 ਲੱਖ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਕੀਤੀ ਹੈ।



ਮਜ਼ਦੂਰ ਬਿਗਲ ਫ਼ਰਵਰੀ-ਮਾਰਚ-ਅਪ੍ਰੈਲ 2025

ਨਵਾਂ ਅੰਕ

ਮਜ਼ਦੂਰ ਬਿਗਲ - ਫ਼ਰਵਰੀ-ਮਾਰਚ-ਅਪ੍ਰੈਲ 2025

  • ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ : ਸੈਲਾਨੀਆਂ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਲਈ ਕੌਣ ਹੈ ਜ਼ਿੰਮੇਵਾਰ !?
  • ਵਕਫ਼ (ਸੋਧ) ਬਿਲ-2025 : ਧਾਰਮਿਕ ਜਾਇਦਾਦ ਦੇ ਸਹੀ ਪ੍ਰਬੰਧਨ ਦੇ ਨਾਂ ‘ਤੇ ਭਾਜਪਾ ਅਤੇ ਸੰਘ ਪਰਿਵਾਰ ਦਾ ਮੁਸਲਿਮ ਘੱਟਗਿਣਤੀਆਂ ਉੱਤੇ ਇੱਕ ਹੋਰ ਫ਼ਾਸੀਵਾਦੀ ਹਮਲਾ
  • ਇਨਕਲਾਬੀ ਮਜ਼ਦੂਰ ਸਿੱਖਿਆ ਲੜੀ – 2 ਕੁਝ ਬੁਨਿਆਦੀ ਗੱਲਾਂ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ – 1
  • ਅਸੀਂ ਦੇਸ਼ ਦੇ ਕਿਰਤੀ ਲੋਕ ਜੰਗ ਨਹੀਂ ਚਾਹੁੰਦੇ, ਅਸੀਂ ਸਿੱਖਿਆ-ਰੁਜ਼ਗਾਰ-ਸਿਹਤ ਸਹੂਲਤਾਂ ਅਤੇ ਚੰਗੀ ਜ਼ਿੰਦਗੀ ਚਾਹੁੰਦੇ ਹਾਂ !
  • ਛਾਵਾ : ਫ਼ਾਸੀਵਾਦੀ ਪ੍ਰਚਾਰ ਦੇ ਕੂੜੇਦਾਨ ਵਿੱਚੋਂ ਨਿੱਕਲੀ ਇੱਕ ਹੋਰ ਪ੍ਰਾਪੇਗੰਡਾ ਫ਼ਿਲਮ
  • ਫ਼ਲਸਤੀਨ ਦੇ ਮੁੱਦੇ ‘ਤੇ ਸਾਡਾ ਭਾਰਤ ਦੇ ਲੋਕਾਂ ਦਾ ਰੁਖ਼ ਕੀ ਹੋਣਾ ਚਾਹੀਦਾ ਹੈ?
  • ਵਾਤਾਵਰਨੀ ਤਬਾਹੀ ਦੇ ਚਲਦਿਆਂ ਸੁੰਗੜਦਾ ਜਾਂਦਾ ਬਸੰਤ
  • ਪਾਠਕ ਮੰਚ
  • ਸੱਤਵਾਂ ਕੌਮਾਂਤਰੀ ‘ਅਰਵਿੰਦ ਯਾਦਗਾਰੀ ਸੈਮੀਨਾਰ’ ਹੈਦਰਾਬਾਦ ਵਿੱਚ ਪੂਰਾ ਹੋਇਆ! ਫ਼ਾਸੀਵਾਦ ਦੀ ਸਹੀ ਸਮਝ ਲੈ ਕੇ ਇਸ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਲਿਆ ਗਿਆ ਅਹਿਦ!
  • ਇਤਿਹਾਸ ਦੇ ਗਲਿਆਰਿਆਂ ‘ਚੋਂ ਆਉਂਦੀ ਅਵਾਜ਼ ਨੂੰ ਸੁਣੋ ! ਸ਼ਹੀਦ-ਏ-ਆਜ਼ਮ ਭਗਤ ਸਿੰਘ ਅੱਜ ਦੇਸ਼ ਦੇ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਮਿਹਨਤਕਸ਼ਾਂ ਨੂੰ ਕੀ ਸੁਨੇਹਾ ਦੇ ਰਹੇ ਹਨ ?

ਲੇਖਮਾਲਾ

  • ਇਨਕਲਾਬੀ ਮਜ਼ਦੂਰ ਸਿੱਖਿਆ ਲੜੀ

ਮਜ਼ਦੂਰ ਬਿਗਲ ਨੂੰ ਹੋਰ ਭਾਸ਼ਾਵਾਂ ਵਿੱਚ ਪੜ੍ਹਨ ਲਈ

Mazdoor Bigul