ਇਤਿਹਾਸ ਦੇ ਗਲਿਆਰਿਆਂ ‘ਚੋਂ ਆਉਂਦੀ ਅਵਾਜ਼ ਨੂੰ ਸੁਣੋ !
ਸ਼ਹੀਦ–ਏ–ਆਜ਼ਮ ਭਗਤ ਸਿੰਘ ਅੱਜ ਦੇਸ਼ ਦੇ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਮਿਹਨਤਕਸ਼ਾਂ ਨੂੰ ਕੀ ਸੁਨੇਹਾ ਦੇ ਰਹੇ ਹਨ ?
23 ਮਾਰਚ ਨੂੰ ਸ਼ਹੀਦ–ਏ–ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਮਹਾਨ ਸਾਥੀਆਂ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ 94 ਵਰ੍ਹੇ ਪੂਰੇ ਹੋ ਗਏ ਹਨ। ਅੰਗਰੇਜ਼ੀ ਹਕੂਮਤ ਤਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਾਂ ਤੋਂ ਪੂਰੀ ਤਰ੍ਹਾਂ ਡਰੀ ਹੋਈ ਸੀ ਹੀ, ਪਰ ਅਜ਼ਾਦੀ ਤੋਂ ਬਾਅਦ ਦੇ ਤਕਰੀਬਨ 8 ਦਹਾਕਿਆਂ ਦੌਰਾਨ ਇਸ ਦੇਸ਼ ਦੀ ਹਾਕਮ ਜਮਾਤ ਨੇ ਵੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਤਰ੍ਹਾਂ–ਤਰ੍ਹਾਂ ਨਾਲ਼ ਦਬਾਉਣ ਦੀ ਕੋਸ਼ਸ਼ ਕੀਤੀ ਹੈ। ਜ਼ਾਹਰ ਹੈ, ਕਿਉਂ ਜੋ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਪ੍ਰਤੀ ਇਸ ਦੇਸ਼ ਦੇ ਮਜ਼ਦੂਰਾਂ, ਆਮ ਮਿਹਨਤਕਸ਼ ਅਬਾਦੀ ਅਤੇ ਵਿਦਿਆਰਥੀਆਂ–ਨੌਜਵਾਨਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਹੈ, ਇਸ ਲਈ ਭਗਤ ਸਿੰਘ ਦੇ ਨਾਂ ਨੂੰ ਪੂਰੀ ਤਰ੍ਹਾਂ ਨਾਲ਼ ਦਬਾ ਦੇਣ ਦੀ ਹਾਕਮ ਜਮਾਤਾਂ ਦੀ ਕੋਈ ਵੀ ਸਾਜਿਸ਼ ਕਾਮਯਾਬ ਨਹੀਂ ਹੋ ਸਕਦੀ ਸੀ। ਇਸ ਗੱਲ ਨੂੰ ਇਸ ਦੇਸ਼ ਦੇ ਹਾਕਮ ਵੀ ਭਲੀ–ਭਾਂਤ ਸਮਝਦੇ ਹਨ। ਇਸ ਲਈ ਭਗਤ ਸਿੰਘ ਦੇ ਵਿਚਾਰਾਂ ਨੂੰ ਉਨ੍ਹਾਂ ਦੇ ਹੀ ਬੁੱਤਾਂ, ਤਸਵੀਰਾਂ, ਫੁੱਲਾਂ ਦੇ ਹਾਰਾਂ ਦੇ ਬੋਝ ਥੱਲੇ ਦੱਬ ਦੇਣ ਦੀਆਂ ਕੋਸ਼ਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਭਗਤ ਸਿੰਘ ਦੇ ਇੱਕ ਝੂਠੇ ਅਕਸ ਨੂੰ ਲੋਕਾਂ ਵਿੱਚ ਪ੍ਰਚਾਰਿਆ–ਪ੍ਰਸਾਰਿਆ ਜਾਂਦਾ ਰਿਹਾ ਹੈ। ਇਹ ਅਕਸ ਹੈ – ਇੱਕ ਦਲੇਰ ਨੌਜਵਾਨ ਦਾ, ਜਿਸ ਨੇ ਬੰਬਾਂ–ਪਿਸਤੌਲਾਂ ਦੇ ਰਾਹੀਂ ਦੇਸ਼ ਨੂੰ ਅਜ਼ਾਦ ਕਰਵਾਉਣ ਦਾ ਰਾਹ ਚੁਣਿਆ ਅਤੇ ਇਸੇ ਰਾਹ ‘ਤੇ ਚੱਲਦਿਆਂ ਹੋਇਆਂ ਸ਼ਹੀਦ ਹੋ ਗਿਆ।
ਤ੍ਰਾਸਦੀ ਦੀ ਹੱਦ ਹੈ ਕਿ ਸ਼ਹੀਦ ਭਗਤ ਸਿੰਘ ਦਾ ਅਜਿਹਾ ਅਕਸ ਘੜ ਕੇ ਉਨ੍ਹਾਂ ਨੂੰ ਜਿਸ ਦਬੰਗ ਅਤੇ ਦਲੇਰ ਨਾਇਕ ਦੇ ਰੂਪ ਵਿੱਚ ਉਭਾਰਿਆ ਗਿਆ, ਉਸ ਦੇ ਪ੍ਰਭਾਵ ਹੇਠ ਦੇਸ਼ ਦੀਆਂ ਧਨਾਢ ਜਮਾਤਾਂ ਦੇ ਠੇਕੇਦਾਰ, ਧਨੀ ਕਿਸਾਨ, ਕੁਲਕ, ਜ਼ਿਮੀਂਦਾਰ ਅਤੇ ਵਪਾਰੀਆਂ ਦੀਆਂ ਗੁੰਡਾ ਅਤੇ ਲੰਪਟ ਔਲਾਦਾਂ ਵੀ ਆਪਣੀਆਂ ਵੱਡੀਆਂ–ਵੱਡੀਆਂ ਕਾਰਾਂ ਅਤੇ ਜੀਪਾਂ ਉੱਤੇ ਭਗਤ ਸਿੰਘ ਦੀ ਮੁੱਛਾਂ ਨੂੰ ਤਾਅ ਦਿੰਦੇ, ਹੱਥ ਵਿੱਚ ਪਿਸਤੌਲ ਫੜੇ, ਕਿਸੇ ਧਨਾਢ ਜੱਟ ਫ਼ਾਰਮਰ ਨਾਲ਼ ਮਿਲ਼ਦੀ–ਜੁਲ਼ਦੀ ਤਸਵੀਰ ਵਾਲ਼ਾ ਸਟਿੱਕਰ ਲਾ ਕੇ ਘੁੰਮਦੀਆਂ ਹਨ। ਭਗਤ ਸਿੰਘ ਦੇ ਵਿਚਾਰਾਂ, ਉਨ੍ਹਾਂ ਦੀ ਵਿਰਾਸਤ ਅਤੇ ਉਨ੍ਹਾਂ ਦੀ ਸਿਮਰਤੀ ਨਾਲ਼ ਇਸ ਤੋਂ ਕੋਝਾ ਮਜ਼ਾਕ ਹੋਰ ਕੀ ਹੋ ਸਕਦਾ ਹੈ ਕਿ ਦੇਸ਼ ਦੀਆਂ ਲੋਟੂ ਧਨਾਢ ਅਤੇ ਸਰਮਾਏਦਾਰ ਜਮਾਤਾਂ, ਜਿਨ੍ਹਾਂ ਖ਼ਿਲਾਫ਼ ਭਗਤ ਸਿੰਘ ਨੇ ਇਨਕਲਾਬ ਦੀ ਅਲਖ ਜਗਾਉਣ ਦੀ ਗੱਲ ਕੀਤੀ ਸੀ, ਨੇ ਬੁਰਜੁਆ ਸੰਸਦ ਦੇ ਗਲਿਆਰਿਆਂ, ਪਾਰਕਾਂ ਆਦਿ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਲਾ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਇਹਨਾਂ ਬੁੱਤਾਂ ਤੱਕ ਹੀ ਸੀਮਤ ਕਰਨ ਦੀਆਂ ਲਗਾਤਾਰ ਕੋਸ਼ਸ਼ਾਂ ਕੀਤੀਆਂ ਹਨ। ਸਰਮਾਏਦਾਰਾ ਸਿਆਸਤ ਅਤੇ ਹਾਕਮ ਜਮਾਤ ਉਨ੍ਹਾਂ ਪ੍ਰਤੀ ਦੇਸ਼ ਦੇ ਆਮ ਲੋਕਾਂ ਵਿੱਚ ਮੌਜੂਦ ਭਾਵਨਾ ਨੂੰ ਉਨ੍ਹਾਂ ਦੇ ਪ੍ਰਤੀਕਾਂ ਦਾ ਇਸਤੇਮਾਲ ਕਰਕੇ ਆਪਣੇ ਪੱਖ ਵਿੱਚ ਭੁਗਤਾਉਣਾ ਤਾਂ ਚਾਹੁੰਦੀ ਹੀ ਹੈ, ਨਾਲ਼ ਹੀ ਉਨ੍ਹਾਂ ਦੇ ਵਿਚਾਰਾਂ ਨੂੰ ਵੀ ਇਸੇ ਪ੍ਰਤੀਕਵਾਦ, ਬੁੱਤਵਾਦ ਦੇ ਹੇਠਾਂ ਦੱਬ ਦੇਣਾ ਚਾਹੁੰਦੀ ਹੈ।
ਦੇਸ਼ ਭਰ ਵਿੱਚ ਸਕੂਲਾਂ ਤੋਂ ਲੈ ਕੇ ਕਾਲਜਾਂ ਦੇ ਪੱਧਰ ਤੱਕ ਵਿਦਿਆਰਥੀਆਂ ਦੀਆਂ ਪਾਠ–ਪੁਸਤਕਾਂ ਵਿੱਚ ਅੰਬੇਡਕਰ, ਨਹਿਰੂ, ਗਾਂਧੀ ਅਤੇ ਪਿਛਲੇ ਕੁਝ ਦਿਨਾਂ ਤੋਂ ਸਾਵਰਕਰ, ਗੋਲਵਲਕਰ, ਮੁੰਜੇ ਦੇ ਲੇਖ, ਵਿਚਾਰ ਅਤੇ ਨਾਲ਼ ਹੀ ਉਹਨਾਂ ਦੇ ਜੀਵਨ ਬਾਰੇ ਲਿਖੇ ਲੇਖ ਆਦਿ ਮਿਲ਼ ਜਾਣਗੇ। ਪਰ ਤੁਹਾਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਦੀ ਸਮੁੱਚੀ ਇਨਕਲਾਬੀ ਧਾਰਾ ਬਾਰੇ ਵਿਰਲਾ ਹੀ ਕੁਝ ਪੜ੍ਹਨ ਨੂੰ ਮਿਲ਼ੇਗਾ। ਹਾਕਮ ਜਮਾਤ ਦੀ ਮੈਨੇਜਿੰਗ ਕਮੇਟੀ ਭਾਵ ਸਰਕਾਰ ਦਾ ਕੰਮ ਹਾਕਮ ਜਮਾਤ ਦੀ ਕੋਈ ਵੀ ਪਾਰਟੀ ਕਰ ਰਹੀ ਹੋਵੇ, ਚਾਹੇ ਉਹ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਹੋਵੇ ਜਾਂ ਫਿਰ ਸੰਸਦੀ ਖੱਬੇ–ਪੱਖੀਆਂ ਅਤੇ ਖੇਤਰੀ ਦਲਾਂ ਵਾਲ਼ੇ ਕਿਸੇ ਤੀਜੇ ਮੋਰਚੇ ਦੀ ਸਰਕਾਰ ਹੋਵੇ, ਸਾਰੀਆਂ ਭਗਤ ਸਿੰਘ ਅਤੇ ਉਨ੍ਹਾਂ ਦੇ ਇਨਕਲਾਬੀ ਸਮਾਜਵਾਦੀ ਸੰਗਠਨ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ‘ (ਐੱਚ.ਐੱਸ.ਆਰ.ਏ.) ਦੀ ਸਮੁੱਚੀ ਇਨਕਲਾਬੀ ਧਾਰਾ ਦੇ ਵਿਚਾਰਾਂ ਨੂੰ ਅੱਜ ਵੀ ਸੁਚੇਤਨ ਰੂਪ ਨਾਲ਼ ਦਬਾਉਣ, ਭੁਲਾ ਦੇਣ ਅਤੇ ਉਸ ਉੱਤੇ ਰਾਖ ਦੀ ਪਰਤ ਚੜ੍ਹਾ ਦੇਣ ਦਾ ਕੰਮ ਬੜੀ ਸਾਵਧਾਨੀ ਨਾਲ਼ ਅਤੇ ਸੋਚੇ–ਸਮਝੇ ਤਰੀਕਿਆਂ ਨਾਲ਼ ਕਰਦੀਆਂ ਹਨ।
ਕਿਉਂ? ਅਜਿਹਾ ਕਿਉਂ ਹੈ? ਸਾਨੂੰ ਮਜ਼ਦੂਰਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ: ਸਾਡੇ ਦੇਸ਼ ਦੀ ਹਾਕਮ ਜਮਾਤ, ਯਾਨੀ ਕਾਰਖ਼ਾਨਿਆਂ, ਕੰਪਨੀਆਂ, ਫ਼ੈਕਟਰੀਆਂ ਅਤੇ ਜ਼ਮੀਨਾਂ–ਖਾਣਾਂ ਦੇ ਮਾਲਕਾਂ, ਧਨੀ ਵਪਾਰੀਆਂ, ਧਨੀ ਕਿਸਾਨਾਂ, ਦਲਾਲਾਂ, ਪੂੰਜੀ ਦੇ ਅਹਿਲਕਾਰਾਂ ਯਾਨੀ ਨੌਕਰਸ਼ਾਹਾਂ–ਲੀਡਰਾਂ, ਫ਼ੌਜ, ਪੁਲ਼ਸ ਦੇ ਉੱਚ ਅਧਿਕਾਰੀਆਂ ਦਾ ਸਮੁੱਚਾ ਤਾਣਾ–ਬਾਣਾ, ਜਿਨ੍ਹਾਂ ਵਿਚਾਰਾਂ ਨੂੰ ਦਬਾਉਣਾ ਚਾਹੁੰਦਾ ਹੈ ਅਤੇ ਸਾਡੇ ਕੋਲ਼ੋਂ ਲੁਕਾਉਣਾ ਚਾਹੁੰਦਾ ਹੈ, ਉਹ ਵਿਚਾਰ ਆਮ ਤੌਰ ‘ਤੇ ਸਾਡੇ ਹਿੱਤ ਵਿੱਚ ਹੁੰਦੇ ਹਨ। ਜੇਕਰ ਇਸ ਦੇਸ਼ ਦੇ ਹਾਕਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰਾਂ ਨੂੰ ਪਿਛਲੇ ਅੱਠ ਦਹਾਕਿਆਂ ਤੋਂ ਦਬਾਉਂਦੇ, ਲੁਕਾਉਂਦੇ ਅਤੇ ਵਿਗਾੜਦੇ ਆਏ ਹਨ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਵਿਚਾਰਾਂ ਵਿੱਚ ਸਾਡੀ, ਮਿਹਨਤਕਸ਼ਾਂ–ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਹੈ।
ਇਸ ਵਾਰ ਅਸੀਂ ਇਸੇ ਵਿਸ਼ੇ ‘ਤੇ ਗੱਲ ਕਰਾਂਗੇ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਉਹ ਕਿਹੜੇ ਵਿਚਾਰ ਹਨ ਜਿਨ੍ਹਾਂ ਤੋਂ ਦੇਸ਼ ਦੇ ਹਾਕਮ ਅੱਜ ਵੀ ਘਬਰਾਉਂਦੇ ਹਨ ਅਤੇ ਉਹਨਾਂ ਨੂੰ ਸਾਡੇ ਕੋਲ਼ੋਂ ਲੁਕਾਉਣ ਅਤੇ ਦੂਰ ਕਰਨ ਦੀਆਂ ਨਵੀਆਂ–ਨਵੀਆਂ ਤਰਕੀਬਾਂ ਘੜਦੇ ਰਹਿੰਦੇ ਹਨ। ਇੱਕ ਸੰਪਾਦਕੀ ਲੇਖ ਅੰਦਰ ਸ਼ਹੀਦ–ਏ–ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਸਮੁੱਚੀ ਚਰਚਾ ਸੰਭਵ ਨਹੀਂ ਹੈ। ਉਸ ਲਈ ਸਾਨੂੰ ਕਿਰਤੀਆਂ–ਮਜ਼ਦੂਰਾਂ ਨੂੰ ਖ਼ੁਦ ਭਗਤ ਸਿੰਘ ਦੇ ਲੇਖ, ਵਿਚਾਰ ਆਦਿ ਪੜ੍ਹਨੇ ਹੋਣਗੇ। ਇਸ ਲਈ ਇੱਥੇ ਅਸੀਂ ਬੱਸ ਨੁਕਤੇਵਾਰ ਕੁਝ ਮੋਟੀਆਂ–ਮੋਟੀਆਂ ਗੱਲਾਂ ਨੂੰ ਸਮਝਾਂਗੇ ਅਤੇ ਉਹਨਾਂ ਦੇ ਜ਼ਰੀਏ ਇਹ ਜਾਨਣ ਦੀ ਕੋਸ਼ਸ਼ ਕਰਾਂਗੇ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਵਿਚਾਰ ਅਤੇ ਉਨ੍ਹਾਂ ਦੀ ਸਿਮਰਤੀ ਇਤਿਹਾਸ ਦੇ ਗਲਿਆਰਿਆਂ ਵਿੱਚੋਂ ਅੱਜ ਸਾਨੂੰ ਕੀ ਸੁਨੇਹਾ ਦੇ ਰਹੀ ਹੈ?
ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਗਤ ਸਿੰਘ ਅਜ਼ਾਦੀ ਦੀ ਲੜਾਈ ਲੜਨ ਵਾਲ਼ੇ ਮਹਿਜ਼ ਇੱਕ ਦਲੇਰ ਨਾਇਕ ਹੀ ਨਹੀਂ ਸਨ, ਸਗੋਂ ਇੱਕ ਮਹਾਨ ਚਿੰਤਕ ਵੀ ਸਨ। ਸੱਚ ਹੈ ਕਿ ਮਹਿਜ਼ 23 ਸਾਲ ਦੀ ਉਮਰ ਵਿੱਚ ਉਹ ਸ਼ਹੀਦ ਹੋ ਗਏ ਸਨ। ਪਰ ਇਸ ਨਿੱਕੀ ਜਿਹੀ ਉਮਰ ਵਿੱਚ ਹੀ ਉਨ੍ਹਾਂ ਨੇ ਦੁਨੀਆ ਭਰ ਦੇ ਇਨਕਲਾਬੀ ਸਾਹਿਤ, ਵੱਖ–ਵੱਖ ਮੁਲਕਾਂ ਅੰਦਰ ਅਜ਼ਾਦੀ ਦੀਆਂ ਲੜਾਈਆਂ, ਮਾਰਕਸਵਾਦ ਅਤੇ ਸਮਾਜਵਾਦ ਦੇ ਵਿਚਾਰਾਂ, ਰੂਸੀ ਇਨਕਲਾਬ ਦੇ ਇਤਿਹਾਸ ਬਾਰੇ ਡੂੰਘਾ ਅਧਿਐਨ ਕਰ ਲਿਆ ਸੀ। ਇਸ ਅਧਿਐਨ ਦਾ ਵੱਡਾ ਹਿੱਸਾ ਉਨ੍ਹਾਂ ਜੇਲ੍ਹ ਅੰਦਰ ਰਹਿੰਦਿਆਂ ਕੀਤਾ ਸੀ। ਪਰ ਇਸ ਦੌਰ ਦੇ ਉਨ੍ਹਾਂ ਦੇ ਲੇਖਣ ਉੱਪਰ ਜੇਕਰ ਕੋਈ ਸੰਖੇਪ ਜਿਹੀ ਨਿਗਾਹ ਵੀ ਮਾਰੇ ਤਾਂ ਸਾਫ਼ ਪਤਾ ਚਲਦਾ ਹੈ ਕਿ ਆਪਣੇ ਇਨਕਲਾਬੀ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਅਪਣਾਏ ਗਏ ਅਰਾਜਕਤਾਵਾਦੀ ਢੰਗ–ਤਰੀਕਿਆਂ ਤੋਂ ਭਗਤ ਸਿੰਘ ਦਾ ਚਿੰਤਨ ਬਹੁਤ ਅੱਗੇ ਵਧ ਚੁੱਕਾ ਸੀ। ਇਸ ਗੱਲ ਨੂੰ ਉਨ੍ਹਾਂ ਸਪਸ਼ਟ ਤੌਰ ਉੱਤੇ ਸਮਝ ਲਿਆ ਸੀ ਕਿ ਬੰਬ ਅਤੇ ਪਿਸਤੌਲ ਆਪਣੇ ਆਪ ਵਿੱਚ ਅਜ਼ਾਦੀ ਜਾਂ ਇਨਕਲਾਬ ਨਹੀਂ ਲਿਆ ਸਕਦੇ ਹਨ। ਇਹ ਦੇਸ਼ ਦੀ ਬਹੁਗਿਣਤੀ ਮਿਹਨਤਕਸ਼ ਲੋਕਾਈ, ਯਾਨੀ ਮਜ਼ਦੂਰ ਅਤੇ ਗ਼ਰੀਬ ਮਿਹਨਤਕਸ਼ ਕਿਸਾਨ ਹਨ, ਜੋ ਸਮਾਜ ਦਾ ਇਨਕਲਾਬੀ ਰੂਪਾਂਤਰਨ ਕਰ ਦੇਣ ਦਾ ਕੰਮ ਕਰਦੇ ਹਨ। ਲੋਕ ਇਤਿਹਾਸ ਬਣਾਉਂਦੇ ਹਨ।
ਦੂਜੀ ਗੱਲ ਇਹ ਹੈ ਕਿ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਾਰ–ਵਾਰ ਸਪਸ਼ਟ ਕੀਤਾ ਸੀ ਕਿ ਉਹਨਾਂ ਦੀ ਲੜਾਈ ਕੇਵਲ ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਨਹੀਂ ਹੈ, ਉਹਨਾਂ ਦੀ ਲੜਾਈ ਲੁੱਟ ਉੱਤੇ ਟਿਕੇ ਸਮੁੱਚੇ ਪ੍ਰਬੰਧ ਦੇ ਖ਼ਿਲਾਫ਼ ਹੈ। ਉਹਨਾਂ ਦੀ ਲੜਾਈ ਦਾ ਮਕਸਦ ਇੱਕ ਅਜਿਹੇ ਪ੍ਰਬੰਧ ਦੀ ਉਸਾਰੀ ਕਰਨਾ ਹੈ ਜਿਸ ਵਿੱਚ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇ। ਐੱਚ.ਐੱਸ.ਆਰ.ਏ. ਦੇ ਇਨਕਲਾਬੀਆਂ ਨੇ ਆਪਣੇ ਲੇਖਣ ਵਿੱਚ ਵਾਰ–ਵਾਰ ਸਾਫ਼ ਕੀਤਾ ਸੀ ਕਿ ਅੰਗਰੇਜ਼ਾਂ ਤੋਂ ਅਜ਼ਾਦੀ ਭਾਰਤ ਦੀ ਮਿਹਨਤਕਸ਼ ਅਬਾਦੀ ਦੀ ਮੁਕਤੀ ਦਾ ਮਹਿਜ਼ ਪਹਿਲਾ ਕਦਮ ਹੈ। ਪਰ ਜੇਕਰ ਅਜ਼ਾਦੀ ਦੇਸ਼ ਦੀ ਸਰਮਾਏਦਾਰ ਜਮਾਤ ਦੀ ਪਾਰਟੀ ਕਾਂਗਰਸ ਜਾਂ ਹੋਰ ਕਿਸੇ ਵੀ ਸਰਮਾਏਦਾਰ ਪਾਰਟੀ ਦੀ ਅਗਵਾਈ ਵਿੱਚ ਆਵੇਗੀ, ਤਾਂ ਉਹ ਗੋਰੇ ਹੁਕਮਰਾਨਾਂ ਅਤੇ ਭੂਰੇ ਹੁਕਮਰਾਨਾਂ ਦਰਮਿਆਨ ਇੱਕ ਸਮਝੌਤੇ ਦੇ ਰੂਪ ਵਿੱਚ ਖ਼ਤਮ ਹੋਵੇਗੀ। ਕਾਰਨ ਇਹ ਕਿ ਇਹ ਸਾਰੀਆਂ ਸਰਮਾਏਦਾਰ ਪਾਰਟੀਆਂ ਦੇਸ਼ ਦੇ ਸਰਮਾਏਦਾਰਾਂ, ਧਨੀ ਦੁਕਾਨਦਾਰਾਂ ਅਤੇ ਭੂ–ਮਾਲਕਾਂ ਦੀ ਨੁਮਾਇੰਦਗੀ ਕਰਦੀਆਂ ਹਨ। ਅਜਿਹੇ ਵਿੱਚ, ਅਜ਼ਾਦੀ ਤੋਂ ਬਾਅਦ ਜੇਕਰ ਇਹ ਹੀ ਲੋਟੂ ਅਤੇ ਸ਼ੋਸ਼ਕ ਜਮਾਤ ਸੱਤਾ ਵਿੱਚ ਪਹੁੰਚ ਗਈ, ਤਾਂ ਦੇਸ਼ ਦੇ ਲੋਕਾਂ ਨੂੰ ਬਸਤੀਵਾਦੀ ਗੁਲਾਮੀ ਤੋਂ ਅਜ਼ਾਦੀ ਜ਼ਰੂਰ ਮਿਲ਼ ਜਾਵੇਗੀ, ਪਰ ਉਹਨਾਂ ਨੂੰ ਆਪਣੇ ਹੀ ਦੇਸ਼ ਦੇ ਸਰਮਾਏਦਾਰਾਂ ਅਤੇ ਭੂ–ਮਾਲਕਾਂ ਦੁਆਰਾ ਹੋਣ ਵਾਲ਼ੇ ਸ਼ੋਸ਼ਣ, ਉਤਪੀੜਨ ਅਤੇ ਜਬਰ ਤੋਂ ਅਜ਼ਾਦੀ ਨਹੀਂ ਮਿਲ਼ੇਗੀ। ਦੇਸ਼ ਦੇ ਆਮ ਲੋਕਾਂ ਨੂੰ ਸੱਚੀ ਅਜ਼ਾਦੀ ਇੱਕ ਅਜਿਹੇ ਪ੍ਰਬੰਧ ਤਹਿਤ ਹੀ ਮਿਲ਼ ਸਕਦੀ ਹੈ, ਜਿਸ ਵਿੱਚ ਪੈਦਾਵਾਰ, ਰਾਜ–ਕਾਜ ਅਤੇ ਸਮਾਜ ਦੇ ਸਮੁੱਚੇ ਢਾਂਚੇ ਉੱਤੇ ਉਹਨਾਂ ਜਮਾਤਾਂ ਦਾ ਕਬਜ਼ਾ ਹੋਵੇ, ਜੋ ਸੂਈ ਤੋਂ ਲੈ ਕੇ ਜਹਾਜ਼ ਤੱਕ ਸਭ ਕੁਝ ਖ਼ੁਦ ਬਣਾਉਂਦੀਆਂ ਹਨ, ਯਾਨੀ ਮਜ਼ਦੂਰਾਂ–ਮਿਹਨਤਕਸ਼ਾਂ ਦੇ ਰਾਜ ਵਿੱਚ; ਦੂਜੇ ਸ਼ਬਦਾਂ ਵਿੱਚ, ਸਮਾਜਵਾਦੀ ਪ੍ਰਬੰਧ ਤਹਿਤ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਲੰਮੇ–ਦਾਅ ਦੀ ਲੜਾਈ ਇੱਕ ਸਮਾਜਵਾਦੀ ਪ੍ਰਬੰਧ ਨੂੰ ਸਥਾਪਤ ਕਰਨ ਦੀ ਸੀ। ਭਗਤ ਸਿੰਘ ਨੇ ਆਪਣੇ ਪ੍ਰਸਿੱਧ ਲੇਖ ‘ਇਨਕਲਾਬੀ ਪ੍ਰੋਗਰਾਮ ਦਾ ਖਰੜਾ‘ ਵਿੱਚ ਲਿਖਿਆ ਸੀ: “ਮੇਰੀ ਰਾਏ ਵਿੱਚ ਇਸ ਸਮੇਂ ਅਸਲ ਇਨਕਲਾਬੀ ਤਾਕਤਾਂ ਨੂੰ ਮੈਦਾਨ ਵਿੱਚ ਸੱਦਾ ਨਹੀਂ ਦਿੱਤਾ ਗਿਆ। ਇਹ ਘੋਲ਼ ਮੱਧਵਰਗੀ ਦੁਕਾਨਦਾਰਾਂ ਅਤੇ ਮੁੱਠੀਭਰ ਪੂੰਜੀਪਤੀਆਂ ਦੇ ਬਲਬੂਤੇ ‘ਤੇ ਲੜਿਆ ਜਾ ਰਿਹਾ ਹੈ। ਇਹ ਦੋਵੇਂ ਜਮਾਤਾਂ, ਖ਼ਾਸ ਕਰਕੇ ਪੂੰਜੀਪਤੀ ਆਪਣੀ ਜਾਇਦਾਦ ਜਾਂ ਮਾਲਕੀ ਖ਼ਤਰੇ ਵਿੱਚ ਪਾਉਣ ਦੀ ਜੁਰਅਤ ਨਹੀਂ ਕਰ ਸਕਦੇ। ਹਕੀਕੀ ਇਨਕਲਾਬੀ ਫ਼ੌਜਾਂ ਤਾਂ ਪਿੰਡਾਂ ਅਤੇ ਕਾਰਖ਼ਾਨਿਆਂ ਵਿੱਚ ਹਨ – ਕਿਸਾਨੀ ਅਤੇ ਮਜ਼ਦੂਰ… ਜੇਕਰ ਲਾਰਡ ਰੀਡਿੰਗ ਦੀ ਥਾਂ ਭਾਰਤੀ ਸਰਕਾਰ ਦਾ ਮੋਹਰੀ ਸਰ ਪਰਸ਼ੋਤਮ ਦਾਸ ਠਾਕਰ ਦਾਸ ਹੋਵੇ ਤਾਂ ਜਨਤਾ ਨੂੰ ਕੀ ਫ਼ਰਕ ਪੈਂਦਾ ਹੈ? ਇੱਕ ਕਿਸਾਨ ਵਾਸਤੇ ਇਸ ਨਾਲ਼ ਕੀ ਫ਼ਰਕ ਪਵੇਗਾ, ਜੇ ਲਾਰਡ ਇਰਵਨ ਦੀ ਥਾਂ ਸਰ ਤੇਜ ਬਹਾਦਰ ਸਪਰੂ ਆ ਜਾਂਦਾ ਹੈ, ਕੌਮੀ ਜਜ਼ਬਾਤਾਂ ਨੂੰ ਅਪੀਲ ਬਿਲਕੁਲ ਫਜ਼ੂਲ ਗੱਲ ਹੈ।… ਇਨਕਲਾਬ ਤੋਂ ਸਾਡਾ ਕੀ ਭਾਵ ਹੈ, ਇਹ ਸਪਸ਼ਟ ਹੈ। ਇਸ ਸਦੀ ਵਿੱਚ ਇਸ ਦਾ ਸਿਰਫ਼ ਇੱਕ ਹੀ ਮਤਲਬ ਹੋ ਸਕਦਾ ਹੈ – ਜਨਤਾ ਲਈ ਜਨਤਾ ਦਾ ਰਾਜਨੀਤਕ ਤਾਕਤ ‘ਤੇ ਕਾਬਜ਼ ਹੋਣਾ। ਅਸਲ ਵਿੱਚ ਇਹੋ ਹੈ ‘ਇਨਕਲਾਬ‘, ਬਾਕੀ ਸਭ ਬਗਾਵਤਾਂ ਤਾਂ ਸਿਰਫ਼ ਮਾਲਕਾਂ ਨੂੰ ਬਦਲ ਕੇ ਪੂੰਜੀਵਾਦੀ ਸੜਿਆਂਦ ਨੂੰ ਹੀ ਅੱਗੇ ਤੋਰਦੀਆਂ ਹਨ।… ਭਾਰਤ ਵਿੱਚ ਵੀ ਅਸੀਂ ਭਾਰਤੀ ਕਿਰਤੀ ਦੇ ਰਾਜ ਤੋਂ ਘੱਟ ਕੁਝ ਨਹੀਂ ਚਾਹੁੰਦੇ ਹਾਂ… ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲ਼ੀ ਬੁਰਾਈ ਨੂੰ ਲਿਆ ਕੇ ਕਸ਼ਟ ਨਹੀਂ ਝੱਲਣਾ ਚਾਹੁੰਦੇ।… ਕੌਮ, ਕਾਂਗਰਸ ਦੇ ਲਾਊਡ ਸਪੀਕਰ ਨਹੀਂ ਹਨ, ਸਗੋਂ ਮਜ਼ਦੂਰ–ਕਿਸਾਨ ਹਨ, ਜਿਹੜੇ ਭਾਰਤ ਦੀ 95 ਫ਼ੀਸਦੀ ਵਸੋਂ ਹਨ।”
ਤੀਜੀ ਗੱਲ, ਭਗਤ ਸਿੰਘ ਉਸ ਸਮੇਂ ਹੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਫ਼ਿਰਕਾਪ੍ਰਸਤੀ ਅਤੇ ਧਾਰਮਕ ਕੱਟੜਤਾ ਜਨਤਾ ਦੇ ਸਭ ਤੋਂ ਖ਼ਤਰਨਾਕ ਦੁਸ਼ਮਣਾਂ ਵਿੱਚੋਂ ਇੱਕ ਹੈ। ਆਪਣੇ ਸਮੇਂ ਵਿੱਚ ਉਨ੍ਹਾਂ ਨੇ ਹਿੰਦੂ ਮਹਾਂਸਭਾ, ਆਰਐੱਸਐੱਸ, ਇਸਲਾਮਿਕ ਕੱਟੜਪੰਥੀ ਸੰਗਠਨਾਂ ਆਦਿ ਜਿਹੇ ਫ਼ਿਰਕੂ ਸੰਗਠਨਾਂ ਦੀ ਤਿੱਖੀ ਅਲੋਚਨਾ ਕੀਤੀ ਸੀ ਅਤੇ ਦੱਸਿਆ ਸੀ ਕਿ ਅਜਿਹੇ ਸੰਗਠਨ ਅੰਗਰੇਜ਼ਾਂ ਦੇ ਹੱਥਾਂ ਵਿੱਚ ਖੇਡਦੇ ਹਨ ਅਤੇ ਲੋਕਾਂ ਦੀ ਏਕਤਾ ਨੂੰ ਤੋੜਨ ਦਾ ਕੰਮ ਕਰਦੇ ਹਨ। ਅੱਜ ਦੇ ਸਮੇਂ ਵਿੱਚ ਭਗਤ ਸਿੰਘ ਦੇ ਇਹ ਵਿਚਾਰ ਖ਼ਾਸ ਤੌਰ ‘ਤੇ ਪ੍ਰਸੰਗਿਕ ਹਨ। ਦੇਸ਼ ਵਿੱਚ ਇਸ ਸਮੇਂ ਧਰਮ ਦੇ ਨਾਂ ‘ਤੇ ਕੀਤੀ ਜਾ ਰਹੀ ਫ਼ਾਸੀਵਾਦੀ ਫ਼ਿਰਕੂ ਸਿਆਸਤ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇੱਕ ਅਜਿਹੇ ਸਮੇਂ ਵਿੱਚ ਜਦੋਂ ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ, ਭੁੱਖਮਰੀ, ਕੁਪੋਸ਼ਣ ਅਤੇ ਬਿਮਾਰੀ ਨੇ ਦੇਸ਼ ਦੇ 80 ਫ਼ੀਸਦੀ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ, ਜਦੋਂ ਸਿੱਖਿਆ ਅਤੇ ਸਿਹਤ ਆਮ ਮਿਹਨਤਕਸ਼ ਲੋਕਾਂ ਦੀ ਪਹੁੰਚ ਤੋਂ ਬਾਹਰ ਜਾ ਚੁੱਕੀ ਹੈ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਦੇਸ਼ ਦੀ ਆਮ ਜਨਤਾ ਲਗਾਤਾਰ ਖ਼ਮਿਆਜ਼ਾ ਭੁਗਤ ਰਹੀ ਹੈ, ਤਾਂ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਦੀਆਂ ਫ਼ਿਰਕੂ ਫ਼ਾਸੀਵਾਦੀ ਨੀਤੀਆਂ ਨੇ ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਂ ‘ਤੇ ਵੰਡਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੈ। ਇਸ ਦਾ ਮਕਸਦ ਇਹ ਹੈ ਕਿ ਇੱਕ ਪਾਸੇ ਤਾਂ ਦੇਸ਼ ਦੀ ਜਨਤਾ ਦੀ ਖ਼ਸਤਾ ਹਾਲਤ ਲਈ ਜ਼ਿੰਮੇਵਾਰ ਅਸਲ ਤਾਕਤਾਂ ਯਾਨੀ ਕਿ ਸਮੁੱਚਾ ਸਰਮਾਏਦਾਰਾ ਪ੍ਰਬੰਧ ਅਤੇ ਸਰਮਾਏਦਾਰ ਜਮਾਤ ਸਵਾਲਾਂ ਦੇ ਘੇਰੇ ਤੋਂ ਬਾਹਰ ਹੋ ਜਾਂਦੀ ਹੈ ਅਤੇ ਦੂਜੇ ਪਾਸੇ ਦੇਸ਼ ਦੇ ਬਹੁਗਿਣਤੀ ਸਮੂਹਾਂ ਦੀ ਆਮ ਜਨਤਾ ਸਾਮ੍ਹਣੇ ਇੱਕ ਨਕਲੀ ਦੁਸ਼ਮਣ ਦੇ ਰੂਪ ਵਿੱਚ ਮੁਸਲਮਾਨਾਂ ਨੂੰ ਪੇਸ਼ ਕਰ ਦਿੱਤਾ ਜਾਂਦਾ ਹੈ। ਗੋਦੀ ਮੀਡੀਆ ਤੋਂ ਲੈ ਕੇ ਸਮੁੱਚੇ ਫ਼ਿਲਮ ਉਦਯੋਗ ਤੱਕ ਨੂੰ ਇਸ ਸਮੇਂ ਫ਼ਸਾਦੀਆਂ ਦੀ ਭੂਮਿਕਾ ਵਿੱਚ ਖੜ੍ਹਾ ਕਰ ਦਿੱਤਾ ਗਿਆ ਹੈ। ਖ਼ਬਰੀ ਚੈਨਲਾਂ ਤੋਂ ਲਗਾਤਾਰ ਫ਼ਿਰਕਾਪ੍ਰਸਤੀ, ਧਾਰਮਕ ਕੱਟੜਤਾ ਅਤੇ ਅੰਧ–ਵਿਸ਼ਵਾਸਾਂ ਦਾ ਜ਼ਹਿਰ ਪਰੋਸਿਆ ਜਾ ਰਿਹਾ ਹੈ। ‘ਛਾਵਾ‘ ਜਿਹੀਆਂ ਫ਼ਿਲਮਾਂ ਦੇ ਰਾਹੀਂ ਝੂਠਾ ਇਤਿਹਾਸ ਪੇਸ਼ ਕਰਕੇ ਲੋਕਾਂ ਦਰਮਿਆਨ ਫ਼ਿਰਕੂ ਅਧਾਰਾਂ ‘ਤੇ ਦੁਸ਼ਮਣੀ ਪੈਦਾ ਕੀਤੀ ਜਾ ਰਹੀ ਹੈ ਅਤੇ ਇਤਿਹਾਸ ਦੇ ਕਾਲਪਨਿਕ “ਅਨਿਆਂ” ਦਾ ਬਦਲਾ ਲੈਣ ਲਈ ਨਿਰਾਸ਼ਾ ਅਤੇ ਹੀਣਤਾ–ਗ੍ਰੰਥੀ ਦੇ ਸ਼ਿਕਾਰ ਨਿਮਨ–ਮੱਧਵਰਗੀ ਹਿੰਦੂ ਜਨਮਾਨਸ ਨੂੰ ਲਲਕਾਰਿਆ ਜਾ ਰਿਹਾ ਹੈ। ਇਸ ਦਾ ਨਤੀਜਾ ਨਾਗਪੁਰ ਵਿੱਚ ਹੋਈ ਫ਼ਿਰਕੂ ਹਿੰਸਾ ਜਿਹੀਆਂ ਘਟਨਾਵਾਂ ਦੇ ਰੂਪ ਵਿੱਚ ਸਾਮ੍ਹਣੇ ਵੀ ਆਉਣ ਲੱਗਿਆ ਹੈ। ਨਾਗਪੁਰ ਤਾਂ ਸਿਰਫ਼ ਇੱਕ ਮਿਸਾਲ ਹੈ। ਪੂਰੇ ਦੇਸ਼ ਦੇ ਜਨਮਾਨਸ ਅੰਦਰ ਹੀ ਇੱਕ ਅਜਿਹਾ ਜ਼ਹਿਰ ਘੋਲ਼ਿਆ ਜਾ ਰਿਹਾ ਹੈ ਜਿਸ ਦਾ ਨਤੀਜਾ ਆਉਣ ਵਾਲ਼ੇ ਸਮੇਂ ਵਿੱਚ ਧਨਾਢ ਜਮਾਤਾਂ, ਅਮੀਰਜ਼ਾਦਿਆਂ ਅਤੇ ਸੇਠਾਂ ਨੂੰ ਨਹੀਂ, ਸਗੋਂ ਦੇਸ਼ ਦੀ ਆਮ ਮਿਹਨਤਕਸ਼ ਅਬਾਦੀ ਨੂੰ ਭੁਗਤਣਾ ਪਵੇਗਾ। ਅਜਿਹੇ ਸਮੇਂ ਵਿੱਚ, ਦੇਸ਼ ਦੇ ਆਮ ਮਿਹਨਤਕਸ਼ ਲੋਕਾਂ ਲਈ ਭਗਤ ਸਿੰਘ ਦਾ ‘ਫ਼ਿਰਕੂ ਦੰਗੇ ਅਤੇ ਉਹਨਾਂ ਦਾ ਇਲਾਜ‘ ਨਾਮੀ ਲੇਖ ਵਿੱਚ ਦਿੱਤਾ ਗਿਆ ਸੁਨੇਹਾ ਹੋਰ ਵੀ ਜ਼ਿਆਦਾ ਪ੍ਰਸੰਗਿਕ ਹੋ ਗਿਆ ਹੈ।
ਭਗਤ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਮਿਹਨਤਕਸ਼ ਲੋਕਾਂ ਅਤੇ ਗ਼ਰੀਬ ਜਨਤਾ ਨੂੰ ਧਰਮ ਨੂੰ ਪੂਰੀ ਤਰ੍ਹਾਂ ਇੱਕ ਨਿੱਜੀ ਮਸਲਾ ਮੰਨਣਾ ਚਾਹੀਦਾ ਹੈ। ਕਿਹੜਾ ਵਿਅਕਤੀ ਕਿਹੜਾ ਧਰਮ ਅਪਣਾਉਂਦਾ ਹੈ ਜਾਂ ਕੋਈ ਵੀ ਧਰਮ ਨਹੀਂ ਅਪਣਾਉਂਦਾ, ਇਹ ਉਸਦਾ ਨਿੱਜੀ ਮਸਲਾ ਹੈ ਅਤੇ ਇਸ ਦਾ ਸਿਆਸਤ ਅਤੇ ਸਮਾਜਕ ਜੀਵਨ ਨਾਲ਼ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ। ਭਗਤ ਸਿੰਘ ਨੇ ਦੇਸ਼ ਦੇ ਲੋਕਾਂ ਤੋਂ ਪੁੱਛਿਆ ਕਿ ਅਸੀਂ ਧਰਮ ਦੇ ਮਸਲੇ ‘ਤੇ ਵੱਖ–ਵੱਖ ਹੋ ਕੇ ਵੀ ਸਿਆਸਤ ਯਾਨੀ ਆਪਣੇ ਜਮਾਤੀ ਹਿੱਤਾਂ ਲਈ ਕੀਤੇ ਜਾਣ ਵਾਲ਼ੇ ਸੰਘਰਸ਼ ਵਿੱਚ ਇੱਕ ਕਿਉਂ ਨਹੀਂ ਹੋ ਸਕਦੇ? ਆਪਣੇ ਉਕਤ ਲੇਖ ਵਿੱਚ ਭਗਤ ਸਿੰਘ ਨੇ ਲਿਖਿਆ ਹੈ : “ਜਿੱਥੋਂ ਤੱਕ ਵੇਖਿਆ ਗਿਆ ਹੈ, ਇਹਨਾਂ ਫ਼ਸਾਦਾਂ ਪਿੱਛੇ ਫ਼ਿਰਕੂ ਲੀਡਰਾਂ ਅਤੇ ਅਖ਼ਬਾਰਾਂ ਦਾ ਹੱਥ ਹੈ। ਇਸ ਵੇਲ਼ੇ ਹਿੰਦੁਸਤਾਨ ਦੇ ਲੀਡਰਾਂ ਨੇ ਉਹ ਗਹੋ–ਗਾਲ ਛੱਡੀ ਹੈ ਕਿ ਚੁੱਪ ਹੀ ਭਲੀ। ਉਹ ਲੀਡਰ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਦਾ ਭਾਰ ਆਪਣੇ ਸਿਰ ‘ਤੇ ਚੁੱਕਿਆ ਹੋਇਆ ਸੀ ਅਤੇ ਜਿਹੜੇ ‘ਸਾਂਝੀ ਕੌਮੀਅਤ‘ ਅਤੇ ‘ਸਵਰਾਜ–ਸਵਰਾਜ‘ ਦੇ ਦਮਗਜੇ ਮਾਰਦੇ ਨਹੀਂ ਸਨ ਥੱਕਦੇ, ਉਹ ਜਾਂ ਤਾਂ ਆਪਣੀਆਂ ਸਿਰੀਆਂ ਲੁਕਾਈ ਚੁੱਪ ਬੈਠੇ ਹਨ ਜਾਂ ਇਸੇ ਧਰਮਵਾਰ (ਫ਼ਿਰਕੂ) ਵਹਿਣ ਵਿੱਚ ਹੀ ਵਹਿ ਗਏ ਹਨ।”
ਅੱਜ ਸਮੁੱਚੇ ਗੋਦੀ ਮੀਡੀਆ ਉੱਤੇ ਨਿਗਾਹ ਮਾਰ ਕੇ ਦੇਖੋ ਜਿਸ ਵਿੱਚ ਅਖ਼ਬਾਰਾਂ ਸਮੇਤ ਸਾਰੇ ਖ਼ਬਰੀ ਚੈਨਲ, ਯੂਟਿਊਬ ‘ਤੇ ਚੱਲਣ ਵਾਲ਼ੇ ਫ਼ਿਰਕੂ ਚੈਨਲ, ਵਟਸਐਪ ‘ਤੇ ਚੱਲਣ ਵਾਲ਼ੇ ਫਿਰਕੂ ਗਰੁੱਪ ਆਦਿ ਸਾਰੇ ਸ਼ਾਮਲ ਹਨ। ਇਸੇ ਲੇਖ ਵਿੱਚ ਅੱਗੇ ਉਹ ਲਿਖਦੇ ਹਨ: “ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਜਮਾਤੀ ਚੇਤਨਾ ਦੀ ਲੋੜ ਹੈ। ਗ਼ਰੀਬਾਂ, ਕਿਰਤੀਆਂ ਤੇ ਕਿਸਾਨਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਹਨਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਇਹਨਾਂ ਦੇ ਹੱਥ ‘ਤੇ ਚੜ੍ਹ ਕੇ ਕੁਝ ਨਹੀਂ ਕਰਨਾ ਚਾਹੀਦਾ। ਸੰਸਾਰ ਦੇ ਸਾਰੇ ਗ਼ਰੀਬਾਂ ਦੇ, ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਤੇ ਮੁਲਕ ਦੇ ਭਿੰਨ–ਭੇਦ ਮਿਟਾ ਕੇ ਇਕੱਠੇ ਹੋ ਜਾਓ ਅਤੇ ਸਰਕਾਰ ਦੀ ਤਾਕਤ ਨੂੰ ਆਪਣੇ ਹੱਥ ਵਿੱਚ ਲੈਣ ਦਾ ਯਤਨ ਕਰੋ। ਇਹਨਾਂ ਯਤਨਾਂ ਨਾਲ਼ ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਤੇ ਤੁਹਾਨੂੰ ਆਰਥਕ ਅਜ਼ਾਦੀ ਮਿਲ਼ ਜਾਵੇਗੀ।”
ਭਗਤ ਸਿੰਘ ਦੇ ਇਹ ਸ਼ਬਦ ਅੱਜ ਉਨ੍ਹਾਂ ਦੇ ਸਮੇਂ ਤੋਂ ਵੀ ਜ਼ਿਆਦਾ ਪ੍ਰਸੰਗਿਕ ਹਨ ਅਤੇ ਇਸ ਗੱਲ ਨੂੰ ਤੁਸੀਂ ਅਤੇ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਅਜਿਹਾ ਕਿਉਂ ਹੈ।
ਚੌਥੀ ਗੱਲ, ਫ਼ਿਰਕਾਪ੍ਰਸਤੀ ਦੀ ਤਰ੍ਹਾਂ ਹੀ ਜਾਤ ਦੇ ਸਵਾਲ ਅਤੇ ਛੂਤ–ਛਾਤ ਦੀ ਸਮੱਸਿਆ ‘ਤੇ ਵੀ ਭਗਤ ਸਿੰਘ ਦੇ ਵਿਚਾਰ ਅੱਜ ਖ਼ਾਸ ਤੌਰ ‘ਤੇ ਪ੍ਰਸੰਗਿਕ ਹੋ ਗਏ ਹਨ, ਹਾਲਾਂਕਿ ਉਹ ਹਮੇਸ਼ਾ ਹੀ ਪ੍ਰਸੰਗਿਕ ਸਨ। ਭਗਤ ਸਿੰਘ ਨੇ ਸਪਸ਼ਟ ਕੀਤਾ ਸੀ ਕਿ ਦਲਿਤ ਅਬਾਦੀ ਦੀ ਮੁਕਤੀ ਦਾ ਰਾਹ ਸੁਧਾਰਾਂ, ਪਛਾਣ ਦੀ ਸਿਆਸਤ, ਸਰਕਾਰਾਂ ਦੀ ਰਾਹ ਦੇਖਣ, ਅਰਜ਼ੀਆਂ ਅਤੇ ਬੇਨਤੀ–ਪੱਤਰ ਦਿੰਦੇ ਰਹਿਣ ਦੇ ਵਿਵਹਾਰਵਾਦੀ ਢੰਗਾਂ ਅਤੇ ਸੁਧਾਰਵਾਦ ਵਿੱਚੋਂ ਹੋ ਕੇ ਨਹੀਂ ਲੰਘਦਾ ਹੈ। ਸਿਰਫ਼ ਅਤੇ ਸਿਰਫ਼ ਇੱਕ ਬੁਨਿਆਦੀ ਕਿਰਤੀ ਇਨਕਲਾਬ ਹੀ ਜਾਤੀ ਦੇ ਅੰਤ ਅਤੇ ਦਲਿਤਾਂ ਦੀ ਮੁਕਤੀ ਦਾ ਰਾਹ ਖੋਲ੍ਹ ਸਕਦਾ ਹੈ। ਅੱਜ ਜਿਸ ਤਰ੍ਹਾਂ ਅੰਬੇਡਕਰਵਾਦੀ ਵਿਵਹਾਰਵਾਦ, ਸੁਧਾਰਵਾਦ, ਸੰਵਿਧਾਨਵਾਦ ਦੀ ਸਿਆਸਤ ਅਤੇ ਪਛਾਣ ਦੀ ਰਾਜਨੀਤੀ ਨੇ ਦਲਿਤ ਮੁਕਤੀ ਦੀ ਸਮੁੱਚੀ ਪਰਿਯੋਜਨਾ ਨੂੰ ਬੇਨਤੀ–ਪੱਤਰਾਂ ਦੇ ਗੋਲ਼ ਚੱਕਰ ਅਤੇ ਪ੍ਰਤੀਕਵਾਦ ਦੀ ਅੰਨ੍ਹੀ ਗਲੀ ਵਿੱਚ ਭਟਕਾਅ ਦਿੱਤਾ ਹੈ, ਉਹ ਸਾਡੇ ਸਾਰਿਆਂ ਦੇ ਸਾਮ੍ਹਣੇ ਹੈ। ਭਗਤ ਸਿੰਘ ਨੇ ‘ਅਛੂਤ ਦਾ ਸਵਾਲ‘ ਨਾਮੀ ਲੇਖ ਵਿੱਚ ਜੋ ਵਿਚਾਰ ਪੇਸ਼ ਕੀਤੇ ਹਨ, ਉਹ ਇਸ ਸਮੁੱਚੇ ਮਾਹੌਲ ਵਿੱਚ ਹੈਰਾਨੀਜਨਕ ਢੰਗ ਨਾਲ਼ ਪ੍ਰਸੰਗਿਕ ਹੋ ਗਏ ਹਨ। ਭਗਤ ਸਿੰਘ ਆਪਣੇ ਇਸ ਲੇਖ ਵਿੱਚ ਲਿਖਦੇ ਹਨ: “ਪਰ ਖ਼ਿਆਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿੱਚ ਵੀ ਨਾ ਆਉਣਾ। ਇਹ ਤੁਹਾਡੀ ਕੋਈ ਮਦਦ ਨਹੀਂ ਕਰਨਾ ਚਾਹੁੰਦੀ, ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰਾ ਨੌਕਰਸ਼ਾਹੀ ਤੁਹਾਡੀ ਗ਼ੁਲਾਮੀ ਤੇ ਗ਼ਰੀਬੀ ਦਾ ਮੁੱਖ ਕਾਰਨ ਹੈ। ਇਸ ਕਰਕੇ ਉਸ ਨਾਲ਼ ਤੁਸੀਂ ਨਾ ਮਿਲ਼ਣਾ। ਉਸ ਦੀਆਂ ਚਾਲਾਂ ਕੋਲ਼ੋਂ ਬਚਣਾ। ਬਸ ਫੇਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ… ਜੱਥੇਬੰਦ ਹੋ ਜਾਓ। ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ। ਬੱਸ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ, ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜ੍ਹੀ ਕਰ ਦਿਓ। ਹੌਲ਼ੀ–ਹੌਲ਼ੀ ਹੋਣ ਵਾਲ਼ੇ ਸੁਧਾਰਾਂ ਤੇ ਰਿਫਾਰਮਾਂ ਨਾਲ਼ ਕੁਝ ਨਹੀਂ ਬਣ ਸਕਦਾ।”
ਇਸੇ ਲੇਖ ਵਿੱਚ ਭਗਤ ਸਿੰਘ ਇਹ ਵੀ ਦੱਸਦੇ ਹਨ ਕਿ ਖ਼ੁਦ ਮਜ਼ਦੂਰਾਂ ਅਤੇ ਮਿਹਨਤਕਸ਼ਾਂ ਦੀ ਅਬਾਦੀ ਵਿੱਚ ਜਿਸ ਤਰ੍ਹਾਂ ਜਾਤੀਗਤ ਤੁਅੱਸਬਾਂ ਅਤੇ ਊਚ–ਨੀਚ ਦੀ ਸੋਚ ਵਿਆਪਕ ਤੌਰ ‘ਤੇ ਫੈਲੀ ਹੋਈ ਹੈ, ਉਸ ਨੂੰ ਦੂਰ ਕਰਨ ਦਾ ਰਾਹ ਜਮਾਤੀ ਇੱਕਜੁਟਤਾ ਹੈ, ਨਾ ਕਿ ਪਛਾਣ ਦੀ ਸਿਆਸਤ ਦੇ ਰਾਹੀਂ ਲੋਕਾਂ ਦੇ ਹੀ ਵੱਖ–ਵੱਖ ਹਿੱਸਿਆਂ ਨੂੰ ਜਾਤੀ ਦੇ ਅਧਾਰ ‘ਤੇ ਆਪਸ ਵਿੱਚ ਲੜਾ ਦੇਣਾ। ਲੋਕਾਂ ਵਿਚਲੇ ਅੰਤਰ–ਵਿਰੋਧਾਂ ਅਤੇ ਜਨਤਾ ਅਤੇ ਦੁਸ਼ਮਣ ਜਮਾਤਾਂ ਵਿਚਲੇ ਅੰਤਰ–ਵਿਰੋਧਾਂ ਦੇ ਵਿੱਚ ਜੋ ਫ਼ਰਕ ਨਹੀਂ ਕਰਦਾ, ਉਹ ਮਿਹਨਤਕਸ਼ ਅਬਾਦੀ ਦੀ ਮੁਕਤੀ ਦੀ ਲੜਾਈ ਨੂੰ ਇੱਕ ਕਦਮ ਵੀ ਅੱਗੇ ਨਹੀਂ ਲਿਜਾ ਸਕਦਾ ਹੈ। ਉਕਤ ਲੇਖ ਵਿੱਚ ਹੀ ਭਗਤ ਸਿੰਘ ਲਿਖਦੇ ਹਨ:
“ਵੱਖ–ਵੱਖ ਸੰਗਠਨਾਂ ਅਤੇ ਖਾਣ–ਪੀਣ ਦਾ ਭਿੰਨ–ਭੇਦ ਮਿਟਾਉਣਾ ਜ਼ਰੂਰੀ ਹੈ। ਛੂਤ–ਅਛੂਤ ਸ਼ਬਦਾਂ ਨੂੰ ਜੜ੍ਹ ਤੋਂ ਕੱਢ ਦੇਣਾ ਹੋਵੇਗਾ। ਜਦੋਂ ਤੱਕ ਅਸੀਂ ਆਪਣੀ ਤੰਗ–ਦਿਲੀ ਛੱਡ ਕੇ ਇੱਕ ਨਹੀਂ ਹੋਵਾਂਗੇ, ਉਦੋਂ ਤੱਕ ਸਾਡੇ ਵਿੱਚ ਸਹੀ ਅਰਥਾਂ ਵਿੱਚ ਏਕਤਾ ਨਹੀਂ ਹੋ ਸਕੇਗੀ।”
ਭਗਤ ਸਿੰਘ ਦੇ ਇਹਨਾਂ ਵਿਚਾਰਾਂ ਨੂੰ ਅੱਜ ਸਮਝਣ ਅਤੇ ਲਾਗੂ ਕਰਨ ਦੀ ਲੋੜ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਹੈ। ਜਦੋਂ ਫ਼ਿਰਕੂ ਫ਼ਾਸੀਵਾਦੀ ਮੋਦੀ ਸਰਕਾਰ ਸੱਤਾ ਵਿੱਚ ਹੈ, ਜਦੋਂ ਦੇਸ਼ ਭਰ ਵਿੱਚ ਸੰਘ ਪਰਿਵਾਰ ਫ਼ਿਰਕੂ ਜ਼ਹਿਰ ਘੋਲ਼ ਕੇ ਲੋਕਾਂ ਦੀ ਇੱਕਜੁਟਤਾ ਉੱਤੇ ਹਮਲੇ ਕਰ ਰਿਹਾ ਹੈ, ਜਦੋਂ ਜਾਤ ਦੀ ਪਛਾਣਵਾਦੀ ਸਿਆਸਤ ਨੂੰ ਕਦੇ ਜਾਤੀ ਜਨਗਣਨਾ ਦੇ ਨਾਂ ‘ਤੇ ਤਾਂ ਕਦੇ ਨਵੀਆਂ–ਨਵੀਆਂ ਸ੍ਰੇਣੀਆਂ ਬਣਾ ਕੇ ਰਾਖਵੇਂਕਰਨ ਦੀ ਸਿਆਸਤ ਦੇ ਜ਼ਰੀਏ ਹਾਵੀ ਕੀਤਾ ਜਾ ਰਿਹਾ ਹੈ, ਜਦੋਂ ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਲਗਾਤਾਰ ਫ਼ਾਸੀਵਾਦੀ ਹਮਲੇ ਕੀਤੇ ਜਾ ਰਹੇ ਹਨ, ਤਾਂ ਭਗਤ ਸਿੰਘ ਦੇ ਵਿਚਾਰ ਸਾਡੀ ਪੀੜ੍ਹੀ ਦੇ ਮਜ਼ਦੂਰਾਂ, ਕਿਰਤੀਆਂ, ਗ਼ਰੀਬ ਕਿਸਾਨਾਂ ਅਤੇ ਵਿਦਿਆਰਥੀਆਂ–ਨੌਜਵਾਨਾਂ ਲਈ ਇੱਕ ਚਾਨਣ–ਮੁਨਾਰੇ ਦਾ ਕੰਮ ਕਰ ਰਹੇ ਹਨ। ਅੱਜ ਦੇਸ਼ ਅੰਦਰ ਜੋ ਮਾਹੌਲ ਹੈ, ਉਸ ਬਾਰੇ ਭਗਤ ਸਿੰਘ ਦੇ ਹੇਠਲੇ ਸ਼ਬਦ ਸਾਡੇ ਦਿਲੋ–ਦਿਮਾਗ਼ ਵਿੱਚ ਵਾਰ–ਵਾਰ ਗੂੰਜਦੇ ਹਨ :
“ਜਦੋਂ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ। ਇਸ ਜਮੂਦ ਅਤੇ ਬੇਹਰਕਤੀ ਨੂੰ ਤੋੜਨ ਦੇ ਲਈ ਇੱਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਨਿਘਾਰ ਅਤੇ ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲ਼ੀਆਂ ਗ਼ੈਰ–ਤਰੱਕੀਪਸੰਦ ਤਾਕਤਾਂ ਉਹਨਾਂ ਨੂੰ ਗ਼ਲਤ ਰਾਹ ਉੱਤੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਜਿਸ ਨਾਲ਼ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਇਹ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇੱਕ ਹਰਕਤ ਪੈਦਾ ਹੋ ਜਾਵੇ।”
ਪੰਜਵੀਂ ਗੱਲ, ਸ਼ਹੀਦ–ਏ–ਆਜ਼ਮ ਭਗਤ ਸਿੰਘ ਨੇ ਸਪਸ਼ਟ ਦੱਸਿਆ ਸੀ ਕਿ ਕਿਸੇ ਦੇਸ਼ ਵਿੱਚ ਮਜ਼ਦੂਰਾਂ–ਮਿਹਨਤਕਸ਼ਾਂ ਦੇ ਇਨਕਲਾਬ ਲਈ ਦੋ ਬੁਨਿਆਦੀ ਚੀਜ਼ਾਂ ਦੀ ਲੋੜ ਹੁੰਦੀ ਹੈ : ਪ੍ਰੋਲੇਤਾਰੀ ਜਮਾਤ ਦੀ ਵਿਗਿਆਨਕ ਵਿਚਾਰਧਾਰਾ ਅਤੇ ਦੂਜੀ ਇੱਕ ਜੁਝਾਰੂ ਅਤੇ ਅਨੁਸ਼ਾਸਤ ਇਨਕਲਾਬੀ ਜੱਥੇਬੰਦੀ। ਬਿਨਾਂ ਵਿਚਾਰਧਾਰਾ ਦੇ ਜੱਥੇਬੰਦੀ ਅੰਨ੍ਹੀ ਗਲੀ ਵਿੱਚ ਭਟਕਦੀ ਰਹੇਗੀ ਅਤੇ ਬਿਨਾਂ ਜੱਥੇਬੰਦੀ ਦੇ ਵਿਚਾਰਧਾਰਾ ਕਦੇ ਮੂਰਤ ਰੂਪ ਨਹੀਂ ਲੈ ਸਕੇਗੀ, ਸਗੋਂ ਇੱਕ ਖ਼ਿਆਲੀ ਚੀਜ਼ ਬਣ ਕੇ ਰਹਿ ਜਾਵੇਗੀ। ਅਤੇ ਬਿਨਾਂ ਜੱਥੇਬੰਦੀ ਅਤੇ ਵਿਚਾਰਧਾਰਾ ਤੋਂ ਲੋਕਾਂ ਦੇ ਅੰਦੋਲਨ ਆਪਮੁਹਾਰਤਾ ਦੀ ਹੱਦ ਤੋਂ ਅੱਗੇ ਨਹੀਂ ਜਾ ਸਕਣਗੇ। ਇਹਨਾਂ ਦੀ ਅਣਹੋਂਦ ਵਿੱਚ ਲੋਕ ਬਗਾਵਤਾਂ ਨੂੰ ਤਾਂ ਜ਼ਰੂਰ ਜਨਮ ਦੇ ਸਕਦੇ ਹਨ ਅਤੇ ਬਗਾਵਤਾਂ ਦੇ ਤਾਕਤਵਰ ਹੋਣ ਦੀ ਸੂਰਤ ਵਿੱਚ ਸੱਤਾ ਤਬਦੀਲੀ ਵੀ ਕਰ ਸਕਦੇ ਹਨ, ਪਰ ਉਹ ਪ੍ਰਬੰਧ ਦੀ ਤਬਦੀਲੀ ਨਹੀਂ ਕਰ ਸਕਦੇ। ਪ੍ਰਬੰਧ ਵਿੱਚ ਤਬਦੀਲੀ ਦੇ ਲਈ ਇੱਕ ਬਦਲਵੇਂ ਪ੍ਰਬੰਧ ਦੀ ਰੂਪ–ਰੇਖਾ ਹੋਣੀ ਜ਼ਰੂਰੀ ਹੈ ਅਤੇ ਅਜਿਹੀ ਰੂਪ–ਰੇਖਾ ਇੱਕ ਸਹੀ ਵਿਚਾਰਧਾਰਕ ਲਾਈਨ, ਸਿਆਸੀ ਲਾਈਨ ਅਤੇ ਕਾਰਜਕ੍ਰਮ ਦੇ ਜ਼ਰੀਏ ਹੀ ਪੇਸ਼ ਕੀਤੀ ਜਾ ਸਕਦੀ ਹੈ, ਜਿਸ ਨੂੰ ਇਨਕਲਾਬ ਦੇ ਵਿਗਿਆਨ ਦੇ ਅਧਿਐਨ ਅਤੇ ਇਨਕਲਾਬੀ ਅਮਲ ਦੇ ਰਾਹੀਂ ਮਜ਼ਦੂਰ ਜਮਾਤ ਦੀ ਇਨਕਲਾਬੀ ਜੱਥੇਬੰਦੀ, ਯਾਨੀ ਇਨਕਲਾਬੀ ਪਾਰਟੀ ਹੀ ਸੂਤਰਬੱਧ ਕਰ ਸਕਦੀ ਹੈ।
‘ਇਨਕਲਾਬੀ ਪ੍ਰੋਗਰਾਮ ਦਾ ਖਰੜਾ‘ ਨਾਮੀ ਆਪਣੇ ਪ੍ਰਸਿੱਧ ਲੇਖ ਵਿੱਚ, ਜਿਸ ਵਿੱਚੋਂ ਅਸੀਂ ਉੱਪਰ ਵੀ ਹਵਾਲਾ ਦੇ ਚੁੱਕੇ ਹਾਂ, ਭਗਤ ਸਿੰਘ ਸਪਸ਼ਟ ਸ਼ਬਦਾਂ ਵਿੱਚ ਇੱਕ ਇਨਕਲਾਬੀ ਪਾਰਟੀ ਦੀ ਲੋੜ ‘ਤੇ ਜ਼ੋਰ ਦਿੰਦੇ ਹਨ। ਜਦੋਂ ਤੁਸੀਂ ਉਨ੍ਹਾਂ ਦੇ ਵਿਚਾਰਾਂ ਨੂੰ ਪੜ੍ਹਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਉਹ ਲੈਨਿਨ ਦੁਆਰਾ ਦੱਸੀ ਗਈ ਬਾਲਸ਼ਵਿਕ ਪਾਰਟੀ ਜਿਹੀ ਪਾਰਟੀ ਦੀ ਹੀ ਗੱਲ ਕਰ ਰਹੇ ਹਨ, ਜੋ ਲੋਹ–ਅਨੁਸ਼ਾਸਨ ਦੇ ਅਧਾਰ ‘ਤੇ ਕੰਮ ਕਰਦੀ ਹੈ, ਆਪਣੇ ਸਮੁੱਚੇ ਢਾਂਚੇ ਨੂੰ ਸਰਮਾਏਦਾਰਾ ਰਾਜਸੱਤਾ ਦੇ ਰਹਿਮੋ–ਕਰਮ ‘ਤੇ ਨਹੀਂ ਰੱਖਦੀ ਅਤੇ ਜਿਸ ਦੀ ਰੀੜ੍ਹ ਦੀ ਹੱਡੀ ਅਜਿਹੇ ਪੇਸ਼ੇਵਰ ਇਨਕਲਾਬੀਆਂ ਨਾਲ਼ ਤਿਆਰ ਹੁੰਦੀ ਹੈ, ਜੋ ਪੂਰੀ ਤਰ੍ਹਾਂ ਇਨਕਲਾਬ ਅਤੇ ਇਨਕਲਾਬੀ ਪਾਰਟੀ ਦੀਆਂ ਲੋੜਾਂ ਦੇ ਅਨੁਸਾਰ ਕੁਲਵਕਤੀ ਕਾਰਕੁੰਨਾਂ ਦੇ ਤੌਰ ‘ਤੇ ਕੰਮ ਕਰਦੇ ਹਨ। ਅਜਿਹੇ ਪੇਸ਼ੇਵਰ ਇਨਕਲਾਬੀ ਕਿਸੇ ਵੀ ਜਮਾਤ ਤੋਂ ਆ ਸਕਦੇ ਹਨ, ਬਸ਼ਰਤੇ ਕਿ ਉਹ ਸਿਆਸੀ ਤੌਰ ‘ਤੇ ਮਜ਼ਦੂਰ ਜਮਾਤ ਦਾ ਪੱਖ ਚੁਣਨ। ਪਰ ਯਕੀਨਨ ਹੀ ਇਹ ਬੇਹੱਦ ਜ਼ਰੂਰੀ ਹੈ ਕਿ ਉੱਨਤ ਅਤੇ ਜਮਾਤੀ ਚੇਤਨਾ ਨਾਲ਼ ਲੈਸ ਮਜ਼ਦੂਰ ਅਜਿਹੀ ਪਾਰਟੀ ਦੀ ਲੋੜ ਨੂੰ ਸਮਝਣ, ਪੇਸ਼ੇਵਰ ਇਨਕਲਾਬੀ ਬਣਨ ਦੇ ਰਾਹ ਨੂੰ ਅਪਣਾਉਣ ਅਤੇ ਇੱਕ ਇਨਕਲਾਬੀ ਪ੍ਰੋਲੇਤਾਰੀ ਪਾਰਟੀ ਨੂੰ ਦੇਸ਼ ਪੱਧਰ ‘ਤੇ ਖੜ੍ਹਾ ਕਰਨ ਲਈ ਜੀਅ ਜਾਨ ਨਾਲ਼ ਜੁਟ ਜਾਣ।
ਸਿਰਫ਼ ਅਜਿਹੀ ਪਾਰਟੀ ਹੀ ਸਰਮਾਏਦਾਰਾ ਪ੍ਰਬੰਧ ਅਤੇ ਹਾਕਮ ਸਰਮਾਏਦਾਰ ਜਮਾਤ ਨੂੰ ਫ਼ੈਸਲਾਕੁੰਨ ਚੁਣੌਤੀ ਦੇ ਸਕਦੀ ਹੈ; ਸਿਰਫ਼ ਅਜਿਹੀ ਪਾਰਟੀ ਹੀ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਆਮ ਮਿਹਨਤਕਸ਼ ਅਬਾਦੀ ਨੂੰ ਇੱਕ ਸਾਂਝੇ ਪ੍ਰੋਗਰਾਮ ਦੇ ਅਧਾਰ ‘ਤੇ ਲਾਮਬੰਦ ਅਤੇ ਜੱਥੇਬੰਦ ਕਰ ਸਕਦੀ ਹੈ ਅਤੇ ਸਿਰਫ਼ ਅਜਿਹੀ ਪਾਰਟੀ ਹੀ ਸਮੁੱਚੀ ਮਿਹਨਤਕਸ਼ ਅਬਾਦੀ ਦੀ ਇਨਕਲਾਬੀ ਕੋਰ ਬਣ ਕੇ ਇੱਕ ਮਜ਼ਦੂਰ ਇਨਕਲਾਬ ਦੀ ਅਗਵਾਈ ਕਰ ਸਕਦੀ ਹੈ ਜੋ ਮਜ਼ਦੂਰ ਸੱਤਾ ਦੇ ਅਧੀਨ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਕਰੇ; ਇੱਕ ਅਜਿਹਾ ਪ੍ਰਬੰਧ ਜਿਸ ਵਿੱਚ ਸਾਰੇ ਕਾਰਖ਼ਾਨਿਆਂ ਤੇ ਖਾਣਾਂ–ਖਦਾਨਾਂ ਅਤੇ ਵੱਡੇ ਉਦਯੋਗਾਂ ਦਾ ਕੌਮੀਕਰਨ ਕਰਕੇ ਉਸ ਨੂੰ ਰਾਜ ਦੇ ਅਧੀਨ ਕਰ ਦਿੱਤਾ ਜਾਵੇਗਾ, ਸਾਰੇ ਵੱਡੇ ਕੁਲਕਾਂ ਅਤੇ ਫ਼ਾਰਮਰਾਂ ਦੇ ਫ਼ਾਰਮਾਂ ਨੂੰ ਜ਼ਬਤ ਕਰਕੇ ਉਸ ਉੱਤੇ ਸਮੂਹਿਕ ਅਤੇ ਰਾਜਕੀ ਸਰਕਾਰੀ ਫ਼ਾਰਮਾਂ ਦੀ ਸਥਾਪਨਾ ਕਰ ਦਿੱਤੀ ਜਾਵੇਗੀ, ਸਮੁੱਚੀ ਪੈਦਾਵਾਰ ਅਤੇ ਵੰਡ ਦੀ ਸਮਾਜਕ ਲੋੜਾਂ ਦੇ ਅਧਾਰ ‘ਤੇ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਰਾਜ–ਕਾਜ ਅਤੇ ਸਮਾਜ ਦੇ ਸਮੁੱਚੇ ਢਾਂਚੇ ਉੱਤੇ ਪੈਦਾਵਾਰ ਕਰਨ ਵਾਲ਼ੀਆਂ ਜਮਾਤਾਂ ਦਾ ਹੱਕ ਹੋਵੇਗਾ ਅਤੇ ਫ਼ੈਸਲਾ ਲੈਣ ਦੀ ਤਾਕਤ ਉਹਨਾਂ ਦੇ ਹੱਥਾਂ ਵਿੱਚ ਹੋਵੇਗੀ। ਸਿਰਫ਼ ਇੱਕ ਅਜਿਹੇ ਪ੍ਰਬੰਧ ਵਿੱਚ ਹੀ ਸਾਡੇ ਸਮਾਜ ਨੂੰ ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਕੁਪੋਸ਼ਣ, ਫ਼ਿਰਕਾਪ੍ਰਸਤੀ, ਅਗਿਆਨਤਾ, ਜਾਤ–ਪਾਤ, ਸ਼ੋਸ਼ਣ ਅਤੇ ਜਬਰ ਤੋਂ ਮੁਕਤੀ ਮਿਲ਼ ਸਕਦੀ ਹੈ ਅਤੇ ਮਨੁੱਖ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ।
ਸ਼ਹੀਦ–ਏ–ਆਜ਼ਮ ਭਗਤ ਸਿੰਘ ਨੇ ਇੱਕ ਅਜਿਹੇ ਸਮਾਜ ਦਾ ਹੀ ਸੁਪਨਾ ਦੇਖਿਆ ਸੀ ਅਤੇ ਇਹ ਕੋਈ ਸ਼ੇਖਚਿੱਲੀ ਦਾ ਸੁਪਨਾ ਨਹੀਂ ਸੀ। ਇਹ ਇੱਕ ਵਿਗਿਆਨਕ ਸੋਚ ‘ਤੇ ਅਤੇ ਅਮਲੀ ਪ੍ਰੋਗਰਾਮ ‘ਤੇ ਅਧਾਰਤ ਟੀਚਾ ਹੈ। ਅੱਜ ਭਗਤ ਸਿੰਘ ਦੀ ਸਿਮਰਤੀ, ਉਨ੍ਹਾਂ ਦੀ ਵਿਰਾਸਤ ਅਤੇ ਉਨ੍ਹਾਂ ਦੇ ਵਿਚਾਰ ਸਾਨੂੰ ਇਹੋ ਸੁਨੇਹਾ ਦੇ ਰਹੇ ਹਨ:
ਭਾਰਤ ਦੇ ਮਜ਼ਦੂਰੋ, ਗ਼ਰੀਬ ਕਿਸਾਨੋ, ਆਮ ਮਿਹਨਤਕਸ਼ੋ ਅਤੇ ਆਮ ਵਿਦਿਆਰਥੀਓ ਅਤੇ ਨੌਜਵਾਨੋ! ਤੁਸੀਂ ਚਾਹੇ ਕਿਸੇ ਵੀ ਧਰਮ, ਜਾਤ, ਨਸਲ, ਇਲਾਕੇ ਜਾਂ ਭਾਸ਼ਾ ਨਾਲ਼ ਸੰਬੰਧ ਰੱਖਦੇ ਹੋ, ਤੁਹਾਡੇ ਸਿਆਸੀ ਅਤੇ ਆਰਥਕ ਹਿੱਤ ਇੱਕ ਹਨ, ਤੁਹਾਡੀ ਇੱਕ ਜਮਾਤ ਹੈ! ਤੁਹਾਨੂੰ ਲੁੱਟਣ ਵਾਲ਼ੀ ਇਸ ਦੇਸ਼ ਦੀ ਪਰਜੀਵੀ ਸਰਮਾਏਦਾਰ ਜਮਾਤ ਹੈ ਜਿਸ ਵਿੱਚ ਕਾਰਖ਼ਾਨਾ ਮਾਲਕ, ਖਾਣਾਂ–ਜ਼ਮੀਨਾਂ ਦੇ ਮਾਲਕ, ਠੇਕੇਦਾਰ, ਧਨਾਢ ਵਪਾਰੀ, ਧਨਾਢ ਕਿਸਾਨ ਅਤੇ ਜ਼ਿਮੀਂਦਾਰ, ਕੁਲਕ ਅਤੇ ਦਲਾਲ ਸ਼ਾਮਲ ਹਨ! ਇਹ ਜੋਕਾਂ ਦੇ ਵਾਂਗ ਇਸ ਦੇਸ਼ ਦੀ ਮਿਹਨਤਕਸ਼ ਅਬਾਦੀ ਦੇ ਸਰੀਰ ਨੂੰ ਚਿੰਬੜੇ ਹੋਏ ਹਨ! ਇਹੋ ਇਸ ਦੇਸ਼ ਦੀ ਕਿਰਤ ਅਤੇ ਕੁਦਰਤ ਦੀ ਲੁੱਟ ਦੇ ਬਲਬੂਤੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ! ਇਹਨਾਂ ਦੇ ਜੂਲੇ ਨੂੰ ਆਪਣੇ ਮੋਢਿਆਂ ਤੋਂ ਲਾਹ ਕੇ ਸੁੱਟ ਦਿਓ! ਇਸ ਲਈ ਜੱਥੇਬੰਦ ਹੋਵੋ, ਆਪਣੀ ਇਨਕਲਾਬੀ ਪਾਰਟੀ ਦਾ ਨਿਰਮਾਣ ਕਰੋ! ਕੇਵਲ ਇਹੀ ਸ਼ਹੀਦ–ਏ–ਆਜ਼ਮ ਭਗਤ ਸਿੰਘ ਦੇ ਇਨਕਲਾਬੀ ਵਿਰਸੇ ਨੂੰ ਇਸ ਦੇਸ਼ ਦੇ ਮਿਹਨਤਕਸ਼ ਹੱਥਾਂ ਦਾ ਸੱਚਾ ਇਨਕਲਾਬੀ ਸਲਾਮ ਹੋਵੇਗਾ, ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ : ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਜਿਸ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਉਣ ਵਾਲ਼ੀਆਂ ਮਿਹਨਤਕਸ਼ ਜਮਾਤਾਂ ਪੈਦਾਵਾਰ, ਸਮਾਜ ਅਤੇ ਰਾਜ–ਕਾਜ ‘ਤੇ ਆਪਣਾ ਕੰਟਰੋਲ ਸਥਾਪਤ ਕਰਨਗੀਆਂ, ਪਰਜੀਵੀ ਲੋਟੂ ਜਮਾਤਾਂ ਦੇ ਹੱਥੋਂ ਸਿਆਸੀ ਅਤੇ ਆਰਥਕ ਸੱਤਾ ਖੋਹ ਲਈ ਜਾਵੇਗੀ, ਜੋ ਮਿਹਨਤ ਨਹੀਂ ਕਰੇਗਾ ਉਸਨੂੰ ਰੋਟੀ ਖਾਣ ਦਾ ਵੀ ਹੱਕ ਨਹੀਂ ਹੋਵੇਗਾ, ਦੂਜੇ ਦੀ ਮਿਹਨਤ ਦੀ ਲੁੱਟ ਦਾ ਹੱਕ ਕਿਸੇ ਨੂੰ ਨਹੀਂ ਹੋਵੇਗਾ, ਜਿਸ ਸਮਾਜ ਅੰਦਰ, ਭਗਤ ਸਿੰਘ ਦੇ ਹੀ ਸ਼ਬਦਾਂ ਵਿੱਚ, ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ।