ਫ਼ਲਸਤੀਨੀ ਕਵਿਤਾਵਾਂ

ਅਸੀਂ ਤਾਂ ਇੱਥੇ ਹੀ ਰਹਾਂਗੇ
ਅਸੀਂ ਤਾਂ ਇੱਥੇ ਹੀ ਰਹਾਂਗੇ
ਤੁਹਾਡੇ ਕਾਲਜੇ ‘ਤੇ ਰੱਖੇ ਪੱਥਰ ਦੀ ਤਰ੍ਹਾਂ
ਅਤੇ ਤੁਹਾਡੇ ਹਲਕ ਵਿੱਚ ਫਸ ਜਾਵਾਂਗੇ
ਕੱਚ ਦੀ ਕਿਰਚ ਦੀ ਤਰ੍ਹਾਂ
ਥੋਹਰ ਦੇ ਕੰਡਿਆਂ ਵਾਂਗ
ਤੁਹਾਡੀਆਂ ਅੱਖਾਂ ਵਿੱਚ
ਅੱਗ ਦੀਆਂ ਲਪਟਾਂ ਵਾਂਗ
ਅਸੀਂ ਤਾਂ ਇੱਥੇ ਹੀ ਰਹਾਂਗੇ
ਅਸੀਂ ਤਾਂ ਇੱਥੇ ਹੀ ਰਹਾਂਗੇ
ਤੁਹਾਡੇ ਕਾਲਜੇ ‘ਤੇ ਰੱਖੇ ਪੱਥਰ ਦੀ ਤਰ੍ਹਾਂ
. . .
ਜਾਓ ਅਤੇ ਸਮੁੰਦਰ ਨੂੰ ਸੋਖ ਲਓ
ਅਸੀਂ ਇੱਥੇ ਹੀ ਰਹਾਂਗੇ ਆਪਣੀ ਧਰਤੀ ਅਤੇ
ਆਪਣੇ ਰੁੱਖਾਂ ਦੇ ਸਦਾ ਜਾਗਦੇ,
ਚੁਕੰਨੇ ਰਾਖਿਆਂ ਦੀ ਤਰ੍ਹਾਂ
. . .
ਪਿਆਸ ਮਿਟਾਉਣ ਲਈ
ਅਸੀਂ ਪੱਥਰਾਂ ਨੂੰ ਨਿਚੋੜ ਲਵਾਂਗੇ
ਅਤੇ ਮਿੱਟੀ ਦਾ ਫੱਕਾ ਮਾਰ ਮਿਟਾ ਲਵਾਂਗੇ ਆਪਣੀ ਭੁੱਖ
ਪਰ ਅਸੀਂ ਜਾਵਾਂਗੇ ਨਹੀਂ
ਅਸੀਂ ਇੱਥੇ ਹੀ ਡੋਲ੍ਹਾਂਗੇ ਆਪਣਾ ਅਮੁੱਲਾ ਲਹੂ
ਇਹੀ ਸਾਡਾ ਬੀਤਿਆ ਹੈ, ਭਵਿੱਖ ਹੈ
ਇੱਥੇ ਅਜਿੱਤ ਹਾਂ ਅਸੀਂ ਲੋਕ
ਇਸ ਲਈ
ਜਾਓ, ਮੇਰੀਓ ਜੜ੍ਹੋ,
ਖ਼ੂਬ ਡੂੰਘੀਆਂ ਫੈਲ ਜਾਓ
– ਤੌਫ਼ੀਕ ਜ਼ਾਇਦੀ
ਵਿਰੋਧ ਕਰੋ
ਉਹਨਾਂ ਮੇਰੇ ਸਾਮ੍ਹਣੇ
ਕਾਗ਼ਜ਼ ਤੇ ਕਲਮ ਰੱਖ ਦਿੱਤੇ
ਮੇਰੇ ਹੱਥ ਵਿੱਚ
ਮੇਰੇ ਘਰ ਦੀ ਚਾਬੀ ਫੜਾ ਦਿੱਤੀ
ਜਿਸ ਕਾਗ਼ਜ਼ ਨੂੰ ਉਹ
ਮੈਥੋਂ ਦਾਗ਼ੀ ਕਰਾਉਣਾ ਚਾਹੁੰਦੇ ਸਨ
ਉਹ ਬੋਲਿਆ : ਵਿਰੋਧ ਕਰੋ
ਜਿਸ ਕਲਮ ਨੂੰ ਉਹ
ਮੈਥੋਂ ਅਪਮਾਨਿਤ ਕਰਾਉਣਾ ਲੋਚਦੇ ਸਨ
ਉਹ ਬੋਲੀ : ਵਿਰੋਧ ਕਰੋ
ਮੇਰੇ ਘਰ ਦੀ ਚਾਬੀ ਨੇ
ਮੈਨੂੰ ਕਿਹਾ :
ਇਸ ਛੋਟੇ ਜਿਹੇ ਘਰ ‘ਚ ਲੱਗੇ
ਹਰੇਕ ਪੱਥਰ ਦੀ ਸਹੁੰ
ਵਿਰੋਧ ਕਰੋ
ਕਿਸੇ ਮਿੱਧੇ ਗਏ ਹੱਥ ਦੀ ਥਾਪੀ ਨੇ
ਕੰਧੋਂ ਪਾਰ ਤੋਂ ਅਵਾਜ਼ ਦਿੱਤੀ
ਵਿਰੋਧ ਕਰੋ
ਤਸੀਹਾ ਘਰ ਦੀ ਛੱਤ ‘ਤੇ
ਵਰ੍ਹਦੇ ਮੀਂਹ ਦੀ ਹਰੇਕ ਬੂੰਦ
ਚੀਕ ਉੱਠੀ : ਵਿਰੋਧ ਕਰੋ
– ਮੋਈਨ ਬੇਸਿੱਸੋ
ਫ਼ਲਸਤੀਨ
ਦਫ਼ਤਰ ਵਿੱਚ ਸਮਾਨ ਮੁਹੱਈਆ ਕਰਵਾਉਣ ਵਾਲ਼ੇ ਸਟੋਰ ਦਾ
ਪੁਰਾਣੇ ਸਮਾਨ ਦੀ ਵਿੱਕਰੀ ਵਾਲ਼ਾ ਵਹੀ ਖਾਤਾ ਫਰੋਲਦਿਆਂ
ਮੈਂ ਤਿਆਰੀ ਕਰ ਰਹੀ ਹਾਂ
ਕਿ ਖ਼ਰੀਦ ਲਵਾਂ ਸਾਰੀ ਦੁਨੀਆਂ
ਇੱਕ-ਅੱਧਾ ਗਲੋਬ
ਪੰਜਾਹ ਡਾਲਰਾਂ ਦਾ ਹੀ ਤਾਂ ਹੈ
ਸਟੋਰ ਦਾ ਮਾਲਕ ਆਖਦਾ ਹੈ –
195 ਦੇਸ਼ ਖ਼ਰੀਦ ਲਓ
ਬੱਸ ਪੰਜਾਹ ਡਾਲਰਾਂ ਵਿੱਚ
ਮੈਂ ਸੋਚਦੀ ਹਾਂ :
ਇਸਦਾ ਮਤਲਬ ਤਾਂ ਇਹ ਹੋਇਆ
ਕਿ ਬੱਸ ਪੱਚੀ ਸੈਂਟ ਦਾ ਹੀ ਪਵੇਗਾ ਇੱਕ ਦੇਸ਼
ਜੇਕਰ ਮੈਂ ਤੁਹਾਨੂੰ ਇੱਕ ਡਾਲਰ ਦੇ ਦਵਾਂ
ਤਾਂ ਕੀ ਤੁਸੀਂ ਇਸ ਗਲੋਬ ‘ਚ
ਸ਼ਾਮਲ ਕਰ ਲਓਗੇ ਫ਼ਲਸਤੀਨ?
ਤੁਸੀਂ ਇਸ ਨੂੰ ਕਿੱਥੇ ਰੱਖਣਾ ਚਾਹੁੰਦੇ ਹੋ?
ਉਸ ਨੇ ਪਲ਼ਟ ਕੇ ਪੁੱਛਿਆ।
ਉਹਨਾਂ ਸਾਰੀਆਂ ਥਾਂਵਾਂ ‘ਤੇ
ਜਿੱਥੇ-ਜਿੱਥੇ ਵੀ ਰਹਿੰਦੇ ਹਨ
ਫ਼ਲਸਤੀਨੀ।
– ਇਬਿਤਸਾਮ ਬਰਕਤ

ਓ ਗਾਜ਼ਾ ਦੇ ਸ਼ਰਾਰਤੀ ਬੱਚਿਓ
ਓ ਗਾਜ਼ਾ ਦੇ ਸ਼ਰਾਰਤੀ ਬੱਚਿਓ
ਤੁਸੀਂ ਉਹੀ ਹੋ ਨਾ ਜਿਹੜੇ ਮੇਰੀ ਖਿੜਕੀ ਹੇਠ
ਖੱਪ ਪਾ-ਪਾ ਕੇ ਮੇਰੇ ਨੱਕ ‘ਚ ਦਮ ਕਰੀ ਰੱਖਦੇ ਸੀ
ਤੁਸੀਂ ਉਹੀ ਹੋ ਨਾ ਜੋ ਆਪਣੀ ਭੱਜ-ਦੌੜ ਅਤੇ ਖ਼ਰਮਸਤੀ ਨਾਲ਼
ਮੇਰੀ ਹਰ ਸਵੇਰ ਭਰ ਦਿੰਦੇ ਸੀ
ਉਹੀ ਹੋ ਨਾ ਤੁਸੀਂ ਜਿਨ੍ਹਾਂ
ਮੇਰੀ ਬਾਲਕਨੀ ਦਾ ਗਮਲਾ ਭੰਨ ਦਿੱਤਾ ਸੀ
ਅਤੇ ਉਸਦਾ ਇਕਲੌਤਾ ਫੁੱਲ ਚੁਰਾ ਲਿਆ ਸੀ
ਵਾਪਸ ਆ ਜਾਓ –
ਅਤੇ ਜਿੰਨਾ ਮਰਜ਼ੀ ਰੌਲ਼ਾ ਪਾਓ
ਅਤੇ ਸਾਰੇ ਗਮਲੇ ਭੰਨ ਦਿਓ
ਸਾਰੇ ਫੁੱਲ ਚੁਰਾ ਲਓ,
ਵਾਪਸ ਆ ਜਾਓ,
ਬੱਸ ਵਾਪਸ ਆ ਜਾਓ…
– ਖ਼ਾਲਿਦ ਜੁਮਾ
ਓ ਮੇਰੇ ਦੇਸ਼
ਨੌਜਵਾਨ ਥੱਕਣਗੇ ਨਹੀਂ
ਉਹਨਾਂ ਦਾ ਟੀਚਾ ਤੇਰੀ ਅਜ਼ਾਦੀ ਹੈ
ਜਾਂ ਫਿਰ ਮੌਤ
ਅਸੀਂ ਮੌਤ ਦਾ ਪਿਆਲਾ ਪੀ ਲਵਾਂਗੇ
ਪਰ ਆਪਣੇ ਦੁਸ਼ਮਣਾਂ ਦੇ ਗੁਲਾਮ ਨਹੀਂ ਬਣਾਂਗੇ
ਅਸੀਂ ਸਦਾ ਲਈ
ਅਪਮਾਨ ਨਹੀਂ ਚਾਹੁੰਦੇ
ਅਤੇ ਨਾ ਹੀ ਥੁੜਾਂ ਭਰੀ ਜ਼ਿੰਦਗੀ
ਅਸੀਂ ਤੇਰੀ ਮਹਾਨਤਾ
ਮੁੜ ਬਹਾਲ ਕਰਾਂਗੇ ਮੇਰੇ ਦੇਸ਼
ਓ ਮੇਰੇ ਦੇਸ਼
– ਇਬਰਾਹਿਮ ਤੁਕਨ