ਕਾਕੋਰੀ ਐਕਸ਼ਨ ਦੇ ਸ਼ਹੀਦਾਂ ਨੂੰ ਯਾਦ ਕਰੋ! ਲੋਕਾਂ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰੋ!
ਜਨਤਾ ਦੇ ਅਸਲੀ ਮੁੱਦਿਆਂ ਦੇ ਅਧਾਰ ‘ਤੇ ਇੱਕਜੁੱਟ ਸੰਘਰਸ਼ ਤੇਜ਼ ਕਰੋ!

ਭਾਰਤ ਦੀ ਅਜ਼ਾਦੀ ਦੇ ਅੰਦੋਲਨ ਵਿੱਚ ਕਾਕੋਰੀ ਐਕਸ਼ਨ ਅਮਿੱਟ ਸਥਾਨ ਰੱਖਦਾ ਹੈ। 17 ਤੇ 19 ਦਸੰਬਰ, 1927 ਨੂੰ ਕਾਕੋਰੀ ਐਕਸ਼ਨ ਦੇ ਸ਼ਹੀਦਾਂ ਰਾਮਪ੍ਰਸਾਦ ਬਿਸਮਿਲ, ਅਸ਼ਫ਼ਾਕ ਉੱਲਾ ਖ਼ਾਂ, ਰਜਿੰਦਰ ਨਾਥ ਲਾਹਿੜੀ ਅਤੇ ਰੌਸ਼ਨ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਅੱਜ ਇਹਨਾਂ ਦਿਨਾਂ ਨੂੰ ਇਹਨਾਂ ਮਹਾਨ ਸ਼ਹੀਦਾਂ ਦੀ ਫ਼ਿਰਕਾਪ੍ਰਸਤੀ ਵਿਰੋਧੀ ਵਿਰਾਸਤ ਅਤੇ ਅਜ਼ਾਦੀ ਅਤੇ ਨਿਆਂਸ਼ੀਲਤਾ ਭਰੇ ਸਮਾਜ ਦੀ ਸਥਾਪਨਾ ਲਈ ਕੀਤੇ ਸੰਘਰਸ਼ ਦੀ ਵਿਰਾਸਤ ਦੇ ਤੌਰ ‘ਤੇ ਯਾਦ ਕੀਤਾ ਜਾਣਾ ਚਾਹੀਦਾ ਹੈ! ਅਸ਼ਫਾਕ ਉੱਲਾ ਖ਼ਾਂ ਨੂੰ ਫ਼ੈਜ਼ਾਬਾਦ ਜੇਲ੍ਹ, ਰਾਮਪ੍ਰਸਾਦ ਬਿਸਮਿਲ ਨੂੰ ਗੋਰਖਪੁਰ ਜੇਲ੍ਹ ਅਤੇ ਰੌਸ਼ਨ ਸਿੰਘ ਨੂੰ ਇਲਾਹਾਬਾਦ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਇਹ ਚਾਰੇ ਜਾਂਬਾਜ਼ ਨੌਜਵਾਨ ਇਨਕਲਾਬੀ ਐੱਚ.ਆਰ.ਏ. (ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ) ਦੇ ਮੁੱਖ ਆਗੂ ਸਨ। ਭਾਰਤ ਦੀ ਅਜ਼ਾਦੀ ਦੇ ਅੰਦੋਲਨ ਵਿੱਚ ‘ਕਾਕੋਰੀ ਐਕਸ਼ਨ’  ਇੱਕ ਖ਼ਾਸ ਘਟਨਾ ਹੈ। 9 ਅਗਸਤ, 1925 ਦੇ ਦਿਨ 10 ਨੌਜਵਾਨਾਂ ਨੇ ਕਾਕੋਰੀ ਨਾਂ ਦੇ ਸਥਾਨ ‘ਤੇ ਚਲਦੀ ਗੱਡੀ ਨੂੰ ਰੋਕ ਕੇ ਅੰਗਰੇਜ਼ੀ ਖ਼ਜ਼ਾਨੇ ਨੂੰ ਲੁੱਟਿਆ ਸੀ। ਖ਼ਜ਼ਾਨੇ ਦੀ ਇਸ ਲੁੱਟ ਦਾ ਮਕਸਦ ਸੀ ਹਥਿਆਰਬੰਦ ਇਨਕਲਾਬ ਕਰਕੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣਾ! ਭਾਰਤ ਵਿੱਚ ਲੁੱਟ, ਸ਼ੋਸ਼ਣ ਤੇ ਜਬਰ ਉੱਤੇ ਟਿਕੇ ਅੰਗਰੇਜ਼ੀ ਸਾਮਰਾਜ ਦੇ ਮੂੰਹ ਤੇ ‘ਕਾਕੋਰੀ ਐਕਸ਼ਨ’ ਇੱਕ ਕਰਾਰੀ ਚਪੇੜ ਸੀ। ਪੁਲ਼ਸੀਆ ਜਬਰ ਤੋਂ ਬਾਅਦ ਮੁਕੱਦਮੇ ਵਿੱਚ ਨਾਟਕ ਕਰ ਕੇ ਕਈਆਂ ਨੂੰ ਸਖ਼ਤ ਕੈਦ ਅਤੇ ਚਾਰ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਜਦੋਂ ਕਿ ਅੰਗਰੇਜ਼ੀ ਹਕੂਮਤ ਚੰਦਰਸ਼ੇਖਰ ਅਜ਼ਾਦ ਨੂੰ ਗ੍ਰਿਫ਼ਤਾਰ ਕਰ ਸਕਣ ਵਿੱਚ ਨਾਕਾਮਯਾਬ ਰਹੀ। ਐੱਚ.ਆਰ.ਏ. ਉਹੀ ਸੰਗਠਨ ਸੀ ਜਿਸ ਦੀ ਵਿਰਾਸਤ ਨੂੰ ਲੈ ਕੇ ਭਗਤ ਸਿੰਘ ਅਤੇ ਉਸ ਦੇ ਸਾਥੀ ਅੱਗੇ ਵਧੇ ਅਤੇ ਇਹ 1928 ਵਿੱਚ ਐੱਚ.ਐੱਸ.ਆਰ.ਏ. (ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ) ਦੇ ਰੂਪ ਵਿੱਚ ਵਿਕਸਤ ਹੋਇਆ। ਚੰਦਰਸ਼ੇਖਰ ਅਜ਼ਾਦ ਉਸ ਦੇ ਕਮਾਂਡਰ-ਇਨ-ਚੀਫ਼ ਚੁਣੇ ਗਏ।

ਅੱਜ ਜਦੋਂ ਫ਼ਿਰਕੂ-ਫ਼ਾਸੀਵਾਦੀ ਤਾਕਤਾਂ ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਹਨ ਅਤੇ ਉਹ ਦਿਨ-ਰਾਤ ਦੇਸ਼ ਦੀ ਮਿਹਨਤਕਸ਼ ਅਬਾਦੀ ਅੰਦਰ ਫ਼ਿਰਕੂ ਵੰਡੀਆਂ ਪਾਉਣ ਦੀਆਂ ਕੋਸ਼ਸ਼ਾਂ ਵਿੱਚ ਜੁਟੀਆਂ ਹੋਈਆਂ ਹਨ ਤਾਂ ਅਜਿਹੇ ਸਮੇਂ ਕਾਕੋਰੀ ਐਕਸ਼ਨ ਦੇ ਸ਼ਹੀਦਾਂ ਨੂੰ ਯਾਦ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਅਜ਼ਾਦੀ ਦੇ ਅੰਦੋਲਨ ਦੌਰਾਨ ਵੀ ਅੰਗਰੇਜ਼ੀ ਹਕੂਮਤ ਆਪਣੀਆਂ ‘ਪਾੜੋ ਤੇ ਰਾਜ ਕਰੋ’ ਦੀਆਂ ਨੀਤੀਆਂ ਰਾਹੀਂ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਫ਼ਿਰਕਾਪ੍ਰਸਤੀ ਨੂੰ ਭੜਕਾਉਣ ‘ਤੇ ਲੱਗੀ ਹੋਈ ਸੀ। ਅਨੇਕਾਂ ਸਿਆਸੀ ਆਗੂਆਂ ਨੇ ਵੀ ਫ਼ਿਰਕਾਪ੍ਰਸਤੀ ਦਾ ਰਾਹ ਫੜ ਲਿਆ ਸੀ। ਤਬਲੀਗ਼ੀ ਜਮਾਤ, ਹਿੰਦੂ ਮਹਾਂਸਭਾ, ਮੁਸਲਿਮ ਲੀਗ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਆਦਿ ਸੰਗਠਨਾਂ ਦੀ ਲੀਡਰਸ਼ਿਪ ਦੁਆਰਾ ਆਮ ਲੋਕਾਂ ਵਿੱਚ ਫ਼ਿਰਕੂ ਅੱਗ ਭੜਕਾਉਣ ਦੀ ਸ਼ੁਰੂਆਤ ਹੋ ਚੁੱਕੀ ਸੀ। ਉਸ ਵੇਲ਼ੇ ਸਾਡੇ ਇਨਕਲਾਬੀ ਆਪਣੇ ਜੀਵਨ ਰਾਹੀਂ ਮਿਸਾਲਾਂ ਕਾਇਮ ਕਰ ਰਹੇ ਸਨ। ‘ਗ਼ਦਰ’ ਅੰਦੋਲਨ ਦੇ ਇਨਕਲਾਬੀਆਂ ਵਾਂਗ ਹੀ ਐੱਚ.ਆਰ.ਏ., ਐੱਚ.ਐੱਸ.ਆਰ.ਏ. ਦਾ ਵੀ ਸਪਸ਼ਟ ਮੰਨਣਾ ਸੀ ਕਿ ਧਰਮ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਹੋਣਾ ਚਾਹੀਦਾ ਹੈ ਅਤੇ ਧਰਮ ਦਾ ਰਾਜ ਮਸ਼ੀਨਰੀ ਤੇ ਸਿਆਸਤ ਵਿੱਚ ਬਿਲਕੁਲ ਵੀ ਇਸਤੇਮਾਲ ਨਹੀਂ ਹੋਣਾ ਚਾਹੀਦਾ। ਅਸ਼ਫਾਕ ਉੱਲਾ ਖ਼ਾਂ ਨੇ ਲਿਖਿਆ ਸੀ – “ਸੱਤ ਕਰੋੜ ਮੁਸਲਮਾਨਾਂ ਦਾ ਸ਼ੁੱਧੀਕਰਨ ਨਾਮੁਮਕਿਨ ਹੈ, ਅਤੇ ਇਸੇ ਤਰ੍ਹਾਂ ਇਹ ਸੋਚਣਾ ਵੀ ਫ਼ਜ਼ੂਲ ਹੈ ਕਿ ਪੱਚੀ ਕਰੋੜ ਹਿੰਦੂਆਂ ਕੋਲ਼ੋਂ ਇਸਲਾਮ ਕਬੂਲ ਕਰਵਾਇਆ ਜਾ ਸਕਦਾ ਹੈ। ਪਰ ਹਾਂ, ਇਹ ਅਸਾਨ ਹੈ ਕਿ ਅਸੀਂ ਸਾਰੇ ਗੁਲਾਮੀ ਦੀਆਂ ਜ਼ੰਜੀਰਾਂ ਆਪਣੀ ਗਰਦਨ ਵਿੱਚ ਪਾਈ ਰੱਖੀਏ।” ਇਸੇ ਤਰ੍ਹਾਂ ਰਾਮਪ੍ਰਸਾਦ ਬਿਸਮਿਲ ਦਾ ਕਹਿਣਾ ਸੀ – “ਜੇਕਰ ਦੇਸ਼ਵਾਸੀਆਂ ਨੂੰ ਸਾਡੀ ਮੌਤ ਦਾ ਜ਼ਰਾ ਵੀ ਅਫ਼ਸੋਸ ਹੈ ਤਾਂ ਉਹ ਜਿਵੇਂ ਵੀ ਹੋਵੇ ਹਿੰਦੂ-ਮੁਸਲਿਮ ਏਕਤਾ ਸਥਾਪਿਤ ਕਰਨ । ਇਹੀ ਸਾਡੀ ਆਖ਼ਰੀ ਇੱਛਾ ਸੀ, ਇਹੀ ਸਾਡੀ ਯਾਦਗਾਰ ਹੋ ਸਕਦੀ ਹੈ।” ਅੱਜ ਮਜ਼ਦੂਰ ਮਿਹਨਤਕਸ਼ ਅਬਾਦੀ ਦੀ ਆਪਣੇ ਇਹਨਾਂ ਮਹਾਨ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਜਾਤੀਵਾਦ ਅਤੇ ਫ਼ਿਰਕਾਪ੍ਰਸਤੀ ਨੂੰ ਮੂੰਹ-ਤੋੜ ਜਵਾਬ ਦੇਈਏ ਅਤੇ ਆਪਣੇ ਸਾਂਝੇ ਦੁਸ਼ਮਣ ਦੀ ਪਛਾਣ ਕਰਦਿਆਂ ਲੁੱਟ ‘ਤੇ ਟਿਕੇ ਇਸ ਸਰਮਾਏਦਾਰਾ ਪ੍ਰਬੰਧ ਖ਼ਿਲਾਫ਼ ਜੱਥੇਬੰਦ ਹੋ ਕੇ ਸੰਘਰਸ਼ਾਂ ਦਾ ਰਾਹ ਫੜੀਏ।



ਮਜ਼ਦੂਰ ਬਿਗਲ ਜਨਵਰੀ 2025