ਅਕਤੂਬਰ ਇਨਕਲਾਬ ਤੋਂ ਸਬਕ ਲਓ! ਨਵੇਂ ਸਮਾਜਵਾਦੀ ਇਨਕਲਾਬ ਦੀ ਮਸ਼ਾਲ ਜਗਾਓ!!
ਰੂਸ ਦਾ ਸਮਾਜਵਾਦੀ ਇਨਕਲਾਬ ਜ਼ਿੰਦਾਬਾਦ !
ਸਜਣਗੇ ਫਿਰ ਨਵੇਂ ਲਸ਼ਕਰ
ਮੱਚੇਗਾ ਰਣ ਮਹਾਂਭਿਅੰਕਰ
ਉੱਠੋ ਓ ਸ਼ਿਲਪਕਾਰੋ!
ਨਵੇਂ ਯੁੱਧ ਦੇ ਔਜ਼ਾਰ ਘੜਨ ਦਾ ਸਮਾਂ ਮੁੜ ਆ ਰਿਹਾ ਹੈ….
– ਸ਼ਸ਼ੀ ਪ੍ਰਕਾਸ਼

ਮਿਹਨਤਕਸ਼ ਸਾਥੀਓ!
ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜਿਸ ਘਟਨਾ ਨੇ ਸਹੀ ਅਰਥਾਂ ਵਿੱਚ ਵੀਹਵੀਂ ਸਦੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਉਹ 7 ਨਵੰਬਰ (ਪੁਰਾਣੇ ਰੂਸੀ ਕੈਲੰਡਰ ਦੇ ਅਨੁਸਾਰ 25 ਅਕਤੂਬਰ), 1917 ਨੂੰ ਹੋਇਆ ਰੂਸੀ ਸਮਾਜਵਾਦੀ ਇਨਕਲਾਬ ਸੀ। ਇਸ ਘਟਨਾ ਨੇ ਨਾ ਸਿਰਫ਼ ਤਤਕਾਲੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਸਗੋਂ ਆਉਣ ਵਾਲ਼ੇ ਕਈ ਦਹਾਕਿਆਂ ਤੱਕ ਅਕਤੂਬਰ ਇਨਕਲਾਬ ਰੂਪੀ ਤੋਪ ਦੇ ਧਮਾਕੇ ਦੁਨੀਆਂ ਭਰ ਵਿੱਚ ਗੂੰਜਦੇ ਰਹੇ। ਇਸ ਪਹਿਲੇ ਸਫ਼ਲ ਸਮਾਜਵਾਦੀ ਇਨਕਲਾਬ ਨੇ ਅੰਦਰੂਨੀ ਸੰਕਟਾਂ ਅਤੇ ਵਿਦੇਸ਼ੀ ਘੇਰੇਬੰਦੀ ਦੇ ਚਲਦਿਆਂ ਵੀ ਦੁਨੀਆਂ ਦੀਆਂ ਸਾਰੀਆਂ ਗੁਲਾਮ ਕੌਮਾਂ ਦੀ ਅਜ਼ਾਦੀ ਦੀ ਲੜਾਈ ਨੂੰ ਹਰ ਤਰ੍ਹਾਂ ਦਾ ਸਹਿਯੋਗ ਕੀਤਾ। ਇਸ ਇਨਕਲਾਬ ਦਾ ਅਮਿੱਟ ਪ੍ਰਭਾਵ ਸਾਡੇ ਦੇਸ਼ ਦੇ ਇਨਕਲਾਬੀ ਅੰਦੋਲਨ ਅਤੇ ਅਜ਼ਾਦੀ ਅੰਦੋਲਨ ਉੱਤੇ ਵੀ ਪਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਅਤੇ ਹੋਰਨਾਂ ਕਈ ਇਨਕਲਾਬੀ ਗਰੁੱਪਾਂ ਉੱਤੇ ਰੂਸੀ ਇਨਕਲਾਬ ਅਤੇ ਉਸ ਦੇ ਆਗੂ ਲੈਨਿਨ ਦੇ ਡੂੰਘੇ ਪ੍ਰਭਾਵ ਬਾਰੇ ਘੱਟ ਹੀ ਲੋਕ ਜਾਣਦੇ ਹਨ।
ਰੂਸ ਵਿੱਚ ਸਮਾਜਵਾਦੀ ਇਨਕਲਾਬ ਤੋਂ ਬਾਅਦ ਉੱਥੇ ਮਜ਼ਦੂਰਾਂ-ਮਿਹਨਤਕਸ਼ਾਂ ਦੀ ਰਾਜਸੱਤਾ ਨੇ ਵਿਆਪਕ ਕਿਸਾਨ ਅਬਾਦੀ ਦੇ ਸਹਿਯੋਗ ਨਾਲ਼ ਦੇਸ਼ ਅੰਦਰ ਮੌਜੂਦ ਭੂ-ਮਾਲਕ ਤਾਕਤਾਂ ਦੀਆਂ ਪਿਛਾਖੜੀ ਬਗਾਵਤਾਂ ਅਤੇ ਅਮਰੀਕਾ, ਇੰਗਲੈਂਡ, ਜਰਮਨੀ, ਫ਼ਰਾਂਸ, ਜਪਾਨ ਆਦਿ ਵਰਗੇ 14 ਸਾਮਰਾਜਵਾਦੀ ਦੇਸ਼ਾਂ ਦੀ ਘੇਰੇਬੰਦੀ ਦਾ ਇੱਕੋ ਵੇਲ਼ੇ ਸਾਮ੍ਹਣਾ ਕੀਤਾ ਅਤੇ ਚਾਰ ਸਾਲਾਂ ਦੇ ਅੰਦਰ 1921 ਤੱਕ ਉਹਨਾਂ ਨੂੰ ਪੂਰੀ ਤਰ੍ਹਾਂ ਗੋਡਿਆਂ ਪਰਨੇ ਕਰ ਦਿੱਤਾ। ਇਹ ਕਿਹੋ ਜਿਹੀ ਤਾਕਤ ਸੀ ਜਿਸ ਨੇ ਰੂਸ ਦੇ ਹਜ਼ਾਰਾਂ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਮਾਜਵਾਦੀ ਰੂਸ ਦੀ ਹਿਫ਼ਾਜ਼ਤ ਕਰਨ ਲਈ ਪ੍ਰੇਰਿਤ ਕੀਤਾ? ਕੀ ਲੈਨਿਨ ਤੇ ਸਤਾਲਿਨ ਸਨ ਜਿਨ੍ਹਾਂ ਦੇ ਡਰ ਕਾਰਨ ਲੋਕਾਂ ਨੇ ਅਜਿਹਾ ਕੀਤਾ? ਅਨੇਕਾਂ ਸਰਕਾਰੀ ਅਤੇ ਮੁਕਾਬਲੇ ਦੀਆਂ ਕਿਤਾਬਾਂ ਅਤੇ ਡਿਸਕਵਰੀ ਤੇ ਹਿਸਟਰੀ ਜਿਹੇ ਸਾਮਰਾਜਵਾਦੀ ਭੌਂਪੂ ਚੈਨਲ ਤਾਂ ਸਾਨੂੰ ਇਹੀ ਯਕੀਨ ਦਿਵਾਉਣਾ ਚਾਹੁੰਦੇ ਹਨ। ਪਰ ਫਿਰ ਤੋਂ ਦੂਸਰੇ ਵਿਸ਼ਵ ਯੁੱਧ ਵਿੱਚ ਵੀ ਸਵਾ ਦੋ ਕਰੋੜ ਮਜ਼ਦੂਰਾਂ-ਮਿਹਨਤਕਸ਼ਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਨਾ ਸਿਰਫ਼ ਸੋਵੀਅਤ ਸੰਘ ਦੀ ਨਾਜ਼ੀ ਹਮਲੇ ਤੋਂ ਹਿਫ਼ਾਜ਼ਤ ਕੀਤੀ ਸਗੋਂ ਦੁਨੀਆਂ ਨੂੰ ਵੀ ਫ਼ਾਸੀਵਾਦੀ ਬਰਬਰਤਾ ਦੇ ਕਹਿਰ ਤੋਂ ਬਚਾਇਆ। ਕੀ ਇਹ ਸਤਾਲਿਨ ਦਾ ਡਰ ਸੀ? ਅਸੀਂ ਸਾਰੇ ਜਾਣਦੇ ਹਾਂ ਕਿ ਸੋਵੀਅਤ ਸੰਘ ਅਤੇ ਉਸ ਦੇ ਸਮਾਜਵਾਦੀ ਪ੍ਰਯੋਗ ਬਾਰੇ ਇਸ ਤਰ੍ਹਾਂ ਦਾ ਪ੍ਰਚਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਰਮਾਏਦਾਰਾ ਲੁਟੇਰਿਆਂ ਦੁਆਰਾ ਕੀਤਾ ਗਿਆ ਕੂੜ-ਪ੍ਰਚਾਰ ਸੀ, ਜੋ ਅੱਜ ਵੀ ਚੱਲ ਰਿਹਾ ਹੈ। ਲੋਕ ਜਾਨ ਸਿਰਫ਼ ਉਸ ਚੀਜ਼ ਨੂੰ ਬਚਾਉਣ ਲਈ ਦਿੰਦੇ ਹਨ ਜਿਸ ਨਾਲ਼ ਉਹ ਪਿਆਰ ਕਰਦੇ ਹਨ। ਉਹ ਭਾੜੇ ਦੇ ਸੈਨਿਕ ਨਹੀਂ ਸਨ ਜਿਨ੍ਹਾਂ ਨੇ ਸੋਵੀਅਤ ਸੰਘ ਵੱਲੋਂ ਯੁੱਧ ਲੜਿਆ, ਸਗੋਂ ਕਾਰਖ਼ਾਨਿਆਂ, ਖਾਨਾਂ ਤੇ ਖੇਤਾਂ ਵਿੱਚ ਕੰਮ ਕਰਨ ਵਾਲ਼ੇ ਆਮ ਮਿਹਨਤਕਸ਼ ਲੋਕ ਸਨ।
ਜੇਕਰ ਸਰਮਾਏਦਾਰਾ ਮੀਡੀਆ ਦੇ ਕੂੜ-ਪ੍ਰਚਾਰ ਨੂੰ ਛੱਡ ਦੇਈਏ ਤਾਂ ਅਸੀਂ ਦੇਖਦੇ ਹਾਂ ਕਿ ਸੋਵੀਅਤ ਸਮਾਜਵਾਦ ਦੇ ਪ੍ਰਯੋਗਾਂ ਨੇ ਲਗਭਗ 40 ਸਾਲਾਂ ਵਿੱਚ ਹੀ ਰੂਸ ਨੂੰ ਮੱਧਯੁਗੀ ਪਛੜੇਵੇਂ, ਬਰਬਰਤਾ ਅਤੇ ਗ਼ਰੀਬੀ ਦੇ ਜੂਲੇ ਹੇਠੋਂ ਕੱਢ ਕੇ ਲਗਭਗ 40 ਸਾਲਾਂ ਵਿੱਚ ਹੀ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ਼ ਵਧ ਰਹੀ ਅਤੇ ਦੂਜੀ ਸਭ ਤੋਂ ਵੱਡੀ ਸਨਅਤੀ ਤਾਕਤ ਵਿੱਚ ਤਬਦੀਲ ਕਰ ਦਿੱਤਾ ਸੀ। ਰੂਸ ਨੇ ਉਹ ਮੁਕਾਮ ਮਹਿਜ਼ 40 ਸਾਲਾਂ ਵਿੱਚ ਹੀ ਹਾਸਲ ਕਰ ਲਿਆ ਜਿਸ ਨੂੰ ਹਾਸਲ ਕਰਨ ਵਿੱਚ ਅਮਰੀਕਾ, ਬ੍ਰਿਟੇਨ, ਫ਼ਰਾਂਸ ਅਤੇ ਜਰਮਨੀ ਨੂੰ ਸੌ-ਡੇਢ ਸੌ ਸਾਲ ਲੱਗ ਗਏ ਸਨ। ਇਹਨਾਂ ਚਾਲ਼ੀ ਵਰ੍ਹਿਆਂ ਵਿੱਚ ਰੂਸ ਨੇ ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦਿੱਤਾ। 1930 ਦੀ ਮੰਦੀ ਕਾਰਨ ਜਦੋਂ ਦੁਨੀਆਂ ਦੇ ਸਰਮਾਏਦਾਰ ਦੇਸ਼ ਚੀਕਾਂ ਮਾਰ ਰਹੇ ਸਨ ਉਦੋਂ ਰੂਸ ਬੇਹੱਦ ਤੇਜ਼ ਅਤੇ ਬਰਾਬਰੀ ‘ਤੇ ਟਿਕੀ ਆਰਥਕ ਤਰੱਕੀ ਦਾ ਗਵਾਹ ਬਣ ਰਿਹਾ ਸੀ। ਦੇਸ਼ ਵਿੱਚੋਂ ਵੇਸ਼ਵਾਗਮਨੀ ਅਤੇ ਗੁਪਤ-ਰੋਗ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੇ ਗਏ ਸਨ। ਇਨਕਲਾਬ ਤੋਂ ਤੁਰੰਤ ਬਾਅਦ ਔਰਤਾਂ ਨੂੰ ਵੋਟ ਦੇਣ ਦਾ ਹੱਕ ਦਿੱਤਾ ਗਿਆ ਅਤੇ ਸੋਵੀਅਤ ਸੰਘ ਅਜਿਹਾ ਕਰਨ ਵਾਲ਼ਾ ਦੁਨੀਆਂ ਦਾ ਦੂਜਾ ਦੇਸ਼ ਸੀ। ਸੋਵੀਅਤ ਸੰਘ ਨੇ ਔਰਤਾਂ ਨੂੰ ਚੁੱਲ੍ਹੇ-ਚੌਂਕੇ ਦੀ ਗੁਲਾਮੀ ਤੋਂ ਅਜ਼ਾਦ ਕਰਕੇ ਸਮਾਜਕ ਪੈਦਾਵਾਰੀ ਕਿਰਤ ਅਤੇ ਜਨਤਕ ਜੀਵਨ ਦਾ ਭਾਗੀਦਾਰ ਬਣਾਇਆ। ਸੋਵੀਅਤ ਸੰਘ ਨੇ ਆਮ ਮਿਹਨਤਕਸ਼ਾਂ ਦੇ ਜੀਵਨ ਪੱਧਰ ਵਿੱਚ ਜੋ ਜ਼ਬਰਦਸਤ ਤਰੱਕੀ ਲਿਆਂਦੀ ਉਸ ਨੂੰ ਅਨੇਕਾਂ ਗ਼ੈਰ-ਮਾਰਕਸਵਾਦੀ, ਗ਼ੈਰ-ਕਮਿਊਨਿਸਟ ਲੋਕਾਂ, ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਆਦਿ ਨੇ ਵੀ ਮੰਨਿਆ। ਪ੍ਰੇਮ ਚੰਦ ਨੇ ਲਿਖਿਆ ਕਿ “ਮੈਂ ਬਾਲਸ਼ਵਿਕਵਾਦ ਦੇ ਅਸੂਲਾਂ ਦਾ ਮੁਰੀਦ ਹੋ ਗਿਆ ਹਾਂ।” ਰੂਸ ਦੀ ਯਾਤਰਾ ਉਪਰੰਤ ਰਵਿੰਦਰ ਨਾਥ ਟੈਗੋਰ ਨੇ ਲਿਖਿਆ ਕਿ “ਜੇਕਰ ਮੈਂ ਇੱਥੇ ਨਾ ਆਉਂਦਾ ਤਾਂ ਮੇਰੀ ਜੀਵਨ-ਯਾਤਰਾ ਅਧੂਰੀ ਰਹਿ ਜਾਂਦੀ। ਇਸ ਵੇਲ਼ੇ ਜਿਹੜੀ ਗੱਲ ਮੇਰੇ ਦਿਮਾਗ਼ ਵਿੱਚ ਆ ਰਹੀ ਹੈ ਉਹ ਇਹ ਹੈ ਕਿ ਕਿਹੀ ਬੇਮਿਸਾਲ ਦਲੇਰੀ ਹੈ…. ਉਹ ਇੱਕ ਨਵੀਂ ਦੁਨੀਆਂ ਬਣਾਉਣ ਲਈ ਦ੍ਰਿੜਤਾ ਨਾਲ਼ ਡਟੇ ਹੋਏ ਹਨ, ਉਹਨਾਂ ਕੋਲ਼ ਗੁਆਉਣ ਲਈ ਬਿਲਕੁਲ ਵੀ ਸਮਾਂ ਨਹੀਂ ਹੈ। ਕਿਉਂਕਿ ਸਾਰੀ ਦੁਨੀਆਂ ਉਹਨਾਂ ਦੇ ਖ਼ਿਲਾਫ਼ ਹੈ। ਜੇਕਰ ਇਹ ਮੈਂ ਖ਼ੁਦ ਆਪਣੀਆਂ ਅੱਖਾਂ ਨਾਲ਼ ਨਾ ਦੇਖਿਆ ਹੁੰਦਾ ਤਾਂ ਮੈਂ ਕਦੇ ਇਸ ਗੱਲ ‘ਤੇ ਭਰੋਸਾ ਨਹੀਂ ਕਰ ਸਕਦਾ ਸੀ ਕਿ ਅਗਿਆਨ ਅਤੇ ਅਪਮਾਨ ਦੇ ਹਨੇਰੇ ਵਿੱਚ ਡੁੱਬੇ ਲੱਖਾਂ ਲੋਕ ਨਾ ਸਿਰਫ਼ ਸਾਖਰ ਹੋ ਰਹੇ ਹਨ, ਸਗੋਂ ਮਨੁੱਖ ਹੋਣ ਦਾ ਗੌਰਵ ਵੀ ਹਾਸਲ ਕਰ ਰਹੇ ਹਨ।” ਇਹਨਾਂ ਸਮਾਜਵਾਦੀ ਪ੍ਰਯੋਗਾਂ ਨੇ ਦੇਸ਼ ਦੀ ਜਨਤਾ ਨੂੰ ਗ਼ਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਕੌਮੀ ਜਬਰ, ਲਿੰਗਕ ਭੇਦਭਾਵ ਤੋਂ ਮੁਕਤ ਕੀਤਾ ਅਤੇ ਇਹੋ ਕਾਰਨ ਸੀ ਕਿ ਸੋਵੀਅਤ ਸੰਘ ਦੇ ਲਈ ਸੋਵੀਅਤ ਮਜ਼ਦੂਰ, ਮਿਹਨਤਕਸ਼ ਅਤੇ ਕਿਸਾਨ ਵਾਰ-ਵਾਰ ਲੜੇ ਅਤੇ ਕੁਰਬਾਨੀਆਂ ਦਿੱਤੀਆਂ। ਸੋਵੀਅਤ ਸੰਘ ਦੇ ਸਮਾਜਵਾਦ ਦੇ ਪ੍ਰਯੋਗ ਨੇ ਇਤਿਹਾਸ ਵਿੱਚ ਇੱਕ ਉਲਕਾ ਪਿੰਡ ਵਾਂਗ ਪ੍ਰਗਟ ਹੋ ਕੇ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਸੰਘਰਸ਼ਾਂ ਨੂੰ ਰੁਸ਼ਨਾ ਦਿੱਤਾ ਸੀ।
ਸੋਵੀਅਤ ਸੰਘ ਵਿੱਚ ਸਮਾਜਵਾਦ ਦਾ ਪ੍ਰਯੋਗ ਲਗਭਗ ਚਾਲ਼ੀ ਸਾਲਾਂ ਬਾਅਦ 1956 ਵਿੱਚ ਅਸਫ਼ਲ ਕਿਉਂ ਹੋ ਗਿਆ? ਅਤੇ ਸੱਤਾ ਖਰੁਸ਼ਚੇਵ ਦੀ ਅਗਵਾਈ ਵਿੱਚ ਸੋਧਵਾਦੀ ਧੜੇ ਦੇ ਹੱਥਾਂ ਵਿੱਚ ਕਿਵੇਂ ਪਹੁੰਚ ਗਈ? ਚਾਲ਼ੀ ਸਾਲਾਂ ਦੇ ਸਮਾਜਵਾਦੀ ਪ੍ਰਯੋਗਾਂ ਵਿੱਚ ਕਿੱਥੇ ਘਾਟ ਰਹਿ ਗਈ ਜਿਸ ਕਾਰਨ ਰੂਸ ਵਿੱਚ ਫਿਰ ਤੋਂ ਸਰਮਾਏਦਾਰੀ ਸੱਤਾ ਵਿੱਚ ਆ ਗਈ ਅਤੇ ਮਜ਼ਦੂਰਾਂ ਦੀ ਸੱਤਾ ਦਾ ਪਤਨ ਹੋ ਗਿਆ? ਸਮਾਜਵਾਦ ਦੀ ਇਸ ਵਕਤੀ ਹਾਰ ਦੇ ਬੁਨਿਆਦੀ ਕਾਰਨ ਕੀ ਹਨ? ਇਹ ਜਾਣਨਾ ਬੇਹੱਦ ਜ਼ਰੂਰੀ ਹੈ!
ਸ਼ਬਦਾਂ ਦੀ ਸੀਮਾ ਕਾਰਨ ਇੱਥੇ ਬਹੁਤ ਸੰਖੇਪ ਵਿੱਚ ਗੱਲ ਕੀਤੀ ਜਾ ਸਕਦੀ ਹੈ। ਅਸਲ ਵਿੱਚ ਸਮਾਜਵਾਦੀ ਸਮਾਜ ਸਰਮਾਏਦਾਰੀ ਅਤੇ ਕਮਿਊਨਿਜਮ ਵਿਚਲਾ, “ਜਮਾਤੀ ਸਮਾਜ ਅਤੇ ਜਮਾਤਹੀਣ ਸਮਾਜ” ਵਿਚਲਾ ਕਾਲ ਹੁੰਦਾ ਹੈ। ਮਿਹਨਤਕਸ਼ ਜਮਾਤ ਇਸ ਦੌਰਾਨ ਬਲਪੂਰਵਕ ਸੰਪਤੀਸ਼ਾਲੀ, ਪਰਜੀਵੀ ਜਮਾਤਾਂ ‘ਤੇ ਸ਼ਾਸਨ ਕਾਇਮ ਕਰਕੇ ਪੈਦਾਵਾਰੀ ਸਾਧਨਾਂ ਉੱਪਰੋਂ ਉਹਨਾਂ ਦੀ ਮਾਲਕੀ ਖੋਹ ਲੈਂਦੀ ਹੈ (ਪਰ ਇਹ ਪੁਰਾਣੇ ਲੋਟੂ-ਸ਼ਾਸਕ ਆਪਣੀ ਲੋਟੂ ਮਾਨਸਿਕਤਾ ਅਤੇ ਆਪਣੇ “ਖੋਹ ਲਏ ਗਏ ਸਵਰਗ” ਨੂੰ ਫਿਰ ਤੋਂ ਪਾਉਣ ਦੀ ਚਾਹਤ ਨਾਲ਼ ਸਮਾਜ ਵਿੱਚ ਮੌਜੂਦ ਹੁੰਦੇ ਹਨ)। ਇਸ ਦੇ ਨਾਲ਼ ਹੀ ਛੋਟੇ ਪੈਮਾਨੇ ‘ਤੇ (ਪਿੰਡ ਦੇ ਦਰਮਿਆਨੇ ਅਤੇ ਛੋਟੇ ਕਿਸਾਨਾਂ, ਛੋਟੇ ਕਾਰਖ਼ਾਨੇਦਾਰਾਂ-ਕਾਰੋਬਾਰੀਆਂ ਆਦਿ ਦਰਮਿਆਨ) ਸਰਮਾਏਦਾਰਾ ਕਿਸਮ ਦੀ ਪੈਦਾਵਾਰ ਸਮਾਜਵਾਦ ਦੇ ਸ਼ੁਰੂਆਤੀ ਸਮਿਆਂ ਵਿੱਚ ਇੱਕ ਲੰਮੇ ਦੌਰ ਤੱਕ ਮੌਜੂਦ ਰਹਿੰਦੀ ਹੈ, ਨਿੱਜੀ ਮਾਲਕੀ ਛੋਟੇ ਪੈਮਾਨੇ ‘ਤੇ ਮੌਜੂਦ ਰਹਿੰਦੀ ਹੈ ਅਤੇ ਆਮ ਅਬਾਦੀ ਦੇ ਇੱਕ ਚੰਗੇ-ਖ਼ਾਸੇ ਹਿੱਸੇ ਅੰਦਰ ਅਮੀਰ ਬਣਨ ਅਤੇ ਮੁਨਾਫ਼ਾ ਕੁੱਟਣ ਦੀ ਪੁਰਾਣੀ ਬਿਮਾਰੀ ਵੀ ਮੌਜੂਦ ਰਹਿੰਦੀ ਹੈ। ਇਹ ਛੋਟੇ ਪੈਮਾਨੇ ਦੀ ਸਰਮਾਏਦਾਰਾ ਪੈਦਾਵਾਰ ਨਵੇਂ-ਨਵੇਂ ਬੁਰਜੁਆ ਤੱਤਾਂ ਅਤੇ ਮਾਨਸਿਕਤਾ ਨੂੰ ਸਮਾਜਵਾਦ ਦੇ ਅੰਦਰ ਨਵੇਂ ਸਿਰੇ ਤੋਂ ਪੈਦਾ ਵੀ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਸਮਾਜਵਾਦੀ ਸਮਾਜ ਵਿੱਚ ਵੀ ਸਰੀਰਕ ਕਿਰਤ ਤੇ ਮਾਨਸਿਕ ਕਿਰਤ ਕਰਨ ਵਾਲ਼ਿਆਂ ਦਰਮਿਆਨ, ਕਾਰਖ਼ਾਨਿਆਂ ਵਿੱਚ ਕੰਮ ਕਰਨ ਵਾਲ਼ਿਆਂ ਤੇ ਖੇਤਾਂ ਵਿੱਚ ਕੰਮ ਕਰਨ ਵਾਲ਼ਿਆਂ ਦਰਮਿਆਨ ਅਤੇ ਪਿੰਡਾਂ ਵਿੱਚ ਰਹਿਣ ਵਾਲ਼ਿਆਂ ਤੇ ਸ਼ਹਿਰਾਂ ਵਿੱਚ ਰਹਿਣ ਵਾਲ਼ਿਆਂ ਦਰਮਿਆਨ ਫ਼ਰਕ ਵੀ ਮੌਜੂਦ ਰਹਿੰਦਾ ਹੈ। ਇਸ ਤੋਂ ਇਲਾਵਾ ਸਮਾਜਵਾਦ ਦੀਆਂ ਬਹੁਤ ਅੱਗੇ ਦੀਆਂ ਮੰਜ਼ਲਾਂ ਵਿੱਚ ਹੀ ਇਹ ਸੰਭਵ ਹੋ ਸਕਦਾ ਹੈ ਕਿ ਲੋਕ ਸਮਰੱਥਾ ਅਨੁਸਾਰ ਕੰਮ ਕਰਨ ਅਤੇ ਲੋੜ ਅਨੁਸਾਰ ਪ੍ਰਾਪਤ ਕਰਨ। ਸ਼ੁਰੂ ਵਿੱਚ ਤਾਂ ਲੰਮੇ ਸਮੇਂ ਤੱਕ ਇਹੀ ਹੋ ਸਕਦਾ ਹੈ ਕਿ ਲੋਕ ਜਿੰਨੀ ਕਿਰਤ ਕਰਨ ਉਸੇ ਹਿਸਾਬ ਨਾਲ਼ ਉਹਨਾਂ ਨੂੰ ਮਜ਼ਦੂਰੀ ਮਿਲ਼ੇ। ਹੁਣ ਕਿਉਂਕਿ ਲੋਕਾਂ ਦੀ ਕਿਰਤ ਕਰਨ ਦੀ ਕੁਦਰਤੀ ਸਮਰੱਥਾ ਇੱਕੋ ਜਿਹੀ ਨਹੀਂ ਹੁੰਦੀ ਤਾਂ ਇਸ ਕਾਰਨ ਵੀ ਸਮਾਜਵਾਦ ਦੇ ਸ਼ੁਰੂਆਤੀ ਲੰਮੇ ਸਮੇਂ ਦੌਰਾਨ ਗ਼ੈਰ-ਬਰਾਬਰੀ ਪੈਦਾ ਹੋਣ ਦਾ ਇੱਕ ਅਧਾਰ ਮੌਜੂਦ ਰਹਿੰਦਾ ਹੈ। ਕੁੱਲ ਮਿਲ਼ਾ ਕੇ ਮਤਲਬ ਇਹ ਹੈ ਕਿ ਪੈਦਾਵਾਰ ਦੇ ਸਾਧਨਾਂ ‘ਤੇ ਪੂਰੇ ਸਮਾਜ ਦੀ ਮਾਲਕੀ ਕਾਇਮ ਕਰਨਾ ਲੁੱਟ ਅਤੇ ਗ਼ੈਰ-ਬਰਾਬਰੀ ਦੇ ਖ਼ਾਤਮੇ ਦਾ ਸਭ ਤੋਂ ਜ਼ਰੂਰੀ ਪਹਿਲਾ ਕਦਮ ਹੈ, ਪਰ ਇਹੀ ਸਭ ਕੁਝ ਨਹੀਂ। ਇਸ ਤੋਂ ਬਾਅਦ ਵੀ ਸਮਾਜ ਵਿੱਚ ਗ਼ੈਰ-ਬਰਾਬਰੀ ਅਤੇ ਸਰਮਾਏਦਾਰੀ ਦੇ ਪੈਦਾ ਹੋਣ ਅਤੇ ਇਸ ਦੇ ਪਾਲਣ-ਪੋਸ਼ਣ ਦੇ ਕੇਂਦਰ ਮੌਜੂਦ ਰਹਿੰਦੇ ਹਨ, ਜਿਹੜੇ ਉੱਪਰ ਗਿਣਾਏ ਗਏ ਹਨ। ਇਹਨਾਂ ਕਾਰਨਾਂ ਕਰਕੇ ਸਮਾਜਵਾਦੀ ਸਮਾਜ ਦੇ ਅੰਦਰ ਵੀ ਨਵੇਂ ਕਿਸਮ ਦੇ ਸਰਮਾਏਦਾਰਾ ਤੱਤ ਮਜ਼ਬੂਤ ਹੁੰਦੇ ਜਾਂਦੇ ਹਨ ਅਤੇ ਜੇਕਰ ਸਮਾਂ ਰਹਿੰਦਿਆਂ ਹੀ ਇਹਨਾਂ ਨਦੀਨਾਂ ਨੂੰ ਨਸ਼ਟ ਨਾ ਕੀਤਾ ਜਾਵੇ ਤਾਂ ਇਹ ਸਮਾਜਵਾਦ ਦੀ ਪੂਰੀ ਫ਼ਸਲ ਨੂੰ ਤਬਾਹ ਕਰ ਦਿੰਦੇ ਹਨ। ਇਹ ਨਵੇਂ ਬੁਰਜੁਆ ਤੱਤ ਕਮਿਊਨਿਸਟ ਪਾਰਟੀ ਅਤੇ ਮਜ਼ਦੂਰ ਰਾਜਸੱਤਾ ਉੱਪਰ ਕਾਬਜ਼ ਹੋ ਜਾਂਦੇ ਹਨ ਅਤੇ ਸਰਮਾਏਦਾਰੀ ਦੀ ਮੁੜ ਬਹਾਲੀ ਹੋ ਜਾਂਦੀ ਹੈ। 1953 ਵਿੱਚ ਸਤਾਲਿਨ ਦੀ ਮੌਤ ਉਪਰੰਤ ਸੋਵੀਅਤ ਸੰਘ ਵਿੱਚ ਇਹੋ ਵਾਪਰਿਆ। ਖਰੁਸ਼ਚੇਵ ਦੀ ਅਗਵਾਈ ਵਿੱਚ ਉੱਥੇ ਇੱਕ ਨਵੇਂ ਕਿਸਮ ਦਾ ਸਰਮਾਏਦਾਰਾ ਪ੍ਰਬੰਧ ਬਹਾਲ ਹੋ ਗਿਆ – “ਸਮਾਜਵਾਦੀ” ਮਖੌਟੇ ਅਤੇ ਨਕਲੀ ਲਾਲ ਝੰਡੇ ਵਾਲ਼ਾ, ਸਰਕਾਰੀ ਜਾਂ ਰਾਜਕੀ ਸਰਮਾਏਦਾਰਾ ਪ੍ਰਬੰਧ! ਬਹੁਤਾ ਕੁਝ ਸਾਡੇ ਦੇਸ਼ ਦੇ ਜਨਤਕ ਖੇਤਰ ਵਰਗਾ! 1990 ਵਿੱਚ ਇਹ ਮਖੌਟਾ ਵੀ ਲੱਥ ਗਿਆ ਅਤੇ ਮਹਾਨ ਅਕਤੂਬਰ ਇਨਕਲਾਬ ਦੇ ਦੇਸ਼ ਅੰਦਰ ਇੱਕ ਵਾਰ ਫਿਰ ਖੁੱਲ੍ਹੇ ਰੂਪ ਵਿੱਚ ਸਰਮਾਏਦਾਰੀ ਦੀ ਮੁੜ ਬਹਾਲੀ ਹੋ ਗਈ।
ਸਰਮਾਏਦਾਰਾ ਭੌਂਪੂ ਲਗਾਤਾਰ ਚੀਕ ਰਹੇ ਹਨ ਕਿ ਸਮਾਜਵਾਦ ਫੇਲ੍ਹ ਹੋ ਗਿਆ ਅਤੇ ਨਕਲੀ ਖੱਬੇ-ਪੱਖੀ ਇਸਦੇ ਕਾਰਨਾਂ ਨੂੰ ਲੱਭਣ ਦੀ ਥਾਂ ਸਿਧਾਂਤਾਂ ਵਿੱਚ ਹੀ ਮੌਕਾਪ੍ਰਸਤ ਫੇਰਬਦਲ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ “ਇਹ ਸਮੇਂ ਦੀ ਮੰਗ ਹੈ”! ਇਤਿਹਾਸ ਬੋਧ ਸਾਨੂੰ ਦੱਸਦਾ ਹੈ ਕਿ ਅਤੀਤ ਵਿੱਚ ਵੀ ਇਨਕਲਾਬਾਂ ਦੇ ਸ਼ੁਰੂਆਤੀ ਸੰਸਕਰਨ ਅਸਫ਼ਲ ਹੁੰਦੇ ਰਹੇ ਹਨ। ਗੁਲਾਮਦਾਰੀ ਯੁੱਗ ਦੀਆਂ ਬਗਾਵਤਾਂ ਦੇ ਸੱਤ-ਅੱਠ ਸੌ ਸੰਸਕਰਨਾਂ ਨੂੰ ਦਰੜ ਦਿੱਤਾ ਗਿਆ ਸੀ, ਤਾਂ ਕਿਤੇ ਜਾ ਕੇ ਗੁਲਾਮਦਾਰੀ ਦੇ ਯੁੱਗ ਦਾ ਪੂਰੀ ਤਰ੍ਹਾਂ ਨਾਲ਼ ਖ਼ਾਤਮਾ ਹੋ ਸਕਿਆ ਸੀ। ਜਗੀਰਦਾਰੀ ਨਾਲ਼ ਸੰਘਰਸ਼ ਕਰਦਿਆਂ ਹੋਇਆਂ ਫ਼ੈਸਲਾਕੁਨ ਜਿੱਤ ਹਾਸਲ ਕਰਨ ਤੱਕ ਅਤੇ ਸਰਮਾਏਦਾਰਾ ਸਮਾਜਕ ਢਾਂਚੇ ਦਾ ਨਿਰਮਾਣ ਕਰਨ ਤੱਕ ਸਰਮਾਏਦਾਰ ਜਮਾਤ ਨੂੰ ਤਕਰੀਬਨ 400 ਸਾਲਾਂ ਦਾ ਸਮਾਂ ਲੱਗ ਗਿਆ। ਇਸ ਲਈ ਇਸ ਵਿੱਚ ਨਿਰਾਸ਼ ਹੋਣ ਦੀ ਕੋਈ ਗੱਲ ਨਹੀਂ ਕਿ ਸਮਾਜਵਾਦੀ ਇਨਕਲਾਬ ਫਿਲਹਾਲ ਕੁਝ ਸਮੇਂ ਲਈ ਸਦੀਆਂ ਤੋਂ ਜੜ੍ਹਾਂ ਜਮਾਈ ਬੈਠੀ ਸਰਮਾਏਦਾਰੀ ਤੋਂ ਹਾਰ ਗਿਆ ਹੈ। ਫਿਰ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਪਹਿਲਾਂ ਦੇ ਸਾਰੇ ਇਨਕਲਾਬਾਂ ਨੇ ਇੱਕ ਪੁਰਾਣੇ ਪੈ ਚੁੱਕੇ ਲੋਟੂ ਪ੍ਰਬੰਧ ਦੀ ਥਾਂ ਇੱਕ ਨਵੇਂ ਪ੍ਰਕਾਰ ਦੇ ਲੋਟੂ ਪ੍ਰਬੰਧ ਦੀ ਸਥਾਪਨਾ ਕੀਤੀ, ਪਰ ਸਮਾਜਵਾਦੀ ਇਨਕਲਾਬ ਦਾ ਮਕਸਦ ਸਾਰੇ ਜਮਾਤੀ ਪ੍ਰਬੰਧਾਂ ਦਾ, ਹਰ ਤਰ੍ਹਾਂ ਦੀ ਲੁੱਟ-ਚੋਂਘ ਦਾ ਅਤੇ ਹਰ ਤਰ੍ਹਾਂ ਦੀ ਗ਼ੈਰ-ਬਰਾਬਰੀ ਦਾ ਖ਼ਾਤਮਾ ਕਰਨਾ ਸੀ। ਸਰਮਾਏਦਾਰਾ ਪ੍ਰਬੰਧ ਮਨੁੱਖਤਾ ਦੇ ਪੈਰਾਂ ਦਾ ਸੰਗਲ ਬਣ ਚੁੱਕਿਆ ਹੈ, ਮਨੁੱਖਤਾ ਅੱਜ ਨਹੀਂ ਤਾਂ ਕੱਲ੍ਹ ਇਹਨਾਂ ਸੰਗਲਾਂ ਨੂੰ ਤੋੜ ਸੁੱਟੇਗੀ, ਇਹ ਅਟੱਲ ਸਚਾਈ ਹੈ!
ਅੱਜ ਦੁਨੀਆਂ ਭਰ ਵਿੱਚ ਪਿਛਲੇ ਡੇਢ ਦਹਾਕੇ ਦੇ ਲੰਮੇ ਸਮੇਂ ਤੋਂ ਗੰਭੀਰ ਆਰਥਕ ਮੰਦੀ ਜਾਰੀ ਹੈ। ਜ਼ਾਹਰ ਹੈ, ਸਰਮਾਏਦਾਰਾ ਜਮਾਤ ਇਸ ਆਰਥਕ ਸੰਕਟ ਦਾ ਬੋਝ ਆਪਣੇ ਸਿਰੋਂ ਉਤਾਰ ਕੇ ਮਜ਼ਦੂਰਾਂ ਅਤੇ ਨਿਮਨ ਮੱਧਵਰਗ ਦੇ ਮੋਢਿਆਂ ‘ਤੇ ਲੱਦ ਦਿੰਦੀ ਹੈ। ਉਹਨਾਂ ਦੀ ਮੁਨਾਫ਼ਾਖੋਰੀ ਕਾਰਨ ਪੈਦਾ ਹੋਏ ਸੰਕਟ ਦੀ ਕੀਮਤ ਨੌਕਰੀਆਂ ਘਟਣ, ਛਾਂਟੀ, ਤਾਲਾਬੰਦੀ, ਮਹਿੰਗਾਈ ਅਤੇ ਗ਼ਰੀਬੀ ਵਧਣ ਦੇ ਰੂਪ ਵਿੱਚ ਆਮ ਮਿਹਨਤਕਸ਼ ਲੋਕਾਂ ਨੂੰ ਤਾਰਨੀ ਪੈਂਦੀ ਹੈ। ਮੰਦੀ ਦੇ ਦੌਰ ਵਿੱਚ ਹੀ ਸਾਮਰਾਜਵਾਦੀਆਂ ਦਰਮਿਆਨ ਨਿਵੇਸ਼ ਦੇ ਮੌਕਿਆਂ, ਸਸਤੇ ਕੱਚੇ ਮਾਲ ਤੇ ਸਸਤੀ ਕਿਰਤ ਅਤੇ ਮੰਡੀ ਲਈ ਗਲ-ਵੱਢੂ ਮੁਕਾਬਲਾ ਵੀ ਵੱਧਦਾ ਜਾਂਦਾ ਹੈ। ਇਹੋ ਕਾਰਨ ਹੈ ਕਿ ਦੁਨੀਆਂ ਭਰ ਦੇ ਹੁਕਮਰਾਨ ਜੰਗਾਂ-ਯੁੱਧਾਂ ਨੂੰ ਭੜਕਾਉਣ ਲੱਗੇ ਹੋਏ ਹਨ ਕਿਉਂਕਿ ਹਰੇਕ ਜੰਗ ਆਮ ਲੋਕਾਂ ਲਈ ਭਾਵੇਂ ਹੀ ਮੌਤ ਅਤੇ ਤਬਾਹੀ ਦੀ ਗਾਥਾ ਲਿਖਦੀ ਹੈ ਪਰ ਮੁਨਾਫ਼ਾਖੋਰ ਕੰਪਨੀਆਂ ਅਤੇ ਸਾਮਰਾਜਵਾਦੀਆਂ ਲਈ ਸੰਕਟ ‘ਚੋਂ ਬਾਹਰ ਨਿੱਕਲਣ ਦਾ ਰਾਹ ਬਣਾਉਂਦੀ ਹੈ। ਜਦੋਂ ਤਬਾਹੀ ਹੁੰਦੀ ਹੈ ਤਾਂ ਮੁੜ-ਉਸਾਰੀ ਦੀ ਲੋੜ ਹੁੰਦੀ ਹੈ ਅਤੇ ਜਦੋਂ ਮੁੜ-ਉਸਾਰੀ ਦੀ ਲੋੜ ਹੁੰਦੀ ਹੈ ਤਾਂ ਲਾਹੇਵੰਦ ਨਿਵੇਸ਼ ਦੀਆਂ ਸੰਭਾਵਨਾਵਾਂ ਫਿਰ ਤੋਂ ਪੈਦਾ ਹੁੰਦੀਆਂ ਹਨ।
ਪਰ ਜੇਕਰ ਅੱਜ ਅਜਿਹਾ ਕੋਈ ਯੁੱਧ ਦੁਨੀਆਂ ਉੱਤੇ ਥੋਪਿਆ ਗਿਆ ਤਾਂ ਉਹ ਮਨੁੱਖਤਾ ਨੂੰ ਵਿਨਾਸ਼ ਵੱਲ ਵੀ ਲੈ ਕੇ ਜਾ ਸਕਦਾ ਹੈ। ਮੁਨਾਫ਼ੇ ਦੀ ਇਸੇ ਹਵਸ ਨੇ ਹੀ ਵਾਤਾਵਰਨ ਨੂੰ ਇੱਕ ਅਜਿਹੀ ਤਬਾਹੀ ਵੱਲ ਧੱਕ ਦਿੱਤਾ ਹੈ ਕਿ ਸਾਡੀ ਸਮੁੱਚੀ ਹੋਂਦ ਉੱਪਰ ਹੀ ਖ਼ਤਰਾ ਮੰਡਰਾ ਰਿਹਾ ਹੈ। ਫਿਰ ਤੋਂ ਹਿਟਲਰ ਅਤੇ ਮੁਸੋਲਿਨੀ ਦੀਆਂ ਪ੍ਰੇਤ-ਆਤਮਾਵਾਂ ਨਵਫ਼ਾਸੀਵਾਦੀ ਤਾਕਤਾਂ ਦੇ ਰੂਪ ਵਿੱਚ ਆਪਣੀਆਂ ਕਬਰਾਂ ਤੋਂ ਬਾਹਰ ਨਿੱਕਲ ਆਈਆਂ ਹਨ। ਸਾਡੇ ਦੇਸ਼ ਵਿੱਚ ਵੀ ਫ਼ਿਰਕੂ ਫ਼ਾਸੀਵਾਦੀ ਤਾਕਤਾਂ ਸੱਤਾ ‘ਤੇ ਕਾਬਜ ਹਨ, ਇਹ ਤਾਕਤਾਂ ਮਿਹਨਤਕਸ਼ ਲੋਕਾਈ ਨੂੰ ਆਪਸ ਵਿੱਚ ਪਾਟੋਧਾੜ ਕਰਨ ‘ਤੇ ਲੱਗੀਆਂ ਹੋਈਆਂ ਹਨ। ਇਹ ਹਨ ਉਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਸਰਮਾਏਦਾਰੀ ਦੀ “ਸਫ਼ਲਤਾ”, ਨਿੱਜੀ ਮੁਨਾਫ਼ੇ, ਨਿੱਜੀ ਮਾਲਕੀ ਅਤੇ ਵਿਅਕਤੀਵਾਦ ‘ਤੇ ਟਿਕੇ ਸਮੁੱਚੇ ਪ੍ਰਬੰਧ ਦੀ “ਕਾਮਯਾਬੀ” ਕਿਹਾ ਜਾਂਦਾ ਹੈ! ਸਪਸ਼ਟ ਹੈ ਕਿ ਅੱਜ ਸਰਮਾਏਦਾਰੀ ਪੂਰੀ ਦੁਨੀਆਂ ਨੂੰ ਯੁੱਧ, ਗ਼ਰੀਬੀ, ਬਰਬਰਤਾ, ਭੁੱਖਮਰੀ, ਬੇਰੁਜ਼ਗਾਰੀ ਅਤੇ ਵਾਤਾਵਰਨੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਦੇ ਸਕਦੀ ਹੈ। ਜੇਕਰ ਅਸੀਂ ਇਸਦਾ ਬਦਲ ਨਹੀਂ ਲੱਭਦੇ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਅਤੇ ਇਤਿਹਾਸ ਸਾਨੂੰ ਕਟਹਿਰੇ ਵਿੱਚ ਖੜ੍ਹਾ ਕਰੇਗਾ। ਇਸਦਾ ਬਦਲ ਕੀ ਹੋ ਸਕਦਾ ਹੈ? ਸੋਵੀਅਤ ਸੰਘ ਨੇ ਬਿਨਾਂ ਸ਼ੱਕ ਦਿਖਾਇਆ ਕਿ ਸਮਾਜਵਾਦੀ ਪ੍ਰਬੰਧ ਹੀ ਉਹ ਬਦਲ ਹੋ ਸਕਦਾ ਹੈ ਜੋ ਮਨੁੱਖਤਾ ਨੂੰ ਇਹਨਾਂ ਅਲਾਮਤਾਂ ਤੋਂ ਮੁਕਤ ਕਰ ਸਕਦਾ ਹੈ ਅਤੇ ਉਸ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾ ਸਕਦਾ ਹੈ।
ਹਰੇਕ ਜਮਾਤ ਆਪਣੇ ਬੀਤੇ ਦੀਆਂ ਲੜਾਈਆਂ ਤੋਂ ਸਬਕ ਲੈਂਦੀ ਹੈ ਤਾਂ ਕਿ ਆਉਣ ਵਾਲ਼ੇ ਸੰਘਰਸ਼ ਵਿੱਚ ਉਹ ਦੁਸ਼ਮਣ ਨੂੰ ਫ਼ੈਸਲਾਕੁਨ ਤੌਰ ‘ਤੇ ਧੂੜ ਚਟਾ ਸਕੇ। ਇਸ ਸਦੀ ਵਿੱਚ ਸਰਮਾਏਦਾਰ ਜਮਾਤ ਨੂੰ ਫ਼ੈਸਲਾਕੁਨ ਹਾਰ ਦੇਣ ਲਈ ਮਜ਼ਦੂਰ ਜਮਾਤ ਨੂੰ ਆਪਣੇ ਅਤੀਤ ਤੋਂ ਕੁਝ ਜ਼ਰੂਰੀ ਸਬਕ ਲੈਣੇ ਹੋਣਗੇ।
ਪਹਿਲਾ ਸਬਕ – ਪ੍ਰੋਲੇਤਾਰੀ ਇਨਕਲਾਬ ਦੀ ਸਭ ਤੋਂ ਪਹਿਲੀ ਸ਼ਰਤ ਹੁੰਦੀ ਹੈ ਪ੍ਰੋਲੇਤਾਰੀ ਜਮਾਤ ਦੀ ਦੇਸ਼ਵਿਆਪੀ ਪੱਧਰ ‘ਤੇ ਜੱਥੇਬੰਦ ਇੱਕ ਇਨਕਲਾਬੀ ਪਾਰਟੀ ਦੀ ਹੋਂਦ। ਇਹ ਇਨਕਲਾਬੀ ਪਾਰਟੀ ਲੈਨਿਨ ਦੀ ਅਗਵਾਈ ਵਿੱਚ ਬਣੀ ਬਾਲਸ਼ਵਿਕ ਪਾਰਟੀ ਦੀ ਤਰ੍ਹਾਂ ਸੰਘਰਸ਼ਾਂ ਦੀ ਅੱਗ ਵਿੱਚ ਤਪ ਕੇ ਇਸਪਾਤ ਬਣੀ ਹੋਵੇ, ਸਰਮਾਏਦਾਰੀ ਦੀ ਹਥਿਆਰਬੰਦ ਫ਼ੌਜ-ਪੁਲ਼ਸ ਨਾਲ਼ ਲੈਸ ਰਾਜਸੱਤਾ ਨਾਲ਼ ਲੋਹਾ ਲੈਣ ਦੇ ਸਮਰੱਥ ਹੋਵੇ (ਨਾ ਕਿ ਸਿਰਫ਼ ਚੋਣਬਾਜ਼ੀ ਅਤੇ ਟ੍ਰੇਡ ਯੂਨੀਅਨਬਾਜ਼ੀ ਦਾ ਧੰਦਾ ਕਰਦੀ ਹੋਵੇ), ਸਨਅਤੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਵਿੱਚ ਹੀ ਨਹੀਂ, ਸਗੋਂ ਬਹੁਗਿਣਤੀ ਗ਼ਰੀਬ ਅਤੇ ਦਰਮਿਆਨੀ ਕਿਸਾਨੀ ਵਿੱਚ ਵੀ ਇਸ ਦੀ ਡੂੰਘੀ ਪੈਠ ਹੋਵੇ ਅਤੇ ਇਹ ਆਪਣੇ ਦੇਸ਼ ਦੀਆਂ ਹਾਲਤਾਂ ਦੀ ਸਮਝ ਦੇ ਅਧਾਰ ‘ਤੇ ਇਨਕਲਾਬ ਦਾ ਪ੍ਰੋਗਰਾਮ ਅਤੇ ਰਾਹ ਤੈਅ ਕਰਨ ਦੇ ਸਮਰੱਥ ਹੋਵੇ, ਤਾਂ ਹੀ ਇਹ ਅਕਤੂਬਰ ਇਨਕਲਾਬ ਦਾ ਨਵਾਂ ਸੰਸਕਰਨ ਤਿਆਰ ਕਰ ਸਕਦੀ ਹੈ।
ਦੂਜਾ ਸਬਕ – ਜਦੋਂ ਅਸੀਂ ਅਕਤੂਬਰ ਇਨਕਲਾਬ ਤੋਂ ਪਹਿਲਾਂ ਦੇ ਰੂਸ ਵਿੱਚ ਤਕਰੀਬਨ ਵੀਹ ਸਾਲਾਂ ਤੱਕ ਜਾਰੀ, ਅਜਿਹੀ ਪਾਰਟੀ ਦੇ ਨਿਰਮਾਣ ਅਤੇ ਗਠਨ ਦੀ ਪ੍ਰਕਿਰਿਆ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹ ਸਚਾਈ ਦਿਨ ਦੀ ਰੋਸ਼ਨੀ ਦੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਔਖੇ ਵਿਚਾਰਧਾਰਾਤਮਕ ਸੰਘਰਸ਼ਾਂ, ਮਜ਼ਬੂਤ ਵਿਚਾਰਧਾਰਕ ਦ੍ਰਿੜਤਾ ਅਤੇ ਡੂੰਘੀ ਵਿਚਾਰਧਾਰਕ ਸਮਝ ਤੋਂ ਬਿਨਾਂ ਕੋਈ ਸੱਚੀ ਮਜ਼ਦੂਰ ਪਾਰਟੀ ਇਨਕਲਾਬ ਕਰਨਾ ਤਾਂ ਦੂਰ, ਖੜ੍ਹੀ ਹੀ ਨਹੀਂ ਹੋ ਸਕਦੀ ਅਤੇ ਜੇਕਰ ਇਹ ਬਣ ਵੀ ਗਈ ਤਾਂ ਛੇਤੀ ਹੀ ਖਿੰਡ-ਪੁੰਡ ਜਾਵੇਗੀ। ਲੈਨਿਨ ਅਤੇ ਉਨ੍ਹਾਂ ਦੇ ਸਾਥੀ ਬਾਲਸ਼ਵਿਕਾਂ ਨੇ ਇਕਦਮ ਅਲੱਗ-ਥਲੱਗ ਪੈ ਜਾਣ ਦਾ ਖ਼ਤਰਾ ਮੁੱਲ ਲੈਂਦਿਆਂ ਹੋਇਆਂ ਵੀ ਵਿਚਾਰਧਾਰਾ ਦੇ ਸਵਾਲ ‘ਤੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਮਾਰਕਸਵਾਦ ਦੀ ਇਨਕਲਾਬੀ ਵਿਚਾਰਧਾਰਾ ਵਿੱਚ ਕਿਸੇ ਵੀ ਤਰ੍ਹਾਂ ਦੇ ਰਲੇਵੇਂ ਦੀਆਂ ਮੈਨਸ਼ਵਿਕਾਂ ਅਤੇ ਕਾਰਲ ਕਾਊਟਸਕੀ ਦੇ ਚੇਲਿਆਂ ਦੀਆਂ ਸਾਜਿਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਪਾਰਟੀ ਨੂੰ ਕਦੇ ਵੀ ਚੁਆਨੀ ਮੈਂਬਰੀ ਵਾਲ਼ਾ ਮਹਿਜ਼ ਚੋਣਬਾਜ਼, ਯੂਨੀਅਨਬਾਜ਼, ਧੰਦੇਬਾਜ਼ ਸੰਗਠਨ ਨਹੀਂ ਬਣਨ ਦਿੱਤਾ। ਦਾਅ-ਪੇਚਾਂ ਦੇ ਰੂਪ ਵਿੱਚ ਲੈਨਿਨ ਦੀ ਪਾਰਟੀ ਨੇ ਸਰਮਾਏਦਾਰਾ ਚੋਣਾਂ ਅਤੇ ਸੰਸਦ ਦਾ ਵੀ ਇਸਤੇਮਾਲ ਕੀਤਾ ਅਤੇ ਟ੍ਰੇਡ ਯੂਨੀਅਨਾਂ ਵਿੱਚ ਕੰਮ ਕਰਦਿਆਂ ਹੋਇਆਂ ਲਗਾਤਾਰ ਆਰਥਕ ਸੰਘਰਸ਼ ਵੀ ਚਲਾਏ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਿਆਸੀ ਸੁਧਾਰਾਤਮਕ ਕਾਰਵਾਈਆਂ ਵੀ ਕੀਤੀਆਂ, ਪਰ ਪਾਰਟੀ ਨੇ ਇਸ ਗੱਲ ਨੂੰ ਕਦੇ ਨਹੀਂ ਭੁਲਾਇਆ ਕਿ ਬਿਨਾਂ ਬਲ-ਪ੍ਰਯੋਗ ਅਤੇ ਹਿੰਸਾ ਦੇ, ਸਿਰਫ਼ ਚੋਣਾਂ ਦੇ ਰਸਤੇ ਸ਼ਾਸਕ ਜਮਾਤਾਂ ਤੋਂ ਸੱਤਾ ਨਹੀਂ ਖੋਹੀ ਜਾ ਸਕਦੀ। ਉਹ ਸਰਮਾਏਦਾਰਾ ਰਾਜਸੱਤਾ ਦੀ ਫ਼ੌਜੀ ਤਾਕਤ ਅਤੇ ਜਬਰ ਦੇ ਤੰਤਰ ਨੂੰ ਉਖਾੜ ਸੁੱਟਣ ਲਈ ਲਗਾਤਾਰ ਇਨਕਲਾਬੀ ਤਿਆਰੀ ਕਰਦੇ ਰਹੇ ਅਤੇ ਇੱਕ ਵਾਰ ਫਿਰ ਅਕਤੂਬਰ ਇਨਕਲਾਬ ਨੇ ਇਸ ਗੱਲ ਨੂੰ ਸਹੀ ਸਿੱਧ ਕੀਤਾ ਕਿ ਸ਼ੋਸ਼ਕ ਜਮਾਤ ਕਦੇ ਵੀ ਸਮਝਾਉਣ-ਬੁਝਾਉਣ ਜਾਂ ਅਲਪਮੱਤ-ਬਹੁਮੱਤ ਨਾਲ਼ ਸੱਤਾ ਨਹੀਂ ਸੌਂਪ ਸਕਦੀ।
ਅਕਤੂਬਰ ਇਨਕਲਾਬ ਦੀ ਇਸ ਸਿੱਖਿਆ ਨੂੰ ਯਾਦ ਰੱਖਣ ਦਾ ਮਤਲਬ ਇਹ ਹੈ ਕਿ ਭਾਰਤ ਦੀ ਮਜ਼ਦੂਰ ਜਮਾਤ ਵੀ ਭਾਕਪਾ, ਮਾਕਪਾ, ਭਾਕਪਾ ਮਾਲੇ (ਲਿਬਰੇਸ਼ਨ ਗਰੁੱਪ) ਅਤੇ ਅਜਿਹੇ ਸਾਰੇ ਸੁਧਾਰਵਾਦੀ, ਅਰਥਵਾਦੀ, ਸਰਮਾਏਦਾਰਾ ਸੰਸਦਵਾਦੀ ਕਮਿਊਨਿਸਟ ਸੰਗਠਨਾਂ ਦੇ ਭਰਮਜਾਲ ਤੋਂ ਬਾਹਰ ਆ ਕੇ ਕਮਿਊਨਿਜਮ ਦੇ ਅਸਲ ਇਨਕਲਾਬੀ ਚਰਿੱਤਰ ਦੀ ਪਛਾਣ ਕਰੇ।
ਤੀਜਾ ਸਬਕ – ਅਕਤੂਬਰ ਇਨਕਲਾਬ ਅਤੇ ਉਸ ਦੇ ਆਗੂ ਲੈਨਿਨ ਦੀ ਇਹ ਵੀ ਸਿੱਖਿਆ ਹੈ ਕਿ ਇਨਕਲਾਬ ਮੁੱਠੀ ਭਰ ਸਮਝਦਾਰ ਅਤੇ ਬਹਾਦਰ ਇਨਕਲਾਬੀ ਨਹੀਂ, ਸਗੋਂ ਵਿਆਪਕ ਮਿਹਨਤਕਸ਼ ਅਬਾਦੀ ਕਰਦੀ ਹੈ। ਅਰਥਵਾਦ ਅਤੇ ਸੰਸਦਵਾਦ ਦੇ ਵਿਰੋਧ ਦੇ ਨਾਂ ਉੱਤੇ ਇਹਨਾਂ ਸਾਰੇ ਰੂਪਾਂ-ਦਾਅ-ਪੇਚਾਂ ਨੂੰ ਛੱਡ ਕੇ ਕਿਸੇ ਵੀ ਰੂਪ ਵਿੱਚ ਮਹਿਜ਼ ਹਥਿਆਰਬੰਦ ਕਾਰਵਾਈਆਂ ‘ਤੇ ਜੋਰ ਦੇਣਾ ਖੱਬੇ-ਪੱਖੀ ਮਾਅਰਕੇਬਾਜੀ, ਜਾਂ “ਅਤਿ-ਖੱਬੇਪੱਖੀ ਰੁਝਾਨ” ਦਾ ਮੱਧਵਰਗੀ ਭਟਕਾਅ ਹੈ ਜਿਸ ਦਾ ਫ਼ਾਇਦਾ ਅੰਤ ਵਿੱਚ ਭਾਕਪਾ-ਮਾਕਪਾ ਬ੍ਰਾਂਡ ਨਕਲੀ ਕਮਿਊਨਿਸਟਾਂ ਅਤੇ ਸਰਮਾਏਦਾਰਾ ਸੱਤਾ ਨੂੰ ਹੀ ਮਿਲ਼ਦਾ ਹੈ।
ਚੌਥਾ ਸਬਕ – ਅਕਤੂਬਰ ਇਨਕਲਾਬ ਦਾ ਨਿਚੋੜ ਕੱਢਦਿਆਂ ਹੋਇਆ ਲੈਨਿਨ ਨੇ ਸੈਂਕੜੇ ਵਾਰ ਵਿਚਾਰਧਾਰਕ ਦ੍ਰਿੜਤਾ ਨੂੰ ਸਪਸ਼ਟ ਕੀਤਾ ਸੀ ਅਤੇ ਕਿਹਾ ਸੀ ਕਿ ਜਮਾਤੀ ਸੰਘਰਸ਼ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਕਦੇ ਨਾ ਭੁੱਲੋ। ਇਹਨਾਂ ਨੂੰ ਭੁੱਲਣ ਦਾ ਮਤਲਬ ਹੀ ਹੈ ਸਰਮਾਏਦਾਰਾ ਜਮਹੂਰੀਅਤ ਅਤੇ ਸ਼ਾਂਤੀਪੂਰਨ ਸੰਕ੍ਰਮਣ ਦੇ ਭਰਮਜਾਲਾਂ ਵਿੱਚ ਜਾ ਫਸਣਾ ਅਤੇ ਇਨਕਲਾਬ ਦੇ ਰਾਹ ਨੂੰ ਭੁੱਲ ਜਾਣਾ। ਅੱਗੇ ਚੱਲ ਕੇ ਅਕਤੂਬਰ ਇਨਕਲਾਬ ਦੀ ਇਸ ਸਿੱਖਿਆ ਦੀ ਮਾਓ ਨੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦੌਰਾਨ ਪੁਸ਼ਟੀ ਕੀਤੀ ਅਤੇ ਨਾਲ਼ ਹੀ ਇਸ ਨੂੰ ਅੱਗੇ ਵਿਕਸਿਤ ਕੀਤਾ ਅਤੇ ਦੱਸਿਆ ਕਿ ਮਜ਼ਦੂਰ ਜਮਾਤ ਰਾਜਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਇੱਕ ਲੰਮੇ ਸਮੇਂ ਤੱਕ ਜੇਕਰ ਆਪਣੀ ਸੱਤਾ ਦੇ ਅਧੀਨ ਸਾਰੇ ਬੁਰਜੁਆ ਤੱਤਾਂ ਵਿਰੁੱਧ ਨਿਰੰਤਰ ਸੰਘਰਸ਼ ਨਹੀਂ ਚਲਾਏਗੀ ਅਤੇ ਸਰਮਾਏਦਾਰਾ ਮੁੱਲਾਂ- ਵਿਚਾਰਾਂ-ਸੰਸਥਾਵਾਂ ਦੇ ਵਿਰੁੱਧ ਲਗਾਤਾਰ ਸੱਭਿਆਚਾਰਕ ਇਨਕਲਾਬੀ ਸੰਘਰਸ਼ ਨਹੀਂ ਚਲਾਏਗੀ ਤਾਂ ਸਰਮਾਏਦਾਰੀ ਦੀ ਮੁੜ-ਬਹਾਲੀ ਅਟੱਲ ਹੈ।