ਇੱਕ ਵਾਰ ਫੇਰ ਮੁਨਾਫ਼ੇ ਦੀ ਅੰਨ੍ਹੀ ਭੁੱਖ ਕਾਰਨ ਅਪਰਾਧਕ ਲਾਪਰਵਾਹੀ ਬਣੀ ਮਜ਼ਦੂਰਾਂ ਦੀ ਜਾਨ ਦੀ ਦੁਸ਼ਮਣ

ਆਂਧਰਾ ਪ੍ਰਦੇਸ਼ ਦੀ ਦਵਾਈਆਂ ਬਣਾਉਣ ਵਾਲ਼ੀ ਫੈਕਟਰੀ ਵਿੱਚ ਧਮਾਕਾ : 17 ਮਜ਼ਦੂਰਾਂ ਦੀ ਮੌਤ ਅਤੇ 35 ਫੱਟੜ

  • ਬਿਗਲ ਪੱਤਰਪ੍ਰੇਰਕ

21 ਅਗਸਤ ਨੂੰ ਆਂਧਰਾ ਪ੍ਰਦੇਸ਼ ਦੀ ਇੱਕ ਫਾਰਮਾ ਕੰਪਨੀ ਦੇ ਰਿਐਕਟਰ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ 17 ਮਜ਼ਦੂਰਾਂ ਦੀ ਜਾਨ ਚਲੀ ਗਈ ਅਤੇ ਤਕਰੀਬਨ 35 ਮਜ਼ਦੂਰ ਫੱਟੜ ਹੋ ਗਏ। ਇਹ ਧਮਾਕਾ ਅਨਕਾਪੱਲੀ ਜ਼ਿਲ੍ਹੇ ਦੇ ਅਚੁਤਾਪੁਰਮ ਨਾਮੀ ਵਿਸ਼ੇਸ਼ ਆਰਥਕ ਖੇਤਰ ਜਾਂ ‘ਸਪੈਸ਼ਲ ਇਕੋਨੋਮਿਕ ਜੋਨ’ (SEZ) ਵਿੱਚ ‘ਐਸੇਂਟੀਆ ਐਡਵਾਂਸਡ ਸਾਇੰਸ ਪ੍ਰਾਈਵੇਟ ਲਿਮਿਟੇਡ’ ਨਾਮੀ ਕੰਪਨੀ ਦੇ ਰਿਐਕਟਰ ਵਿੱਚ ਹੋਇਆ। ਕੰਪਨੀ ਦੇ ਇਸ ਪਲਾਂਟ ਵਿੱਚ ਦੋ ਸ਼ਿਫਟਾਂ ਵਿੱਚ 381 ਮਜ਼ਦੂਰ ਕੰਮ ਕਰਦੇ ਹਨ। ਘਟਨਾ ਦੁਪਹਿਰ ਦੇ ਖਾਣੇ ਸਮੇਂ ਵਾਪਰੀ ਜਦੋਂ ਪਲਾਂਟ ਵਿੱਚ ਮਜ਼ਦੂਰਾਂ ਦੀ ਮੌਜੂਦਗੀ ਮੁਕਾਬਲਤਨ ਘੱਟ ਸੀ। ਜੇਕਰ ਵਿਸਫੋਟ ਕੁਝ ਸਮਾਂ ਵੀ ਅੱਗੇ-ਪਿੱਛੇ ਹੋਇਆ ਹੁੰਦਾ ਤਾਂ ਮਰਨ ਵਾਲ਼ਿਆਂ ਅਤੇ ਜ਼ਖ਼ਮੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਸੀ। ਮਾਲਕਾਂ ਦੇ ਮੁਨਾਫ਼ੇ ਲਈ ਆਪਣਾ ਹੱਡ-ਮਾਸ ਗਲਾਉਣ ਤੋਂ ਬਾਅਦ ਰੁੱਖੀ-ਸੁੱਖੀ ਖਾ ਰਹੇ ਮਜ਼ਦੂਰਾਂ ਨੇ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਹ ਉਹਨਾਂ ਦਾ ਆਖ਼ਰੀ ਭੋਜਨ ਹੋ ਸਕਦਾ ਹੈ ਅਤੇ ਜਿਸ ਨੂੰ ਉਹ ਪੂਰਾ ਵੀ ਨਹੀਂ ਖਾ ਪਾਉਣਗੇ। ਦਿਨ ਦੇ ਸਵਾ ਦੋ ਵਜੇ ਕੰਪਨੀ ਦੇ ਰਿਐਕਟਰ ਵਿੱਚ ਹੋਏ ਭਿਅੰਕਰ ਧਮਾਕੇ ਨਾਲ਼ ਅੱਗ ਦਾ ਗੁਬਾਰ ਉੱਠਿਆ ਅਤੇ ਕਈ ਮਜ਼ਦੂਰ ਬੁਰੀ ਤਰ੍ਹਾਂ ਝੁਲ਼ਸ ਗਏ। ਇਸ ਤੋਂ ਇਲਾਵਾ ਕਈ ਮਜ਼ਦੂਰ ਧਮਾਕੇ ਤੋਂ ਬਾਅਦ ਉੱਤੇ ਆ ਡਿੱਗੇ ਪਹਿਲੀ ਮੰਜ਼ਿਲ ਦੇ ਮਲਬੇ ਥੱਲੇ ਦਬ ਗਏ। ਦੇਖਦਿਆਂ ਹੀ ਦੇਖਦਿਆਂ 17 ਜਾਨਾਂ ਚਲੀਆਂ ਗਈਆਂ ਅਤੇ ਲਗਭਗ 35 ਲੋਕ ਬੁਰੀ ਤਰ੍ਹਾਂ ਫੱਟੜ ਹੋ ਗਏ।

ਇਸ ਜਾਨਲੇਵਾ ਧਮਾਕੇ ਤੋਂ ਤੁਰੰਤ ਬਾਅਦ ਆਲ਼ੇ-ਦੁਆਲ਼ੇ ਦੀਆਂ ਫ਼ੈਕਟਰੀਆਂ ਦੇ ਮਜ਼ਦੂਰ ਅਤੇ ਪੇਂਡੂ ਲੋਕ ਰੋਹ ਵਿੱਚ ਵੱਡੀ ਗਿਣਤੀ ਵਿੱਚ ਪਲਾਂਟ ਦੇ ਬਾਹਰ ਜਮ੍ਹਾਂ ਹੋ ਗਏ। ਘਟਨਾ ਤੋਂ ਪਹਿਲਾਂ ਕੰਨਾਂ ਵਿੱਚ ਰੂੰ-ਤੇਲ ਪਾ ਕੇ ਸੌਂ ਰਿਹਾ ਸ਼ਾਸਨ-ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਅਤੇ ਆਪਣੇ ਸਾਥੀਆਂ ਦੀ ਮੌਤ ‘ਤੇ ਗੁੱਸੇ ਨਾਲ਼ ਭਰੇ ਮਜ਼ਦੂਰਾਂ ਨੂੰ ਡਰਾ-ਧਮਕਾ ਕੇ ਹਾਲਾਤ ਨੂੰ “ਕੰਟਰੋਲ” ਕਰਨ ਵਿੱਚ ਲੱਗ ਗਿਆ। ਮਾਲਕਾਂ ਦੀਆਂ ਐਸੋਸੀਏਸ਼ਨਾਂ ਤੋਂ ਲੈ ਕੇ ਸੱਤਾਧਾਰੀ ਠੱਗਜੋੜ ਤੇਲਗੂ ਦੇਸ਼ਮ ਪਾਰਟੀ, ਜਨਸੈਨਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਮਗਰਮੱਛੀ ਹੰਝੂ ਵਹਾਉਂਦਿਆਂ ਹੋਇਆਂ ਬਿਆਨ ਜਾਰੀ ਕੀਤੇ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਘਟਨਾ ਦੀ ਉੱਚ-ਪੱਧਰੀ ਜਾਂਚ ਦੇ “ਹੁਕਮ” ਵੀ ਦੇ ਦਿੱਤੇ। ਹੁਣ ਲੋਕਲ ਪ੍ਰਸ਼ਾਸਨ, ਪੁਲ਼ਸ ਪ੍ਰਸ਼ਾਸਨ ਅਤੇ ਕਿਰਤ ਵਿਭਾਗ ਵੀ ਕੁਝ ਸਮੇਂ ਲਈ ਸਰਗਰਮ ਹੋਣ ਦਾ ਡਰਾਮਾ ਕਰਨਗੇ‌। ਘਟਨਾ ‘ਤੇ ਜਾਂਚ ਬਿਠਾਈ ਜਾਵੇਗੀ, ਲੀਡਰਾਂ ਅਤੇ ਪ੍ਰਸ਼ਾਸਨ ਦੀਆਂ ਬੈਠਕਾਂ ਦੇ ਵੀ ਦੌਰ ਚੱਲਣਗੇ ਪਰ ਇਸ ਸਭ ਦੇ ਬਾਵਜੂਦ ਬਦਲੇਗਾ ਕੱਖ ਵੀ ਨਹੀਂ ਅਤੇ ਥੋੜ੍ਹੇ ਹੀ ਦਿਨਾਂ ਬਾਅਦ ਸਭ ਕੁਝ ਜਿਉਂ ਦਾ ਤਿਉ ਹੋ ਜਾਵੇਗਾ। ਇਹਨਾਂ ਕਤਲਾਂ ਲਈ ਜ਼ਿੰਮੇਵਾਰ ਕੰਪਨੀ ਮਾਲਕ, ਕਿਰਤ ਵਿਭਾਗ ਅਤੇ ਲੋਕਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।

ਇਸ ਉਦੋਗਿਕ ਇਲਾਕੇ ਵਿੱਚ ਘਟੀ ਇਹ ਕੋਈ ਪਹਿਲੀ ਜਾਨਲੇਵਾ ਦੁਰਘਟਨਾ ਨਹੀਂ ਹੈ। ਜੁਲਾਈ ਵਿੱਚ ਹੀ, ਇੱਥੋਂ ਦੀ ਇੱਕ ਹੋਰ ਕੈਮੀਕਲ ਫ਼ੈਕਟਰੀ ਵਿੱਚ ਰਿਐਕਟਰ ਧਮਾਕਾ ਹੋਇਆ ਸੀ ਜਿਸ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ ਸੀ ਅਤੇ ਦੋ ਮਜ਼ਦੂਰ ਫੱਟੜ ਹੋ ਗਏ ਸਨ। ਜੂਨ 2023 ਵਿੱਚ ਇਸੇ ‘ਐੱਸਈਜ਼ੈੱਡ’ ਵਿੱਚ ਸਥਿਤ ਇੱਕ ਹੋਰ ਦਵਾਈ ਕੰਪਨੀ ਵਿੱਚ ਰਿਐਕਟਰ ਧਮਾਕਾ ਹੋਇਆ ਸੀ ਜਿਸ ਵਿੱਚ ਛੇ ਮਜ਼ਦੂਰਾਂ ਦੀ ਜਾਨ ਚਲੀ ਗਈ ਸੀ। ਇਸ ਤਰ੍ਹਾਂ ਦੇ ਹਾਦਸੇ ਦੇਸ਼ ਦੇ ਅਨੇਕਾਂ ਉਦਯੋਗਿਕ ਇਲਾਕਿਆਂ ਵਿੱਚ ਆਏ ਦਿਨ ਵਾਪਰਦੇ ਰਹਿੰਦੇ ਹਨ। ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਵਿਭਾਗ ਦੇ ਇੱਕ ਸੰਸਥਾਨ ਦੁਆਰਾ ਜਾਰੀ ਅੰਕੜਿਆਂ ਦੇ ਹੀ ਅਨੁਸਾਰ ਦੇਸ਼ ਦੇ ਰਜਿਸਟਰਡ ਕਾਰਖ਼ਾਨਿਆਂ ਵਿੱਚ ਹਰ ਦਿਨ ਔਸਤਨ ਤਿੰਨ ਤੋਂ ਜ਼ਿਆਦਾ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ ਅਤੇ ਔਸਤਨ 11 ਮਜ਼ਦੂਰ ਹਰ ਦਿਨ ਫੱਟੜ ਹੋ ਜਾਂਦੇ ਹਨ। ਇਹ ਤਾਂ ਰਜਿਸਟਰਡ ਕਾਰਖ਼ਾਨਿਆਂ ਦੇ ਹੀ ਅੰਕੜੇ ਹਨ, ਜੇਕਰ ਇਹਨਾਂ ਵਿੱਚ ਗ਼ੈਰ-ਰਜਿਸਟਰਡ ਕਾਰਖ਼ਾਨਿਆਂ ਅਤੇ ਉਦਯੋਗਿਕ ਇਕਾਈਆਂ ਵਿੱਚ ਹੋਣ ਵਾਲ਼ੀਆਂ ਦੁਰਘਟਨਾਵਾਂ ਵਿੱਚ ਮਰਨ ਵਾਲ਼ਿਆਂ ਅਤੇ ਫੱਟੜਾਂ ਦੀ ਗਿਣਤੀ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਗਿਣਤੀ ਕਈ ਗੁਣਾਂ ਜ਼ਿਆਦਾ ਹੋ ਸਕਦੀ ਹੈ।

ਅਸਲ ਵਿੱਚ ਇਹ ਕੋਈ ਹਾਦਸੇ ਨਹੀਂ ਹਨ, ਸਗੋਂ ਮੁਨਾਫ਼ੇ ‘ਤੇ ਟਿਕੇ ਇਸ ਪ੍ਰਬੰਧ ਦੁਆਰਾ ਅੰਜਾਮ ਦਿੱਤੇ ਗਏ ਯੋਜਨਾਬੱਧ ਕਤਲੇਆਮ ਹਨ। ਇਸ ਪ੍ਰਬੰਧ ਅਧੀਨ ਮਜ਼ਦੂਰਾਂ ਦੀ ਜਾਨ ਦਾ ਕੋਈ ਮੁੱਲ ਨਹੀਂ ਹੈ। ਮਾਲਕਾਂ ਲਈ ਸਾਡੀ ਜਾਨ ਮਸ਼ੀਨ ਦੇ ਕਿਸੇ ਪੁਰਜੇ ਜਿੰਨੀ ਵੀ ਕੀਮਤ ਨਹੀਂ ਰੱਖਦੀ ਹੈ। ਜਿਨ੍ਹਾਂ ਮਸ਼ੀਨਾਂ ‘ਤੇ ਮਜ਼ਦੂਰ ਕੰਮ ਕਰਦੇ ਹਨ ਉੱਥੇ ਸੁਰੱਖਿਆ ਦੇ ਇੰਤਜ਼ਾਮਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਮਸ਼ੀਨਾਂ ਤੋਂ ਸੈਂਸਰ ਤੱਕ ਹਟਾ ਲਏ ਜਾਂਦੇ ਹਨ ਤਾਂ ਕਿ ਮਸ਼ੀਨਾਂ ਦੀ ਰਫ਼ਤਾਰ ਘੱਟ ਨਾ ਹੋਵੇ ਅਤੇ ਮਾਲਕ ਦਾ ਮੁਨਾਫ਼ਾ ਨਿਰਵਿਘਨ ਜਾਰੀ ਰਹੇ। ਫੇਰ ਚਾਹੇ ਮਜ਼ਦੂਰਾਂ ਦੇ ਹੱਥ ਵੱਢੇ ਜਾਣ, ਜਾਨ ਹੀ ਕਿਉਂ ਨਾ ਚਲੀ ਜਾਵੇ। ਮਾਲਕ ਆਪਣਾ ਪੈਸਾ ਬਚਾਉਣ ਦੇ ਚੱਕਰ ਵਿੱਚ ਬਾਇਲਰਾਂ ਅਤੇ ਗੈਸ ਪਲਾਂਟਾਂ ਦੇ ਸੁਰੱਖਿਆ ਇੰਤਜ਼ਾਮਾਂ ਵੱਲ ਵੀ ਧਿਆਨ ਨਹੀਂ ਦਿੰਦੇ। ਕਿਰਤ ਵਿਭਾਗ ਵੀ ਇਹਨਾਂ ਦੀ ਨਿਯਮਾਂ ਅਨੁਸਾਰ ਜਾਂਚ ਨਹੀਂ ਕਰਦਾ ਕਿਉਂਕਿ ਇੱਕ ਤਾਂ ਉੱਥੇ ਕਰਮਚਾਰੀਆਂ-ਅਧਿਕਾਰੀਆਂ ਦੀ ਗਿਣਤੀ ਹੀ ਬੇਹੱਦ ਘੱਟ ਹੈ, ਦੂਜਾ ਇਹਨਾਂ ਵਿੱਚ ਵੀ ਜ਼ਿਆਦਾਤਰ ਆਪਣੀ ਡਿਊਟੀ ਕਰਨ ਦੀ ਥਾਂ ਮਾਲਕ ਦੇ ਏਸੀ ਚੈਂਬਰ ਅੰਦਰ ਕਾਜੂ-ਪਿਸਤੇ ਖਾ ਕੇ ਅਤੇ ਆਪਣੀ ਜੇਬ ਭਰ ਕੇ ਆਪਣੀ ਜ਼ਿੰਮੇਵਾਰੀ ਨੂੰ ਵੀ ਪੈਸਿਆਂ ਦੇ ਨਾਲ਼ ਹੀ ਜੇਬ ਵਿੱਚ ਰੱਖ ਲੈਂਦੇ ਹਨ। ਸੱਤਾ ਵਿੱਚ ਬੈਠੀਆਂ ਲੋਟੂ ਪਾਰਟੀਆਂ ‘ਈਜ ਆਫ਼ ਬਿਜਨਸ’ (ਮਜ਼ਦੂਰਾਂ ਦੇ ਲਹੂ-ਪਸੀਨੇ ਨੂੰ ਨਿਚੋੜਣ ਦੀ ਖੁੱਲ੍ਹੀ ਛੋਟ) ਦੇ ਨਾਂ ‘ਤੇ ਕੰਪਨੀ ਮਾਲਕਾਂ ਨੂੰ ਮੂੰਹ ਮੰਗੀਆਂ ਸਹੂਲਤਾਂ ਦਿੰਦੀਆਂ ਹਨ, ਕਿਉਂਕਿ ਇਹੀ ਫ਼ੈਕਟਰੀ ਮਾਲਕ ਚੋਣਾਂ ਦੇ ਸਮੇਂ ਇਹਨਾਂ ਉੱਤੇ ਪੈਸੇ ਦਾ ਮੀਂਹ ਵਰ੍ਹਾਉਂਦੇ ਹਨ। ਇਲੈਕਟੋਰਲ ਬਾਂਡ ਦੀ ਘਟਨਾ ਤੋਂ ਵੀ ਸਾਡੇ ਸਾਮ੍ਹਣੇ ਇਹੀ ਸੱਚ ਉਜਾਗਰ ਹੋਇਆ ਸੀ।

ਸਾਡੇ ਪੁਰਖਿਆਂ ਦੁਆਰਾ ਲੜ ਕੇ ਹਾਸਲ ਕੀਤੇ ਕਿਰਤ ਕਨੂੰਨਾਂ ਨੂੰ ਅੱਜ ਇੱਕ-ਇੱਕ ਕਰਕੇ ਸਾਥੋਂ ਖੋਹਿਆ ਜਾ ਰਿਹਾ ਹੈ। ਅੱਜ ਮਜ਼ਦੂਰ ਅੰਦੋਲਨ ਖਿੰਡਾਅ ਦਾ ਸ਼ਿਕਾਰ ਹੈ। ਅਨੇਕਾਂ ਕੇਂਦਰੀ ਟ੍ਰੇਡ ਯੂਨੀਅਨਾਂ ਸਾਨੂੰ ਦੁਆਨੀ-ਚੁਆਨੀ ਦੀ ਆਰਥਕ ਲੜਾਈ ਵਿੱਚ ਹੀ ਉਲਝਾ ਕੇ ਮਜ਼ਦੂਰ ਅੰਦੋਲਨ ਨੂੰ ਖੁੰਢਾ ਕਰਨ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਵੋਟ ਬਟੋਰੂ ਅਤੇ ਸੋਧਵਾਦੀ ਪਾਰਟੀਆਂ ਨਾਲ਼ ਜੁੜੀਆਂ ਟ੍ਰੇਡ ਯੂਨੀਅਨਾਂ ਦੇ ਮੌਕਾਪ੍ਰਸਤ ਲੀਡਰ ਮਾਲਕਾਂ ਨਾਲ਼ ਟੇਬਲ ਟਾਕ ਵਿੱਚ ਬੈਠ ਕੇ ਮਜ਼ਦੂਰ ਹਿੱਤਾਂ ਦਾ ਸੌਦਾ ਕਰਨ ਵਿੱਚ ਲੱਗੇ ਰਹਿੰਦੇ ਹਨ। ਰਾਜੀਵ ਗਾਂਧੀ ਦੇ ਸਮੇਂ ਤੋਂ ਸ਼ੁਰੂ ਹੋਏ ਕਿਰਤ ਕਨੂੰਨਾਂ ਨੂੰ ਢਿੱਲਾ ਕਰਨ ਦੀ ਪ੍ਰਕਿਰਿਆ ਫ਼ਾਸੀਵਾਦੀ ਮੋਦੀ ਸਰਕਾਰ ਦੇ ਸ਼ਾਸਨ ਵਿੱਚ ਹਵਾਈ ਜਹਾਜ਼ ਦੀ ਰਫ਼ਤਾਰ ਨਾਲ਼ ਦੌੜ ਰਹੀ ਹੈ। ਸਾਰੇ ਕਿਰਤ ਕਨੂੰਨਾਂ ਨੂੰ ਖ਼ਤਮ ਕਰਕੇ ਚਾਰ ਕਿਰਤ ਕੋਡਾਂ ਦੀ ਗੁਲਾਮੀ ਨੂੰ ਸਾਡੇ ਉੱਪਰ ਥੋਪਿਆ ਜਾ ਰਿਹਾ ਹੈ। ਇਹੀ ਉਹ ਹਾਲਾਤ ਹਨ ਜੋ ਆਏ ਦਿਨ ਮਜ਼ਦੂਰਾਂ ਦੀਆਂ ਜ਼ਿੰਦਗੀਆਂ ਨੂੰ ਖਾ ਰਹੇ ਹਨ।

ਇਹਨਾਂ ਵਿਰੋਧੀ ਹਾਲਤਾਂ ਦਾ ਮੁਕਾਬਲਾ ਮਜ਼ਦੂਰ ਆਪਣੀ ਇੱਕਜੁੱਟਤਾ ਅਤੇ ਸੰਘਰਸ਼ ਦੇ ਦਮ ‘ਤੇ ਹੀ ਕਰ ਸਕਦੇ ਹਨ। ਉਹਨਾਂ ਨੂੰ ਮਜ਼ਦੂਰ ਅੰਦੋਲਨ ਦੇ ਸ਼ਾਨਦਾਰ ਇਤਿਹਾਸ ਤੋਂ ਸਿੱਖਿਆ ਅਤੇ ਊਰਜਾ ਲੈਣੀ ਹੋਵੇਗੀ। ਬਦਲੀਆਂ ਹੋਈਆਂ ਉਤਪਾਦਨ ਪ੍ਰਸਥਿਤੀਆਂ ਦੇ ਅਨੁਸਾਰ ਆਪਣੀ ਜਥੇਬੰਦੀ ਦੇ ਢੰਗ-ਤਰੀਕੇ ਵੀ ਬਦਲ ਲੈਣੇ ਹੋਣਗੇ। ਜਿੱਥੇ ਸੰਭਵ ਹੋਵੇ, ਉੱਥੇ ਫ਼ੈਕਟਰੀ ਅਧਾਰਤ ਟ੍ਰੇਡ ਯੂਨੀਅਨਾਂ ਖੜ੍ਹੀਆਂ ਕਰਨ ਦੇ ਨਾਲ਼ ਹੀ ਸੈਕਟਰਗਤ ਅਤੇ ਉਦਯੋਗਿਕ ਇਲਾਕਾਈ ਤੇ ਰਿਹਾਇਸ਼ੀ ਇਲਾਕਾਈ ਯੂਨੀਅਨਾਂ ਵੀ ਖੜ੍ਹੀਆਂ ਕਰਨੀਆਂ ਹੋਣਗੀਆਂ।

ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਸਾਡੀ ਜ਼ਿੰਦਗੀ ਦੀ ਗਰੰਟੀ ਹਨ। ਸਾਨੂੰ ਕਿਸੇ ਵੀ ਕੀਮਤ ‘ਤੇ ਇਹਨਾਂ ਨੂੰ ਹਾਸਲ ਕਰਨਾ ਹੋਵੇਗਾ। ਇਹ ਮੁਨਾਫ਼ੇ ‘ਤੇ ਟਿਕਿਆ ਸਰਮਾਏਦਾਰਾ ਪ੍ਰਬੰਧ ਸਾਨੂੰ ਕੰਗਾਲੀ ਅਤੇ ਮੌਤ ਤੋਂ ਇਲਾਵਾ ਕੁਝ ਨਹੀਂ ਦੇ ਸਕਦਾ ਹੈ ਅਤੇ ਇਸ ਨੂੰ ਜੜ੍ਹੋਂ ਜੜ੍ਹੋਂ  ਪੁੱਟ ਕੇ ਸੁੱਟ ਦੇਣਾ ਹੀ ਸਾਡੇ ਜੀਵਨ ਦੀ ਇੱਕੋ-ਇੱਕ ਬੁਨਿਆਦੀ ਸ਼ਰਤ ਹੈ। ਆਪਣੀ ਭਵਿੱਖੀ ਲੜਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਫੌਰੀ ਘਟਨਾਵਾਂ ‘ਤੇ ਵੀ ਅਸੀਂ ਮਾਲਕਾਂ ਨੂੰ ਆਪਣੇ ਏਕੇ ਅਤੇ ਸੰਘਰਸ਼ ਦੇ ਦਮ ‘ਤੇ ਹੀ ਝੁਕਾ ਸਕਦੇ ਹਾਂ। ਅਨਕਾਪੱਲੀ ਵਿਸਫੋਟ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਾਨੂੰ ਵੀ ਆਪਣੀ ਤਿਆਰੀ ਕਰਨੀ ਹੋਵੇਗੀ।



ਮਜ਼ਦੂਰ ਬਿਗਲ ਜਨਵਰੀ 2025