ਪ੍ਰੋਲੇਤਾਰੀ ਜਮਾਤ ਦੇ ਮਹਾਨ ਆਗੂ : ਫ਼ਰੈਡਰਿਕ ਏਂਗਲਜ਼
ਸਾਗਰ ਜਿਹਾ ਦਿਲ, ਉਜਿਆਰੇ ਸਿਖਰਾਂ ਜਿਹੀ ਬੁੱਧੀ, ਤੂਫ਼ਾਨਾਂ ਜਿਹਾ ਜੀਵਨ
- ਕਵਿਤਾ ਕ੍ਰਿਸ਼ਨਪੱਲਵੀ

28 ਨਵੰਬਰ ਕਾਰਲ ਮਾਰਕਸ ਦੇ ਪਰਮ ਮਿੱਤਰ ਫ਼ਰੈਡਰਿਕ ਏਂਗਲਜ਼ ਦਾ ਜਨਮਦਿਨ ਹੈ। ਵਿਗਿਆਨਕ ਕਮਿਊਨਿਜ਼ਮ ਦੇ ਸਿਧਾਂਤ – ਦਵੰਦਾਤਮਕ ਅਤੇ ਇਤਿਹਾਸਕ ਪਦਾਰਥਵਾਦ ਨੂੰ ਅੱਗੇ ਵਧਾਉਣ ਵਿੱਚ ਉਹ ਕਾਰਲ ਮਾਰਕਸ ਦੇ ਇਕਲੌਤੇ ਸਹਿਯੋਗੀ ਸਨ। ਆਧੁਨਿਕ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕਾਂ ਵਿੱਚ ਕਾਰਲ ਮਾਰਕਸ ਤੋਂ ਬਾਅਦ ਉਨ੍ਹਾਂ ਦਾ ਹੀ ਨਾਂ ਆਉਂਦਾ ਹੈ।
5 ਅਗਸਤ, 1895 ਨੂੰ ਲੰਦਨ ਵਿੱਚ ਜਦ ਫ਼ਰੈਡਰਿਕ ਏਂਗਲਜ਼ ਦਾ ਦੇਹਾਂਤ ਹੋਇਆ ਸੀ ਤਾਂ ਲੈਨਿਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਵੀ ਨੇਕਰਾਸੋਵ ਦੀਆਂ ਇਹਨਾਂ ਸਤਰਾਂ ਦਾ ਹਵਾਲਾ ਦਿੱਤਾ ਸੀ: “ਤਰਕ ਦੀ ਕਿਹੀ ਮਿਸ਼ਾਲ ਬੁਝ ਗਈ, ਕਿਹਾ ਦਿਲ ਹੋ ਗਿਆ ਧੜਕਣਾਂ ਤੋਂ ਵਾਂਝਾ!” ਲੈਨਿਨ ਦੇ ਹੀ ਸ਼ਬਦਾਂ ਵਿੱਚ, “ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਨੂੰ ਜਿਸ ਸਮੇਂ ਹੋਣੀ ਨੇ ਇਕੱਠਿਆਂ ਕਰ ਦਿੱਤਾ, ਉਸ ਤੋਂ ਬਾਅਦ ਇਹਨਾਂ ਦੋਵਾਂ ਦੋਸਤਾਂ ਨੇ ਆਪਣੀ ਸਾਰੀ ਜ਼ਿੰਦਗੀ ਇੱਕੋ ਸਾਂਝੇ ਕਾਜ਼ ਦੀ ਪ੍ਰਾਪਤੀ ਦੇ ਨਾਂ ਅਰਪਣ ਕਰ ਦਿੱਤੀ।”
28 ਨਵੰਬਰ, 1820 ਨੂੰ ਏਂਗਲਜ਼ ਜਰਮਨੀ ਦੇ ਰ੍ਹਾਈਨ ਸੂਬੇ ਦੇ ਬਾਰਮੇਨ ਸ਼ਹਿਰ ਵਿੱਚ ਇੱਕ ਕਾਰਖ਼ਾਨੇਦਾਰ ਦੇ ਘਰ ਪੈਦਾ ਹੋਏ। ਮਾਰਕਸ ਦੀ ਹੀ ਤਰ੍ਹਾਂ ਜਵਾਨੀ ਵਿੱਚ ਏਂਗਲਜ਼ ਵੀ ਹੇਗੇਲ ਦੇ ਦਰਸ਼ਨ ਵੱਲ ਖਿੱਚੇ ਗਏ ਅਤੇ ਫਿਰ ਨੌਜਵਾਨ ਹੇਗੇਲਪੰਥੀਆਂ ਦੇ ਖੱਬੇ-ਪੱਖ ਵਿੱਚ ਸ਼ਾਮਲ ਹੋ ਗਏ। ਉਸ ਜ਼ਮਾਨੇ ਦੇ ਸਭ ਤੋਂ ਵਿਕਸਿਤ ਸਰਮਾਏਦਾਰਾ ਦੇਸ਼ ਇੰਗਲੈਂਡ ਵਿੱਚ ਮੱਤ-ਭੇਦੀ ਪਿਤਾ ਦੀ ਫਰਮ ਵਿੱਚ ਨੌਕਰੀ ਕਰਦਿਆਂ ਹੋਇਆਂ ਏਂਗਲਜ਼ ਉੱਥੋਂ ਦੀ ਮਜ਼ਦੂਰ ਜਮਾਤ ਦੇ ਜੀਵਨ ਦੇ ਨੇੜਿਓਂ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਨੂੰ ਸਰਮਾਏਦਾਰਾ ਉਦਯੋਗਾਂ ਦੀ ਕਾਰਜ-ਪ੍ਰਣਾਲੀ ਦਾ ਅਧਿਐਨ ਕਰਨ ਦਾ ਮੌਕਾ ਮਿਲ਼ਿਆ। ਉਹ ਪ੍ਰਸਿੱਧ ਚਾਰਟਿਸਟ ਅੰਦੋਲਨ ਦੇ ਵੀ ਨੇੜੇ ਤੋਂ ਸੰਪਰਕ ਵਿੱਚ ਰਹੇ। ਇਸ ਤਜ਼ਰਬੇ ਦਾ ਨਤੀਜਾ ਦੋ ਰਚਨਾਵਾਂ ਦੇ ਰੂਪ ਵਿੱਚ ਸਾਮ੍ਹਣੇ ਆਇਆ : ‘ਸਿਆਸੀ ਅਰਥਸ਼ਾਸਤਰ ਦੀ ਸਮੀਖਿਆ ਦਾ ਇੱਕ ਯਤਨ’ (1844) ਅਤੇ ‘ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ’ (1845)। ਇਹਨਾਂ ਰਚਨਾਵਾਂ ਵਿੱਚ ਏਂਗਲਜ਼ ਵਿਗਿਆਨਕ ਪਦਾਰਥਵਾਦੀ ਆਰਥਕ ਵਿਸ਼ਲੇਸ਼ਣ ਅਤੇ ਮਜ਼ਦੂਰ ਜਮਾਤ ਦੇ ਇਤਿਹਾਸਕ ਮਿਸ਼ਨ ਦੀ ਸਿਧਾਂਤਕ ਨੀਂਹ ਰੱਖਣ ਲੱਗੇ ਸਨ। ਉਦੋਂ ਤੱਕ ਮਾਰਕਸ ਵੀ ਆਪਣੇ ਆਰੰਭਿਕ ਅਧਿਐਨ ਅਤੇ ਲੇਖਣ ਵਿੱਚ ਹੇਗੇਲਵਾਦੀ ਵਿਚਾਰਵਾਦ ਅਤੇ ਫ਼ਾਇਰਬਾਖ ਦੇ ਯਾਂਤ੍ਰਿਕ ਪਦਾਰਥਵਾਦ ਨਾਲ਼ ਟਕਰਾਉਂਦਿਆਂ ਹੋਇਆਂ ਅਤੇ ਸਰਮਾਏਦਾਰਾ ਸਮਾਜ ਦੀ ਗਤੀ ਦਾ ਅਧਿਐਨ ਕਰਦਿਆਂ ਹੋਇਆਂ ‘1844 ਦੀਆਂ ਦਾਰਸ਼ਨਿਕ-ਆਰਥਕ ਹੱਥ-ਲਿਖਤਾਂ’ ਲਿਖਣ ਦੇ ਮੁਕਾਮ ਤੱਕ ਪਹੁੰਚ ਚੁੱਕੇ ਸਨ।
1844 ਵਿੱਚ ਪੈਰਿਸ ਵਿੱਚ ਮਾਰਕਸ ਅਤੇ ਏਂਗਲਜ਼ ਦੀ ਆਪਸ ਵਿੱਚ ਮੁਲਾਕਾਤ ਹੋਈ। ਇਹ ਦੋਵੇਂ ਯੁੱਗ-ਪਲ਼ਟਾਊ ਵਿਅਕਤੀਆਂ ਦੀ ਇਤਿਹਾਸਕ ਗੂੜ੍ਹੀ ਦੋਸਤੀ ਦੀ ਸ਼ੁਰੂਆਤ ਸੀ, ਇਸ ਦੀ ਨੀਂਹ ਵਿੱਚ ਉਹਨਾਂ ਦੇ ਇੱਕ-ਸਮਾਨ ਵਿਚਾਰ ਸਨ ਅਤੇ ਸਰਮਾਏਦਾਰਾ ਗੁਲਾਮੀ ਤੋਂ ਪ੍ਰੋਲੇਤਾਰੀ ਮੁਕਤੀ ਦਾ ਵਿਚਾਰਕ ਸੰਘਰਸ਼ ਸੀ। ਇਸ ਮਹਾਨ ਮਿੱਤਰਤਾ ਬਾਰੇ ਲੈਨਿਨ ਨੇ ਲਿਖਿਆ ਹੈ : “ਪ੍ਰਾਚੀਨ ਇਤਿਹਾਸ ਵਿੱਚ ਮਿੱਤਰਤਾ ਦੀਆਂ ਕਿੰਨੀਆਂ ਹੀ ਦਿਲ ਨੂੰ ਛੋਹ ਜਾਣ ਵਾਲ਼ੀਆਂ ਮਿਸਾਲਾਂ ਮਿਲ਼ਦੀਆਂ ਹਨ। ਯੂਰਪੀ ਪ੍ਰੋਲੇਤਾਰੀ ਜਮਾਤ ਆਖ ਸਕਦੀ ਹੈ ਕਿ ਉਸ ਦੇ ਵਿਗਿਆਨ ਦੀ ਰਚਨਾ ਦੋ ਅਜਿਹੇ ਵਿਦਵਾਨਾਂ ਅਤੇ ਯੋਧਿਆਂ ਨੇ ਕੀਤੀ ਹੈ ਜਿਨ੍ਹਾਂ ਦੇ ਆਪਸੀ ਸੰਬੰਧਾਂ ਨੇ ਪ੍ਰਾਚੀਨ ਲੋਕਾਂ ਦੀਆਂ ਮਨੁੱਖੀ ਮਿੱਤਰਤਾ ਦੀਆਂ ਸਭ ਤੋਂ ਵੱਧ ਦਿਲ ਨੂੰ ਛੋਹ ਜਾਣ ਵਾਲ਼ੀਆਂ ਗਾਥਾਵਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।”
ਏਂਗਲਜ਼ ਦੀ ਡੂੰਘੀ ਭਾਵਨਾਤਮਕਤਾ ਅਤੇ ਖੁੱਲ੍ਹ-ਦਿਲੀ ਬਾਰੇ ਲੈਨਿਨ ਨੇ ਲਿਖਿਆ ਹੈ: “ਏਂਗਲਜ਼ ਸਦਾ ਹੀ – ਅਤੇ ਆਮ ਤੌਰ ‘ਤੇ ਹੱਕੀ ਤੌਰ ‘ਤੇ – ਆਪਣੇ ਆਪ ਨੂੰ ਮਾਰਕਸ ਤੋਂ ਬਾਅਦ ਰੱਖਦੇ ਸਨ। ਉਨ੍ਹਾਂ ਨੇ ਆਪਣੇ ਇੱਕ ਪੁਰਾਣੇ ਮਿੱਤਰ ਨੂੰ ਲਿਖਿਆ ਸੀ, ‘ਮਾਰਕਸ ਦੇ ਜੀਵਨ-ਕਾਲ ਵਿੱਚ ਮੈਂ ਹਮੇਸ਼ਾ ਪੂਰਕ ਦੀ ਭੂਮਿਕਾ ਅਦਾ ਕਰਦਾ ਸੀ’। ਜਿਉਂਦੇ ਮਾਰਕਸ ਦੇ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਦੇਹਾਂਤ ਪਾ ਚੁੱਕੇ ਮਾਰਕਸ ਦੇ ਪ੍ਰਤੀ ਉਨ੍ਹਾਂ ਦੇ ਆਦਰ ਦੀ ਕੋਈ ਹੱਦ ਨਹੀਂ ਸੀ। ਇਸ ਦ੍ਰਿੜ ਯੋਧੇ ਅਤੇ ਕਠੋਰ ਵਿਚਾਰਕ ਦੇ ਅੰਦਰ ਇੱਕ ਬੇਹੱਦ ਪ੍ਰੇਮੀ ਆਤਮਾ ਨਿਵਾਸ ਕਰਦੀ ਸੀ।”
1844-46 ਦੇ ਦਰਮਿਆਨ ਮਾਰਕਸ ਅਤੇ ਏਂਗਲਜ਼ ਨੇ ਇਕੱਠਿਆਂ ਮਿਲ਼ ਕੇ ‘ਪਵਿੱਤਰ ਪਰਿਵਾਰ’ ਅਤੇ ‘ਜਰਮਨ ਵਿਚਾਰਧਾਰਾ’ ਦੇ ਸਿਰਲੇਖ ਹੇਠ ਰਚਨਾਵਾਂ ਰਚੀਆਂ, ਜਿਨ੍ਹਾਂ ਵਿੱਚ ਹੇਗੇਲ ਅਤੇ ਫ਼ਾਇਰਬਾਖ਼ ਦੇ ਦਾਰਸ਼ਨਿਕ ਵਿਚਾਰਾਂ ਦੀ ਆਲੋਚਨਾਤਮਕ ਮੁੜ-ਵਿਆਖਿਆ ਕਰਦਿਆਂ ਹੋਇਆਂ ਦਵੰਦਾਤਮਕ ਅਤੇ ਇਤਿਹਾਸਕ ਪਦਾਰਥਵਾਦ ਦੇ ਵਿਕਾਸ ਦੀ ਸ਼ੁਰੂਆਤੀ ਮੰਜ਼ਲ ਸਰ ਕੀਤੀ ਗਈ ਸੀ। 1847 ਵਿੱਚ ਏਂਗਲਜ਼ ਨੇ ਕਮਿਊਨਿਸਟ ਲੀਗ ਦੇ ਪ੍ਰੋਗਰਾਮ ਦਾ ਇੱਕ ਖਰੜਾ ‘ਕਮਿਊਨਿਜ਼ਮ ਦੇ ਸਿਧਾਂਤ’ ਦੇ ਰੂਪ ਵਿੱਚ ਤਿਆਰ ਕੀਤਾ। ਇਸੇ ਅਧਾਰ ‘ਤੇ ਅੱਗੇ ਚੱਲ ਕੇ ਮਾਰਕਸ ਅਤੇ ਉਨ੍ਹਾਂ (ਏਂਗਲਜ਼) ਨੇ ‘ਕਮਿਊਨਿਸਟ ਪਾਰਟੀ ਦਾ ਘੋਸ਼ਣਾ-ਪੱਤਰ’ (1848) ਲਿਖਿਆ। 1848-49 ਵਿੱਚ ਏਂਗਲਜ਼ ਨੇ ਜਰਮਨੀ ਵਿੱਚ ਇਨਕਲਾਬੀ ਸੈਨਿਕਾਂ ਦੇ ਵੱਲੋਂ ਯੁੱਧ ਵਿੱਚ ਪ੍ਰਤੱਖ ਰੂਪ ਵਿੱਚ ਹਿੱਸਾ ਲਿਆ। ਇਸ ਤੋਂ ਪਿੱਛੋਂ ਦੇ ਪ੍ਰਵਾਸ-ਕਾਲ ਦੇ ਸਾਲਾਂ ਵਿੱਚ ‘ਜਰਮਨੀ ਵਿੱਚ ਕਿਸਾਨ ਯੁੱਧ’ ਅਤੇ ‘ਜਰਮਨੀ ਵਿੱਚ ਇਨਕਲਾਬ ਅਤੇ ਉਲ਼ਟ ਇਨਕਲਾਬ’ ਨਾਮਕ ਕਿਤਾਬਾਂ ਲਿਖ ਕੇ ਜਰਮਨ ਇਨਕਲਾਬ ਦੇ ਤਜ਼ਰਬਿਆਂ ਦਾ ਸਾਧਾਰਣੀਕਰਣ ਕਰਦਿਆਂ ਹੋਇਆਂ ਬੁਰਜੁਆ ਜਮਹੂਰੀ ਇਨਕਲਾਬ ਵਿੱਚ ਮਜ਼ਦੂਰ-ਕਿਸਾਨ ਮੋਰਚੇ ਦੀ ਸਮਝਦਾਰੀ ਪੇਸ਼ ਕੀਤੀ ਅਤੇ ਬੁਰਜੁਆ ਜਮਾਤ ਦੀ ਗ਼ੱਦਾਰੀ ਨੂੰ ਉਜਾਗਰ ਕੀਤਾ।
ਇਸ ਸਮੇਂ ਤਕ ਮਾਰਕਸ ਇੰਗਲੈਂਡ ਵਿੱਚ ਵਸ ਗਏ ਸਨ। ਏਂਗਲਜ਼ ਵੀ ਉੱਥੇ ਪਹੁੰਚ ਗਏ। ਉੱਥੇ ਦੋਵਾਂ ਨੇ ਪਹਿਲੀ ਇੰਟਰਨੈਸ਼ਨਲ ਦੀ ਸਥਾਪਨਾ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਮਜ਼ਦੂਰ ਅੰਦੋਲਨ ਵਿੱਚ ਫੈਲ ਚੁੱਕੇ ਨਿੱਕ-ਬੁਰਜੁਆ, ਮੌਕਾਪ੍ਰਸਤ ਅਤੇ ਅਰਾਜਕਤਾਵਾਦੀ ਵਿਚਾਰਾਂ ਦੇ ਵਿਰੁੱਧ ਤੇਜ਼ ਸੰਘਰਸ਼ ਚਲਾਇਆ। ਏਂਗਲਜ਼ 1850 ਦੇ ਦਹਾਕੇ ਤੋਂ ਲੈ ਕੇ 1870 ਤੱਕ ਮਾਨਚੈਸਟਰ ਵਿੱਚ ਆਪਣੀ ਪਹਿਲਾਂ ਵਾਲ਼ੀ ਕਾਰੋਬਾਰੀ ਕੰਪਨੀ ਵਿੱਚ ਕੰਮ ਕਰਦਿਆਂ ਹੋਇਆਂ ਲੰਡਨ ਵਿੱਚ ਲਗਾਤਾਰ ਤੰਗੀਆਂ- ਤੁਰਸ਼ੀਆਂ ਵਿੱਚ ਜਿਉਂ ਰਹੇ ਮਾਰਕਸ ਦੇ ਪਰਿਵਾਰ ਨੂੰ ਆਰਥਕ ਮਦਦ ਭੇਜਦੇ ਰਹੇ। ਹਰ ਰੋਜ਼ ਲਿਖੀਆਂ ਜਾਣ ਵਾਲ਼ੀਆਂ ਲੰਬੀਆਂ-ਲੰਬੀਆਂ ਚਿੱਠੀਆਂ ਰਾਹੀਂ ਦੋਵੇਂ ਦੋਸਤਾਂ ਨੇ ਜੀਵੰਤ ਬੌਧਿਕ ਰਿਸ਼ਤਾ ਬਣਾਈ ਰੱਖਿਆ। ਇਹ ਏਂਗਲਜ਼ ਦੀ ਬੇਮਿਸਾਲ ਕੁਰਬਾਨੀ ਭਰੀ ਆਰਥਕ ਮਦਦ ਸੀ, ਜਿਸਦੇ ਚਲਦਿਆਂ ਮਾਰਕਸ ਅਤੇ ਉਨ੍ਹਾਂ ਦਾ ਪਰਿਵਾਰ ਜਿਉਂਦਾ ਰਿਹਾ ਅਤੇ ‘ਸਰਮਾਇਆ’ ਦੇ ਲੇਖਣ ਦਾ ਮਹਾਨ ਕਾਰਜ ਸੰਭਵ ਹੋ ਸਕਿਆ। 1870 ਤੱਕ ਏਂਗਲਜ਼ ਲੰਡਨ ਆ ਗਏ ਅਤੇ ਫਿਰ ਦੋਵੇਂ ਮਿੱਤਰਾਂ ਦਾ ਅਣਥੱਕ ਮਿਹਨਤ ਅਤੇ ਔਕੜਾਂ ਭਰਿਆ ਬੌਧਿਕ ਜੀਵਨ 1883 ਵਿੱਚ ਮਾਰਕਸ ਦੇ ਦੇਹਾਂਤ ਤੱਕ ਨਿਰੰਤਰ ਚਲਦਾ ਰਿਹਾ।
ਇਸ ਦੌਰਾਨ ਮਾਰਕਸ ਦੀ ‘ਸਰਮਾਇਆ’ ਦੇ ਪਹਿਲੇ ਭਾਗ ਦੀ ਤਿਆਰੀ, ਪ੍ਰਕਾਸ਼ਨ ਅਤੇ ਉਸ ਉੱਤੇ ਹੋਣ ਵਾਲ਼ੀਆਂ ਚਰਚਾਵਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ, ਏਂਗਲਜ਼ ਦੀਆਂ ਵੀ ਕਈ ਛੋਟੀ-ਵੱਡੀਆਂ ਰਚਨਾਵਾਂ ਪ੍ਰਕਾਸ਼ਤ ਹੋਈਆਂ। ਮਾਰਕਸ ਨੇ ਮੁੱਖ ਤੌਰ ‘ਤੇ ਆਪਣਾ ਸਮਾਂ ਸਰਮਾਏਦਾਰਾ ਅਰਥਸ਼ਾਸਤਰ ਦੀ ਜਟਿਲ ਸੰਰਚਨਾ ਅਤੇ ਕਾਰਜ-ਪ੍ਰਣਾਲੀ ਨੂੰ ਸਮਝਣ ਵਿੱਚ ਲਾਇਆ। ਏਂਗਲਜ਼ ਨੇ ਆਪਣਾ ਜ਼ਿਆਦਾਤਰ ਸਮਾਂ ਗ਼ਲਤ ਸਿਧਾਂਤਾਂ ਦੀ ਅਲੋਚਨਾ ਤੇ ਸਹੀ ਵਿਚਾਰਾਂ ਦੀ ਹਿਫ਼ਾਜ਼ਤ ਕਰਨ, ਅਤੀਤ ਅਤੇ ਵਰਤਮਾਨ ਦੇ ਵੱਖ-ਵੱਖ ਮਸਲਿਆਂ ‘ਤੇ ਇਤਿਹਾਸਕ ਪਦਾਰਥਵਾਦੀ ਨਜ਼ਰੀਆ ਪੇਸ਼ ਕਰਨ ਅਤੇ ਮਾਰਕਸ ਦੇ ਆਰਥਕ ਸਿਧਾਂਤਾਂ ਦੀ ਵਿਆਖਿਆ ਕਰਨ ਵਿੱਚ ਲਾਇਆ।
ਮਾਰਕਸ ਦੀ ਮੌਤ ਨੇ ‘ਸਰਮਾਇਆ’ ਦੇ ਮਹਾਨ ਕਾਜ਼ ਨੂੰ ਅੰਤਿਮ ਰੂਪ ਨਹੀਂ ਲੈਣ ਦਿੱਤਾ। ਮਾਰਕਸ ਆਪਣੇ ਪਿੱਛੇ ‘ਸਰਮਾਇਆ’ ਦੇ ਭਾਗ-2, ਭਾਗ-3 ਅਤੇ ਭਾਗ-4 (ਜੋ ਚਾਰ ਭਾਗਾਂ ਵਿੱਚ ਵਾਧੂ ਮੁੱਲ ਦੇ ਸਿਧਾਂਤ (‘ਥਿਊਰੀਜ਼ ਆਫ਼ ਸਰਪਲੱਸ ਵੈਲਯੂ’) ਦੇ ਨਾਂ ਨਾਲ਼ ਪ੍ਰਕਾਸ਼ਤ ਹੈ) ਦੀਆਂ ਹੱਥ-ਲਿਖਤਾਂ ਦਾ ਢੇਰ ਛੱਡ ਗਏ। ਏਂਗਲਜ਼ ਨੇ ਆਪਣੇ ਦੋਸਤ ਦੀ ਇਸ ਅਮੁੱਲੀ ਵਿਰਾਸਤ ਦੇ ਸੰਪਾਦਨ ਅਤੇ ਪ੍ਰਕਾਸ਼ਨ ਲਈ ਆਪਣੀ ਬਾਕੀ ਬਚੀ ਜ਼ਿੰਦਗੀ ਅਰਪਣ ਕਰ ਦਿੱਤੀ। ਆਪਣੇ ਆਖ਼ਰੀ ਸਾਹਾਂ ਤੱਕ ਬਿਸਤਰੇ ‘ਤੇ ਲੰਮਿਆਂ ਪਿਆਂ ਵੀ ਉਹ ਇਹ ਕੰਮ ਕਰਦੇ ਰਹੇ। 1885 ਵਿੱਚ ‘ਸਰਮਾਇਆ’ ਦਾ ਦੂਜਾ ਭਾਗ ਅਤੇ 1894 ਵਿੱਚ ਤੀਜਾ ਭਾਗ ਪ੍ਰਕਾਸ਼ਤ ਹੋਇਆ। ਆਸਟਰੀਆਈ ਸਮਾਜਵਾਦੀ ਆਗੂ ਐਡਲਰ ਨੇ ਬਿਲਕੁਲ ਸਹੀ ਕਿਹਾ ਸੀ, ” ‘ਸਰਮਾਇਆ’ ਦੇ ਦੂਜੇ ਅਤੇ ਤੀਜੇ ਭਾਗ ਨੂੰ ਪ੍ਰਕਾਸ਼ਿਤ ਕਰਕੇ, ਉਸ ਮਹਾਨ ਵਿਅਕਤੀ ਦੀ ਯਾਦ ਵਿੱਚ, ਜੋ ਉਨ੍ਹਾਂ ਦਾ ਦੋਸਤ ਸੀ, ਏਂਗਲਜ਼ ਨੇ ਇੱਕ ਸ਼ਾਨਦਾਰ ਸਮਾਰਕ ਖੜ੍ਹਾ ਕਰ ਦਿੱਤਾ ਸੀ, ਇੱਕ ਅਜਿਹਾ ਸਮਾਰਕ ਜਿਸ ‘ਤੇ ਨਾ ਚਾਹੁੰਦਿਆਂ ਹੋਇਆਂ ਵੀ ਉਨ੍ਹਾਂ ਨੇ ਆਪਣੇ ਨਾਂ ਦੀ ਵੀ ਅਮਿੱਟ ਛਾਪ ਛੱਡ ਦਿੱਤੀ।” ਸੱਚ ਆਖਿਆ ਜਾਵੇ ਤਾਂ ‘ਸਰਮਾਇਆ’ ਦੇ ਪਿਛਲੇ ਦੋਵੇਂ ਖੰਡ ਮਾਰਕਸ ਅਤੇ ਏਂਗਲਜ਼ ਦੋਵਾਂ ਦੀ ਰਚਨਾਵਾਂ ਹਨ, ਹਾਲਾਂਕਿ ਏਂਗਲਜ਼ ਨੇ ਖ਼ੁਦ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਨੇ ਮਾਰਕਸ ਦੀਆਂ ਹੱਥ-ਲਿਖਤਾਂ ਵਿੱਚ ਕੋਈ ਵੀ ਜੋੜ-ਘਟਾਓ ਨਹੀਂ ਕੀਤਾ ਸੀ ਅਤੇ ਸਿਰਫ਼ ਖਿੰਡੀਆਂ ਹੋਈਆਂ ਅਤੇ ਜਟਿਲ ਹੱਥ-ਲਿਖਤਾਂ ਨੂੰ ਬੱਝਵਾਂ ਰੂਪ ਦੇਣ ਅਤੇ ਉਹਨਾਂ ਦਾ ਇੱਕ ਕਿਤਾਬ ਦੇ ਰੂਪ ਵਿੱਚ ਸੰਪਾਦਨ ਕਰਨ ਤੋਂ ਜ਼ਿਆਦਾ ਉਨ੍ਹਾਂ ਨੇ ਕੁਝ ਨਹੀਂ ਕੀਤਾ ਸੀ। ਚੌਥੇ ਖੰਡ ਦੀਆਂ ਹੱਥ-ਲਿਖਤਾਂ ਦਾ ਸੰਪਾਦਨ ਦਾ ਕੰਮ ਏਂਗਲਜ਼ ਦੀ ਮੌਤ ਕਾਰਨ ਰੁਕ ਗਿਆ। ਉਹਨਾਂ ਦਾ ਸੰਪਾਦਨ ਕਾਰਲ ਕਾਊਟਸਕੀ ਨੇ ਕੀਤਾ, ਜਿਸ ਵਿੱਚ ਕੁਝ ਗ਼ਲਤੀਆਂ, ਘਾਟਾਂ ਅਤੇ ਗ਼ੈਰ-ਲੋੜੀਂਦੀਆਂ ਵਿਆਖਿਆਵਾਂ ਵੀ ਸਨ। ਇਨ੍ਹਾਂ ਨੂੰ ਡੇਵਿਡ ਰਿਆਜ਼ਾਨੋਵ ਦੇ ਡਾਇਰੈਕਟਰ ਰਹਿੰਦਿਆਂ ਮਾਸਕੋ ਸਥਿਤ ‘ਮਾਰਕਸ-ਏਂਗਲਜ਼ ਅਧਿਐਨ ਸੰਸਥਾ’ ਨੇ ਦੁਬਾਰਾ ਸੰਪਾਦਤ ਅਤੇ ਪ੍ਰਕਾਸ਼ਤ ਕੀਤਾ।
ਮਾਰਕਸਵਾਦੀ ਦਰਸ਼ਨ ਵਿੱਚ ਏਂਗਲਜ਼ ਦਾ ਆਪਣਾ ਯੋਗਦਾਨ ਬਹੁਤ ਵਿਆਪਕ ਹੈ। ‘ਲੁਡਵਿਗ ਫ਼ਾਇਰਬਾਖ ਅਤੇ ਕਲਾਸਕੀ ਜਰਮਨ ਦਰਸ਼ਨ ਦਾ ਅੰਤ’, ‘ਡਿਊਹਰਿੰਗ ਮਤ-ਖੰਡਨ’, ‘ਕੁਦਰਤ ਦਾ ਦਵੰਦਵਾਦ’ ਅਤੇ ‘ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ’ ਵਰਗੀਆਂ ਰਚਨਾਵਾਂ ਮਾਰਕਸੀ ਦਰਸ਼ਨ ਅਤੇ ਇਤਿਹਾਸਕ ਪਦਾਰਥਵਾਦ ਦੇ ਸਰੂਪ ਅਤੇ ਮਹੱਤਵ ਦੀਆਂ ਕਲਾਸਕੀ ਪੇਸ਼ਕਾਰੀਆਂ ਹਨ। ਏਂਗਲਜ਼ ਦਾ ਇੱਕ ਬੇਹੱਦ ਵੱਡਾ ਯੋਗਦਾਨ ਇਹ ਸੀ ਕਿ ਉਨ੍ਹਾਂ ਨੇ ਦਵੰਦਵਾਤਮਕ ਪਦਾਰਥਵਾਦ ਨੂੰ ਕੁਦਰਤੀ ਵਿਗਿਆਨਾਂ ‘ਤੇ ਲਾਗੂ ਕੀਤਾ। ਵਰਗ, ਸ਼ੋਸ਼ਣ ਅਤੇ ਲਿੰਗ-ਭੇਦ ਦੇ ਮਾਨਵ-ਵਿਗਿਆਨੀ ਮੂਲ ਦੀ ਉਨ੍ਹਾਂ ਦੀ ਵਿਵੇਚਨਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਦੀ ਬਹੁ-ਦਿਸ਼ਾਵੀ ਜਾਣਕਾਰੀ ਨੇ ਉਨ੍ਹਾਂ ਲਈ ਪਦਾਰਥ ਦੀ ਗਤੀ ਦੇ ਯਥਾਰਥਕ ਰੂਪਾਂ ਨੂੰ ਗਿਆਨ ਦੇ ਵਖਰੇਵੇਂ ਦਾ ਅਧਾਰ ਬਣਾਉਂਦੇ ਹੋਏ ਵਿਗਿਆਨਾਂ ਦੇ ਵਰਗੀਕਰਨ ਦੀ ਸੁਸੰਗਤ ਪ੍ਰਣਾਲੀ ਦਾ ਵਿਸਥਾਰ ਕਰਨਾ ਸੰਭਵ ਬਣਾਇਆ। ਦਾਰਸ਼ਨਿਕ ਬਹਿਸ-ਮੁਬਾਹਸਿਆਂ ਵਿੱਚ, ਵਿਗਿਆਨਕ ਅਤੇ ਆਰਥਕ ਨਿਰਧਾਰਨਵਾਦ (Determinism) ਅਤੇ ਅਬੋਧਵਾਦ (Agnosticism) ਦੀ ਅਲੋਚਨਾ ਕਰਦੇ ਹੋਏ ਏਂਗਲਜ਼ ਨੇ ਇਤਿਹਾਸਕ ਪਦਾਰਥਵਾਦ ਦੇ ਬੁਨਿਆਦੀ ਪ੍ਰਸਤਾਵਾਂ ਦਾ ਵਿਕਾਸ ਕੀਤਾ।
ਮਾਰਕਸ ਦੀ ਮੌਤ ਤੋਂ ਬਾਅਦ, ਏਂਗਲਜ਼ ਆਪਣੇ ਆਖ਼ਰੀ ਸਾਹ ਤੱਕ ਯੂਰਪ ਦੇ ਸਮਾਜਵਾਦੀਆਂ ਦੇ ਅਧਿਆਪਕ, ਆਗੂ ਅਤੇ ਸਲਾਹਕਾਰ ਦੀ ਭੂਮਿਕਾ ਨਿਭਾਉਂਦੇ ਰਹੇ। ਜ਼ਿਕਰਯੋਗ ਹੈ ਕਿ ਰੂਸੀ ਸਮਾਜ ਅਤੇ ਇਨਕਲਾਬੀ ਅੰਦੋਲਨ ਦੀ ਡੂੰਘੀ ਸਮਝ ਰੱਖਣ ਵਾਲ਼ੇ ਏਂਗਲਜ਼ ਨੇ ਆਪਣੇ ਜੀਵਨ ਦੇ ਆਖ਼ਰੀ ਸਾਲਾਂ ਵਿੱਚ ਆਉਣ ਵਾਲ਼ੇ ਰੂਸੀ ਇਨਕਲਾਬ ਦੀ ਭਵਿੱਖਵਾਣੀ ਕਰ ਦਿੱਤੀ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਇਨਕਲਾਬ ਨਾਲ਼ ਯੂਰਪ ਦੇ ਮਜ਼ਦੂਰ ਇਨਕਲਾਬਾਂ ਨੂੰ ਵੀ ਨਵੀਂ ਗਤੀ ਮਿਲ਼ੇਗੀ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਫ਼ਰੈਡਰਿਕ ਏਂਗਲਜ਼ ਆਪਣੇ ਆਖ਼ਰੀ ਸਾਲਾਂ ਵਿੱਚ ਵਧ ਰਹੀ ਇਜਾਰੇਦਾਰੀ ਦੀ ਪ੍ਰਵਿਰਤੀ ਅਤੇ ਵਿੱਤੀ ਪੂੰਜੀ (ਬੈਂਕਿੰਗ ਅਤੇ ਸੱਟਾ-ਬਜ਼ਾਰ) ਦੀ ਵੱਧਦੀ ਭੂਮਿਕਾ ਨੂੰ ਵਿਸ਼ਵ ਦੀ ਸਰਮਾਏਦਾਰੀ ਦੀ ਕਾਰਗੁਜ਼ਾਰੀ ਵਿੱਚ ਆ ਰਹੇ ਇੱਕ ਮਹੱਤਵਪੂਰਨ ਬਦਲਾਅ ਦੇ ਰੂਪ ਵਿੱਚ ਵੇਖਣ ਲੱਗੇ ਸਨ। ਜਿਸ ਪ੍ਰਵਿਰਤੀ ਨੂੰ ਅੱਗੇ ਚੱਲ ਕੇ ਲੈਨਿਨ ਨੇ ਆਪਣੀ ਅਮਰ ਰਚਨਾ ‘ਸਾਮਰਾਜਵਾਦ, ਸਰਮਾਏਦਾਰੀ ਦਾ ਸਰਵਉੱਚ ਪੜਾਅ’ ਵਿੱਚ ਸੂਤਰਬੱਧ ਕੀਤਾ।
ਆਪਣੇ ਮਿੱਤਰ ਕਾਰਲ ਮਾਰਕਸ ਦੇ ਗੰਭੀਰ ਅਤੇ ਆਮ ਤੌਰ ‘ਤੇ ਪੜ੍ਹਨ ਵਾਲ਼ੇ ਕਮਰੇ ਅਤੇ ਪਰਿਵਾਰ ਤੱਕ ਸੀਮਿਤ ਰਹਿਣ ਵਾਲ਼ੇ ਸੁਭਾਅ ਦੇ ਉਲ਼ਟ, ਏਂਗਲਜ਼ ਜ਼ਿੰਦਾਦਿਲ ਅਤੇ ਹੱਸ-ਮੁੱਖ ਸਨ। ਉਨ੍ਹਾਂ ਨੂੰ ਪਾਰਟੀਆਂ ਵੀ ਪਸੰਦ ਸਨ ਅਤੇ ਲੂੰਬੜੀਆਂ ਦਾ ਸ਼ਿਕਾਰ ਵੀ। ਫ਼ੌਜੀ ਮਾਮਲਿਆਂ ਵਿੱਚ ਉਨ੍ਹਾਂ ਦੀ ਮੁਹਾਰਤ ਦੇ ਚਲਦਿਆਂ ਉਨ੍ਹਾਂ ਦੇ ਦੋਸਤ ਉਨ੍ਹਾਂ ਨੂੰ ‘ਜਨਰਲ’ ਕਹਿ ਕੇ ਬੁਲਾਉਂਦੇ ਸਨ। ਮਾਨਚੈਸਟਰ ਵਿੱਚ ਆਪਣੇ ਪਹਿਲੇ ਪ੍ਰਵਾਸ ਦੇ ਦੌਰਾਨ ਹੀ ਏਂਗਲਜ਼ ਨੂੰ ਇੱਕ ਆਇਰਿਸ਼ ਮਜ਼ਦੂਰ ਕੁੜੀ ਮੈਰੀ ਬਰਨਸ ਨਾਲ਼ ਪਿਆਰ ਹੋ ਗਿਆ ਸੀ।
ਏਂਗਲਜ਼ ਦਾ ਇਹ ਪਿਆਰ 1854 ਤੱਕ ਗੁਪਤ ਰਿਹਾ। ਫਿਰ 1854 ਤੋਂ ਉਨ੍ਹਾਂ ਨੇ ਮੈਰੀ ਨਾਲ਼ ‘ਲਿਵ-ਇਨ ਰਿਲੇਸ਼ਨ’ ਵਿੱਚ ਰਹਿਣਾ ਸ਼ੁਰੂ ਕੀਤਾ। ਮੈਰੀ ਬਾਅਦ ਵਿੱਚ ਆਪਣੀ ਭੈਣ ਲਿਜ਼ੀ ਦੇ ਨਾਲ਼ ਮਾਨਚੈਸਟਰ ਵਿੱਚ ਬੋਰਡਿੰਗ ਹਾਊਸ ਚਲਾਉਣ ਲੱਗੀ। 1863 ਵਿੱਚ ਮੈਰੀ ਦੀ ਅਚਾਨਕ ਮੌਤ ਹੋ ਗਈ। ਕੁਝ ਸਮੇਂ ਬਾਅਦ, ਏਂਗਲਜ਼ ਅਤੇ ਲਿਜ਼ੀ ਪਰਸਪਰ ਪਿਆਰ ਦੇ ਰਿਸ਼ਤਿਆਂ ਵਿੱਚ ਬੱਝ ਗਏ।
1870 ਵਿੱਚ ਏਂਗਲਜ਼ ਲਿਜ਼ੀ ਦੇ ਨਾਲ਼ ਮਾਨਚੈਸਟਰ ਤੋਂ ਲੰਦਨ ਆ ਗਏ। ਉੱਥੇ ਸਤੰਬਰ 1878 ਵਿੱਚ ਲਿਜ਼ੀ ਦੀ ਮੌਤ ਤੱਕ ਦੋਵੇਂ ਜੀਵਨ ਸਾਥੀ ਵਜੋਂ ਨਾਲ਼ ਰਹੇ। 5 ਅਗਸਤ, 1895 ਨੂੰ ਏਂਗਲਜ਼ ਦਾ ਲੰਦਨ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੀਆਂ ਅਸਥੀਆਂ ਸਮੁੰਦਰ ਵਿੱਚ ਬਿਖੇਰ ਦਿੱਤੀਆਂ ਗਈਆਂ।
ਦੁਨੀਆਂ ਦੀ ਮਜ਼ਦੂਰ ਜਮਾਤ ਏਂਗਲਜ਼ ਦੀ ਬੇਮਿਸਾਲ ਸੂਰਬੀਰਤਾ ਭਰੀ ਜ਼ਿੰਦਗੀ, ਮਾਰਕਸ ਦੇ ਨਾਲ਼ ਉਨ੍ਹਾਂ ਦੀ ਯੂਨਾਨੀ ਮਿੱਥਕਾਂ ਜਿਹੀ ਮਿੱਤਰਤਾ ਅਤੇ ਉਨ੍ਹਾਂ ਦੇ ਮਹਾਨ ਵਿਚਾਰਧਾਰਕ ਯੋਗਦਾਨ ‘ਤੇ ਹਮੇਸ਼ਾ ਮਾਣ ਕਰਦੀ ਰਹੇਗੀ! ਅਸੀਂ ਆਪਣੇ ‘ਜਨਰਲ’ ਨੂੰ ਹਮੇਸ਼ਾ ਯਾਦ ਰੱਖਾਂਗੇ!