ਮਜ਼ਦੂਰ ਬਿਗਲ – Workers' Newspaper

  • ਮੁੱਖ ਪੇਜ
  • ‘ਮਜ਼ਦੂਰ ਬਿਗਲ’ ਬਾਰੇ
  • ਪੁਰਾਣੇ ਅੰਕ
  • ਸੰਪਰਕ
January 31, 2025 - ਅਰਥਜਗਤ, ਮਾਰਕਸਵਾਦ - Series: ਇਨਕਲਾਬੀ ਮਜ਼ਦੂਰ ਸਿੱਖਿਆ ਲੜੀ
Author: ਅਭਿਨਵ

ਇਨਕਲਾਬੀ ਮਜ਼ਦੂਰ ਸਿੱਖਿਆ ਲੜੀ – 1

ਮਜ਼ਦੂਰੀ ਦੇ ਸੰਬੰਧ ਵਿੱਚ

  • ਅਭਿਨਵ

ਅਸੀਂ ਮਜ਼ਦੂਰ ਜਾਣਦੇ ਹਾਂ ਕਿ ਮਜ਼ਦੂਰੀ ਦੀ ਔਸਤ ਦਰ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਪਰ ਇਹ ਉਤਰਾਅ- ਚੜ੍ਹਾਅ ਇੱਕ ਨਿਸ਼ਚਿਤ ਹੱਦ ਦੇ ਅੰਦਰ ਹੁੰਦੇ ਹਨ। ਇਸ ਲੇਖ ਵਿੱਚ ਅਸੀਂ ਸਮਝਾਂਗੇ ਕਿ ਸਰਮਾਏਦਾਰਾ ਪ੍ਰਬੰਧ ਦੇ ਅੰਦਰ ਮਜ਼ਦੂਰੀ ਵਿੱਚ ਆਉਣ ਵਾਲ਼ੇ ਉਤਰਾਵਾਂ-ਚੜ੍ਹਾਵਾਂ ਦੇ ਬੁਨਿਆਦੀ ਕਾਰਨ ਕੀ ਹੁੰਦੇ ਹਨ ਅਤੇ ਉਹਨਾਂ ਦੀਆਂ ਅੰਤਿਮ ਸੀਮਾਵਾਂ ਕਿਵੇਂ ਮਿੱਥੀਆਂ ਜਾਂਦੀਆਂ ਹਨ। ਪਰ ਇਸ ਦੀ ਸ਼ੁਰੂਆਤ ਅਸੀਂ ਕੁਝ ਬੁਨਿਆਦੀ ਗੱਲਾਂ ਨਾਲ਼ ਕਰਾਂਗੇ।

ਉਜਰਤੀ ਮਜ਼ਦੂਰੀ ਸਰਮਾਏਦਾਰੀ ਦੀ ਹੋਂਦ ਦੀ ਬੁਨਿਆਦੀ ਸ਼ਰਤ ਹੈ। ਸਰਮਾਇਆ ਇਸ ਦੇ ਰਾਹੀਂ ਵਾਫ਼ਰ ਕਦਰ ਪੈਦਾ ਕਰਦਾ ਹੈ ਅਤੇ ਉਸ ਨੂੰ ਹੜੱਪਦਾ ਹੈ ਜੋ ਕਿ ਸਰਮਾਏਦਾਰ ਦੇ ਮੁਨਾਫ਼ੇ ਦਾ ਸ੍ਰੋਤ ਹੁੰਦਾ ਹੈ। ਸਰਮਾਏਦਾਰ ਆਪਣੇ ਸਰਮਾਏ ਦਾ ਨਿਵੇਸ਼ ਦੋ ਹਿੱਸਿਆਂ ਵਿੱਚ ਕਰਦਾ ਹੈ : ਪਹਿਲਾ, ਮਸ਼ੀਨਾਂ, ਕੱਚੇ ਮਾਲ, ਬੁਨਿਆਦੀ ਢਾਂਚੇ ਆਦਿ ਲਈ, ਜਿਸ ਨੂੰ ਅਸੀਂ ਸਥਿਰ ਸਰਮਾਇਆ ਆਖਦੇ ਹਾਂ; ਦੂਜਾ, ਮਜ਼ਦੂਰਾਂ ਨੂੰ ਭਾੜੇ ‘ਤੇ ਰੱਖਣ ਲਈ, ਯਾਨੀ ਮਜ਼ਦੂਰਾਂ ਦੀ ਕਿਰਤ-ਸ਼ਕਤੀ ਖ਼ਰੀਦਣ ਲਈ, ਜਿਸ ਨੂੰ ਅਸੀਂ ਬਦਲਵਾਂ ਸਰਮਾਇਆ ਆਖਦੇ ਹਾਂ।

ਮਸ਼ੀਨਾਂ, ਕੱਚਾ ਮਾਲ, ਆਦਿ ਆਪਣੇ ਆਪ ਜਿਣਸਾਂ ਦਾ ਉਤਪਾਦਨ ਨਹੀਂ ਕਰਦੇ ਹਨ। ਸਿਰਫ਼ ਜਿਉਂਦੀ ਕਿਰਤ, ਯਾਨੀ ਕੰਮ ਕਰਨ ਵਾਲ਼ੇ ਮਜ਼ਦੂਰ ਹੀ, ਇਹਨਾਂ ਮਸ਼ੀਨਾਂ ਅਤੇ ਕੱਚੇ ਮਾਲ ਆਦਿ ਦੇ ਪੈਦਾਵਾਰੀ ਉਪਭੋਗ ਦੀ ਪ੍ਰਕਿਰਿਆ ਨੂੰ ਅੰਜਾਮ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਮਾਲ ਦਾ ਉਤਪਾਦਨ ਹੁੰਦਾ ਹੈ। ਮਾਲ ਦੇ ਮੁੱਲ ਵਿੱਚ ਮਸ਼ੀਨਾਂ, ਕੱਚੇ ਮਾਲ ਆਦਿ ‘ਤੇ ਹੋਇਆ ਨਿਵੇਸ਼, ਯਾਨੀ ਮਸ਼ੀਨਾਂ, ਕੱਚੇ ਮਾਲ ਆਦਿ ਦੀ ਕਦਰ ਜਿਉਂ ਦੀ ਤਿਉਂ ਸਥਾਨਾਂਤਰਿਤ ਹੋ ਜਾਂਦੀ ਹੈ। ਇਹ ਆਪਣੇ ਆਪ ਵਿੱਚ ਕੋਈ ਨਵੀਂ ਕਦਰ ਨਹੀਂ ਪੈਦਾ ਕਰ ਸਕਦੀ ਹੈ। ਇਸ ਲਈ ਇਹਨਾਂ ‘ਤੇ ਹੋਣ ਵਾਲ਼ੇ ਨਿਵੇਸ਼ ਨੂੰ ਸਥਿਰ ਸਰਮਾਇਆ ਆਖਿਆ ਜਾਂਦਾ ਹੈ।

ਮਜ਼ਦੂਰ ਆਪਣੇ ਪੂਰੇ ਦਿਨ ਦੀ ਕੰਮ-ਦਿਹਾੜੀ ਦੇ ਇੱਕ ਹਿੱਸੇ ਵਿੱਚ ਆਪਣੀ ਕਿਰਤ ਸ਼ਕਤੀ ਦੇ ਮੁੜ-ਉਤਪਾਦਨ ਲਈ ਜ਼ਰੂਰੀ ਵਸਤੂਆਂ ਦੇ ਮੁੱਲ ਦੇ ਬਰਾਬਰ ਮੁੱਲ ਪੈਦਾ ਕਰਦਾ ਹੈ, ਜਿਸ ਦੇ ਨੇੜੇ -ਤੇੜੇ ਦੇ ਮੁੱਲ ਦੇ ਬਰਾਬਰ ਮਜ਼ਦੂਰੀ ਆਮ ਤੌਰ ‘ਤੇ ਉਸ ਨੂੰ ਸਰਮਾਏਦਾਰ ਦੁਆਰਾ ਦਿੱਤੀ ਜਾਂਦੀ ਹੈ। ਮਜ਼ਦੂਰੀ ਕਿਰਤ ਸ਼ਕਤੀ ਦੀ ਮੰਗ ਅਤੇ ਪੂਰਤੀ ਦੇ ਸੰਬੰਧਾਂ ਅਤੇ ਮਜ਼ਦੂਰ ਜਮਾਤ ਦੁਆਰਾ ਆਪਣੀ ਮਜ਼ਦੂਰੀ ਨੂੰ ਵਧਾਉਣ ਲਈ ਕੀਤੇ ਜਾਣ ਵਾਲ਼ੇ ਜਮਾਤੀ ਸੰਘਰਸ਼ ਦੇ ਅਨੁਸਾਰ ਕਿਰਤ ਸ਼ਕਤੀ ਦੇ ਮੁੱਲ ਦੇ ਉੱਪਰ ਜਾਂ ਹੇਠਾਂ ਹੋ ਸਕਦੀ ਹੈ। ਉਪਰੋਕਤ ਕਾਰਕਾਂ ‘ਤੇ ਨਿਰਭਰ ਰਹਿੰਦਿਆਂ ਹੋਇਆਂ ਮਜ਼ਦੂਰੀ ਦੀ ਦਰ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ।

ਖ਼ੈਰ, ਮਜ਼ਦੂਰ ਆਪਣੀ ਕੰਮ-ਦਿਹਾੜੀ ਯਾਨੀ ਦਿਨ ਦੇ ਕੰਮ ਦੇ ਘੰਟਿਆਂ ਦੇ ਦੂਜੇ ਹਿੱਸੇ ਵਿੱਚ ਮਾਲਕ ਜਾਂ ਸਰਮਾਏਦਾਰ ਲਈ ਵਾਫ਼ਰ ਕਦਰ ਪੈਦਾ ਕਰਦਾ ਹੈ, ਜੋ ਕਿ ਸਰਮਾਏਦਾਰ ਨੂੰ ਮੁਫ਼ਤ ਵਿੱਚ ਬਿਨਾਂ ਕਿਸੇ ਵਾਧੂ ਨਿਵੇਸ਼ ਦੇ ਪ੍ਰਾਪਤ ਹੁੰਦੀ ਹੈ। ਫਿਰ ਵੀ ਸਰਮਾਏਦਾਰ ਜਮਾਤ ਦੇ ਆਰਥਕ ਨਜ਼ਰੀਏ ਤੋਂ ਮਜ਼ਦੂਰ ਨਾਲ਼ ਕੋਈ ਧੋਖਾ ਨਹੀਂ ਹੋਇਆ ਹੁੰਦਾ! ਸਰਮਾਏਦਾਰੀ ਦਾ ਨਿਯਮ ਹੈ ਕਿ ਸਮਾਨ ਕਦਰਾਂ ਦਾ ਵਟਾਂਦਰਾ ਹੁੰਦਾ ਹੈ, ਯਾਨੀ ਆਮ ਨਿਯਮ ਅਨੁਸਾਰ ਮੁੱਲ ਵਿੱਚ ਬਰਾਬਰ ਜਿਣਸਾਂ ਦਾ ਹੀ ਵਟਾਂਦਰਾ ਹੁੰਦਾ ਹੈ। ਪਰ ਜੇਕਰ ਸਰਮਾਏਦਾਰ ਮਜ਼ਦੂਰ ਤੋਂ ਓਨਾ ਹੀ ਲੈਂਦਾ ਹੈ ਜਿੰਨਾ ਉਸ ਨੂੰ ਮਜ਼ਦੂਰੀ ਦੇ ਰੂਪ ਵਿੱਚ ਵਾਪਸ ਦੇ ਦਿੰਦਾ ਹੈ, ਤਾਂ ਫਿਰ ਸਰਮਾਏਦਾਰ ਜਮਾਤ ਦਾ ਮੁਨਾਫ਼ਾ ਕਿੱਥੋਂ ਆਉਂਦਾ ਹੈ? ਇਸੇ ਗੱਲ ਨੂੰ ਮਾਰਕਸ ਤੋਂ ਪਹਿਲਾਂ ਦੇ ਬੁਰਜੁਆ ਸਿਆਸੀ ਅਰਥਸ਼ਾਸਤਰੀ ਸਮਝ ਨਹੀਂ ਸਕੇ ਸਨ। ਮਾਰਕਸ ਨੇ ਪਹਿਲੀ ਵਾਰ ਇਸ ਨੂੰ ਸਮਝਿਆ ਅਤੇ ਦੱਸਿਆ ਕਿ ਸਰਮਾਏਦਾਰ ਮਜ਼ਦੂਰ ਤੋਂ ਉਸ ਦੀ ਕਿਰਤ ਨਹੀਂ ਖ਼ਰੀਦਦਾ, ਸਗੋਂ ਕਿਰਤ ਸ਼ਕਤੀ (ਯਾਨੀ ਇੱਕ ਨਿਸ਼ਚਿਤ ਸਮੇਂ ਦੌਰਾਨ ਕੰਮ ਕਰਨ ਦੀ ਉਸਦੀ ਸਮਰੱਥਾ) ਨੂੰ ਖ਼ਰੀਦਦਾ ਹੈ ਜੋ ਕਿ ਸਰਮਾਏਦਾਰਾ ਸਮਾਜ ਅਧੀਨ ਖ਼ੁਦ ਇੱਕ ਜਿਣਸ ਵਿੱਚ ਤਬਦੀਲ ਹੋ ਚੁੱਕੀ ਹੁੰਦੀ ਹੈ। ਹਰ ਕੋਈ ਜਾਣਦਾ ਹੈ ਕਿ ਸਮਾਜਕ ਤੌਰ ‘ਤੇ ਇੱਕ ਉਤਪਾਦਕ ਇੱਕ ਦਿਨ ਵਿੱਚ ਆਪਣੇ ਜੀਵਨ ਦੇ ਉਤਪਾਦਨ ਲਈ ਜ਼ਰੂਰੀ ਵਸਤੂਆਂ ਤੋਂ ਵੱਧ ਪੈਦਾ ਕਰ ਸਕਦਾ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਸਮਾਜ ਵਿੱਚ ਕਦੇ ਜਮਾਤਾਂ ਅਤੇ ਜਮਾਤੀ ਵੰਡ ਪੈਦਾ ਹੀ ਨਾ ਹੁੰਦੀ। 18ਵੀਂ ਅਤੇ 19ਵੀਂ ਸਦੀ ਦੇ ਸਰਮਾਏਦਾਰਾ ਸਿਆਸੀ ਅਰਥਸ਼ਾਸਤਰੀ ਵੀ ਇਸ ਸਚਾਈ ਨੂੰ ਜਾਣਦੇ ਸਨ ਕਿ ਇੱਕ ਉਤਪਾਦਕ ਆਪਣੀ ਰੋਜ਼ੀ-ਰੋਟੀ ਲਈ ਲੋੜੀਂਦੀਆਂ ਵਸਤੂਆਂ ਦੇ ਮੁੱਲ ਤੋਂ ਵੱਧ ਮੁੱਲ ਪੈਦਾ ਕਰਦਾ ਹੈ। ਇਸ ਲਈ ਸਰਮਾਏਦਾਰ ਜਦੋਂ ਮਜ਼ਦੂਰ ਕੋਲ਼ੋਂ ਉਸ ਦੀ ਕਿਰਤ ਸ਼ਕਤੀ ਖ਼ਰੀਦਦਾ ਹੈ, ਜਿਸ ਦਾ ਮੁੱਲ ਕਿਰਤ ਸ਼ਕਤੀ ਦੇ ਮੁੜ-ਉਤਪਾਦਨ ਲਈ ਜ਼ਰੂਰੀ ਵਸਤੂਆਂ ਦੇ ਮੁੱਲ ਤੋਂ ਨਿਰਧਾਰਤ ਹੁੰਦਾ ਹੈ, ਤਾਂ ਉਹ ਉਸ ਨੂੰ ਉਸ ਦੀ ਕਿਰਤ ਸ਼ਕਤੀ ਦਾ ਮੁੱਲ ਹੀ ਦਿੰਦਾ ਹੈ। ਇਸ ਰੂਪ ਵਿੱਚ ਬਰਾਬਰ ਮੁੱਲਾਂ ਦਾ ਹੀ ਵਟਾਂਦਰਾ ਹੋਇਆ ਹੈ ਅਤੇ ਮਜ਼ਦੂਰ ਦੇ ਸ਼ੋਸ਼ਣ ਦੀ ਵਿਆਖਿਆ ਕਿਸੇ ਤਰ੍ਹਾਂ ਦੇ “ਧੋਖੇ” ਜਾਂ “ਚੋਰੀ” ਦੇ ਰੂਪ ਵਿੱਚ ਨਹੀਂ ਕੀਤੀ ਜਾ ਸਕਦੀ। ਪਰ ਇੱਕ ਮਜ਼ਦੂਰ ਦੀ ਕਿਰਤ ਸ਼ਕਤੀ ਇੱਕ ਕੰਮ-ਦਿਹਾੜੀ ਦੌਰਾਨ ਖ਼ਰਚ ਹੋਣ ਦੀ ਪ੍ਰਕਿਰਿਆ ਵਿੱਚ ਆਪਣੇ ਮੁੱਲ ਤੋਂ ਜ਼ਿਆਦਾ ਮੁੱਲ ਪੈਦਾ ਕਰਦੀ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਕਿਰਤ ਸ਼ਕਤੀ ਜਿੰਨੀ ਕਿਰਤ ਦੇ ਖ਼ਰਚ ਹੋਣ ਨਾਲ਼ ਪੈਦਾ ਹੁੰਦੀ ਹੈ, ਆਪਣੇ ਖ਼ਰਚ ਹੋਣ ਦੀ ਪ੍ਰਕਿਰਿਆ ਵਿੱਚ ਉਹ ਉਸ ਤੋਂ ਜ਼ਿਆਦਾ ਕਿਰਤ ਮੁਹੱਈਆ ਕਰਵਾਉਂਦੀ ਹੈ।

ਇਸ ਲਈ ਮਜਦੂਰ ਆਪਣੀ ਕੰਮ-ਦਿਹਾੜੀ ਦੇ ਇੱਕ ਹਿੱਸੇ ਵਿੱਚ ਆਪਣੀ ਕਿਰਤ ਸ਼ਕਤੀ ਦੇ ਮੁੜ-ਉਤਪਾਦਨ ਲਈ ਕੰਮ ਕਰਦਾ ਹੈ ਜਿਸ ਨੂੰ ਅਸੀਂ ਜ਼ਰੂਰੀ ਕਿਰਤ ਸਮਾਂ ਆਖਦੇ ਹਾਂ, ਜਦ ਕਿ ਦੂਜੇ ਹਿੱਸੇ ਵਿੱਚ ਉਹ ਸਰਮਾਏਦਾਰ ਲਈ ਵਾਧੂ ਕਦਰ ਦਾ ਉਤਪਾਦਨ ਕਰਦਾ ਹੈ, ਜਿਸ ਨੂੰ ਅਸੀਂ ਵਾਧੂ ਕਿਰਤ ਸਮਾਂ ਆਖਦੇ ਹਾਂ। ਜ਼ਰੂਰੀ ਕਿਰਤ ਸਮੇਂ ਦੌਰਾਨ ਕੰਮ ਕਰਨ ਬਦਲੇ ਮਜ਼ਦੂਰ ਨੂੰ ਮਜ਼ਦੂਰੀ ਮਿਲ਼ਦੀ ਹੈ, ਜਦੋਂ ਕਿ ਵਾਧੂ ਕਿਰਤ ਸਮੇਂ ਦੌਰਾਨ ਕੀਤੇ ਕੰਮ ਦੇ ਬਦਲੇ ਉਸਨੂੰ ਕੁਝ ਨਹੀਂ ਮਿਲ਼ਦਾ ਅਤੇ ਉਸ ਦਾ ਵਾਫ਼ਰ ਉਤਪਾਦ ਸਰਮਾਏਦਾਰ ਦੁਆਰਾ ਹੜੱਪ ਲਿਆ ਜਾਂਦਾ ਹੈ ਜਿਹੜਾ ਕਿ ਵਿਕਣ ‘ਤੇ ਵਾਫ਼ਰ ਕਦਰ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਸਰਮਾਏਦਾਰ ਦੇ ਮੁਨਾਫ਼ੇ ਦਾ ਸ੍ਰੋਤ ਹੁੰਦਾ ਹੈ। ਇਹੋ ਹੈ ਸਰਮਾਏਦਾਰ ਦੇ ਮੁਨਾਫ਼ੇ ਦੇ ਸ੍ਰੋਤ ਦਾ ਮਜ਼ਦੂਰ ਦੀ ਲੁੱਟ ‘ਤੇ ਟਿਕਿਆ ਘਿਣਾਉਣਾ ਨੀਚ ਭੇਦ। ਸਰਮਾਏਦਾਰਾ ਪ੍ਰਬੰਧ ਅਧੀਨ ਮਜ਼ਦੂਰੀ ‘ਇੱਕ ਦਿਨ ਵਿੱਚ ਕੀਤੀ ਗਈ ਕਿਰਤ ਦੇ ਮੁੱਲ’ ਦਾ ਰੂਪ ਲੈਂਦੀ ਹੈ ਅਤੇ ਸਰਮਾਏਦਾਰ ਦੁਆਰਾ ਕੀਤੀ ਗਈ ਲੁੱਟ ਨੂੰ ਢਕਦੀ ਹੈ ਕਿਉਂਕਿ ਜ਼ਰੂਰੀ ਅਤੇ ਵਾਧੂ ਕਿਰਤ-ਸਮਾਂ ਸਮੇਂ ਅਤੇ ਸਥਾਨ ਵਿੱਚ ਅੱਡ-ਅੱਡ ਨਹੀਂ ਹੋ ਰਹੇ ਹੁੰਦੇ ਹਨ, ਸਗੋਂ ਉਹ ਇੱਕ ਹੀ ਕੰਮ-ਦਿਹਾੜੀ ਦਾ ਨਿਰੰਤਰਤਾਪੂਰਨ ਅੰਗ ਹੁੰਦੇ ਹਨ। ਇਸ ਲਈ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮਜ਼ਦੂਰ ਨੂੰ ‘ਇੱਕ ਦਿਨ ਦੀ ਮਿਹਨਤ ਦਾ ਮੁੱਲ’ ਅਦਾ ਕੀਤਾ ਗਿਆ ਹੈ। ਸਰਮਾਏਦਾਰਾ ਪ੍ਰਬੰਧ ਅਧੀਨ ਮਜ਼ਦੂਰੀ ਦਾ ਇਹ ਰੂਪ ਮਜ਼ਦੂਰ ਦੇ ਸ਼ੋਸ਼ਣ ਨੂੰ ਛੁਪਾਉਂਦਾ ਹੈ ਅਤੇ ਸਰਮਾਏਦਾਰਾ ਲੁੱਟ ‘ਤੇ ਪਰਦਾ ਪਾਉਣ ਦਾ ਕੰਮ ਕਰਦਾ ਹੈ। ਅਸਲ ਵਿੱਚ, ਮਜ਼ਦੂਰ ਆਪਣੀ ਕਿਰਤ ਸ਼ਕਤੀ ਵੇਚਦਾ ਹੈ ਅਤੇ ਬਦਲੇ ਵਿੱਚ ਜ਼ਰੂਰੀ ਕਿਰਤ ਸਮੇਂ ਵਿੱਚ ਆਪਣੀ ਕਿਰਤ ਸ਼ਕਤੀ ਦੇ ਬਰਾਬਰ ਕਦਰ ਦਾ ਵੀ ਉਤਪਾਦਨ ਕਰਦਾ ਹੈ ਅਤੇ ਵਾਧੂ ਕਿਰਤ ਸਮੇਂ ਵਿੱਚ ਸਰਮਾਏਦਾਰ ਲਈ ਵਾਫ਼ਰ ਕਦਰ ਵੀ ਪੈਦਾ ਕਰਦਾ ਹੈ ਜੋ ਸਰਮਾਏਦਾਰ ਦੇ ਮੁਨਾਫ਼ੇ ਦਾ ਸ੍ਰੋਤ ਹੁੰਦੀ ਹੈ।

ਯਾਨੀ, ਮਜ਼ਦੂਰ ਦੀ ਕੰਮ-ਦਿਹਾੜੀ ਦੇ ਦੋ ਹਿੱਸੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਉਹ ਆਪਣੀ ਮਜ਼ਦੂਰੀ ਦੇ ਬਰਾਬਰ ਕਦਰ ਪੈਦਾ ਕਰਦਾ ਹੈ ਅਤੇ ਦੂਜੇ ਵਿੱਚ ਮੁਨਾਫ਼ਾ। ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਲਗਾਤਾਰ ਇਸ ਨਵੀਂ ਪੈਦਾ ਹੋਣ ਵਾਲ਼ੀ ਕਦਰ ਵਿੱਚ ਆਪਣਾ ਹਿੱਸਾ ਵਧਾਉਣ ਦੀ ਜੱਦੋ-ਜਹਿਦ ਵਿੱਚ ਲੱਗੇ ਰਹਿੰਦੇ ਹਨ। ਮਜ਼ਦੂਰ ਜਮਾਤ ਆਪਣੀ ਮਜ਼ਦੂਰੀ ਵਧਾਉਣ ਦਾ ਯਤਨ ਕਰਦੀ ਹੈ, ਜਦੋਂ ਕਿ ਸਰਮਾਏਦਾਰ ਜਮਾਤ ਵੱਖ-ਵੱਖ ਤਰੀਕਿਆਂ ਨਾਲ਼ ਮਜ਼ਦੂਰੀ ਦੇ ਸਾਪੇਖ ਮੁਨਾਫ਼ੇ ਦਾ ਹਿੱਸਾ ਵਧਾਉਣ ਦਾ ਯਤਨ ਕਰਦੀ ਹੈ। ਸਰਮਾਏਦਾਰ ਜਮਾਤ ਅਜਿਹਾ ਕੰਮ-ਦਿਹਾੜੀ ਨੂੰ ਲੰਮਾ ਕਰਕੇ ਭਾਵ ਕੰਮ ਦੇ ਘੰਟੇ ਵਧਾ ਕੇ ਵੀ ਕਰਦੀ ਹੈ (ਜਿਸਦੀ ਇੱਕ ਭੌਤਿਕ ਹੱਦ ਹੁੰਦੀ ਹੈ) ਜਿਸ ਨੂੰ ਅਸੀਂ ਨਿਰਪੇਖ ਵਾਫ਼ਰ ਕਦਰ ਆਖਦੇ ਹਾਂ ਅਤੇ ਅਜਿਹਾ ਉਹ ਕਿਰਤ-ਸ਼ਕਤੀ ਦੇ ਮੁੜ-ਉਤਪਾਦਨ ਦੀ ਲਾਗਤ ਨੂੰ ਘੱਟ ਕਰਕੇ ਵੀ ਕਰਦੀ ਹੈ, ਜਿਸ ਨਾਲ਼ ਕੁੱਲ ਕਿਰਤ ਸਮਾਂ ਤਾਂ ਓਨਾ ਹੀ ਰਹਿੰਦਾ ਹੈ, ਪਰ ਉਸ ਵਿੱਚ ਜ਼ਰੂਰੀ ਕਿਰਤ ਸਮੇਂ, ਯਾਨੀ ਜਿਸ ਵਿੱਚ ਮਜ਼ਦੂਰ ‘ਆਪਣੇ ਲਈ’ ਕੰਮ ਕਰਦਾ ਹੈ, ਦਾ ਹਿੱਸਾ ਸਾਪੇਖਕ ਰੂਪ ਤੋਂ ਘਟ ਜਾਂਦਾ ਹੈ ਅਤੇ ਸਿੱਟੇ ਵਜੋਂ ਵਾਧੂ ਕਿਰਤ ਸਮੇਂ ਦਾ ਹਿੱਸਾ ਵੱਧ ਜਾਂਦਾ ਹੈ ਜਿਸ ਦੇ ਫ਼ਲਸਰੂਪ ਵਾਫ਼ਰ ਕਦਰ ਦੀ ਦਰ ਵੀ ਵਧ ਜਾਂਦੀ ਹੈ। ਇਸ ਦੂਜੇ ਤਰੀਕੇ ਨੂੰ ਅਸੀਂ ਸਾਪੇਖ ਵਾਫ਼ਰ ਕਦਰ ਆਖਦੇ ਹਾਂ। ਜਿਵੇਂ-ਜਿਵੇਂ ਸਰਮਾਏਦਾਰੀ ਉੱਨਤ ਹੁੰਦੀ ਜਾਂਦੀ ਹੈ, ਸਾਪੇਖ ਵਾਧੂ ਕਦਰ ਦੁਆਰਾ ਵਾਫ਼ਰ ਕਦਰ ਵਧਾਉਣ ਦੀ ਪੱਧਤੀ ਜ਼ਿਆਦਾ ਪ੍ਰਮੁੱਖ ਬਣਦੀ ਜਾਂਦੀ ਹੈ। ਇਸ ਤਰ੍ਹਾਂ ਵਾਫ਼ਰ ਕਦਰ ਨੂੰ ਉਦੋਂ ਵਧਾਇਆ ਜਾ ਸਕਦਾ ਹੈ, ਜਦੋਂ ਮਜ਼ਦੂਰ ਜਮਾਤ ਦੀ ਕਿਰਤ ਸ਼ਕਤੀ ਦੇ ਮੁੜ-ਉਤਪਾਦਨ ਲਈ ਜ਼ਰੂਰੀ ਵਸਤਾਂ ਪੈਦਾ ਕਰਨ ਵਾਲ਼ੇ ਉਦਯੋਗਾਂ ਵਿੱਚ, ਯਾਨੀ ਮਜ਼ਦੂਰੀ-ਉਤਪਾਦ ਪੈਦਾ ਕਰਨ ਵਾਲ਼ੇ ਉਦਯੋਗਾਂ ਵਿੱਚ, ਪੈਦਾਵਾਰ ਵਧਦੀ ਹੈ, ਲਾਗਤ ਘਟਦੀ ਹੈ ਅਤੇ ਸਿੱਟੇ ਵਜੋਂ ਔਸਤ ਕੀਮਤ ਹੇਠਾਂ ਆਉਂਦੀ ਹੈ। ਜਦੋਂ ਮਜ਼ਦੂਰੀ-ਉਤਪਾਦਾਂ ਦੀਆਂ ਕੀਮਤਾਂ ਹੇਠਾਂ ਆਉਂਦੀਆਂ ਹਨ ਤਾਂ ਮਜ਼ਦੂਰਾਂ ਦੀ ਕਿਰਤ ਸ਼ਕਤੀ ਦਾ ਮੁੱਲ ਵੀ ਘੱਟ ਹੁੰਦਾ ਹੈ ਅਤੇ ਸਰਮਾਏਦਾਰ ਜਮਾਤ ਉਸ ਦੀ ਮਜ਼ਦੂਰੀ ਨੂੰ ਘਟਾ ਸਕਦੀ ਹੈ (ਭਾਵੇਂ ਇਹ ਕਮੀ ਹਮੇਸ਼ਾ ਰੁਪਏ ਦੀ ਮਾਤਰਾ ਵਿੱਚ ਨਜ਼ਰ ਨਾ ਆਵੇ)। ਇਸ ਲਈ ਸਰਮਾਏਦਾਰ ਜਮਾਤ ਹਮੇਸ਼ਾ ਕਿਰਤ ਸ਼ਕਤੀ ਦੇ ਮੁੱਲ ਨੂੰ ਘੱਟ ਕਰਨਾ ਚਾਹੁੰਦੀ ਹੈ, ਮਜ਼ਦੂਰੀ-ਉਤਪਾਦਾਂ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣਾ ਚਾਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਆਪਣੇ ਅੰਦਰੂਨੀ ਅੰਤਰ-ਵਿਰੋਧਾਂ ਅਤੇ ਸਰਮਾਏਦਾਰਾ ਅਰਥਚਾਰੇ ਦੀ ਅਰਾਜਕ ਗਤੀ ਦੇ ਕਾਰਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮੇਸ਼ਾ ਅਜਿਹਾ ਕਰ ਹੀ ਸਕੇ।

ਆਮ ਤੌਰ ‘ਤੇ ਇੱਕ ਇਤਿਹਾਸਕ ਰੁਝਾਨ ਦੇ ਰੂਪ ਵਿੱਚ ਸਰਮਾਏਦਾਰੀ ਹਰੇਕ ਮਾਲ ਦੇ ਮੁੱਲ ਨੂੰ ਘਟਾਉਂਦੀ ਹੈ ਕਿਉਂਕਿ ਉਹ ਮੁਨਾਫ਼ੇ ਦੀ ਖ਼ਾਤਰ ਉਤਪਾਦਕਤਾ ਦਾ ਵਿਕਾਸ ਕਰਦੀ ਜਾਂਦੀ ਹੈ। ਸਰਮਾਏਦਾਰ ਜਮਾਤ ਦੀ ਅੰਦਰੂਨੀ ਮੁਕਾਬਲੇਬਾਜ਼ੀ ਅਤੇ ਸਰਮਾਏਦਾਰ ਜਮਾਤ ਤੇ ਮਜ਼ਦੂਰ ਜਮਾਤ ਦਰਮਿਆਨ‌ ਮੁਕਾਬਲੇਬਾਜ਼ੀ ਇਸ ਗੱਲ ਨੂੰ ਸੁਨਿਸ਼ਚਿਤ ਕਰਦੀ ਹੈ। ਅਗਿਆਨਤਾ ਕਾਰਨ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸਰਮਾਏਦਾਰ ਜਮਾਤ ਕੀਮਤਾਂ ਵਧਾ ਕੇ ਮੁਨਾਫ਼ਾ ਵਧਾਉਂਦੀ ਹੈ! ਸਚਾਈ ਇਹ ਹੈ ਕਿ ਸਰਮਾਏਦਾਰ ਜਿਸ ਪ੍ਰਕਿਰਿਆ ਨਾਲ਼ ਮੁਨਾਫ਼ੇ ਨੂੰ ਵਧਾਉਣ ਦਾ ਯਤਨ ਕਰਦਾ ਹੈ, ਠੀਕ ਉਹੀ ਪ੍ਰਕਿਰਿਆ ਕਿਰਤ ਦੀ ਉਤਪਾਦਕਤਾ ਦਾ ਵਿਕਾਸ ਕਰਦੀ ਹੈ ਅਤੇ ਇਤਿਹਾਸਕ ਤੌਰ ‘ਤੇ ਸਾਰੀਆਂ ਜਿਣਸਾਂ ਦੇ ਪ੍ਰਤੀ ਇਕਾਈ ਮੁੱਲ ਨੂੰ ਘਟਾਉਂਦੀ ਹੈ ਅਤੇ ਕੀਮਤਾਂ ਲੰਮੀ ਦੂਰੀ ਵਿੱਚ ਇਸ ਸਮਾਜਕ ਮੁੱਲ ਦੇ ਆਲ਼ੇ-ਦੁਆਲ਼ੇ ਦੁਆਲੇ ਹੀ ਮੰਡਰਾਉਂਦੀਆਂ ਹਨ‌। ਪਰ ਮਹਿੰਗਾਈ ਦੀ ਦਰ ਸਿਰਫ਼ ਸਾਰੀਆਂ ਜਿਣਸਾਂ ਦੇ ਘਟਦੇ ਮੁੱਲ ਤੋਂ ਤੈਅ ਨਹੀਂ ਹੁੰਦੀ ਹੈ, ਸਗੋਂ ਸਾਰੀਆਂ ਜਿਣਸਾਂ ਅਤੇ ਸੇਵਾਵਾਂ ਦੇ ਮੁੱਲ ਅਤੇ ਮਜ਼ਦੂਰ ਜਮਾਤ ਜਾਂ ਆਮ ਮਿਹਨਤਕਸ਼ ਅਬਾਦੀ ਦੀ ਔਸਤ ਆਮਦਨ ਦੇ ਪੱਧਰ ਦੇ ਆਪਸੀ ਸੰਬੰਧ ਤੋਂ ਤੈਅ ਹੁੰਦੀ ਹੈ। ਇਹਨਾਂ ਦੋਵਾਂ ਦੇ ਸੰਬੰਧ ਦੇ ਅਧਾਰ ‘ਤੇ ਹੀ ਮਜ਼ਦੂਰ ਅਤੇ ਆਮ ਮਿਹਨਤਕਸ਼ ਦੀ ਅਸਲ ਆਮਦਨ ਅਤੇ ਮਹਿੰਗਾਈ ਦੀ ਅਸਲ ਦਰ ਦਾ ਪਤਾ ਚੱਲਦਾ ਹੈ। ਸਰਮਾਏਦਾਰਾ ਅਰਥਚਾਰੇ ਦੀ ਅਰਾਜਕ ਗਤੀ ਦੇ ਕਾਰਨ ਸਰਮਾਏਦਾਰੀ ਵਿੱਚ ਅਜਿਹੇ ਦੌਰ ਆਉਂਦੇ ਹਨ ਜਦੋਂ ਅਸਲ ਮਹਿੰਗਾਈ ਬੇਹੱਦ ਵੱਧ ਜਾਂਦੀ ਹੈ। ਅਜਿਹਾ ਹੀ ਇੱਕ ਦੌਰ ਅੱਜ ਅਸੀਂ ਆਪਣੇ ਸਾਮ੍ਹਣੇ ਦੇਖ ਰਹੇ ਹਾਂ।

ਸਰਮਾਏਦਾਰਾ ਪ੍ਰਬੰਧ ਅਧੀਨ ਮਹਿੰਗਾਈ ਦੇ ਆਮ ਅਤੇ ਖ਼ਾਸ, ਦੁਰੇਡੇ ਅਤੇ ਫ਼ੌਰੀ ਕਾਰਨਾਂ ਸੰਬੰਧੀ ਅਸੀਂ ਅਗਲੇ ਅੰਕਾਂ ਵਿੱਚ ਹੋਰ ਵਿਸਥਾਰ ਵਿੱਚ ਸਮਝਾਂਗੇ ਪਰ ਇਸ ਸਮੇਂ ਐਨਾ ਸਮਝ ਲੈਣਾ ਕਾਫ਼ੀ ਹੋਵੇਗਾ ਕਿ ਇਨਕਲਾਬੀ ਮਜ਼ਦੂਰ ਜਮਾਤ ਆਪਣੇ ਵਿਗਿਆਨ ਯਾਨੀ ਮਾਰਕਸਵਾਦ ਦੇ ਵਿਸ਼ਲੇਸ਼ਣ ਦੇ ਸੰਦਾਂ ਰਾਹੀਂ ਮਹਿੰਗਾਈ ਦੇ ਵਰਤਾਰੇ ਨੂੰ ਸਮਝਦੀ ਹੈ ਅਤੇ ਇਹ ਜਾਣਦੀ ਹੈ ਕਿ ਮਹਿੰਗਾਈ ਦੇ ਵਿਸ਼ਲੇਸ਼ਣ ਵਿੱਚ ਬੁਨਿਆਦੀ ਕਾਰਨਾਂ ਨੂੰ ਸਮਝਣ ਲਈ ਅਸੀਂ ਪੈਦਾਵਾਰ ਦੇ ਖੇਤਰ ‘ਤੇ ਧਿਆਨ ਕੇਂਦਰਤ ਕਰਦੇ ਹਾਂ, ਸਰਕੂਲੇਸ਼ਨ ਯਾਨੀ ਜਿਣਸਾਂ ਦੀ ਵੇਚਣ-ਖ਼ਰੀਦਣ ਦੀ ਪ੍ਰਕਿਰਿਆ ‘ਤੇ ਨਹੀਂ। ਸਰਕੂਲੇਸ਼ਨ ਵਿੱਚ ਹੋਣ ਵਾਲ਼ੀਆਂ ਤਬਦੀਲੀਆਂ ਪੈਦਾਵਾਰ ਦੇ ਖੇਤਰ ਵਿੱਚ ਆਉਣ ਵਾਲ਼ੀਆਂ ਤਬਦੀਲੀਆਂ ਤੋਂ ਤੈਅ ਹੁੰਦੀਆਂ ਹਨ। ਉਹ ਪਲ਼ਟ ਕੇ ਪੈਦਾਵਾਰ ਦੇ ਖੇਤਰ ਨੂੰ ਪ੍ਰਭਾਵਿਤ ਜ਼ਰੂਰ ਕਰਦੀਆਂ ਹਨ ਪਰ ਆਖ਼ਰੀ ਵਿਸ਼ਲੇਸ਼ਣ ਵਿੱਚ ਇਹ ਪੈਦਾਵਾਰ ਦਾ ਖੇਤਰ ਹੁੰਦਾ ਹੈ ਜੋ ਕਿ ਫ਼ੈਸਲਾਕੁੰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਮਹਿੰਗਾਈ ਦਾ ਕਾਰਨ ਕੁਝ ਇਜ਼ਾਰੇਦਾਰ ਸਰਮਾਏਦਾਰਾਂ ਦੁਆਰਾ ਇਜ਼ਾਰੇਦਾਰ ਕੀਮਤਾਂ ਰਾਹੀਂ ਵਸੂਲਿਆ ਜਾ ਰਿਹਾ ਇਜ਼ਾਰੇਦਾਰ ਲਗਾਨ ਨਹੀਂ ਹੈ ਕਿਉਂਕਿ ਉਹ ਸਮੁੱਚੇ ਅਰਥਚਾਰੇ ਵਿੱਚ ਕਦਰ ਦੀ ਕੁੱਲ ਪੈਦਾਵਾਰ ਨੂੰ ਪ੍ਰਭਾਵਿਤ ਨਹੀਂ ਕਰਦਾ ਅਤੇ ਜਿੰਨੀ ਕਦਰ ਪੈਦਾ ਹੁੰਦੀ ਹੈ, ਸਮੁੱਚੇ ਅਰਥਚਾਰੇ ਦੇ ਪੈਮਾਨੇ ‘ਤੇ ਓਨੀ ਹੀ ਕਦਰ ਵਟਾਂਦਰੇ ਦੀ ਪ੍ਰਕਿਰਿਆ ਯਾਨੀ ਖ਼ਰੀਦਣ-ਵੇਚਣ ਦੇ ਜ਼ਰੀਏ ਸਾਕਾਰ ਹੁੰਦੀ ਹੈ। ਫ਼ੌਰੀ ਤੌਰ ‘ਤੇ ਵੀ ਦੇਖੀਏ, ਤਾਂ ਮਹਿੰਗਾਈ ਲਈ ਮਹਿਜ਼ ਇਜ਼ਾਰੇਦਾਰ ਸਰਮਾਏਦਾਰ ਜਮਾਤ ਹੀ ਜ਼ਿੰਮੇਵਾਰ ਨਹੀਂ ਹੈ, ਸਗੋਂ ਮੁਨਾਫ਼ੇਖੋਰ ਸਰਮਾਏਦਾਰ ਧਨੀ ਕਿਸਾਨਾਂ-ਕੁਲਕਾਂ, ਜਮ੍ਹਾਂਖੋਰ ਵਪਾਰੀਆਂ-ਆੜਤੀਆਂ-ਵਿਚੋਲਿਆਂ, ਛੋਟੇ ਅਤੇ ਦਰਮਿਆਨੇ ਸਰਮਾਏਦਾਰਾਂ ਅਤੇ ਵੱਡੇ ਇਜ਼ਾਰੇਦਾਰ ਅਤੇ ਗ਼ੈਰ-ਇਜ਼ਾਰੇਦਾਰ ਸਰਮਾਏਦਾਰਾਂ ਸਮੇਤ ਸਮੁੱਚੀ ਸਰਮਾਏਦਾਰ ਜਮਾਤ ਹੀ ਜ਼ਿੰਮੇਵਾਰ ਹੈ। ਜਦੋਂ ਵੀ ਆਰਥਕ ਸੰਕਟ ਦੇ ਕਾਰਨ ਜਾਂ ਕੋਵਿਡ ਜਾਂ ਯੁੱਧ ਜਿਹੇ ਬਾਹਰੀ ਝਟਕਿਆਂ ਦੇ ਕਾਰਨ ਸਾਰੀਆਂ ਜਿਣਸਾਂ ਅਤੇ ਸੇਵਾਵਾਂ ਦੀਆਂ ਪੂਰਤੀ ਲੜੀਆਂ (ਸਪਲਾਈ ਚੇਨਾਂ) ਟੁੱਟਦੀਆਂ ਹਨ ਅਤੇ ਉਹਨਾਂ ਵਿੱਚ ਵਿਘਨ ਪੈਂਦਾ ਹੈ ਤਾਂ ਜਮ੍ਹਾਂਖੋਰੀ, ਸੱਟੇਬਾਜ਼ੀ ਅਤੇ ਉੱਚੀਆਂ ਕੀਮਤਾਂ ‘ਤੇ ਵਿੱਕਰੀ ਰਾਹੀਂ ਮਜ਼ਦੂਰਾਂ ਅਤੇ ਮਿਹਨਤਕਸ਼ ਅਬਾਦੀ ਨੂੰ ਲੁੱਟਣ ਦਾ ਕੰਮ ਇਸੇ ਸਮੁੱਚੀ ਸਰਮਾਏਦਾਰ ਜਮਾਤ ਦੁਆਰਾ ਮਿਲ਼ ਕੇ ਕੀਤਾ ਜਾਂਦਾ ਹੈ। ਪਰ ਮੰਡੀ ਵਿੱਚ ਉੱਚੀਆਂ ਕੀਮਤਾਂ ‘ਤੇ ਵਿੱਕਰੀ, ਵਸਤਾਂ ਦੀ ਜਮ੍ਹਾਂਖੋਰੀ ਅਤੇ ਉਹਨਾਂ ਦੀਆਂ ਕੀਮਤਾਂ ਦੀ ਸੱਟੇਬਾਜ਼ੀ ਪਿੱਛੇ ਜੋ ਬੁਨਿਆਦੀ ਕਾਰਨ ਹੁੰਦੇ ਹਨ, ਉਹਨਾਂ ਨੂੰ ਸਾਨੂੰ ਪੈਦਾਵਾਰ ਦੇ ਖੇਤਰ ਵਿੱਚ ਲੱਭਣਾ ਚਾਹੀਦਾ ਹੈ। ਅੱਜ ਦੇ ਦੌਰ ਵਿੱਚ ਮਹਿੰਗਾਈ ਵਿੱਚ ਬੇਮਿਸਾਲ ਵਾਧੇ ਦੇ ਮਾਮਲੇ ਵਿੱਚ ਵੀ, ਸਰਮਾਏਦਾਰਾ ਪ੍ਰਬੰਧ ਦੇ ਅਰਾਜਕ ਚਰਿੱਤਰ ਅਤੇ ਸਰਮਾਏਦਾਰਾ ਜਮਾਤ ਦੇ ਮੁਨਾਫ਼ਾਖੋਰ ਚਰਿੱਤਰ ਦੇ ਕਾਰਨ ਪੈਦਾਵਾਰ ਦੇ ਖੇਤਰ ਵਿੱਚ ਆਏ ਝਟਕੇ, ਯਾਨੀ ਪੂਰਤੀ ਲੜੀਆਂ (ਸਪਲਾਈ ਚੇਨ) ਦਾ ਟੁੱਟਣਾ ਹੀ ਬੁਨਿਆਦੀ ਕਾਰਨ ਹੈ। ਇਹ ਕੁਝ ਬਦਮਾਸ਼ ਇਜ਼ਾਰੇਦਾਰਾਂ, ਦੁਕਾਨਦਾਰਾਂ, ਵਪਾਰੀਆਂ ਆਦਿ ਦੀ ਚਾਲ ਨਹੀਂ ਹੈ। ਇਹ ਉਹਨਾਂ ਦਾ ਜਮਾਤੀ ਸੁਭਾਅ ਹੁੰਦਾ ਹੈ ਕਿ ਉਹ ਅਜਿਹੇ ਹਰ ਮੌਕੇ ‘ਤੇ ਬਿਪਤਾ ਨੂੰ ਆਪਣੇ ਲਈ ਮੌਕੇ ਵਿੱਚ ਬਦਲ ਲੈਂਦੇ ਹਨ। ਨਾਲ਼ ਹੀ ਪੈਦਾ ਹੋਈ ਕੁੱਲ ਨਵੀਂ ਕਦਰ ਵਿੱਚ ਮੁਨਾਫ਼ੇ ਦਾ ਹਿੱਸਾ ਵਧਣਾ ਆਪਣੇ ਆਪ ਵਿੱਚ ਮਜ਼ਦੂਰਾਂ ਦੀ ਔਸਤ ਮਜ਼ਦੂਰੀ ਵਿੱਚ ਕਮੀ ਅਤੇ ਮਹਿੰਗਾਈ ਲਈ ਜ਼ਿੰਮੇਵਾਰ ਨਹੀਂ ਹੁੰਦਾ ਹੈ। ਇਹ ਬਿਲਕੁਲ ਸੰਭਵ ਹੈ ਕਿ ਤੇਜ਼ੀ ਦੇ ਦੌਰ ਵਿੱਚ ਸਮੁੱਚੀ ਪੈਦਾਵਾਰ ਹੀ ਵਧੇ, ਮੁਨਾਫ਼ੇ ਦੀ ਮਾਤਰਾ ਅਤੇ ਦਰ ਤੇਜ਼ੀ ਨਾਲ਼ ਵਧੇ ਅਤੇ ਮਜ਼ਦੂਰੀ ਦੀ ਮਾਤਰਾ ਅਤੇ ਦਰ ਵੀ ਵਧੇ ਅਤੇ ਇਸ ਦੇ ਬਾਵਜੂਦ ਨਵੀਂ ਪੈਦਾ ਹੋਈ ਕਦਰ ਵਿੱਚ ਮਜ਼ਦੂਰੀ ਦਾ ਹਿੱਸਾ ਸਾਪੇਖਕ ਰੂਪ ਤੋਂ ਘਟ ਜਾਵੇ‌। ਇਸਦਾ ਉਲ਼ਟਾ ਵੀ ਸੰਭਵ ਹੈ। ਇਹ ਵੀ ਸੰਭਵ ਹੈ ਕਿ ਪੈਦਾਵਾਰ ਖੜੋਤ ਵਿੱਚ ਹੋਵੇ, ਮਜ਼ਦੂਰ ਅੰਦੋਲਨ ਮਜ਼ਬੂਤ ਹੋਵੇ ਅਤੇ ਮਜ਼ਦੂਰ ਆਪਣੇ ਜਮਾਤੀ ਸੰਘਰਸ਼ ਦੇ ਦਮ ‘ਤੇ ਮਜ਼ਦੂਰੀ ਦੀ ਮਾਤਰਾ, ਦਰ ਅਤੇ ਨਵੀਂ ਉਤਪਾਦਤ ਕਦਰ ਵਿੱਚ ਉਸ ਦੇ ਹਿੱਸੇ ਨੂੰ ਵਧਾਉਣ ਵਿੱਚ ਕਾਮਯਾਬ ਹੋ ਜਾਣ। ਇਸ ਦਾ ਉਲ਼ਟਾ ਵੀ ਸੰਭਵ ਹੈ। ਇਹ ਵੀ ਸੰਭਵ ਹੈ ਕਿ ਪੈਦਾਵਾਰ ਮੰਦੀ ਕਾਰਨ ਘਟ ਰਹੀ ਹੋਵੇ, ਸਰਮਾਏਦਾਰ ਆਪਣੇ ਮੁਨਾਫ਼ੇ ਦੀ ਦਰ, ਮਾਤਰਾ ਤੇ ਨਵੀਂ ਉਤਪਾਦਤ ਕਦਰ ਵਿੱਚ ਉਸ ਦੇ ਹਿੱਸੇ ਨੂੰ ਵਧਾਉਣ ਵਿੱਚ ਕਾਮਯਾਬ ਹੋ ਜਾਣ। ਐਨਾ ਤੈਅ ਹੈ ਕਿ ਜੇਕਰ ਪੈਦਾਵਾਰ ਸਥਿਰ ਰਹਿੰਦੀ ਹੈ ਜਾਂ ਘਟਦੀ ਹੈ ਤਾਂ ਨਵੀਂ ਕਦਰ ਵਿੱਚ ਮੁਨਾਫ਼ੇ ਦੇ ਹਿੱਸੇ ਵਿੱਚ ਹੋਣ ਵਾਲ਼ੇ ਕਿਸੇ ਵੀ ਵਾਧੇ ਦਾ ਅਰਥ ਹੋਵੇਗਾ ਮਜ਼ਦੂਰੀ ਦੀ ਦਰ, ਮਾਤਰਾ ਤੇ ਨਵੀਂ ਉਤਪਾਦਤ ਕਦਰ ਵਿੱਚ ਉਸ ਦੇ ਹਿੱਸੇ, ਤਿੰਨਾਂ ਵਿੱਚ ਹੀ ਕਮੀ ਅਤੇ ਬਜ਼ਾਰ ਕੀਮਤਾਂ ਵਿੱਚ ਵਾਧਾ ਜਾਂ ਉਹਨਾਂ ਦੇ ਸਥਿਰ ਰਹਿਣ ਦੀ ਸੂਰਤ ਵਿੱਚ ਜਾਂ ਉਹਨਾਂ ਵਿੱਚ ਮੁਕਾਬਲਤਨ ਘੱਟ ਦਰ ਨਾਲ਼ ਗਿਰਾਵਟ ਦੀ ਸੂਰਤ ਵਿੱਚ ਇਸ ਦਾ ਅਰਥ ਹੋਵੇਗਾ ਮਜ਼ਦੂਰਾਂ-ਮਿਹਨਤਕਸ਼ਾਂ ਦੀ ਔਸਤ ਅਸਲ ਆਮਦਨ ਵਿੱਚ ਕਮੀ ਅਤੇ ਉਹਨਾਂ ਲਈ ਅਸਲ ਮਹਿੰਗਾਈ ਵਿੱਚ ਵਾਧਾ।

ਹੁਣ ਮਜ਼ਦੂਰੀ ਵਿੱਚ ਆਉਣ ਵਾਲ਼ੇ ਉਤਰਾਵਾਂ-ਚੜ੍ਹਾਵਾਂ ਦੇ ਬੁਨਿਆਦੀ ਕਾਰਨਾਂ ਦੇ ਸਵਾਲ ‘ਤੇ ਆਉਂਦੇ ਹਾਂ ਕਿਉਂਕਿ ਅਸਲ ਮਹਿੰਗਾਈ ਅਤੇ ਅਸਲ ਆਮਦਨ ਦਾ ਆਕਲਨ ਸਿਰਫ਼ ਜਿਣਸਾਂ ਅਤੇ ਸੇਵਾਵਾਂ ਦੀਆਂ ਬਜ਼ਾਰ ਕੀਮਤਾਂ ਦੇ ਅਧਾਰ ‘ਤੇ ਨਹੀਂ ਕੀਤਾ ਜਾ ਸਕਦਾ ਹੈ, ਸਗੋਂ ਇਹ ਔਸਤ ਮਜ਼ਦੂਰੀ ਦੀ ਦਰ ਨਾਲ਼ ਉਹਨਾਂ ਦੇ ਆਕਲਨ ਦੇ ਅਧਾਰ ‘ਤੇ ਹੀ ਕੀਤਾ ਜਾ ਸਕਦਾ ਹੈ। ਬਜ਼ਾਰ ਕੀਮਤਾਂ ਲੰਮੀ ਦੂਰੀ ਵਿੱਚ ਪੈਦਾਵਾਰੀ ਕੀਮਤਾਂ ਦੇ ਆਲ਼ੇ-ਦੁਆਲ਼ੇ ਹੀ ਮੰਡਰਾਉਂਦੀਆਂ ਹਨ ਅਤੇ ਪੈਦਾਵਾਰੀ ਕੀਮਤਾਂ ਅਖ਼ੀਰ ਜਿਣਸਾਂ ਤੇ ਸੇਵਾਵਾਂ ਦੀ ਪੈਦਾਵਾਰ ਵਿੱਚ ਲੱਗਣ ਵਾਲ਼ੀ ਸਮਾਜਕ ਕਿਰਤ ਤੋਂ ਹੀ ਤੈਅ ਹੁੰਦੀਆਂ ਹਨ। ਮਜ਼ਦੂਰੀ ਹਮੇਸ਼ਾ ਕਿਰਤ ਸ਼ਕਤੀ ਦੇ ਬਰਾਬਰ ਹੀ ਨਹੀਂ ਰਹਿੰਦੀ ਹੈ। ਸਰਮਾਏਦਾਰਾ ਸਿਆਸੀ ਅਰਥ-ਸ਼ਾਸਤਰ ਵਿੱਚ ਇੱਕ ‘ਮਜ਼ਦੂਰੀ ਦਾ ਲੋਹ ਨਿਯਮ’ ਪੈਦਾ ਹੋਇਆ ਸੀ ਜਿਸਦਾ ਮੰਨਣਾ ਸੀ ਕਿ ਮਜ਼ਦੂਰੀ ਹਮੇਸ਼ਾ ਉਸ ਪੱਧਰ ਰਾਹੀਂ ਤੈਅ ਹੁੰਦੀ ਹੈ, ਜਿਸ ਪੱਧਰ ‘ਤੇ ਮਜ਼ਦੂਰ ਬੱਸ ਆਪਣੀ ਕਿਰਤ ਸ਼ਕਤੀ ਦਾ ਬੜੀ ਮੁਸ਼ਕਲ ਨਾਲ਼ ਮੁੜ-ਉਤਪਾਦਨ ਕਰ ਸਕਦਾ ਹੈ। ਪਰ ਮਾਰਕਸ ਨੇ ਦੱਸਿਆ ਕਿ ਮਜ਼ਦੂਰ ਜਮਾਤ ਆਪਣੇ ਸ਼ੋਸ਼ਣ ਦੇ ਪ੍ਰਤੀ ਉਦਾਸੀਨ ਜਾਂ ਗ਼ੈਰ-ਸਰਗਰਮ ਨਹੀਂ ਰਹਿੰਦੀ, ਸਗੋਂ ਉਸ ਦੇ ਵਿਰੁੱਧ ਸੰਘਰਸ਼ ਕਰਦੀ ਹੈ। ਇਸਦੇ ਨਾਲ਼ ਹੀ, ਸਰਮਾਏਦਾਰਾ ਅਰਥਚਾਰੇ ਦੇ ਦੌਰਾਂ, ਯਾਨੀ ਤੇਜ਼ੀ, ਮੰਦੀ, ਖੜੋਤ ਦੇ ਅਨੁਸਾਰ, ਦੂਜੇ ਸ਼ਬਦਾਂ ਵਿੱਚ ਮੁਨਾਫ਼ੇ ਦੀ ਔਸਤ ਦਰ ਦੀ ਗਤੀ ਦੇ ਅਨੁਸਾਰ, ਨਿਵੇਸ਼ ਦੀਆਂ ਦਰਾਂ ਬਦਲਦੀਆਂ ਹਨ, ਰੁਜ਼ਗਾਰ ਦੀ ਦਰ ਬਦਲਦੀ ਹੈ ਅਤੇ ਕਿਰਤ ਸ਼ਕਤੀ ਦੀ ਮੰਗ ਅਤੇ ਪੂਰਤੀ ਵਿੱਚ ਫ਼ਰਕ ਆਉਂਦਾ ਹੈ। ਇਸਦੇ ਨਾਲ਼ ਵੀ, ਮਜ਼ਦੂਰੀ ਦੀ ਦਰ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ ਅਤੇ ਉਹ ਕਿਰਤ ਸ਼ਕਤੀ ਦੇ ਮੁੱਲ ਦੇ ਉੱਪਰ ਜਾਂ ਹੇਠਾਂ ਜਾ ਸਕਦੀ ਹੈ‌। ਇਹ ਉਹ ਦੋ ਪ੍ਰਮੁੱਖ ਕਾਰਕ ਹਨ ਜਿਨ੍ਹਾਂ ਦੇ ਮਿਸ਼ਰਤ ਪ੍ਰਭਾਵ ਨਾਲ਼ ਮਜ਼ਦੂਰੀ ਦੀ ਔਸਤ ਦਰ ਵਿੱਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਪਰ ਇਹਨਾਂ ਕਾਰਕਾਂ ਨਾਲ਼ ਵੀ ਮਜ਼ਦੂਰੀ ਕਿੰਨੀ ਵੀ ਉੱਪਰ ਜਾਂ ਕਿੰਨੀ ਵੀ ਹੇਠਾਂ ਨਹੀਂ ਜਾ ਸਕਦੀ। ਦੂਜੇ ਸ਼ਬਦਾਂ ਵਿੱਚ, ਇਹਨਾਂ ਕਾਰਕਾਂ ਦੇ ਚਲਦਿਆਂ ਮਜ਼ਦੂਰੀ ਦੀ ਔਸਤ ਦਰ ਵਿੱਚ ਆਉਣ ਵਾਲ਼ਾ ਉਤਰਾਅ-ਚੜ੍ਹਾਅ ਕੁਝ ਹੱਦਾਂ ਦੇ ਅੰਦਰ ਹੀ ਹੁੰਦਾ ਹੈ। ਇਹ ਹੱਦਾਂ ਕੀ ਹਨ?

ਆਓ, ਸਮਝਦੇ ਹਾਂ। ਅਸੀਂ ਉੱਪਰ ਦੇਖਿਆ ਕਿ ਇੱਕ ਇਤਿਹਾਸਕ ਰੁਝਾਨ ਦੇ ਰੂਪ ਵਿੱਚ ਸਰਮਾਏਦਾਰੀ ਕਿਰਤ ਸ਼ਕਤੀ ਸਮੇਤ ਸਾਰੀਆਂ ਜਿਣਸਾਂ ਦੇ ਸਮਾਜਕ ਮੁੱਲ ਨੂੰ ਘਟਾਉਂਦੀ ਹੈ। ਅਸੀਂ ਇਹ ਵੀ ਦੇਖਿਆ ਕਿ ਅਸਲ ਮਹਿੰਗਾਈ ਦੀ ਦਰ ਮਜ਼ਦੂਰੀ ਅਤੇ ਜਿਣਸਾਂ ਦੀਆਂ ਬਜ਼ਾਰ ਕੀਮਤਾਂ ਦਰਮਿਆਨ ਸੰਬੰਧਾਂ ਤੋਂ ਤੈਅ ਹੁੰਦੀ ਹੈ। ਅਤੇ ਅਸੀਂ ਇਹ ਵੀ ਦੇਖਿਆ ਕਿ ਸਰਮਾਏਦਾਰਾ ਅਰਥਚਾਰੇ ਦੀ ਅਰਾਜਕ ਗਤੀ ਅਤੇ ਸਰਮਾਏਦਾਰ ਜਮਾਤ ਦੀ ਮੁਨਾਫ਼ਾਖੋਰੀ ਦੇ ਕਾਰਨ ਆਰਥਕ ਸੰਕਟ ਜਾਂ ਕਿਸੇ ਮਹਾਂਮਾਰੀ ਜਾ ਯੁੱਧ ਦੇ ਬਾਹਰੀ ਝਟਕਿਆਂ ਦੇ ਦੌਰ ਵਿੱਚ ਮਹਿੰਗਾਈ ਕਾਫ਼ੀ ਤੇਜ਼ੀ ਨਾਲ਼ ਵਧਦੀ ਹੈ ਅਤੇ ਮਜ਼ਦੂਰ ਜਮਾਤ ਦੀ ਅਸਲ ਮਜ਼ਦੂਰੀ ਦੀ ਦਰ ਵਿੱਚ ਭਾਰੀ ਕਮੀ ਵੀ ਆਉਂਦੀ ਹੈ। ਅਖ਼ੀਰ ਵਿੱਚ, ਅਸੀਂ ਇਹ ਵੀ ਦੇਖਿਆ ਕਿ ਸਰਮਾਇਆ ਇਕੱਤ੍ਰੀਕਰਨ ਦੇ ਖ਼ਾਸ ਦੌਰਾਂ (ਤੇਜ਼ੀ, ਮੰਦੀ, ਖੜੋਤ) ਦੇ ਅਨੁਸਾਰ ਅਤੇ ਨਾਲ਼ ਹੀ ਮਜ਼ਦੂਰ ਜਮਾਤ ਦੇ ਜਮਾਤੀ ਸੰਘਰਸ਼ ਦੇ ਪ੍ਰਭਾਵ ਹੇਠ ਮਜ਼ਦੂਰੀ ਕਿਰਤ ਸ਼ਕਤੀ ਦੇ ਮੁੱਲ ਦੇ ਉੱਪਰ ਜਾਂ ਹੇਠਾਂ ਜਾ ਸਕਦੀ ਹੈ। ਪਰ ਇੱਕ ਇਤਿਹਾਸਕ ਪ੍ਰਵਿਰਤੀ ਦੇ ਰੂਪ ਵਿੱਚ ਮਜ਼ਦੂਰੀ ਕਿਰਤ ਸ਼ਕਤੀ ਦੇ ਮੁੱਲ ਦੇ ਆਲ਼ੇ-ਦੁਆਲ਼ੇ ਹੀ ਮੰਡਰਾਉਂਦੀ ਰਹਿੰਦੀ ਹੈ। ਸਰਮਾਏਦਾਰ ਜਮਾਤ ਆਪਣੇ ਮੁਨਾਫ਼ੇ ਦੀ ਦਰ ਨੂੰ ਵੱਧ ਤੋਂ ਵੱਧ ਸੰਭਵ ਬਣਾਉਣ ਲਈ ਹਮੇਸ਼ਾ ਮਜ਼ਦੂਰੀ ਨੂੰ ਘੱਟੋ-ਘੱਟ ਪੱਧਰ ‘ਤੇ ਰੱਖਣ ਦਾ ਯਤਨ ਕਰਦੀ ਹੈ, ਜਦੋਂ ਕਿ ਮਜ਼ਦੂਰ ਜਮਾਤ ਆਪਣੇ ਜੱਥੇਬੰਦਕ ਆਰਥਕ ਸੰਘਰਸ਼ਾਂ ਦੇ ਦਮ ‘ਤੇ ਹਮੇਸ਼ਾ ਮਜ਼ਦੂਰੀ ਨੂੰ ਵਧਾਉਣ ਦੇ ਲਈ ਲੜਦੀ ਹੈ। ਇਹ ਨਵੇਂ ਉਤਪਾਦਤ ਮੁੱਲ ਵਿੱਚ ਆਪਣਾ ਹਿੱਸਾ ਵਧਾਉਣ ਲਈ ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਦਰਮਿਆਨ ਚੱਲ ਰਿਹਾ ਸੰਘਰਸ਼ ਹੁੰਦਾ ਹੈ। ਫ਼ੌਰੀ ਤੌਰ ‘ਤੇ ਇਹ ਸੰਘਰਸ਼ ਹੀ ਮਜ਼ਦੂਰੀ ਅਤੇ ਮੁਨਾਫ਼ੇ ਦਰਮਿਆਨ ਸਾਪੇਖਕ ਸੰਬੰਧ ਨੂੰ ਤੈਅ ਕਰਦਾ ਹੈ। ਪਰ ਆਮ ਤੌਰ ‘ਤੇ ਮਜ਼ਦੂਰੀ ਕਦੇ ਵੀ ਲੰਮੇ ਸਮੇਂ ਲਈ ਕਿਰਤ ਸ਼ਕਤੀ ਦੇ ਮੁੱਲ ਦੇ ਹੇਠਾਂ ਨਹੀਂ ਰਹਿ ਸਕਦੀ ਹੈ। ਜੇਕਰ ਮਜ਼ਦੂਰ ਜਮਾਤ ਇੱਕ ਜਮਾਤ ਦੇ ਤੌਰ ‘ਤੇ ਆਪਣੀ ਕਿਰਤ ਸ਼ਕਤੀ ਦਾ ਮੁੜ-ਉਤਪਾਦਨ ਹੀ ਨਹੀਂ ਕਰ ਸਕੇਗੀ ਤਾਂ ਉਹ ਕਦਰ ਅਤੇ ਵਾਫ਼ਰ ਕਦਰ ਦੀ ਪੈਦਾਵਾਰ ਲਈ ਲਗਾਤਾਰ ਕੰਮ ਕਰਨ ਯੋਗ ਹੀ ਨਹੀਂ ਰਹੇਗੀ ਅਤੇ ਸਰਮਾਏਦਾਰ ਜਮਾਤ ਲਈ ਮੁਨਾਫ਼ਾ ਪੈਦਾ ਹੀ ਨਹੀਂ ਹੋ ਸਕੇਗਾ। ਇਹੀ ਕਾਰਨ ਸੀ ਕਿ ਸਰਮਾਏਦਾਰ ਜਮਾਤ ਦੇ ਦੀਰਘਕਾਲੀ ਸਾਂਝੇ ਜਮਾਤੀ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲ਼ੀ ਸਰਮਾਏਦਾਰਾ ਰਾਜਸੱਤਾ ਨੇ 19ਵੀਂ ਸਦੀ ਵਿੱਚ ਇੰਗਲੈਂਡ ਵਿੱਚ ਅਤੇ ਅਨੇਕਾਂ ਹੋਰ ਦੇਸ਼ਾਂ ਵਿੱਚ ਕੰਮ-ਦਿਹਾੜੀ ਦੀ ਲੰਬਾਈ ਅਤੇ ਇੱਕ ਨਿਊਨਤਮ ਮਜ਼ਦੂਰੀ ਤੈਅ ਕਰਨ ਦਾ ਕੰਮ ਕੀਤਾ ਕਿਉਂਕਿ ਵੱਖ-ਵੱਖ ਵਿਅਕਤੀਗਤ ਸਰਮਾਏਦਾਰ ਆਪਣੇ ਸੁਭਾਅ ਤੋਂ ਹੀ ਸਰਮਾਏਦਾਰ ਜਮਾਤ ਦੇ ਦੂਰਰਸੀ ਸਾਂਝੇ ਜਮਾਤੀ ਹਿੱਤਾਂ ਬਾਰੇ ਸੋਚ ਪਾਉਣ ਵਿੱਚ ਆਮ ਤੌਰ ‘ਤੇ ਅਸਮਰੱਥ ਹੁੰਦੇ ਹਨ। ਮੰਡੀ ਵਿਚਲੀ ਗਲ-ਵੱਢੂ ਮੁਕਾਬਲੇਬਾਜ਼ੀ ਉਹਨਾਂ ਨੂੰ ਇਸਦੀ ਇਜਾਜ਼ਤ ਨਹੀਂ ਦਿੰਦੀ ਹੈ। ਕਿਰਤ ਸ਼ਕਤੀ ਦੇ ਭੌਤਿਕ ਮੁੜ-ਉਤਪਾਦਨ ਦੀ ਇਹ ਜ਼ਰੂਰੀ ਸ਼ਰਤ ਉਹ ਭੌਤਿਕ ਹੱਦ ਹੈ ਜਿਸ ਤੋਂ ਥੱਲੇ ਮਜ਼ਦੂਰੀ ਦੀ ਔਸਤ ਦਰ ਲੰਮੇ ਸਮੇਂ ਤੱਕ ਨਹੀਂ ਰਹਿ ਸਕਦੀ ਹੈ। ਪਰ ਮਜ਼ਦੂਰ ਜਮਾਤ ਵੀ ਆਪਣੇ ਜਮਾਤੀ ਸੰਘਰਸ਼ ਦੇ ਦਮ ‘ਤੇ ਮਜ਼ਦੂਰੀ ਨੂੰ ਅਸੀਮ ਰੂਪ ਨਾਲ਼ ਨਹੀਂ ਵਧਾ ਸਕਦੀ ਹੈ। ਜੇਕਰ ਮਜ਼ਦੂਰੀ ਦੀ ਔਸਤ ਦਰ ਇਸ ਹੱਦ ਤੱਕ ਵਧਦੀ ਹੈ ਕਿ ਉਹ ਸਰਮਾਏਦਾਰ ਜਮਾਤ ਦੇ ਮੁਨਾਫ਼ੇ ਦੀ ਔਸਤ ਦਰ ਨੂੰ ਐਨਾ ਘੱਟ ਕਰ ਦੇਵੇ ਕਿ ਸਰਮਾਏ ਦੇ ਇਕੱਤ੍ਰੀਕਰਨ ਦੀ ਪ੍ਰਕਿਰਿਆ ਹੀ ਖੜੋਤ ਦਾ ਸ਼ਿਕਾਰ ਹੋ ਜਾਵੇ, ਤਾਂ ਸਰਮਾਏਦਾਰ ਜਮਾਤ ‘ਨਿਵੇਸ਼ ਹੜਤਾਲ’ ‘ਤੇ ਚਲੀ ਜਾਵੇਗੀ, ਯਾਨੀ ਆਪਣੇ ਨਿਵੇਸ਼ ਨੂੰ ਘੱਟ ਕਰ ਦੇਵੇਗੀ। ਜਦੋਂ ਉਹ ਆਪਣੇ ਨਿਵੇਸ਼ ਨੂੰ ਘੱਟ ਕਰਦੀ ਹੈ, ਤਾਂ ਰੁਜ਼ਗਾਰ ਦੀ ਦਰ ਵਿੱਚ ਕਮੀ ਆਉਂਦੀ ਹੈ, ਬੇਰੁਜ਼ਗਾਰ ਮਜ਼ਦੂਰਾਂ ਦੀ ਰਿਜ਼ਰਵ ਸੈਨਾ ਵਿੱਚ ਰੁਜ਼ਗਾਰ ਪ੍ਰਾਪਤ ਮਜ਼ਦੂਰਾਂ ਦੀ ਸਰਗਰਮ ਸੈਨਾ ਦੀ ਤੁਲਨਾ ਵਿੱਚ ਵਾਧਾ ਹੁੰਦਾ ਹੈ, ਕਿਰਤ ਸ਼ਕਤੀ ਦੀ ਪੂਰਤੀ ਉਸ ਦੀ ਮੰਗ ਦੀ ਮੁਕਾਬਲੇ ਵਧ ਜਾਂਦੀ ਹੈ ਅਤੇ ਮਜ਼ਦੂਰੀ ਦੀ ਔਸਤ ਦਰ ਵਾਪਸ ਹੇਠਾਂ ਚਲੀ ਜਾਂਦੀ ਹੈ, ਤਾਂ ਕਿ ਸਰਮਾਏ ਦੇ ਇਕੱਤ੍ਰੀਕਰਨ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ਼ ਬਹਾਲ ਹੋ ਸਕੇ। ਯਾਨੀ, ਸਰਮਾਏ ਦੇ ਇਕੱਤ੍ਰੀਕਰਨ ਦੀ ਪ੍ਰਕਿਰਿਆ ਅਤੇ ਉਸਦੀ ਲਗਾਤਾਰਤਾ ਮਜ਼ਦੂਰੀ ਦੀ ਔਸਤ ਦਰ ਦੇ ਵਧਣ ਦੀ ਉੱਪਰਲੀ ਹੱਦ ਨੂੰ ਤੈਅ ਕਰਦੀ ਹੈ। ਇਸ ਲਈ ਇੱਕ ਸਰਮਾਏਦਾਰਾ ਪ੍ਰਬੰਧ ਅਧੀਨ ਮਜ਼ਦੂਰੀ ਦੀ ਔਸਤ ਦਰ  ਇਹਨਾਂ ਦੋਵੇਂ ਹੱਦਾਂ ਦੇ ਅੰਦਰ ਗਤੀ ਕਰਦੀ ਹੈ। ਇਸ ਗਤੀ ਦਾ ਕਾਰਨ ਸਰਮਾਏਦਾਰੀ ਦੇ ਇਕੱਤ੍ਰੀਕਰਨ ਦੇ ਖ਼ਾਸ ਦੌਰ ਯਾਨੀ ਤੇਜ਼ੀ, ਮੰਦੀ ਜਾਂ ਖੜੋਤ ਦੇ ਕਾਰਨ ਕਿਰਤ ਸ਼ਕਤੀ ਦੀ ਮੰਗ ਅਤੇ ਪੂਰਤੀ ਦੇ ਬਦਲਦੇ ਸਮੀਕਰਣ ਅਤੇ ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਦਰਮਿਆਨ ਨਵੀਂ ਉਤਪਾਦਤ ਕਦਰ ਵਿੱਚ ਆਪਣਾ ਹਿੱਸਾ ਵਧਾਉਣ ਲਈ ਜਾਰੀ ਜਮਾਤੀ ਸੰਘਰਸ਼ ਹੁੰਦਾ ਹੈ। ਪਰ ਇਹਨਾਂ ਦੋਵੇਂ ਹੀ ਕਾਰਕਾਂ ਦੇ ਕਾਰਨ ਮਜ਼ਦੂਰੀ ਦੀ ਔਸਤ ਦਰ ਵਿੱਚ ਜੋ ਉਤਰਾਅ-ਚੜ੍ਹਾਅ ਆਉਂਦੇ ਹਨ, ਉਹ ਉਪਰੋਕਤ ਦੋਵੇਂ ਹੱਦਾਂ ਦੇ ਅੰਦਰ ਹੀ ਹੁੰਦੇ ਹਨ। ਕੁੱਲ ਮਿਲ਼ਾ ਕੇ, ਇਹ ਸਰਮਾਏ ਦੇ ਇਕੱਤ੍ਰੀਕਰਨ ਦੀ ਸਮੁੱਚੀ ਗਤੀ ਹੀ ਹੁੰਦੀ ਹੈ ਜੋ ਮਜ਼ਦੂਰੀ ਵਿੱਚ ਆਉਣ ਵਾਲ਼ੇ ਉਤਰਾਵਾਂ-ਚੜ੍ਹਾਵਾਂ ਲਈ ਹੱਦਬੰਦੀ ਤੈਅ ਕਰਦੀ ਹੈ ਅਤੇ ਇੱਕ ਸਰਮਾਏਦਾਰਾ ਪ੍ਰਬੰਧ ਵਿੱਚ ਇਹੀ ਹੋ ਸਕਦਾ ਹੈ। ਇਸ ਲਈ ਮਜ਼ਦੂਰੀ ਲਈ ਕੀਤਾ ਜਾਣ ਵਾਲ਼ਾ ਸੰਘਰਸ਼ ਯਕੀਨਨ ਹੀ ਮਜ਼ਦੂਰ ਜਮਾਤ ਲਈ ਜ਼ਰੂਰੀ ਹੈ ਪਰ ਇਹ ਆਪਣੇ ਆਪ ਵਿੱਚ ਮਜ਼ਦੂਰ ਜਮਾਤ ਦੇ ਸੰਘਰਸ਼ ਦੀ ਆਖ਼ਰੀ ਹੱਦ ਨਹੀਂ ਹੈ। ਮਜ਼ਦੂਰ ਜਮਾਤ ਦਾ ਸਿਆਸੀ ਉਦੇਸ਼ ਮਜ਼ਦੂਰੀ ਨੂੰ ਵਧਾਉਣਾ ਜਾਂ ਸਾਰਿਆਂ ਦੀ ਮਜ਼ਦੂਰੀ ਨੂੰ ਬਰਾਬਰ ਕਰ ਦੇਣਾ ਨਹੀਂ ਹੈ, ਸਗੋਂ ਮਜ਼ਦੂਰੀ ਦੇ ਇਸ ਪ੍ਰਬੰਧ ਨੂੰ ਹੀ ਜੜ ਜੜ੍ਹ ਤੋਂ ਖ਼ਤਮ ਕਰ ਦੇਣਾ ਹੈ। ਮਜ਼ਦੂਰੀ ਵਧਾਉਣ ਲਈ ਲਗਾਤਾਰ ਜਾਰੀ ਸੰਘਰਸ਼ ਨੂੰ ਵੀ ਇਸ ਸਿਆਸੀ ਸੰਘਰਸ਼ ਦਾ ਇੱਕ ਅੰਗ ਬਣਾਉਣਾ ਸਾਡੇ ਲਈ ਜ਼ਰੂਰੀ ਹੈ, ਨਹੀਂ ਤਾਂ ਉਹ ਇੱਕ ਅਰਥਵਾਦੀ ਸੰਘਰਸ਼ ਹੋਵੇਗਾ, ਜਿਹੜਾ ਸਾਨੂੰ ਸਾਡੇ ਸਿਆਸੀ ਉਦੇਸ਼ ਨਾਲ਼ੋਂ ਤੋੜ ਦੇਵੇਗਾ, ਸਿਆਸੀ ਰੂਪ ਤੋਂ ਸੋਚਣ ਅਤੇ ਸਿਆਸੀ ਸਵਾਲ ਚੁੱਕਣ ਯਾਨੀ ਰਾਜ ਸੱਤਾ ਦਾ ਸਵਾਲ ਚੁੱਕਣ ਦੀ ਸਮਰੱਥਾ ਤੋਂ ਵਾਂਝਾ ਕਰ ਦੇਵੇਗਾ। ਇਹੋ ਸਰਮਾਏਦਾਰ ਜਮਾਤ ਚਾਹੁੰਦੀ ਹੈ। ਜਿਹੜੀਆਂ ਟ੍ਰੇਡ ਯੂਨੀਅਨਾਂ ਮਜ਼ਦੂਰ ਜਮਾਤ ਦੀਆਂ ਆਰਥਕ ਮੰਗਾਂ ਲਈ ਕੀਤੇ ਜਾਂਦੇ ਸੰਘਰਸ਼ ਨੂੰ ਅਰਥਵਾਦੀ ਸਰੂਪ ਦੇ ਕੇ ਮਜ਼ਦੂਰ ਜਮਾਤ ਦਾ ਗ਼ੈਰ-ਸਿਆਸੀਕਰਨ ਕਰਦੀਆਂ ਹਨ, ਉਹ ਸਰਮਾਏਦਾਰਾ ਟ੍ਰੇਡ ਯੂਨੀਅਨਾਂ ਹਨ, ਜੋ ਮਜ਼ਦੂਰ ਜਮਾਤ ਦੀ ਸਮੁੱਚੀ ਗਤੀਵਿਧੀ ਨੂੰ ਸਰਮਾਏਦਾਰਾ ਦਾਇਰਿਆਂ ਅੰਦਰ ਕੈਦ ਰੱਖਣਾ ਚਾਹੁੰਦੀਆਂ ਹਨ। ਭਾਰਤ ਵਿੱਚ ਸਾਰੀਆਂ ਸੰਸਦੀ ਖੱਬੇ-ਪੱਖੀਆਂ ਚੋਣ ਪਾਰਟੀਆਂ ਜਿਵੇਂ ਮਾਕਪਾ, ਭਾਕਪਾ, ਭਾਕਪਾ ਮਾਲੇ ਲਿਬਰੇਸ਼ਨ ਆਦਿ, ਦੂਜੀਆਂ ਸਰਮਾਏਦਾਰਾ ਪਾਰਟੀਆਂ ਦੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਜਿਵੇਂ ਕਿ ਸੀਟੂ, ਏਟਕ, ਇੰਟਕ ਅਤੇ ਏਕਟੂ ਇਹੀ ਕੰਮ ਕਰਦੀਆਂ ਹਨ।

ਸਾਨੂੰ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਸਮੁੱਚੇ ਪ੍ਰਬੰਧ ਨੂੰ ਸਮਝਣਾ ਚਾਹੀਦਾ ਹੈ। ਇਸ ਮਜ਼ਦੂਰੀ–ਪ੍ਰਬੰਧ ਦੇ ਮੂਲ ਵਿੱਚ ਪੈਦਾਵਾਰ ਦੇ ਸਾਧਨਾਂ ਅਤੇ ਉਪਭੋਗ ਦੇ ਸਾਧਨਾਂ ਤੋਂ ਪ੍ਰਤੱਖ ਉਤਪਾਦਕ ਜਮਾਤ ਦਾ ਵਾਂਝਾ ਹੋਣਾ ਅਤੇ ਇਹਨਾਂ ‘ਤੇ ਸਰਮਾਏਦਾਰ ਜਮਾਤ ਦਾ ਏਕਾਧਿਕਾਰ ਹੋਣਾ ਹੈ। ਪੈਦਾਵਾਰ ਦੇ ਸਾਧਨਾਂ ਤੋਂ ਇਸ ਅਲਗਾਓ ਦੇ ਕਾਰਨ ਹੀ ਮਜ਼ਦੂਰ ਜਮਾਤ ਆਪਣੀ ਕਿਰਤ ਸ਼ਕਤੀ ਸਰਮਾਏਦਾਰਾਂ ਨੂੰ ਵੇਚਣ ਲਈ ਮਜਬੂਰ ਹੁੰਦੀ ਹੈ। ਜਦੋਂ ਤੱਕ ਇਹ ਪੈਦਾਵਾਰੀ ਸੰਬੰਧ ਬਣੇ ਰਹਿਣਗੇ, ਉਦੋਂ ਤੱਕ ਮਜ਼ਦੂਰੀ ਦਾ ਪ੍ਰਬੰਧ ਯਾਨੀ ਮਜ਼ਦੂਰੀ–ਸੰਬੰਧ ਅਤੇ ਸਰਮਾਇਆ–ਸੰਬੰਧ ਬਣੇ ਰਹਿਣਗੇ। ਮਜ਼ਦੂਰ ਜਮਾਤ ਦਾ ਸਿਆਸੀ ਉਦੇਸ਼ ਇਸ ਪ੍ਰਬੰਧ ਨੂੰ ਖ਼ਤਮ ਕਰਕੇ ਪ੍ਰੋਲੇਤਾਰੀ ਜਮਾਤ ਦੇ ਸ਼ਾਸਨ ਅਤੇ ਸਮਾਜਵਾਦੀ ਪ੍ਰਬੰਧ ਨੂੰ ਸਥਾਪਤ ਕਰਨਾ ਹੈ। ਜਿਸ ਵਿੱਚ ਸਾਰੇ ਕਾਰਖ਼ਾਨੇ–ਫ਼ੈਕਟਰੀਆਂ, ਖਾਣਾਂ, ਖੇਤ ਸਰਮਾਏਦਾਰ ਜਮਾਤ ਤੋਂ ਖੋਹ ਕੇ ਜਨਤਕ ਜਾਇਦਾਦ ਵਿੱਚ ਤਬਦੀਲ ਕਰ ਦਿੱਤੇ ਜਾਣਗੇ ਅਤੇ ਮਜ਼ਦੂਰ ਜਮਾਤ ਆਪਣੀ ਪਾਰਟੀ ਦੀ ਅਗਵਾਈ ਵਿੱਚ ਆਪਣੀ ਰਾਜਸੱਤਾ ਦੇ ਰਾਹੀਂ ਸਾਰੀਆਂ ਜ਼ਰੂਰੀ ਵਸਤਾਂ ਦੀ ਯੋਜਨਾਬੱਧ ਢੰਗ ਨਾਲ਼ ਲੋੜੀਂਦੀ ਮਾਤਰਾ ਵਿੱਚ ਪੈਦਾਵਾਰ ਅਤੇ ਵੰਡ ਕਰੇਗੀ। ਅਜਿਹਾ ਸਮਾਜ ਮੁੱਠੀ–ਭਰ ਸਰਮਾਏਦਾਰਾਂ ਦੇ ਮੁਨਾਫ਼ੇ ਨੂੰ ਕੇਂਦਰ ਵਿੱਚ ਰੱਖ ਕੇ ਸਮਾਜਕ ਪੈਦਾਵਾਰ ਨਹੀਂ ਕਰੇਗਾ, ਸਗੋ ਸਮਾਜ ਦੀਆਂ ਲੋੜਾਂ ਅਨੁਸਾਰ ਪੈਦਾਵਾਰ ਅਤੇ ਵੰਡ ਕਰੇਗਾ‌। ਸਿਰਫ਼ ਤਾਂ ਹੀ ਅਸੀਂ ਮਜ਼ਦੂਰ ਮੁਕਤ ਹੋ ਸਕਦੇ ਹਾਂ ਅਤੇ ਸਮੁੱਚੀ ਮਨੁੱਖਤਾ ਨੂੰ ਸਰਮਾਏਦਾਰੀ ਰੂਪੀ ਇਸ ਬੁੱਢੀ ਮੁਰਗ਼ੀ ਤੋਂ ਅਜ਼ਾਦ ਕਰਵਾ ਸਕਦੇ ਹਾਂ, ਜਿਹੜੀ ਦੁਨੀਆਂ ਨੂੰ ਯੁੱਧ, ਗ਼ਰੀਬੀ, ਬੇਰੁਜ਼ਗਾਰੀ, ਵਾਤਾਵਰਨੀ ਤਬਾਹੀ, ਭੁੱਖਮਰੀ, ਮਾੜੀ ਅਤੇ ਗ਼ੈਰ–ਵਿਗਿਆਨਕ ਸਿੱਖਿਆ ਦੇ ਸੜੇ ਹੋਏ ਆਂਡਿਆਂ ਤੋਂ ਇਲਾਵਾ ਕੁਝ ਨਹੀਂ ਦੇ ਸਕਦੀ। ਇਸ ਪ੍ਰਬੰਧ ਦੀ ਅਸਲੀ ਥਾਂ ਇਤਿਹਾਸ ਦੇ ਕੂੜੇਦਾਨ ਵਿੱਚ ਹੈ ਅਤੇ ਇਸ ਨੂੰ ਇਸ ਕੂੜੇਦਾਨ ਦੇ ਹਵਾਲੇ ਕਰਨ ਦਾ ਕੰਮ ਸਿਰਫ਼ ਪ੍ਰੋਲੇਤਾਰੀ ਜਮਾਤ ਦੀ ਅਗਵਾਈ ਵਿੱਚ ਵਿਆਪਕ ਮਿਹਨਤਕਸ਼ ਅਬਾਦੀ ਕਰ ਸਕਦੀ ਹੈ।



ਮਜ਼ਦੂਰ ਬਿਗਲ ਜਨਵਰੀ 2025

ਨਵਾਂ ਅੰਕ

ਮਜ਼ਦੂਰ ਬਿਗਲ - ਫ਼ਰਵਰੀ-ਮਾਰਚ-ਅਪ੍ਰੈਲ 2025

  • ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ : ਸੈਲਾਨੀਆਂ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਵਿੱਚ ਹੋਈ ਕੁਤਾਹੀ ਲਈ ਕੌਣ ਹੈ ਜ਼ਿੰਮੇਵਾਰ !?
  • ਵਕਫ਼ (ਸੋਧ) ਬਿਲ-2025 : ਧਾਰਮਿਕ ਜਾਇਦਾਦ ਦੇ ਸਹੀ ਪ੍ਰਬੰਧਨ ਦੇ ਨਾਂ ‘ਤੇ ਭਾਜਪਾ ਅਤੇ ਸੰਘ ਪਰਿਵਾਰ ਦਾ ਮੁਸਲਿਮ ਘੱਟਗਿਣਤੀਆਂ ਉੱਤੇ ਇੱਕ ਹੋਰ ਫ਼ਾਸੀਵਾਦੀ ਹਮਲਾ
  • ਇਨਕਲਾਬੀ ਮਜ਼ਦੂਰ ਸਿੱਖਿਆ ਲੜੀ – 2 ਕੁਝ ਬੁਨਿਆਦੀ ਗੱਲਾਂ ਜਿਨ੍ਹਾਂ ਨੂੰ ਸਮਝਣਾ ਜ਼ਰੂਰੀ ਹੈ – 1
  • ਅਸੀਂ ਦੇਸ਼ ਦੇ ਕਿਰਤੀ ਲੋਕ ਜੰਗ ਨਹੀਂ ਚਾਹੁੰਦੇ, ਅਸੀਂ ਸਿੱਖਿਆ-ਰੁਜ਼ਗਾਰ-ਸਿਹਤ ਸਹੂਲਤਾਂ ਅਤੇ ਚੰਗੀ ਜ਼ਿੰਦਗੀ ਚਾਹੁੰਦੇ ਹਾਂ !
  • ਛਾਵਾ : ਫ਼ਾਸੀਵਾਦੀ ਪ੍ਰਚਾਰ ਦੇ ਕੂੜੇਦਾਨ ਵਿੱਚੋਂ ਨਿੱਕਲੀ ਇੱਕ ਹੋਰ ਪ੍ਰਾਪੇਗੰਡਾ ਫ਼ਿਲਮ
  • ਫ਼ਲਸਤੀਨ ਦੇ ਮੁੱਦੇ ‘ਤੇ ਸਾਡਾ ਭਾਰਤ ਦੇ ਲੋਕਾਂ ਦਾ ਰੁਖ਼ ਕੀ ਹੋਣਾ ਚਾਹੀਦਾ ਹੈ?
  • ਵਾਤਾਵਰਨੀ ਤਬਾਹੀ ਦੇ ਚਲਦਿਆਂ ਸੁੰਗੜਦਾ ਜਾਂਦਾ ਬਸੰਤ
  • ਪਾਠਕ ਮੰਚ
  • ਸੱਤਵਾਂ ਕੌਮਾਂਤਰੀ ‘ਅਰਵਿੰਦ ਯਾਦਗਾਰੀ ਸੈਮੀਨਾਰ’ ਹੈਦਰਾਬਾਦ ਵਿੱਚ ਪੂਰਾ ਹੋਇਆ! ਫ਼ਾਸੀਵਾਦ ਦੀ ਸਹੀ ਸਮਝ ਲੈ ਕੇ ਇਸ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਲਿਆ ਗਿਆ ਅਹਿਦ!
  • ਇਤਿਹਾਸ ਦੇ ਗਲਿਆਰਿਆਂ ‘ਚੋਂ ਆਉਂਦੀ ਅਵਾਜ਼ ਨੂੰ ਸੁਣੋ ! ਸ਼ਹੀਦ-ਏ-ਆਜ਼ਮ ਭਗਤ ਸਿੰਘ ਅੱਜ ਦੇਸ਼ ਦੇ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਮਿਹਨਤਕਸ਼ਾਂ ਨੂੰ ਕੀ ਸੁਨੇਹਾ ਦੇ ਰਹੇ ਹਨ ?

ਲੇਖਮਾਲਾ

  • ਇਨਕਲਾਬੀ ਮਜ਼ਦੂਰ ਸਿੱਖਿਆ ਲੜੀ

ਮਜ਼ਦੂਰ ਬਿਗਲ ਨੂੰ ਹੋਰ ਭਾਸ਼ਾਵਾਂ ਵਿੱਚ ਪੜ੍ਹਨ ਲਈ

Mazdoor Bigul