ਸਾਨੂੰ ਫ਼ਲਸਤੀਨੀ ਲੋਕਾਂ ਦਾ ਸਮਰਥਨ ਕਿਉਂ ਕਰਨਾ ਚਾਹੀਦਾ ਹੈ?
- ਆਨੰਦ ਸਿੰਘ
ਅਸੀਂ ਇਨਸਾਫ਼ਪਸੰਦ ਲੋਕਾਂ ਨੂੰ ਮੁਖ਼ਾਤਿਬ ਹਾਂ। ਅੱਜ ਸਾਥੋਂ ਹਜ਼ਾਰਾਂ ਮੀਲ ਦੂਰ ਗ਼ਾਜ਼ਾ ਵਿੱਚ ਜ਼ਾਇਨਵਾਦੀ ਇਜ਼ਰਾਇਲ ਇਸ ਸਦੀ ਦੇ ਸਭ ਤੋਂ ਬਰਬਰ ਕਿਸਮ ਦੇ ਕਤਲੇਆਮ ਨੂੰ ਅੰਜਾਮ ਦੇ ਰਿਹਾ ਹੈ। ਇਸ ਘਿਣਾਉਣੇ ਕਤਲੇਆਮ ਉੱਤੇ ਚੁੱਪ ਵੱਟ ਕੇ ਜਾਂ ਦੋਵਾਂ ਪੱਖਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਠਹਿਰਾ ਕੇ ਅਸੀਂ ਇਸ ਜ਼ੁਲਮ ਵਿੱਚ ਸਹਿਯੋਗ ਕਰਨ ਦਾ ਕੰਮ ਹੀ ਕਰਾਂਗੇ।
ਜਿਹੜੇ ਲੋਕ ਇਜ਼ਰਾਇਲ ਅਤੇ ਫ਼ਲਸਤੀਨ ਦੇ ਵਿਵਾਦ ਦੇ ਇਤਿਹਾਸ ਤੋਂ ਸਹੀ ਢੰਗ ਨਾਲ਼ ਜਾਣੂ ਨਹੀਂ ਹਨ,ਉਹੀ ਲੋਕ ਦੋਵਾਂ ਪੱਖਾਂ ਨੂੰ ਬਰਾਬਰ ਦਾ ਜ਼ਿੰਮੇਵਾਰ ਠਹਿਰਾ ਕੇ ਦੋਵਾਂ ਨੂੰ ਹਿੰਸਾ ਛੱਡਣ ਦੀ ਅਪੀਲ ਕਰਦੇ ਹਨ। ਜੇਕਰ ਉਹ ਸੰਜੀਦਗੀ ਨਾਲ਼ ਇਤਿਹਾਸ ਪੜ੍ਹਨ ਤਾਂ ਦੇਖਣਗੇ ਕਿ 1948 ਵਿੱਚ ਇਜ਼ਰਾਇਲ ਨਾਮੀ ਰਾਸ਼ਟਰ ਦਾ ਜਨਮ ਹੀ ਫ਼ਲਸਤੀਨੀਆਂ ਦੀ ਜ਼ਮੀਨ ‘ਤੇ ਕਬਜ਼ਾ ਕਰਕੇ, ਉਹਨਾਂ ਨੂੰ ਉਹਨਾਂ ਦੀ ਹੀ ਜ਼ਮੀਨ ਤੋਂ ਬੇਦਖ਼ਲ ਕਰਕੇ ਅਤੇ ਵਿਆਪਕ ਪੱਧਰ ‘ਤੇ ਕਤਲੇਆਮ ਨੂੰ ਅੰਜਾਮ ਦੇ ਕੇ ਹੋਇਆ ਸੀ। ਉਸ ਤੋਂ ਬਾਅਦ ਤੋਂ ਹੀ ਕਬਜ਼ੇ, ਬੇਦਖ਼ਲੀ ਅਤੇ ਕਤਲੇਆਮ ਦਾ ਇਹ ਸਿਲਸਿਲਾ ਅੱਜ ਤੱਕ ਲਗਾਤਾਰ ਜਾਰੀ ਹੈ।
ਦੁਨੀਆਂ ਦੀ ਸਭ ਤੋਂ ਸੰਘਣੀ ਅਬਾਦੀ ਵਾਲੀ ਥਾਂ, ਜਾਂ ਦੁਨੀਆਂ ਦੀ ਸਭ ਤੋਂ ਵੱਡੀ ਜੇਲ੍ਹ – ਗ਼ਾਜ਼ਾ ਦਾ ਤਿੰਨ-ਚੌਥਾਈ ਅੱਜ ਇਜ਼ਰਾਇਲੀ ਬੰਬਾਰੀ ਨੇ ਤਬਾਹ ਕਰ ਦਿੱਤਾ ਹੈ। ਤਕਰੀਬਨ 46,000 ਲੋਕ ਮਾਰੇ ਜਾ ਚੁੱਕੇ ਹਨ। ਇਹਨਾਂ ਵਿੱਚੋਂ ਲਗਭਗ 20,000 ਬੱਚੇ ਹਨ! ਕਿੰਨੇ ਕੁ ਲੋਕ ਮਲਬੇ ਹੇਠ ਦੱਬੇ ਪਏ ਹਨ, ਇਸ ਦਾ ਪਤਾ ਸ਼ਾਇਦ ਕਦੇ ਨਹੀਂ ਲੱਗ ਸਕੇਗਾ। ਹਸਪਤਾਲ, ਸਕੂਲ, ਰਾਹਤ ਕੈਂਪ, ਕੁਝ ਵੀ ਇਜ਼ਰਾਇਲੀ ਬੰਬਾਰੀ ਤੋਂ ਨਹੀਂ ਬਚਿਆ ਹੈ! ਐਬੂਲੈਂਸਾਂ ਅਤੇ ਰਾਹਤ ਕਰਮਚਾਰੀਆਂ ਦੀਆਂ ਗੱਡੀਆਂ ਤੱਕ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਗਿਆ ਹੈ! ਖਾਣੇ ਲਈ ਕਤਾਰਾਂ ਵਿੱਚ ਖੜ੍ਹੇ ਲੋਕਾਂ ‘ਤੇ ਗੋਲੀਆਂ ਵਰ੍ਹਾਈਆਂ ਗਈਆਂ ਹਨ! ਗ਼ਾਜ਼ਾ ਦੇ ਹਾਲਾਤ ਦਿਖਾਉਣ ਵਾਲ਼ੇ ਦਰਜਨਾਂ ਪੱਤਰਕਾਰਾਂ ਤੱਕ ਨੂੰ ਮਾਰ ਦਿੱਤਾ ਗਿਆ ਹੈ। ਡਾਕਟਰਾਂ ਅਤੇ ਨਰਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਫਿਰ ਵੀ “ਕੌਮਾਂਤਰੀ ਭਾਈਚਾਰੇ” ਲਈ ਇਜ਼ਰਾਇਲ ਅੱਤਵਾਦੀ ਨਹੀਂ ਹੈ। ਇਜ਼ਰਾਇਲ ਦੇ ਹੱਥੋਂ ਹਰ ਬਰਬਰ ਕਤਲੇਆਮ ਤੋਂ ਬਾਅਦ ਪੱਛਮੀ ਦੁਨੀਆਂ ਦੇ ਸ਼ਾਸਕ ਬੇਸ਼ਰਮੀ ਨਾਲ਼ ਦੁਹਰਾਉਣ ਲੱਗਦੇ ਹਨ ਕਿ “ਇਜ਼ਰਾਇਲ ਨੂੰ ਸਵੈ-ਰੱਖਿਆ ਦਾ ਹੱਕ ਹੈ!” ਪਰ 75 ਸਾਲਾਂ ਤੋਂ ਜ਼ੁਲਮ ਅਤੇ ਤਬਾਹੀ ਦਾ ਸਾਮ੍ਹਣਾ ਕਰ ਰਹੇ ਫ਼ਲਸਤੀਨ ਦੇ ਲੋਕ ਜੇਕਰ ਆਪਣੀ ਰੱਖਿਆ ਲਈ ਕੋਈ ਕਾਰਵਾਈ ਕਰਦੇ ਹਨ ਤਾਂ ਸਾਰਾ ਕੌਮਾਂਤਰੀ ਮੀਡੀਆ ਅੱਤਵਾਦ ਦਾ ਰੌਲ਼ਾ ਪਾਉਣ ਬਹਿ ਜਾਂਦਾ ਹੈ। ਇਜ਼ਰਾਇਲ ਦੇ ਝੂਠਾਂ ਅਤੇ ਤੱਥਹੀਣ ਦਾਅਵਿਆਂ ਨੂੰ ਦੈਵੀ ਸਚਾਈ ਦੀ ਤਰ੍ਹਾਂ ਪੇਸ਼ ਕੀਤਾ ਜਾਣ ਲੱਗਦਾ ਹੈ।
ਫ਼ਲਸਤੀਨੀ ਲੋਕਾਂ ਨੂੰ ਵੈਸਟ ਬੈਂਕ ਅਤੇ ਗ਼ਾਜ਼ਾ ਦੇ ਦੋ ਛੋਟੇ ਜਿਹੇ ਹਿੱਸਿਆਂ ਵਿੱਚ ਸਮੇਟ ਦਿੱਤਾ ਗਿਆ ਹੈ ਅਤੇ ਇਜ਼ਰਾਇਲ ਉੱਥੇ ਵੀ ਉਹਨਾਂ ਦਾ ਨਾਮੋ-ਨਿਸ਼ਾਨ ਮਿਟਾਉਣ ‘ਤੇ ਤੁਲਿਆ ਹੋਇਆ ਹੈ। ਤਮਾਮ ਕੌਮਾਂਤਰੀ ਕਨੂੰਨਾਂ ਨੂੰ ਠੁੱਡੇ ‘ਤੇ ਰੱਖ ਕੇ ਇਜ਼ਰਾਇਲ ਵੈਸਟ ਬੈਂਕ ਵਿੱਚ ਯਹੂਦੀਆਂ ਦੀਆਂ ਗ਼ੈਰ-ਕਨੂੰਨੀ ਬਸਤੀਆਂ ਵਸਾਉਂਦਾ ਰਿਹਾ ਹੈ। ਇਹ ਉਹ ਯਹੂਦੀ ਹਨ ਜੋ ਕਦੇ ਉਸ ਧਰਤੀ ਦੇ ਨਿਵਾਸੀ ਨਹੀਂ ਸਨ, ਬਲਕਿ ਯੂਰਪ ਅਤੇ ਦੂਜੀਆਂ ਥਾਂਵਾਂ ਤੋਂ ਆ ਕੇ ਵਸ ਰਹੇ ਹਨ। ਉੱਥੇ ਚੱਪੇ-ਚੱਪੇ ‘ਤੇ ਫ਼ੌਜੀ ਛਾਉਣੀਆਂ ਮੌਜੂਦ ਹਨ ਜਿੱਥੇ ਇਜ਼ਰਾਇਲੀ ਫ਼ੌਜੀ ਫ਼ਲਸਤੀਨ ਦੇ ਲੋਕਾਂ ਨਾਲ਼ ਉਹਨਾਂ ਦੇ ਆਪਣੇ ਹੀ ਦੇਸ਼ ਵਿੱਚ ਅਪਰਾਧੀਆਂ ਜਿਹਾ ਸਲੂਕ ਕਰਦੇ ਹਨ। ਵੈਸਟ ਬੈਂਕ ਵਿੱਚ ਹੀ ਇਜ਼ਰਾਇਲ ਨੇ ਇੱਕ ਨਸਲਭੇਦੀ ਕੰਧ ਬਣਾਈ ਹੈ ਜੋ ਫ਼ਲਸਤੀਨ ਦੇ ਖੇਤਾਂ ਵਿੱਚੋਂ ਹੋ ਕੇ ਲੰਘਦੀ ਹੈ ਅਤੇ ਜਿਸ ਕਾਰਨ ਲੋਕਾਂ ਦੀ ਰੋਜ਼ੀ-ਰੋਟੀ ਅਤੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਆਉਣਾ-ਜਾਣਾ ਦੁੱਭਰ ਹੋ ਗਿਆ ਹੈ।
ਗ਼ਾਜ਼ਾ ‘ਤੇ ਪਿਛਲੇ ਇੱਕ ਸਾਲ ਤੋਂ ਜਾਰੀ ਇਜ਼ਰਾਇਲੀ ਹਮਲਾ ਪਹਿਲਾ ਹਮਲਾ ਨਹੀਂ ਹੈ। ਪਿਛਲੇ 10 ਸਾਲਾਂ ਦੌਰਾਨ ਇਜ਼ਰਾਇਲ ਉੱਥੇ ਕਈ ਵਾਰ ਭਿਆਨਕ ਬੰਬਾਰੀ ਕਰ ਚੁੱਕਿਆ ਹੈ। ਹਰ ਪਾਸਿਓਂ ਇਜ਼ਰਾਇਲ ਨੇ ਗ਼ਾਜ਼ਾ ਦੀ ਘੇਰਾਬੰਦੀ ਕਰ ਰੱਖੀ ਹੈ ਅਤੇ ਉੱਥੋਂ ਦੇ ਲੋਕ ਖਾਣ-ਪੀਣ ਅਤੇ ਦਵਾਈਆਂ ਤੱਕ ਲਈ ਜੂਝਦੇ ਰਹੇ ਹਨ। ਉੱਥੋਂ ਦਾ 95 ਫ਼ੀਸਦੀ ਪਾਣੀ ਬਿਨਾਂ ਸਾਫ਼ ਕੀਤਿਆਂ ਪੀਣ ਦੇ ਯੋਗ ਨਹੀਂ ਰਹਿ ਗਿਆ ਹੈ।ਫ਼ਲਸਤੀਨੀ ਲੋਕਾਂ ਕੋਲ਼ ਕੋਈ ਫ਼ੌਜ ਨਹੀਂ ਹੈ। ਉਹਨਾਂ ਕੋਲ਼ ਜੋ ਕੁਝ ਹੈ ਉਸੇ ਨਾਲ਼ ਉਹ ਆਪਣੀ ਅਜ਼ਾਦੀ ਲਈ ਲੜਦੇ ਰਹੇ ਹਨ। ਆਪਣੀ ਕੌਮ ਨੂੰ ਤਬਾਹ ਹੋਣ ਤੋਂ ਬਚਾਉਣ ਦੀ ਇਸ ਲੜਾਈ ਵਿੱਚ ਫ਼ਲਸਤੀਨ ਦਾ ਬੱਚਾ-ਬੱਚਾ ਸ਼ਾਮਲ ਹੈ। ਉਹ ਪੱਥਰਾਂ ਨਾਲ਼ ਲੜ ਰਹੇ ਹਨ, ਗੁਲੇਲਾਂ ਨਾਲ਼ ਲੜ ਰਹੇ ਹਨ, ਕਵਿਤਾ ਅਤੇ ਕੈਮਰੇ ਨਾਲ਼ ਲੜ ਰਹੇ ਹਨ ਅਤੇ ਰਾਕਟਾਂ ਨਾਲ਼ ਵੀ ਲੜ ਰਹੇ ਹਨ।
ਡੇਵਿਡ ਅਤੇ ਗੋਲਿਅਥ ਦੇ ਦਰਮਿਆਨ ਜਾਰੀ ਇਸ ਜੰਗ ਵਿੱਚ ਉਹ ਦੁਨੀਆਂ ਭਰ ਦੇ ਇਨਸਾਫ਼ਪਸੰਦ ਲੋਕਾਂ ਨੂੰ ਸੱਦਾ ਵੀ ਦੇ ਰਹੇ ਹਨ ਕਿ ਉਹ ਤਾਕਤਵਰ ਦੇ ਨਹੀਂ, ਸਗੋਂ ਇਨਸਾਫ਼ ਦੇ ਪੱਖ ਵਿੱਚ ਖੜ੍ਹੇ ਹੋਣ। ਹਮਾਸ ਦੀ ਵਿਚਾਰਧਾਰਾ ਨਾਲ਼ ਇਤਫ਼ਾਕ ਨਾ ਰੱਖਦਿਆਂ ਹੋਇਆਂ ਵੀ ਆਪਣੀ ਕੌਮ ਉੱਤੇ ਹੋ ਰਹੇ ਬਰਬਰ ਹਮਲੇ ਦੀ ਜਵਾਬੀ ਕਾਰਵਾਈ ਕਰਨ ਦੇ ਉਸ ਦੇ ਹੱਕ ਦਾ ਵਿਰੋਧ ਤੁਸੀਂ ਭਲਾਂ ਕਿਉਂ ਕਰੋਗੇ? ਜੇਕਰ ਕਿਸੇ ਦੀ ਜ਼ਮੀਨ ‘ਤੇ ਕੋਈ ਬਾਹਰੋਂ ਆ ਕੇ ਕਬਜ਼ਾ ਕਰ ਲਵੇ ਅਤੇ ਕਤਲੋਗ਼ਾਰਤ ਕਰੇ ਤਾਂ ਤੁਸੀਂ ਕੀ ਉਸ ਵਿਅਕਤੀ ਨੂੰ ਇਹ ਨੈਤਿਕ ਉਪਦੇਸ਼ ਦਿਓਗੇ ਕਿ ਉਹ ਚੁੱਪ-ਚਾਪ ਸ਼ਾਂਤੀਪੂਰਵਕ ਸਭ ਕੁਝ ਸਹਿ ਲਵੇ? ਵੈਸੇ ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਇਜ਼ਰਾਇਲ ਦੇ ਖ਼ਿਲਾਫ਼ ਇਕੱਲਾ ਹਮਾਸ ਹੀ ਨਹੀਂ ਲੜ ਰਿਹਾ। ਉਸ ਵਿੱਚ ਅਨੇਕਾਂ ਸੰਗਠਨ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਪੀਐੱਫ਼ਐੱਲਪੀ ਜਿਹੇ ਲੈਫ਼ਟ ਸੰਗਠਨ ਵੀ ਹਨ।
ਬਹੁਤ ਸਾਰੇ ਲੋਕ ਇਸ ਨੂੰ ਮਜ਼੍ਹਬ ਦੇ ਚਸ਼ਮੇ ਨਾਲ਼ ਦੇਖਦੇ ਹੋਏ ਇਸਲਾਮ ਬਨਾਮ ਯਹੂਦੀ ਟਕਰਾਅ ਦੇ ਤੌਰ ‘ਤੇ ਪੇਸ਼ ਕਰਦੇ ਹਨ ਅਤੇ ਉਸੇ ਅਧਾਰ ‘ਤੇ ਇਜ਼ਰਾਇਲ ਜਾਂ ਫ਼ਲਸਤੀਨ ਦਾ ਪੱਖ ਚੁਣਦੇ ਹਨ। ਹਿੰਦੂਤਵਵਾਦੀ ਇਸੇ ਲਈ ਇਜ਼ਰਾਇਲ ਦੇ ਪੱਖ ਵਿੱਚ ਛਾਲਾਂ ਮਾਰ ਰਹੇ ਹਨ ਕਿ ਉਹ “ਮੁਸਲਮਾਨਾਂ ਨੂੰ ਮਾਰ ਰਿਹਾ ਹੈ”। ਗੁਜਰਾਤ ਦੇ ਕਾਤਲਾਂ ਅਤੇ ਗ਼ਾਜ਼ਾ ਦੇ ਕਾਤਲਾਂ ਦੀ ਯਾਰੀ ਸੁਭਾਵਿਕ ਹੀ ਹੈ।
ਪਰ ਜੇਕਰ ਫ਼ਲਸਤੀਨ ਦਾ ਸਮਰਥਨ ਵੀ ਮਜ਼੍ਹਬ ਦੇ ਅਧਾਰ ‘ਤੇ ਕੀਤਾ ਜਾਵੇ ਤਾਂ ਇਹ ਅਜ਼ਾਦੀ ਦੀ ਇਸ ਸ਼ਾਨਦਾਰ ਦਲੇਰਾਨਾ ਲੜਾਈ ਦਾ ਅਪਮਾਨ ਹੀ ਹੈ। ਅਜਿਹਾ ਕਰਨਾ ਉਸ ਲੜਾਈ ਨੂੰ ਕਮਜ਼ੋਰ ਹੀ ਕਰਦਾ ਹੈ। ਇਹ ਮਜ਼੍ਹਬਾਂ ਦੀ ਜੰਗ ਹੁੰਦੀ ਤਾਂ ਅਰਬ ਦੁਨੀਆਂ ਦੇ ਇਸਲਾਮੀ ਦੇਸ਼ਾਂ ਦੇ ਹੁਕਮਰਾਨ ਭਲਾਂ ਫ਼ਲਸਤੀਨ ਦਾ ਸਾਥ ਕਿਉਂ ਨਾ ਦਿੰਦੇ? ਸਾਊਦੀ ਅਰਬ, ਜਿੱਥੇ ਮੱਕਾ ਸਥਿਤ ਹੈ, ਇਜ਼ਰਾਇਲ ਅਤੇ ਅਮਰੀਕਾ ਦਾ ਪਸੰਦੀਦਾ ਦੋਸਤ ਹੈ।
ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਫ਼ਲਸਤੀਨ ਵਿੱਚ ਸਿਰਫ਼ ਮੁਸਲਮਾਨ ਨਹੀਂ ਰਹਿੰਦੇ। ਉਹਨਾਂ ਵਿੱਚ ਇਸਾਈ ਵੀ ਹਨ। ਇਜ਼ਰਾਇਲ ਬਣਨ ਤੋਂ ਪਹਿਲਾਂ ਇੱਕ ਵੱਡੀ ਯਹੂਦੀ ਅਬਾਦੀ ਵੀ ਫ਼ਲਸਤੀਨ ਵਿੱਚ ਹੀ ਰਹਿੰਦੀ ਸੀ। ਅੱਜ ਵੀ ਯਹੂਦੀਆਂ ਦੀ ਇੱਕ ਚੰਗੀ-ਖ਼ਾਸੀ ਅਬਾਦੀ ਇਜ਼ਰਾਇਲੀ ਕਬਜ਼ੇ ਦਾ ਵਿਰੋਧ ਅਤੇ ਫ਼ਲਸਤੀਨ ਦੀ ਅਜ਼ਾਦੀ ਦਾ ਸਮਰਥਨ ਕਰਦੀ ਹੈ।
ਜੇਕਰ ਥੋੜ੍ਹੇ ਸਮੇਂ ਲਈ ਮਜ਼੍ਹਬ ਦਾ ਚਸ਼ਮਾ ਲਾਹ ਕੇ ਇਸ ਸਮੱਸਿਆ ਨੂੰ ਸਮਝਣ ਦਾ ਯਤਨ ਕੀਤਾ ਜਾਵੇ ਤਾਂ ਪਤਾ ਚੱਲਦਾ ਹੈ ਕਿ ਇਸ ਸਮੱਸਿਆ ਦੇ ਤਾਰ ਮੱਧ-ਪੂਰਬ ਵਿੱਚ ਅਮਰੀਕੀ ਸਾਮਰਾਜਵਾਦੀ ਦਖ਼ਲ ਨਾਲ਼ ਜੁੜੇ ਹੋਏ ਹਨ। ਤੇਲ ਅਤੇ ਗੈਸ ਜਿਹੇ ਕੀਮਤੀ ਸ੍ਰੋਤਾਂ ਵਾਲ਼ੇ ਇਸ ਸਿਆਸੀ ਅਤੇ ਭੂਗੋਲਿਕ ਪੱਖ ਤੋਂ ਬੇਹੱਦ ਅਹਿਮ ਇਲਾਕੇ ਵਿੱਚ ਇਜ਼ਰਾਇਲ ਅਮਰੀਕੀ ਸਾਮਰਾਜਵਾਦ ਦੇ ਹਿੱਤਾਂ ਲਈ ਇੱਕ ਲਠੈਤ ਦੀ ਭੂਮਿਕਾ ਨਿਭਾਉਂਦਾ ਆਇਆ ਹੈ। ਇਹੋ ਕਾਰਨ ਹੈ ਕਿ ਅਮਰੀਕਾ ਵਿੱਚ ਰਿਪਬਲਿਕਨ ਅਤੇ ਡੈਮੋਕ੍ਰੈਟ ਦੋਵੇਂ ਪਾਰਟੀਆਂ ਦੇ ਆਗੂ ਇਜ਼ਰਾਇਲ ਦੀ ਖੁੱਲ੍ਹੀ ਹਮਾਇਤ ਕਰਦੇ ਹਨ ਅਤੇ ਉਸ ਦੀ ਫ਼ੌਜੀ ਤਾਕਤ ਵਧਾਉਣ ਲਈ ਹਰ ਸਾਲ ਅਰਬਾਂ ਡਾਲਰਾਂ ਦੇ ਹਥਿਆਰ ਅਤੇ ਮਦਦ ਭੇਜਦੇ ਹਨ।
ਅਸੀਂ ਭਾਰਤ ਦੇ ਲੋਕਾਂ ਨੇ ਬਸਤੀਵਾਦ ਦੇ ਖ਼ਿਲਾਫ਼ ਅਜ਼ਾਦੀ ਦੀ ਲੜਾਈ ਲੜ ਕੇ ਵਿਦੇਸ਼ੀ ਗੁਲਾਮੀ ਤੋਂ ਆਪਣੀ ਅਜ਼ਾਦੀ ਹਾਸਲ ਕੀਤੀ। ਫਿਰ ਅਸੀਂ ਅੱਜ ਇਤਿਹਾਸ ਦੀ ਸਭ ਤੋਂ ਬਰਬਰ ਫ਼ੌਜੀ ਅਤੇ ਸੈਟਲਰ ਬਸਤੀਵਾਦੀ ਤਾਕਤ ਦੁਆਰਾ ਢਾਹੇ ਜਾ ਰਹੇ ਘਿਣਾਉਣੇ ਜ਼ੁਲਮਾਂ ‘ਤੇ ਚੁੱਪ ਕਿਵੇਂ ਰਹਿ ਸਕਦੇ ਹਾਂ?
ਅੱਜ ਸਾਡੇ ਹੁਕਮਰਾਨ ਤਾਂ ਫ਼ਲਸਤੀਨੀਆਂ ਦੇ ਜਾਇਜ਼ ਸੰਘਰਸ਼ ਤੋਂ ਮੂੰਹ ਮੋੜ ਕੇ ਇਜ਼ਰਾਇਲ ਨਾਲ਼ ਜੱਫੀਆਂ ਪਾ ਰਹੇ ਹਨ। ਉਹਨਾਂ ਦੀ ਜ਼ਾਇਨਵਾਦ ਨਾਲ਼ ਭਾਈਚਾਰਕ ਸਾਂਝ ਹੈ। ਕਾਤਲਾਂ ਦੀ ਆਪਸੀ ਏਕਤਾ ਤਾਂ ਸਮਝ ਵਿੱਚ ਆਉਂਦੀ ਹੈ। ਪਰ ਹਿੰਦੁਸਤਾਨ ਦੀ ਆਮ ਲੋਕਾਈ ਨੂੰ ਤਾਂ ਫ਼ਲਸਤੀਨੀਆਂ ਦੇ ਪੱਖ ਵਿੱਚ ਅਵਾਜ਼ ਚੁੱਕਣੀ ਹੀ ਚਾਹੀਦੀ ਹੈ ਅਤੇ ਇਜ਼ਰਾਇਲ ਦੇ ਹੱਥੋਂ ਮਨੁੱਖਤਾ ਦੇ ਖ਼ਿਲਾਫ਼ ਕੀਤੇ ਜਾ ਰਹੇ ਅਪਰਾਧ ਨੂੰ ਬੇਪਰਦ ਕਰਨਾ ਹੀ ਚਾਹੀਦਾ ਹੈ। ਇਨਸਾਫ਼ ਦਾ ਤਕਾਜ਼ਾ ਤਾਂ ਇਹੋ ਕਹਿੰਦਾ ਹੈ।