ਕਲਾ ਨਾਲ਼ ਵਿਚਾਰਧਾਰਾ ਅਤੇ ਸਿਆਸਤ ਦੇ ਅੰਤਰ-ਸੰਬੰਧ ਅਤੇ ‘ਪ੍ਰਤੀਬੱਧ’ ਦੇ ਸੰਪਾਦਕ ਦਾ ਉਜੱਡ ਪਦਾਰਥਵਾਦ
- ਕਾਤਿਆਇਨੀ
ਪੰਜਾਬ ਵਿੱਚ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਕਾਵਿ-ਰਚਨਾ ਦੇ ਚਰਿੱਤਰ ਨਿਰਧਾਰਨ ਨੂੰ ਲੈ ਕੇ ਇੱਕ ਬਹਿਸ ਚੱਲ ਰਹੀ ਹੈ। ਇਸ ਬਹਿਸ ਵਿੱਚ ‘ਪ੍ਰਤੀਬੱਧ’ ਮੈਗਜ਼ੀਨ ਨੇ ਆਪਣਾ ਪੱਖ ਰੱਖਿਆ ਅਤੇ ਸੁਰਜੀਤ ਪਾਤਰ ਦੀ ਕਵਿਤਾ ਨੂੰ ਇਨਕਲਾਬੀ ਮੰਨਣ ਤੋਂ ਇਨਕਾਰ ਕੀਤਾ, ਭਾਵੇਂ ਪਹਿਲਾਂ ਉਹਨਾਂ ਦੀ ਪੁਜੀਸ਼ਨ ਹੋਰ ਸੀ, ਜਿਸ ਨੂੰ ਲੈ ਕੇ ਉਹਨਾਂ ਆਪਣੀ “ਸਵੈ-ਆਲੋਚਨਾ” ਵੀ ਪੇਸ਼ ਕੀਤੀ ਸੀ! ਉਹਨਾਂ ਦੀ ਦਲੀਲ ਇੱਕ ਪਾਸੇ ਪਾਤਰ ਦੀ ਕਾਵਿ-ਰਚਨਾ ਦੇ ਵਿਸ਼ਲੇਸ਼ਣ ‘ਤੇ ਅਧਾਰਤ ਹੈ ਜਿਸ ਨੂੰ ‘ਸੁਰਖ਼ ਲੀਹ’ ਮੈਗਜ਼ੀਨ ਦੇ ਸਾਥੀਆਂ ਨੇ ਗ਼ਲਤ ਕਰਾਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਇਸ ਗੱਲ ‘ਤੇ ਵੀ ਅਧਾਰਤ ਹੈ ਕਿ ਸੁਰਜੀਤ ਪਾਤਰ ਨੇ ਸਰਕਾਰ ਤੋਂ ਪੁਰਸਕਾਰ ਲਏ ਅਤੇ ਉਹ ਸਰਕਾਰੀ ਅਦਾਰਿਆਂ ਵਿੱਚ ਉੱਚ-ਅਹੁਦਿਆਂ ‘ਤੇ ਬਣਿਆ ਰਿਹਾ ਆਦਿ।
ਇਸ ਦਾ ਜਵਾਬ ਦਿੰਦਿਆਂ ਹੋਇਆਂ ‘ਸੁਰਖ਼ ਲੀਹ’ ਮੈਗਜ਼ੀਨ ਨੇ ‘ਪ੍ਰਤੀਬੱਧ’ ਦੀ ਪੁਜੀਸ਼ਨ ਦੀ ਵਿਆਪਕ ਆਲੋਚਨਾ ਪੇਸ਼ ਕਰਦਿਆਂ ਹੋਇਆਂ ਕਈ ਦੂਜੀਆਂ ਚੀਜ਼ਾਂ ਦੇ ਨਾਲ਼ ਇਹ ਵੀ ਦਿਖਾਇਆ ਕਿ ‘ਪ੍ਰਤੀਬੱਧ’ ਦੇ ਸੰਪਾਦਕ ਨੂੰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਦਾ ਨਾ ਤਾਂ ‘ਟੈਕਸਟ (ਪਾਠ)’ ਸਮਝ ਵਿੱਚ ਆਇਆ ਹੈ ਅਤੇ ਨਾ ਹੀ ‘ਕੰਟੈਕਸਟ (ਸੰਦਰਭ)’। ਇਸ ਤੋਂ ਬਾਅਦ ‘ਪ੍ਰਤੀਬੱਧ’ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਵਾਅਦਾ ਕੀਤਾ ਕਿ ਉਹ ਇਸ ਆਲੋਚਨਾ ਦਾ ਵਿਸਤਾਰ ‘ਚ ਜਵਾਬ ਦੇਣਗੇ ਅਤੇ ਇਹ ਕਿ ‘ਪ੍ਰਤੀਬੱਧ’ ਦੀ ਪੁਜੀਸ਼ਨ ਨੂੰ ‘ਸੁਰਖ਼ ਲੀਹ’ ਵਾਲ਼ੇ ਸਮਝ ਨਹੀਂ ਸਕੇ ਜਾਂ ਉਹਨਾਂ ਨੇ ਇਸ ਨੂੰ ਗ਼ਲਤ ਢੰਗ ਨਾਲ਼ ਪੇਸ਼ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ‘ਪ੍ਰਤੀਬੱਧ’ ਦੇ ਸੰਪਾਦਕ ਨੇ ‘ਸੁਰਖ਼ ਲੀਹ’ ਦੇ ਲੇਖ ਦੀ ਇਸ ਗੱਲ ‘ਤੇ ਵੀ ਆਲੋਚਨਾ ਕੀਤੀ ਹੈ ਕਿ ਉਹਨਾਂ ਨੇ ਕਈ ਹਵਾਲਿਆਂ ਦੇ ਸਰੋਤ ਨਹੀਂ ਦਿੱਤੇ, ਜਦੋਂ ਕਿ ‘ਪ੍ਰਤੀਬੱਧ’ ਮੈਗਜ਼ੀਨ ਤਾਂ ਖ਼ੁਦ ਹੀ ਹਵਾਲਿਆਂ ਦਾ ਸਰੋਤ ਦੱਸਣਾ ਤਾਂ ਦੂਰ, ਸਗੋਂ ਝੂਠੇ ਹਵਾਲੇ ਪੇਸ਼ ਕਰਦਾ ਰਿਹਾ ਹੈ ਅਤੇ ਚੋਰੀ ਕਰਕੇ ਲਿਖਣ ਦੀਆਂ ਮਿਸਾਲਾਂ ਕਾਇਮ ਕਰਦਾ ਰਿਹਾ ਹੈ। ਖ਼ੈਰ ‘ਪ੍ਰਤੀਬੱਧ’ ਦੇ ਸੰਪਾਦਕ ਦੀਆਂ ਇਹਨਾਂ ਗੱਲਾਂ ਦਾ ਜਵਾਬ ਤਾਂ ‘ਸੁਰਖ਼ ਲੀਹ’ ਦੇ ਸਾਥੀ ਜੇਕਰ ਜ਼ਰੂਰੀ ਸਮਝਣਗੇ ਤਾਂ ਦੇਣਗੇ ਹੀ। ਮੈਂ ਉਸ ‘ਤੇ ਕੋਈ ਟਿੱਪਣੀ ਨਹੀਂ ਕਰਾਂਗੀ।
ਸ਼ੁਰੂ ਵਿੱਚ ਹੀ ਇਹ ਸਪਸ਼ਟ ਕਰ ਦੇਈਏ ਕਿ ਇੱਥੇ ਅਸੀਂ ਸੁਰਜੀਤ ਪਾਤਰ ਦੀ ਕਾਵਿ-ਰਚਨਾ ਦਾ ਆਲੋਚਨਾਤਮਕ ਵਿਸ਼ਲੇਸ਼ਣ ਨਹੀਂ ਕਰ ਰਹੇ ਹਾਂ, ਕਿਉਂਕਿ ਕਿਸੇ ਕਵੀ ਦੀ ਸਮੁੱਚੀ ਕਾਵਿ-ਰਚਨਾ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਨ ਲਈ ਉਸ ਦਾ ਵਿਆਪਕ ਅਧਿਐਨ ਲਾਜ਼ਮੀ ਹੁੰਦਾ ਹੈ, ਪਰ ਪਾਤਰ ਦੀਆਂ ਜ਼ਿਆਦਾਤਰ ਕਵਿਤਾਵਾਂ ਹਾਲ਼ੇ ਹਿੰਦੀ ਵਿੱਚ ਉਪਲਬਧ ਨਹੀਂ ਹਨ ਅਤੇ ਜਿਹੜੀਆਂ ਉਪਲਬਧ ਹਨ ਉਹਨਾਂ ਦਾ ਅਧਿਐਨ ਕਰਨਾ ਕੁਝ ਹੋਰਨਾਂ ਬੇਹੱਦ ਜ਼ਰੂਰੀ ਜ਼ਿੰਮੇਵਾਰੀਆਂ ਦੇ ਚਲਦਿਆਂ ਸਾਡੇ ਲਈ ਹਾਲ਼ ਦੀ ਘੜੀ ਸੰਭਵ ਨਹੀਂ ਹੋ ਸਕੇਗਾ।
ਫ਼ਿਲਹਾਲ ਅਸੀਂ ਇੱਕ ਵੱਖਰੇ ਸਵਾਲ ‘ਤੇ ਗੱਲ ਰੱਖਾਂਗੇ। ਇੱਥੇ ਮੂਲ ਸਵਾਲ ਆਲੋਚਨਾ ਦੀ ਵਿਧੀ ਦਾ ਹੈ। ਮਾਰਕਸਵਾਦੀ ਸਾਹਿਤ-ਆਲੋਚਨਾ ਦੀ ਪੱਧਤੀ ਕੀ ਹੈ, ਇਸਦੇ ਸਿਧਾਂਤ ਅਤੇ ਇਸਦੇ ਪੈਮਾਨੇ ਕੀ ਹਨ, ਇਹ ਪਹਿਲਾ ਸਵਾਲ ਹੈ ਜਿਸ ਬਾਰੇ ਮਾਰਕਸਵਾਦੀਆਂ ਨੂੰ ਸਪਸ਼ਟ ਸਮਝ ਹੋਣੀ ਚਾਹੀਦੀ ਹੈ। ਕੀ ਮਾਰਕਸਵਾਦੀ ਸਾਹਿਤ-ਆਲੋਚਨਾ ਦੇ ਅਧਾਰ ‘ਤੇ ਅਸੀਂ ਕਿਸੇ ਕਲਾਕਾਰ ਦੇ ਸਿਆਸੀ ਅਤੇ ਵਿਚਾਰਧਾਰਕ ਤੁਅੱਸਬਾਂ, ਉਸ ਦੇ ਇਨਕਲਾਬੀ ਅਮਲ ਵਿੱਚ ਹੋਣ ਜਾਂ ਨਾ ਹੋਣ ਨੂੰ ਕੋਈ ਅਧਾਰ ਬਣਾ ਸਕਦੇ ਹਾਂ? ਨਹੀਂ। ਇਹ ਮਾਰਕਸਵਾਦੀ ਪੱਧਤੀ ਨਹੀਂ ਹੈ। ਸਾਹਿਤ-ਆਲੋਚਨਾ ਦੀ ਮਾਰਕਸਵਾਦੀ ਪੱਧਤੀ ਸਭ ਤੋਂ ਪਹਿਲਾਂ ਕਿਸੇ ਕਲਾਤਮਕ ਰਚਨਾ ਨੂੰ ਉਸ ਦੇ ਇਤਿਹਾਸ ਅਤੇ ਨਾਲ਼ ਹੀ ਉਸੇ ਇਤਿਹਾਸ ਦੇ ਵਿਚਾਰਧਾਰਕ ਪਾਠ ਨਾਲ਼ ਉਸ ਦੇ ਰਿਸ਼ਤੇ ਵਿੱਚ ਰੱਖਦੀ ਹੈ ਅਤੇ ਇਸ ਗੱਲ ਦੀ ਪੜਤਾਲ ਕਰਦੀ ਹੈ ਕਿ ਉਹ ਆਪਣੇ ਯੁੱਗ ਦੀਆਂ ਸਚਾਈਆਂ ਨੂੰ ਕਿਸ ਹੱਦ ਤੱਕ ਪ੍ਰਤੀਬਿੰਬਤ ਕਰਦੀ ਹੈ। ਇਸੇ ਪ੍ਰਕਿਰਿਆ ਵਿੱਚ, ਉਹ ਸੱਚੀ ਕਲਾ ਅਤੇ ਵਿਚਾਰਧਾਰਾ ਤੇ ਸਿਆਸਤ ਦੇ ਰਿਸ਼ਤਿਆਂ ਵਿੱਚ ਸਮੋਏ ਦਵੰਦ ਨੂੰ ਦਿਖਾਉਂਦੀ ਹੈ, ਕਿਉਂਕਿ ਸੱਚੀ ਕਲਾ ਦਾ ਕਾਰਜ ਹੀ ਇਹ ਹੈ ਕਿ ਇੱਕ ਪਾਸੇ ਕਲਾਕਾਰ ਦੇ ਵਿਚਾਰਧਾਰਕ ਅਤੇ ਸਿਆਸੀ ਤੁਅੱਸਬਾਂ ਅਤੇ ਦੂਜੇ ਪਾਸੇ ਉਸ ਦੁਆਰਾ ਯਥਾਰਥ ਦੇ ਚਿਤਰਨ ਦਰਮਿਆਨ ਇੱਕ ਦਵੰਦ ਲਾਜ਼ਮੀ ਅਤੇ ਅਟੱਲ ਰੂਪ ’ਚ ਪ੍ਰਗਟ ਹੁੰਦਾ ਹੀ ਹੈ। ਅੱਗੇ ਅਸੀਂ ਦਿਖਾਵਾਂਗੇ ਕਿ ਮਾਰਕਸ, ਏਂਗਲਜ਼, ਲੈਨਿਨ ਅਤੇ ਮੈਸ਼ਰੀ ਜਿਹੇ ਮਾਰਕਸਵਾਦੀ ਆਲੋਚਕਾਂ ਦੀ ਇਸ ਸੰਬੰਧੀ ਕੀ ਸਮਝਦਾਰੀ ਹੈ। ਪ੍ਰਸੰਗ ਇਹ ਹੈ ਕਿ ਇਸ ਵਿਸ਼ੇ ਵਿੱਚ ‘ਪ੍ਰਤੀਬੱਧ’ ਦੇ ਸੰਪਾਦਕ ਨੇ ਆਪਣੀ ਕੰਗਾਲ ਸਮਝਦਾਰੀ ਦਾ ਨਮੂਨਾ ਪੇਸ਼ ਕੀਤਾ ਹੈ। ਕੁਝ ਵਿਸਥਾਰ ’ਚ ਗੱਲ ਕਰਦੇ ਹਾਂ ।
ਇਸ ਬਹਿਸ ਵਿੱਚ ਅੱਗੇ ਆਪਣੇ ਪੱਖ ਨੂੰ ਸਹੀ ਸਿੱਧ ਕਰਨ ਲਈ ‘ਪ੍ਰਤੀਬੱਧ’ ਵੱਲੋਂ ਹਾਲ ਹੀ ਵਿੱਚ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲੋਰਕਾ ਦਾ ਇੱਕ ਹਵਾਲਾ ਪੇਸ਼ ਕੀਤਾ ਗਿਆ ਹੈ। ਇਹ ਹਵਾਲਾ ‘ਪ੍ਰਤੀਬੱਧ’ ਦੇ ਸੰਪਾਦਕ ਨੇ ਕੱਟ-ਵੱਢ ਕੇ ਪੇਸ਼ ਕੀਤਾ ਹੈ, ਜਿਵੇਂ ਕਿ ਅਸੀਂ ਥੋੜ੍ਹੀ ਦੇਰ ਵਿੱਚ ਦੇਖਾਂਗੇ। ਨਾਲ਼ ਹੀ, ਜੇਕਰ ਅਸੀਂ ਉਸ ਹਵਾਲੇ ਨੂੰ ਪੂਰਾ ਦੇਖੀਏ ਤਾਂ ਕੋਈ ਵੀ ਇਨਕਲਾਬੀ ਕਮਿਊਨਿਸਟ ਉਸ ਗੱਲ ਨਾਲ਼ ਸਹਿਮਤ ਨਹੀਂ ਹੋ ਸਕਦਾ, ਜੋ ਲੋਰਕਾ ਦੁਆਰਾ ਉਸ ਹਵਾਲੇ ਵਿੱਚ ਆਖੀ ਜਾ ਰਹੀ ਹੈ। ਵੈਸੇ ਵੀ ਲੋਰਕਾ ਦੀ ਮਹਾਨਤਾ ਨੂੰ ਸਮਝਣ ਲਈ ਸਾਨੂੰ ਬੁਨਿਆਦੀ ਤੌਰ ‘ਤੇ ਲੋਰਕਾ ਦੀਆਂ ਕਲਾਤਮਕ ਰਚਨਾਵਾਂ ਦਾ ਅਧਿਐਨ ਕਰਨਾ ਚਾਹੀਦਾ ਹੈ, ਨਾ ਕਿ ਵਿਚਾਰਧਾਰਾ ਅਤੇ ਸਿਆਸੀ ਮਾਮਲਿਆਂ ਬਾਰੇ ਕੀਤੀਆਂ ਗਈਆਂ ਉਸ ਦੀਆਂ ਟਿੱਪਣੀਆਂ ਦਾ। ਉਹ ਕੋਈ ਕਮਿਊਨਿਸਟ ਇਨਕਲਾਬੀ ਨਹੀਂ ਸੀ, ਸਗੋਂ ਇੱਕ ਰੈਡੀਕਲ, ਲੋਕ-ਪੱਖੀ, ਅਗਾਂਹਵਧੂ ਅਤੇ ਤਬਦੀਲੀ ਦੇ ਪੱਖ ਵਿੱਚ ਖੜ੍ਹਿਆ ਇਨਕਲਾਬੀ ਅਤੇ ਮਹਾਨ ਕਵੀ ਸੀ। ਪਰ ਵਿਚਾਰਧਾਰਾ ਅਤੇ ਸਿਆਸਤ ਦੇ ਮਾਮਲੇ ’ਚ ਅਤੇ ਸਾਹਿਤਕ ਆਲੋਚਨਾ ਦੇ ਮਾਮਲੇ ’ਚ, ਜੋ ਕਿ ਵਿਚਾਰਧਾਰਾ ਅਤੇ ਸਿਆਸਤ ਨਾਲ਼ ਨੇੜਿਓਂ ਜੁੜਿਆ ਹੁੰਦਾ ਹੈ, ਅਸੀਂ ਮਾਰਕਸ, ਲੈਨਿਨ, ਮਾਓ ਤੋਂ ਅਤੇ ਬ੍ਰੈਖ਼ਤ, ਲੁਕਾਚ, ਬੈਂਜਾਮਿਨ, ਆਇਜ਼ੇਂਸਤਾਈਨ ਆਦਿ ਤੋਂ ਆਲੋਚਨਾਤਮਕ ਰੂਪ ਵਿੱਚ ਸਿੱਖਦੇ ਹਾਂ। ਸਿਧਾਂਤ ਅਤੇ ਸਿਆਸਤ ਲੋਰਕਾ ਦਾ ਖੇਤਰ ਨਹੀਂ ਸੀ ਅਤੇ ਉਸ ਦੀ ਕਵਿਤਾ ਦਾ ਰਚਨਾਤਮਕ ਮੁੱਲ ਉਸ ਦੀ ਵਿਚਾਰਧਾਰਾ ਜਾਂ ਸਿਆਸਤ ਤੋਂ ਯਾਂਤ੍ਰਿਕ ਢੰਗ ਨਾਲ਼ ਨਿਰਧਾਰਤ ਨਹੀਂ ਹੁੰਦਾ ਹੈ। ਇਹ ਗੱਲ ਹਰੇਕ ਸੱਚੇ ਕਲਾਕਾਰ ‘ਤੇ ਲਾਗੂ ਹੁੰਦੀ ਹੈ। ਕਲਾਕਾਰ ਦੀ ਕਲਾਤਮਕ ਰਚਨਾ ਉਸ ਦੀ ਵਿਚਾਰਧਾਰਾ ਅਤੇ ਸਿਆਸਤ ਤੋਂ ਸਾਪੇਖਕ ਰੂਪ ਵਿੱਚ ਖ਼ੁਦਮੁਖ਼ਤਿਆਰ ਹੁੰਦੀ ਹੈ।
ਖ਼ੈਰ, ਲੋਰਕਾ ਦੀ ਕੋਟੇਸ਼ਨ ਨੂੰ ਤੋੜ-ਮਰੋੜ ਕੇ ਅਤੇ ਕੱਟ-ਵੱਢ ਕੇ ਪੇਸ਼ ਕਰਨ ਸਮੇਂ ‘ਪ੍ਰਤੀਬੱਧ’ ਦੇ ਸੰਪਾਦਕ ਨੇ ਮੌਜੂਦਾ ਸਮੇਂ ਚੱਲ ਰਹੀ ਬਹਿਸ ਦਾ ਕੋਈ ਹਵਾਲਾ ਨਹੀਂ ਦਿੱਤਾ ਹੈ, ਨਾ ਹੀ ਇਸਦਾ ਕੋਈ ਜ਼ਿਕਰ ਕੀਤਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਚਲਾਕੀ ਹੈ। ਇਹ ਇਸ ਲਈ ਕੀਤੀ ਗਈ ਹੈ ਤਾਂ ਕਿ ਬਾਅਦ ਵਿੱਚ ਆਖਿਆ ਜਾ ਸਕੇ ਕਿ ਮੈਂ ਤਾਂ ਪਾਤਰ ‘ਤੇ ਜਾਰੀ ਬਹਿਸ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ, ਤਾਂ ਫਿਰ ਕੋਈ ਇਸ ਨੂੰ ਉਸ ਬਹਿਸ ਨਾਲ਼ ਕਿਵੇਂ ਜੋੜ ਸਕਦਾ ਹੈ? ਪਰ ਅਜਿਹੀਆਂ ਸਫ਼ਾਈਆਂ ਅਤੇ ਦਲੀਲਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਬੱਸ ਇਹਨਾਂ ਨੂੰ ਦੇਣ ਵਾਲ਼ਾ ਆਪਣੇ ਦਿਲ ਨੂੰ ਤਸੱਲੀ ਦੇ ਰਿਹਾ ਹੁੰਦਾ ਹੈ। ਅਸਲ ਵਿੱਚ, ਹਰੇਕ ਸਮਝਦਾਰ ਪਾਠਕ ਸਮਝਦਾ ਹੈ ਕਿ ਇਸ ਤਰ੍ਹਾਂ ਦੀ ਕਵਾਇਦ ਬਹਿਸਾਂ ਤੋਂ ਭੱਜਣ ਵਾਲ਼ੇ ਕਿਉਂ ਕਰਦੇ ਹਨ।
ਅਸਲ ਵਿੱਚ ਬਹਿਸ ਤੋਂ ਵੱਖਰੇ ਤੌਰ ‘ਤੇ ਪਾਈ ਗਈ ਇਸ ਪੋਸਟ ਨਾਲ਼ ‘ਪ੍ਰਤੀਬੱਧ’ ਦਾ ਸੰਪਾਦਕ ਇਹ ਦਿਖਾਉਣਾ ਚਾਹੁੰਦਾ ਹੈ ਕਿ ਪਾਤਰ ਦੇ ਸੰਬੰਧ ਵਿੱਚ ਉਸ ਦਾ ਫ਼ੈਸਲਾ ਸਹੀ ਹੈ ਕਿਉਂਕਿ ਲੋਰਕਾ ਨੇ ਵੀ ਇਹ ਕਿਹਾ ਹੈ ਕਿ ਕੋਈ ਵੀ ਸੱਚਾ ਕਵੀ ਲਾਜ਼ਮੀ ਤੌਰ ‘ਤੇ ਇਨਕਲਾਬੀ ਵੀ ਹੁੰਦਾ ਹੈ ਅਤੇ ਕਿਉਂਕਿ ਪਾਤਰ ਇਨਕਲਾਬੀ ਨਹੀਂ ਸੀ, ਉਹ ਸਿਰਫ਼ ਕਲਮ-ਘਸੀਟ ਸੀ, ਇਸ ਲਈ ਉਸ ਨੂੰ ਸੱਚਾ ਕਵੀ ਵੀ ਨਹੀਂ ਮੰਨਿਆ ਜਾ ਸਕਦਾ ਹੈ, ਜਾਂ ਇਹ ਕਿ ਜੇ ਇੱਕ ਕਵੀ ਨੇ ਜੇਕਰ ਸਹੀ ਅਰਥਾਂ ਵਿੱਚ ਸੱਚਾ ਕਵੀ ਬਣਨਾ ਹੈ, ਤਾਂ ਉਸ ਦਾ ਇਨਕਲਾਬੀ ਹੋਣਾ ਲਾਜ਼ਮੀ ਸ਼ਰਤ ਹੈ, ਮਹਿਜ਼ ਕਵਿਤਾਵਾਂ ਲਿਖਣ ਲਈ ਕਾਗਜ਼ ਕਾਲ਼ੇ ਕਰਨ ਨਾਲ਼ ਕੰਮ ਨਹੀਂ ਚੱਲੇਗਾ! ਬਕੌਲ ਸੰਪਾਦਕ ‘ਪ੍ਰਤੀਬੱਧ’, ਸੁਰਜੀਤ ਪਾਤਰ ਨੂੰ ਇਸ ਲਈ ਵੀ ਇਨਕਲਾਬੀ ਕਵੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਸ ਨੇ ਸਰਕਾਰੀ ਅਦਾਰਿਆਂ ਵਿੱਚ ਅਹੁਦੇ ਲਏ ਅਤੇ ਸਰਕਾਰੀ ਪੁਰਸਕਾਰ ਵੀ ਪ੍ਰਾਪਤ ਕੀਤੇ। ਪਰ ਕੀ ਸੰਪਾਦਕ ਜੀਆਂ ਨੂੰ ਪਤਾ ਹੈ ਕਿ ਲੋਰਕਾ ਵੀ ਸਰਕਾਰੀ ਸੰਸਥਾ ਵਿੱਚ ਉੱਚ-ਅਹੁਦੇ ‘ਤੇ ਰਿਹਾ ਸੀ? 1930 ਵਿੱਚ ਜਦੋਂ ਲੋਰਕਾ ਅਮਰੀਕੀ ਪ੍ਰਵਾਸ ਤੋਂ ਸਪੇਨ ਵਾਪਸ ਆਇਆ, ਤਾਂ ਉਸ ਸਮੇਂ ਦੂਜੇ ਸਪੇਨੀ ਗਣਰਾਜ ਦੀ ਸਥਾਪਨਾ ਹੋਈ ਸੀ। ਇਸ ਦੌਰਾਨ ਸਪੇਨੀ ਸਰਕਾਰ ਦੁਆਰਾ ਲੋਰਕਾ ਨੂੰ ਵਿਦਿਆਰਥੀਆਂ ਦੀ ਥੀਏਟਰ ਕੰਪਨੀ ‘ਤਿਆਤਰੋ ਯੂਨੀਵਰਸਿਤਾਰਿਓ ਲਾ ਬਰਾਕਾ’ ਦਾ ਡਾਇਰੈਕਟਰ ਲਾਇਆ ਗਿਆ ਸੀ ਜਿਸ ਦਾ ਕੰਮਕਾਜ ਸਿੱਖਿਆ ਵਿਭਾਗ ਦੇ ਅਧੀਨ ਸੀ। ਇਸ ਲਈ ‘ਪ੍ਰਤੀਬੱਧ’ ਦੇ ਸੰਪਾਦਕ ਜੀ ਦੀ ਦੁਰਵਿਆਖਿਆ ਦੇ ਮੁਤਾਬਕ ਤਾਂ ਲੋਰਕਾ ਨੂੰ ਵੀ ਇਨਕਲਾਬੀ ਕਵੀ ਨਹੀਂ ਮੰਨਿਆ ਜਾਣਾ ਚਾਹੀਦਾ। ਇਹੀ ਨਹੀਂ, ਨਿੱਜੀ ਜ਼ਿੰਦਗੀ ਵਿੱਚ, ਲੋਰਕਾ ਦੇ ਰਿਸ਼ਤੇ ਕਈ ਫ਼ਲੈਂਜਿਸਟ ਕਲਾਕਾਰਾਂ ਨਾਲ਼ ਵੀ ਸਨ, ਜੋ ਸਿਆਸੀ ਤੌਰ ‘ਤੇ ਇੱਕ ਫ਼ਾਸੀਵਾਦੀ ਦਲ ਨਾਲ਼ ਜੁੜੇ ਹੋਏ ਸਨ। ਇਸ ਪਿੱਛੇ ਖ਼ੁਦ ਲੋਰਕਾ ਦੇ ਅਸਪਸ਼ਟ ਸਿਆਸੀ ਅਤੇ ਵਿਚਾਰਧਾਰਕ ਤੁਅੱਸਬ ਸਨ, ਨਾ ਕਿ ਸੱਜੇ-ਪੱਖ ਵੱਲ ਉਸ ਦਾ ਕੋਈ ਝੁਕਾਅ।
ਐਨਾ ਸਪੱਸ਼ਟ ਹੈ ਕਿ ਜਿਸ ਮਕਸਦ ਲਈ ਸੰਪਾਦਕ ਲੋਰਕਾ ਦੀ ਦੁਰਵਰਤੋਂ ਕਰਨੀ ਚਾਹੁੰਦਾ ਹੈ, ਉਸ ਲਈ ਲੋਰਕਾ ਦੀ ਮਿਸਾਲ ਦੇਣ ਵਿੱਚ ਕਾਫ਼ੀ ਦਿੱਕਤਾਂ ਪੇਸ਼ ਆਉਣਗੀਆਂ। ਪਰ ਤੱਥਾਂ ਅਤੇ ਇਤਿਹਾਸ ਨਾਲ਼ ਸੰਪਾਦਕ ਜੀ ਦਾ ਓਨਾ ਹੀ ਵਾਹ-ਵਾਸਤਾ ਹੈ, ਜਿੰਨਾ ਚੀਨੀ ਲੋਕਾਂ ਦਾ ਹਿਬਰੂ ਭਾਸ਼ਾ ਨਾਲ਼।
ਮੈਂ ਇਸ ਗੱਲ ‘ਤੇ ਇਸ ਲਈ ਟਿੱਪਣੀ ਕਰ ਰਹੀ ਹਾਂ ਕਿਉਂਕਿ (1) ਲੋਰਕਾ ਦੀ ਪੂਰੀ ਕੁਟੇਸ਼ਨ ਨੂੰ ਸੰਪਾਦਕ ਜੀਆਂ ਨੇ ਕੱਟ-ਵੱਢ ਕੇ ਪੇਸ਼ ਕੀਤਾ ਹੈ ਅਤੇ ਜੇਕਰ ਉਹ ਪੂਰੀ ਕੁਟੇਸ਼ਨ ਪੇਸ਼ ਕਰਦੇ ਤਾਂ ਉਸ ਨਾਲ਼ ਉਹ ਖ਼ੁਦ ਵੀ ਸ਼ਾਇਦ ਹੀ ਸਹਿਮਤ ਹੋ ਪਾਉਂਦੇ; (2) ਕਲਾ ਅਤੇ ਸਿਆਸਤ ਤੇ ਵਿਚਾਰਧਾਰਾ ਦੇ ਰਿਸ਼ਤਿਆਂ ਨੂੰ ਲੈ ਕੇ ਇਹ ਸਮਝ ਹੀ ਸਿਰੇ ਦੀ ਗ਼ੈਰ-ਮਾਰਕਸਵਾਦੀ, ਯਾਂਤ੍ਰਿਕ, ਕੱਟੜ ਅਤੇ ਬਚਕਾਨੀ ਹੈ; ਅਤੇ (3) ਕਿਸੇ ਵੀ ਕਲਾਕਾਰ ਦੇ ਮੁਲਾਂਕਣ ਲਈ ਉਸ ਦੀ ਰਚਨਾ ਦੀ ਮਾਰਕਸਵਾਦੀ ਆਲੋਚਨਾ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਇਹਨਾਂ ਤੱਥਾਂ ਦੀ ਆਲੋਚਨਾ ਕਿ ਉਹ ਕਿਸੇ ਬੁਰਜੁਆ ਸਰਕਾਰ ਤੋਂ ਪੁਰਸਕਾਰ ਲੈ ਚੁੱਕਿਆ ਹੈ, ਕਿਸੇ ਬੁਰਜੁਆ ਸਰਕਾਰ ਦੇ ਕਿਸੇ ਅਦਾਰੇ ਵਿੱਚ ਕਿਸੇ ਅਹੁਦੇ ‘ਤੇ ਹੈ, ਜਾਂ ਉਹ ਖ਼ੁਦ ਇਨਕਲਾਬੀ ਅਮਲ ਵਿੱਚ ਲੱਗਿਆ ਹੈ ਜਾਂ ਨਹੀਂ। ਇਸ ਮਾਮਲੇ ਵਿੱਚ ਇੱਕੋ-ਇੱਕ ਅਪਵਾਦ ਫ਼ਾਸੀਵਾਦੀਆਂ ਅਤੇ ਫ਼ਾਸੀਵਾਦੀ ਹੁਕਮਰਾਨਾਂ ਨਾਲ਼ ਗਲਵੱਕੜੀਆਂ ਪਾਉਣਾ ਮੰਨਿਆ ਜਾ ਸਕਦਾ ਹੈ, ਜੋ ਕਿ ਅੱਜ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਦੇ ਕਈ ਸਾਹਿਤਕਾਰ ਅਤੇ ਬੁੱਧੀਜੀਵੀ ਕਰ ਰਹੇ ਹਨ ਕਿਉਂਕਿ ਫ਼ਾਸੀਵਾਦੀਆਂ ਨਾਲ਼ ਕਲਾ ਮਹਿਜ਼ ਪ੍ਰਾਪੇਗੰਡਾ ਕਲਾ ਵਿੱਚ ਤਬਦੀਲ ਹੋ ਜਾਂਦੀ ਹੈ, ਜਿਸ ਉੱਤੇ ਪੂਰੀ ਤਰ੍ਹਾਂ ਫ਼ਾਸੀਵਾਦੀ ਕੰਟਰੋਲ ਹੁੰਦਾ ਹੈ। ਉੱਥੇ ਕਲਾ ਦੀ ਸਾਪੇਖਕ ਖ਼ੁਦਮੁਖਤਿਆਰੀ ਸਿਆਸੀ ਤੌਰ ‘ਤੇ ਦਬਾਈ ਜਾਂਦੀ ਹੈ। ਅਸਲ ਵਿੱਚ, ਫ਼ਾਸੀਵਾਦ ਸਿਆਸਤ ਦਾ ਸੁੰਦਰੀਕਰਨ (ਉਸ ਨੂੰ ਲਿਸ਼ਕਾ-ਪੁਸ਼ਕਾ ਕੇ ਪੇਸ਼) ਕਰਦਾ ਹੈ, ਜਿਵੇਂ ਕਿ ਬੈਂਜਾਮਿਨ ਨੇ ਲਿਖਿਆ ਹੈ ਅਤੇ ਇਸ ਪ੍ਰਕਿਰਿਆ ਵਿੱਚ ਫ਼ਾਸੀਵਾਦੀ ਸਿਆਸਤ ਖ਼ੁਦ ‘ਇੱਕ ਪ੍ਰਾਪੇਗੰਡੇ ਦੀ ਕਲਾਤਮਕ ਰਚਨਾ’, ਇੱਕ ਸੁੰਦਰੀਕ੍ਰਿਤ ‘ਐਕਟ’ ਵਿੱਚ ਤਬਦੀਲ ਹੋ ਜਾਂਦੀ ਹੈ।
ਇੱਥੇ ‘ਪ੍ਰਤੀਬੱਧ’ ਦਾ ਸੰਪਾਦਕ ਚਲਾਕੀ ਕਰਨ ਦੇ ਚੱਕਰ ਵਿੱਚ ਮੂਰਖਤਾ ਕਰ ਬੈਠਾ ਹੈ ਅਤੇ ਸੁਰਜੀਤ ਪਾਤਰ ‘ਤੇ ਜਾਰੀ ਬਹਿਸ ਦੇ ਸੰਦਰਭ ਵਿੱਚ ਖੁੱਲ੍ਹ ਕੇ ਬੋਲਣ ਅਤੇ ‘ਸੁਰਖ਼ ਲੀਹ’ ਦੀ ਆਲੋਚਨਾ ਦਾ ਸਿੱਧੇ ਤੌਰ ‘ਤੇ ਜਵਾਬ ਦੇਣ ਦੀ ਥਾਂ ਉਸ ਨੇ ਕਲਾ ਅਤੇ ਸਿਆਸਤ ਦੇ ਰਿਸ਼ਤਿਆਂ ‘ਤੇ ਇੱਕ ਨਿਰੀਖਣ ਰੱਖਿਆ ਹੈ, ਜੋ ਕਿ ਸਿਰੇ ਤੋਂ ਨਾ ਸਿਰਫ਼ ਗ਼ਲਤ ਹੈ, ਸਗੋਂ ਨਾਸਮਝੀ ਭਰਿਆ ਵੀ ਹੈ। ਠੀਕ ਹੁੰਦਾ ਕਿ ਸੰਪਾਦਕ ਜੀ ਸੁਰਜੀਤ ਪਾਤਰ ‘ਤੇ ਜਾਰੀ ਬਹਿਸ ਦਾ ਹਵਾਲਾ ਦਿੰਦਿਆਂ ਆਪਣੀ ਗੱਲ ਆਖਦੇ, ਜਿਸ ਤੋਂ ਕਿ ਬਾਅਦ ਵਿੱਚ ਬਚ ਨਿੱਕਲਣ ਦਾ ਕੋਈ ਰਾਹ ਕੱਢਣ ਦੀਆਂ ਕੋਸ਼ਿਸ਼ਾਂ ਉਹ ਸੰਭਵ ਤੌਰ ‘ਤੇ ਕਰ ਸਕਦੇ ਸਨ। ਪਰ ਘੁਮਾ-ਫਿਰਾ ਕੇ ਗੱਲ ਕਰਨ ਦੀ ਤਰਕੀਬ ਲਾਉਣ ਦੇ ਚੱਕਰ ਵਿੱਚ ਸੰਪਾਦਕ ਜੀ ਕਲਾ, ਸਿਆਸਤ ਅਤੇ ਵਿਚਾਰਧਾਰਾ ਦੇ ਆਪਸੀ ਰਿਸ਼ਤਿਆਂ ਬਾਰੇ ਆਮ ਤੌਰ ‘ਤੇ ਇੱਕ ਬੇਹੱਦ ਨਾਸਮਝੀ ਭਰੀ ਪ੍ਰਸਤਾਵਨਾ ਦੇ ਬੈਠੇ ਹਨ ਅਤੇ ਇਸ ਚੱਕਰ ਵਿੱਚ ਆਪਣੇ ਪੈਰਾਂ ‘ਤੇ ਕੁਹਾੜਾ ਮਾਰ ਬੈਠੇ ਹਨ।
ਮੈਂ ਇਸ ਗੱਲ ਦਾ ਮੁਲਾਂਕਣ ਰੱਖਣ ਦੀ ਸਥਿਤੀ ਵਿੱਚ ਨਹੀਂ ਹਾਂ ਕਿ ਪਾਤਰ ਇੱਕ ਇਨਕਲਾਬੀ ਕਵੀ ਹੈ ਜਾਂ ਨਹੀਂ। ਐਨਾ ਜ਼ਰੂਰ ਲੱਗਦਾ ਹੈ ਕਿ ਉਸ ਨੂੰ ਪਿਛਾਖੜੀ ਕਵੀ ਤਾਂ ਯਕੀਨਨ ਹੀ ਨਹੀਂ ਮੰਨਿਆ ਜਾ ਸਕਦਾ, ਉਸ ਨੂੰ ਕੁੱਲ ਮਿਲ਼ਾ ਕੇ ਇੱਕ ਅਗਾਂਹਵਧੂ ਕਵੀ ਹੀ ਮੰਨਿਆ ਜਾਵੇਗਾ। ਇਸ ਗੱਲ ‘ਤੇ ਸ਼ਾਇਦ ਹੀ ਕੋਈ ਬਹਿਸ ਹੋਵੇ। ਸਾਡੇ ਲਈ ਇੱਥੇ ਬਹਿਸ ਦਾ ਬੁਨਿਆਦੀ ਮੁੱਦਾ ਇਹ ਹੈ ਕਿ ਕੀ ਕਿਸੇ ਸੱਚੇ ਕਲਾਕਾਰ ਦੀ ਵਿਚਾਰਧਾਰਾ ਅਤੇ ਸਿਆਸਤ ਦੇ ਅਧਾਰ ‘ਤੇ (ਚਾਹੇ ਉਹ ਉਸ ਦੀ ਕਲਾ ਵਿੱਚ ਕਿਸੇ ਵੀ ਰੂਪ ਵਿੱਚ ਪ੍ਰਗਟ ਹੁੰਦੀ ਹੋਵੇ ਜਾਂ ਨਾ ਹੁੰਦੀ ਹੋਵੇ, ਕਿਉਂਕਿ ਕਲਾਤਮਕ ਰਚਨਾ ਵਿੱਚ ਕਲਾਕਾਰ ਦੀ ਵਿਚਾਰਧਾਰਾ ਅਤੇ ਸਿਆਸਤ ਦਾ ਪ੍ਰਗਟ ਹੋਣਾ ਆਪਣੇ ਆਪ ਵਿੱਚ ਇੱਕ ਬੇਹੱਦ ਜਟਿਲ ਦਵੰਦਾਤਮਕ ਪ੍ਰਕਿਰਿਆ ਹੁੰਦੀ ਹੈ) ਉਸ ਦੀ ਸਮੁੱਚੀ ਰਚਨਾ ਦਾ ਜਾਂ ਇੱਕ ਕਲਾਕਾਰ ਦੇ ਤੌਰ ‘ਤੇ ਉਸ ਦਾ ਮੁਲਾਂਕਣ ਕੀਤਾ ਜਾ ਸਕਦਾ ਹੈ? ਲੋੜੀਂਦੇ ਅਧਿਐਨ ਅਤੇ ਸੋਧ ਤੋਂ ਬਾਅਦ ਹੀ ਸੁਰਜੀਤ ਪਾਤਰ ਦੀ ਕਾਵਿ-ਰਚਨਾ ਦੇ ਸੰਬੰਧ ਵਿੱਚ ਅਸੀਂ ਆਪਣੀ ਪੂਰੀ ਗੱਲ ਰੱਖ ਸਕਾਂਗੇ ਅਤੇ ਹਾਲੇ ਫ਼ਾਸੀਵਾਦ ਅਤੇ ਕਲਾ ਦੇ ਸਵਾਲ ‘ਤੇ ਇੱਕ ਮਹੱਤਵਪੂਰਨ ਲੇਖ ਤਿਆਰ ਕਰਨ ਦੀ ਜ਼ਿੰਮੇਵਾਰੀ ਮੈਨੂੰ ਇਹ ਕੰਮ ਫੌਰੀ ਤੌਰ ‘ਤੇ ਪੂਰਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੈ।
ਪਰ ਕਿਉਂ ਜੋ ‘ਪ੍ਰਤੀਬੱਧ’ ਦੇ ਸੰਪਾਦਕ ਦੀ ਇਹ ਟਿੱਪਣੀ, ਘੱਟੋ-ਘੱਟ ਦਿਖਾਉਣ ਲਈ, ਕਲਾਕਾਰ ਅਤੇ ਸਿਆਸਤ ਤੇ ਵਿਚਾਰਧਾਰਾ ਦੇ ਰਿਸ਼ਤਿਆਂ ਦੇ ਸੰਬੰਧ ਵਿੱਚ ਲੋਰਕਾ ਦੇ ਹਵਾਲੇ ਦੀ ਗ਼ਲਤ ਵਰਤੋਂ ਅਤੇ ਵਿਆਖਿਆ ਕਰਦਿਆਂ ਹੋਇਆਂ ਸੁਤੰਤਰ ਰੂਪ ਤੋਂ ਕੀਤੀ ਗਈ ਇੱਕ ਟਿੱਪਣੀ ਹੈ, ਇਸ ਲਈ ਇਸ ਵਿੱਚ ਸਮੋਈ ਗ਼ਲਤ ਸਮਝਦਾਰੀ ਦਾ ਖੰਡਨ ਕਰਨਾ ਮੈਂ ਜ਼ਰੂਰੀ ਸਮਝਦੀ ਹਾਂ। ਅਜਿਹਾ ਇਸ ਕਰਕੇ ਵੀ ਕਿਉਂਕਿ ਲੋਰਕਾ ਦੀ ਗੱਲ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਸ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ।

‘ਪ੍ਰਤੀਬੱਧ’ ਦੇ ਸੰਪਾਦਕ ਨੇ ਲੋਰਕਾ ਦਾ ਇਹ ਹਵਾਲਾ ਪੇਸ਼ ਕੀਤਾ ਹੈ:
“ਮੈਂ ਇਨਕਲਾਬੀ ਹਾਂ, ਕਿਉਂਕਿ ਅਜਿਹਾ ਕੋਈ ਵੀ ਸੱਚਾ ਕਵੀ ਨਹੀਂ ਹੈ, ਜੋ ਇਨਕਲਾਬੀ ਨਾ ਹੋਵੇ।”
ਇਸ ਦਾ ਕੋਈ ਸੰਦਰਭ ਦੇਣਾ ਸੰਪਾਦਕ ਨੇ ਜ਼ਰੂਰੀ ਨਹੀਂ ਸਮਝਿਆ ਹੈ, ਬੱਸ ਉਸ ਦੀ ਤਸਵੀਰ ਨੂੰ ਇੱਕ ਵੈੱਬਸਾਈਟ ਤੋਂ ਕਾਪੀ-ਪੇਸਟ ਕਰ ਦਿੱਤਾ ਹੈ। ਚੰਗਾ ਹੁੰਦਾ ਕਿ ਉਹ ਲੋਰਕਾ ਦੀ ਇਸ ਪੂਰੀ ਕੁਟੇਸ਼ਨ ਅਤੇ ਉਸ ਦੇ ਸਰੋਤ ਨੂੰ ਦੇਖ ਲੈਂਦੇ। ਲੋਰਕਾ ਦੀ ਇਹ ਕੁਟੇਸ਼ਨ ਪੁਲਿਤਜ਼ਰ ਪੁਰਸਕਾਰ ਜੇਤੂ ਐਲਿਜਾਬੈੱਥ ਕੋਲਬਰਟ ਨੇ ਆਪਣੇ ਲੇਖ ‘ਲੈਟਰ ਫਰੌਮ ਸਪੇਨ – ਲੁਕਿੰਗ ਫਾਰ ਲੋਰਕਾ’ ਵਿੱਚ ਦਿੱਤੀ ਹੈ, ਜਿੱਥੇ ਉਹ ਲੋਰਕਾ ਦੀ ਪੂਰੀ ਕੁਟੇਸ਼ਨ ਨੂੰ ਪੇਸ਼ ਕਰਦਿਆਂ ਹੋਇਆਂ ਲਿਖਦੀ ਹੈ:
“ਭਾਵੇਂ ਲੋਰਕਾ ਨੇ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਦਾਅਵਾ ਕੀਤਾ ਕਿ ਉਸ ਦਾ ਜੀਵਨ ਅਤੇ ਉਸ ਦੀ ਰਚਨਾ ਕਿਸੇ ਵੀ ਵਿਚਾਰਧਾਰਾ ਦੀ ਹੱਦਬੰਦੀ ਤੋਂ ਬਾਹਰ ਹੈ। ਉਸ ਨੇ ਮੈਡਰਿਡ ਅੰਦਰ ਯੁੱਧ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇੱਕ ਦੋਸਤ ਨੂੰ ਦੱਸਿਆ, ‘ਮੈਂ ਕਦੇ ਸਿਆਸੀ ਨਹੀਂ ਬਣਾਂਗਾ। ਮੈਂ ਇੱਕ ਇਨਕਲਾਬੀ ਹਾਂ ਕਿਉਂਕਿ ਅਜਿਹਾ ਕੋਈ ਵੀ ਸੱਚਾ ਕਵੀ ਨਹੀਂ ਹੈ ਜੋ ਇਨਕਲਾਬੀ ਨਾ ਹੋਵੇ। ਕੀ ਤੂੰ ਇਸ ਨਾਲ਼ ਸਹਿਮਤ ਨਹੀਂ ਹੈਂ? ਪਰ ਇੱਕ ਸਿਆਸੀ ਵਿਅਕਤੀ, ਉਹ ਮੈਂ ਕਦੀ ਵੀ ਨਹੀਂ ਬਣਾਂਗਾ!”
ਇੱਥੇ ਲੇਖਕਾ ਨੇ ਲੋਰਕਾ ਦੀ ਉਸ ਪੂਰੀ ਗੱਲ ਨੂੰ ਪੇਸ਼ ਕੀਤਾ ਹੈ, ਜੋ ਉਸ ਨੇ ਆਪਣੇ ਇੱਕ ਦੋਸਤ ਨੂੰ ਆਖੀ ਸੀ। ਪਾਰਟੀਗਤ ਸਿਆਸਤ ਤੋਂ ਲੋਰਕਾ ਦੀ ਦੂਰੀ ਇੱਕ ਜੱਗ-ਜਾਹਰ ਤੱਥ ਹੈ। ਉਹ ਕਦੇ ਵੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਨਹੀਂ ਹੋਇਆ। ਉਸ ਦੇ ਵਿਚਾਰਾਂ ਵਿੱਚ ਖਿੰਡਰੇ ਰੂਪ ਵਿੱਚ ਸਮਾਜਵਾਦ, ਅਰਾਜਕਤਾਵਾਦ, ਰਿਪਬਲਿਕਨਵਾਦ ਦੇ ਤੱਤ ਮਿਲ਼ਦੇ ਹਨ। ਪਰ ਉਹ ਵਿਵਸਥਿਤ ਨਹੀਂ ਹਨ ਅਤੇ ਲੋਰਕਾ ਨੇ ਇਹਨਾਂ ਨੂੰ ਆਪਣੀ ਸੰਗਠਿਤ ਵਿਚਾਰਧਾਰਕ ਅਤੇ ਸਿਆਸੀ ਪੁਜੀਸ਼ਨ ਦੇ ਰੂਪ ਵਿੱਚ ਕਦੇ ਸੂਤਰਬੱਧ ਕੀਤਾ ਹੋਵੇ, ਇਸ ਦਾ ਕੋਈ ਹਵਾਲਾ ਸਾਨੂੰ ਲੋਰਕਾ ਦੀ ਕਵਿਤਾ ਜਾਂ ਵਾਰਤਕ ਲੇਖਣ ਵਿੱਚ ਹਾਲੇ ਤੱਕ ਦੇਖਣ ਨੂੰ ਨਹੀਂ ਮਿਲ਼ਿਆ ਹੈ। ਵੱਖ-ਵੱਖ ਮੌਕਿਆਂ ‘ਤੇ ਵੱਖ-ਵੱਖ ਦੋਸਤਾਂ, ਜਾਣਕਾਰਾਂ, ਇੰਟਰਵਿਊ ਲੈਣ ਵਾਲ਼ਿਆਂ ਸਾਮ੍ਹਣੇ ਰੱਖੀ ਗਈ ਗੱਲਬਾਤ ਦੇ ਅਧਾਰ ‘ਤੇ ਇਹਨਾਂ ਖਿੰਡਰੇ-ਪੁੰਡਰੇ ਵਿਚਾਰਾਂ ਬਾਰੇ ਸਾਨੂੰ ਕੁਝ ਜਾਣਕਾਰੀ ਮਿਲ਼ਦੀ ਹੈ ਜਿਸ ਦੇ ਅਧਾਰ ‘ਤੇ ਵੱਧ ਤੋਂ ਵੱਧ ਕੁਝ ਅੰਦਾਜ਼ੇ ਅਤੇ ਅਟਕਲਾਂ ਲਾਈਆਂ ਜਾ ਸਕਦੀਆਂ ਹਨ। ਉਹਨਾਂ ਤੋਂ ਐਨਾ ਸਪਸ਼ਟ ਹੈ ਕਿ ਲੋਰਕਾ ਨੂੰ ਉਸ ਦੀ ਵਿਚਾਰਧਾਰਾ ਅਤੇ ਸਿਆਸਤ ਦੇ ਅਧਾਰ ‘ਤੇ ਮਾਰਕਸਵਾਦੀ ਆਖਣਾ ਮੁਸ਼ਕਿਲ ਹੈ। ਪਰ ਉਸ ਦੀ ਵਿਚਾਰਧਾਰਾ ਅਤੇ ਸਿਆਸਤ ਉਹ ਚੀਜ਼ਾਂ ਨਹੀਂ ਹਨ, ਜਿਨ੍ਹਾਂ ਤੋਂ ਕਿਸੇ ਕਮਿਊਨਿਸਟ ਨੂੰ ਸਿੱਖਣ ਦੀ ਲੋੜ ਹੈ, ਸਮਝਦਾਰ ਕਮਿਊਨਿਸਟ ਅਜਿਹਾ ਕਰਦੇ ਵੀ ਨਹੀਂ ਹਨ ਅਤੇ ਲੋਰਕਾ ਵੀ ਸ਼ਾਇਦ ਹੀ ਇਹ ਮੰਗ ਆਪਣੇ ਪਾਠਕਾਂ ਕੋਲ਼ੋਂ ਕਰਦਾ। ਇਤਿਹਾਸਕ ਤੌਰ ‘ਤੇ ਜਿਹੜੀ ਚੀਜ਼ ਮਜ਼ਦੂਰ ਜਮਾਤ ਦੇ ਅਮੁੱਲੇ ਖ਼ਜ਼ਾਨੇ ਦਾ ਅਨਿੱਖੜਵਾਂ ਅੰਗ ਹੈ, ਉਹ ਲੋਰਕਾ ਦਾ ਸਾਹਿਤ ਹੈ। ਨਾ ਹੀ ਇੱਕ ਕਵੀ ਦੇ ਰੂਪ ਵਿੱਚ ਲੋਰਕਾ ਦੇ ਮੁਲਾਂਕਣ ਦਾ ਇਹ ਅਧਾਰ ਬਣਾਇਆ ਜਾ ਸਕਦਾ ਹੈ ਕਿ ਉਸ ਦੀ ਚੇਤੰਨ ਵਿਚਾਰਧਾਰਾ ਅਤੇ ਸਿਆਸਤ ਕੀ ਸੀ, ਜਾਂ ਉਸ ਦੀ ਅਜਿਹੀ ਕੋਈ ਚੇਤੰਨ ਵਿਵਸਥਿਤ ਅਤੇ ਠੋਸ ਪੁਜੀਸ਼ਨ ਸੀ ਵੀ ਜਾਂ ਨਹੀਂ।
ਪਰ ਹੁਣ ਤੁਸੀਂ ਇੱਕ ਵਾਰ ਲੋਰਕਾ ਦੀ ਉਸ ਪੂਰੀ ਕੋਟੇਸ਼ਨ ‘ਤੇ ਗ਼ੌਰ ਕਰੋ ਜਿਸ ਨੂੰ ਅਸੀਂ ਉੱਪਰ ਪੇਸ਼ ਕੀਤਾ ਹੈ ਅਤੇ ਜਿਸ ਨੂੰ ‘ਪ੍ਰਤੀਬੱਧ’ ਦੇ ਸੰਪਾਦਕ ਨੇ ਤੋੜ-ਮਰੋੜ ਕੇ ਅਤੇ ਕੱਟ-ਵੱਢ ਕੇ ਪੇਸ਼ ਕੀਤਾ ਹੈ ਅਤੇ ਫਿਰ ਉਸ ਦੀ ਬੇਹੱਦ ਮੂਰਖਤਾਪੂਰਨ ਦੁਰਵਿਆਖਿਆ ਕੀਤੀ ਹੈ। (ਇਹ ਸੰਪਾਦਕ ਜੀ ਦੀ ਪੁਰਾਣੀ ਆਦਤ ਹੈ, ਜਿਵੇਂ ਕਿ ਸੋਵੀਅਤ ਸੰਵਿਧਾਨ ‘ਚੋਂ ਝੂਠੇ ਹਵਾਲੇ ਪੇਸ਼ ਕਰਨ ਅਤੇ ਫ਼ਾਸੀਵਾਦ ਦੇ ਵਿਸ਼ੇ ‘ਤੇ ਰੱਜ ਕੇ ਇੱਧਰੋਂ-ਉੱਧਰੋਂ ਚੋਰੀ ਕਰਕੇ ਲਿਖਦਿਆਂ ਹੋਇਆਂ ਫੜੇ ਜਾਣ ਤੋਂ ਸਿੱਧ ਹੋ ਚੁੱਕਿਆ ਹੈ!)।
ਕੀ ‘ਪ੍ਰਤੀਬੱਧ’ ਦੇ ਸੰਪਾਦਕ ਜੀ ਲੋਰਕਾ ਦੀ ਇਸ ਗੱਲ ਨਾਲ਼ ਸਹਿਮਤ ਹਨ? ਕੀ ਉਹ ਮੰਨਦੇ ਹਨ ਕਿ ਅਜਿਹਾ ਕੋਈ ਵਿਅਕਤੀ ਇਨਕਲਾਬੀ ਹੋ ਸਕਦਾ ਹੈ ਜੋ ਸਿਆਸੀ ਨਾ ਹੋਣ ਪ੍ਰਤੀ ਦ੍ਰਿੜ ਇਰਾਦਾ ਰੱਖਦਾ ਹੋਵੇ? ਜੇਕਰ ਸਹਿਮਤ ਹਨ, ਤਾਂ ਫਿਰ ਪਾਤਰ ਦੀ ਆਲੋਚਨਾ ਕਰਨ ਲਈ ਵੀ ਉਹ ਬੇਹੱਦ ਕਮਜ਼ੋਰ ਅਤੇ ਮਜ਼ਾਕੀਆ ਨੈਤਿਕ ਜ਼ਮੀਨ ‘ਤੇ ਖੜ੍ਹੇ ਹਨ ਅਤੇ ਇਸ ਸੰਬੰਧ ਵਿੱਚ ਉਨ੍ਹਾਂ ਦੇ ਮੂੰਹੋਂ ਇੱਕ ਵੀ ਸ਼ਬਦ ਦਾ ਉਚਾਰਨ ਜੱਗ ਹਸਾਈ ਦਾ ਕਾਰਨ ਬਣ ਸਕਦਾ ਹੈ। ਕਾਰਨ ਇਹ ਕਿ ਉਨ੍ਹਾਂ ਨੂੰ ਵੀ ਪਾਰਟੀ ਸਿਆਸਤ ਅਤੇ ਆਮ ਤੌਰ ‘ਤੇ ਸਿਆਸਤ ਤੋਂ ਦੂਰੀ ਰੱਖਣੀ ਚਾਹੀਦੀ ਹੈ ਅਤੇ ਇਸ ਮਸਲੇ ਉੱਤੇ ਲੋਰਕਾ ਦੀ ਉਸੇ ਕੋਟੇਸ਼ਨ ਨਾਲ਼ ਸਹਿਮਤੀ ਜਤਾਉਣੀ ਚਾਹੀਦੀ ਹੈ ਜਿਸ ਨੂੰ ਉਹਨਾਂ ਨੇ ਖ਼ੁਦ ਹੀ ਕੱਟ-ਵੱਢ ਕੇ ਪੇਸ਼ ਕੀਤਾ ਹੈ!
ਵੈਸੇ ਵੀ ਲੋਰਕਾ ਆਪਣੀ ਉਕਤ ਕੋਟੇਸ਼ਨ ਵਿੱਚ ਕਵੀ ਦੇ ਇਨਕਲਾਬੀ ਹੋਣ ਨੂੰ ਸਿੱਧੇ ਤੌਰ ‘ਤੇ ਇਨਕਲਾਬੀ ਅਮਲ ਵਿੱਚ ਲੱਗੇ ਹੋਣ, ਕਿਸੇ ਇਨਕਲਾਬੀ ਸੰਗਠਨ ਨਾਲ਼ ਜੁੜੇ ਹੋਣ ਦੀ ਲਾਜ਼ਮੀ ਸ਼ਰਤ ਦੇ ਤੌਰ ‘ਤੇ ਪੇਸ਼ ਨਹੀਂ ਕਰ ਰਿਹਾ ਹੈ। ਗੱਲਬਾਤ ਦੇ ਪੂਰੇ ਸੰਦਰਭ ਨੂੰ ਦੇਖਦਿਆਂ ਹੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਮ ਅਰਥਾਂ ਵਿੱਚ ‘ਇਨਕਲਾਬੀ’ ਸ਼ਬਦ ਦੀ ਵਰਤੋਂ ਕਰ ਰਿਹਾ ਹੈ, ਯਾਨੀ ਕਿ ਆਮ ਤੌਰ ‘ਤੇ ਤਰੱਕੀਪਸੰਦ, ਤਬਦੀਲੀਪਸੰਦ ਅਤੇ ਇਨਸਾਫ਼ਪਸੰਦ ਹੋਣ ਦੇ ਅਰਥਾਂ ਵਿੱਚ। ਉਹ ਕਹਿ ਰਿਹਾ ਹੈ ਕਿ ਜੋ ਕਵੀ ਮੌਜੂਦਾ ਹਾਲਾਤ ਦੇ ਪੱਖ ਵਿੱਚ ਖੜ੍ਹਾ ਹੈ, ਉਹਨਾਂ ਦੇ ਪੱਖ ਵਿੱਚ ਨਹੀਂ ਖੜ੍ਹਾ ਜਿਨ੍ਹਾਂ ਨੂੰ ਦਬਾਇਆ ਅਤੇ ਜਿਨ੍ਹਾਂ ‘ਤੇ ਜਬਰ ਕੀਤਾ ਜਾ ਰਿਹਾ ਹੈ, ਸਗੋਂ ਉਹਨਾਂ ਦੇ ਪੱਖ ਵਿੱਚ ਖੜ੍ਹਾ ਹੈ ਜੋ ਜਬਰ ਕਰ ਰਹੇ ਹਨ, ਉਹ ਕਦੇ ਸੱਚਾ ਕਲਾਕਾਰ ਜਾਂ ਕਵੀ ਨਹੀਂ ਹੋ ਸਕਦਾ। ਮੌਜੂਦਾ ਹਾਲਾਤ ਪ੍ਰਤੀ ਆਲੋਚਨਾਤਮਕ ਨਜ਼ਰੀਆ ਰੱਖਣਾ, ਲੁੱਟ-ਚੋਂਘ ਦੇ ਸ਼ਿਕਾਰ ਲੋਕਾਂ ਦਾ ਪੱਖ ਲੈਣਾ ਅਤੇ ਨਿਆਂ ਦੀ ਧਿਰ ਮੱਲ੍ਹਣੀ ਇੱਕ ਸੱਚੇ ਕਲਾਕਾਰ ਜਾਂ ਕਵੀ ਦੀ ਪਛਾਣ ਹੁੰਦੀ ਹੈ। ਜੋ ਵੀ ਲੋਰਕਾ ਦੇ ਪੂਰੇ ਕਥਨ ਨੂੰ ਪੜ੍ਹੇਗਾ, ਜੋ ਉਸ ਨੇ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਮੈਡਰਿਡ ਵਿੱਚ ਆਪਣੇ ਇੱਕ ਦੋਸਤ ਸਾਮ੍ਹਣੇ ਪ੍ਰਗਟ ਕੀਤਾ ਸੀ, ਤਾਂ ਉਹ ਲੋਰਕਾ ਦੀ ਗੱਲ ਨੂੰ, ਉਸ ਦੇ ਸਕਾਰਾਤਮਕ (ਸੱਚੇ ਕਲਾਕਾਰ ਦੀ ਲੋਕਾਂ ਪ੍ਰਤੀ ਜ਼ਿੰਮੇਵਾਰੀ) ਅਤੇ ਨਕਾਰਾਤਮਕ (ਸਰਗਰਮ ਪਾਰਟੀ ਸਿਆਸਤ ਅਤੇ ਆਮ ਤੌਰ ‘ਤੇ ਸਿਆਸਤ ਤੋਂ ਦੂਰੀ) ਦੋਵਾਂ ਹੀ ਪਹਿਲੂਆਂ ਤੋਂ ਸਮਝ ਸਕਦਾ ਹੈ। ‘ਸਿਆਸੀ ਨਾ ਹੋਣ’ ਦੇ ਪ੍ਰਤੀ ਉਸ ਦਾ ਮਜ਼ਬੂਤ ਇਰਾਦਾ ਵੀ ਉਸ ਦਾ ਵਿਚਾਰਵਾਦੀ ਪੈਂਤੜਾ ਹੈ, ਕਿਉਂਕਿ ਅਸੀਂ ਆਈਜ਼ੇਂਸਤਾਈਨ ਅਤੇ ਬ੍ਰੈਖ਼ਤ ਦੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਹਰੇਕ ਕਲਾ ਅਤੇ ਕਲਾਕਾਰ ਸਿਆਸੀ ਹੁੰਦਾ ਹੈ, ਚਾਹੇ ਉਹ ਇਸ ਪ੍ਰਤੀ ਸੁਚੇਤ ਹੋਵੇ ਜਾਂ ਨਾ ਹੋਵੇ। ਪਰ ‘ਪ੍ਰਤੀਬੱਧ’ ਦੇ ਸੰਪਾਦਕ ਨੂੰ ਆਮ ਤੌਰ ‘ਤੇ ਮਾਰਕਸਵਾਦੀ ਵਿਸ਼ਲੇਸ਼ਣ ਰਾਹੀਂ ਚੀਜ਼ਾਂ ਦੇ ਬਾਹਰੀ ਰੂਪ ਨੂੰ ਵਿੰਨ੍ਹ ਕੇ ਸਾਰਤੱਤ ਤੱਕ ਪਹੁੰਚਣ ਅਤੇ ਬਰੀਕ ਮਸਲਿਆਂ ਨੂੰ ਸਮਝਣ ਤੋਂ ਜਿਵੇਂ ਐਲਰਜੀ ਜਿਹੀ ਹੈ।
ਜਿਵੇਂ ਕਿ ਫ਼ਾਸੀਵਾਦ ਉੱਤੇ ਆਪਣੀਆਂ ਲਿਖਤਾਂ ਵਿੱਚ ‘ਪ੍ਰਤੀਬੱਧ’ ਦੇ ਸੰਪਾਦਕ ਜੀ ਸਿੱਧ ਕਰ ਚੁੱਕੇ ਹਨ, ਉਹ ਅਕਸਰ ਇੱਧਰੋਂ-ਉੱਧਰੋਂ ਬਿਨਾਂ ਸੋਚੇ-ਸਮਝੇ ਆਪਣੇ ਪੱਖ ਵਿੱਚ ਹਵਾਲੇ ਇਕੱਠੇ ਕਰਦੇ ਪਾਏ ਜਾਂਦੇ ਹਨ, ਜਿਸ ਤਹਿਤ ਉਹ ਕਿਤਾਬਾਂ ਦੇ ‘ਮੁੱਖ-ਬੰਦ’ ਜਾਂ ‘ਭੂਮਿਕਾ’ ਨੂੰ ਉਲ਼ਟ-ਪਲ਼ਟ ਕੇ ਕੰਮ ਚਲਾ ਲੈਂਦੇ ਹਨ, ਜਾਂ ਉੱਥੋਂ ਲਿਖਤ ਚੋਰੀ ਕਰ ਲੈਂਦੇ ਹਨ ਜਾਂ ਫਿਰ ਕਿਤਾਬਾਂ ਦੀ ਇੰਡੈਕਸ ਨੂੰ ਦੇਖ ਕੇ ਵਿਚਾਰਕ ‘ਕੰਦ-ਮੂਲ’ ਇਕੱਠਾ ਕਰਦੇ ਹਨ। ਇਸੇ ਚੱਕਰ ਵਿੱਚ ਕਈ ਵਾਰ ਉਹ ਜ਼ਹਿਰੀਲੇ ਕੰਦ-ਮੂਲ ਨੂੰ ਵੀ ਉਪਯੋਗੀ ਖਾਦ ਸਮੱਗਰੀ ਸਮਝ ਬੈਠਦੇ ਹਨ! ਅਸੀਂ ਕਹਿ ਸਕਦੇ ਹਾਂ ਕਿ ਵਿਚਾਰਾਂ ਦੇ ਮਾਮਲੇ ਵਿੱਚ ਸੰਪਾਦਕ ਜੀ ਹਾਲੇ ‘ਖੇਤੀ ਦੇ ਪੜਾਅ’ ‘ਤੇ ਵੀ ਨਹੀਂ ਪਹੁੰਚ ਸਕੇ ਹਨ, ਜਿੱਥੇ ਮਨੁੱਖ ਪਹਿਲਾਂ ਤੋਂ ਉਪਲਬਧ ਸਰੋਤਾਂ ਦੀ ਸਿਰਫ਼ ਵਰਤੋਂ ਨਹੀਂ ਕਰਦਾ, ਸਗੋਂ ਕੁਝ ਨਵਾਂ ਪੈਦਾ ਕਰਦਾ ਹੈ; ਉਹ ਹਾਲੇ ਕੰਦ-ਮੂਲ ਇਕੱਠਾ ਕਰਨ ਦੀ ਮੰਜ਼ਲ ‘ਤੇ ਹਨ ਅਤੇ ਸਗੋਂ ਉਸ ਤੋਂ ਵੀ ਪਹਿਲਾਂ ਦੇ ਪੜਾਅ ਉੱਤੇ ਹਨ, ਕਿਉਂਕਿ ਉਹ ਉਸ ਨੂੰ ਵੀ ਠੀਕ ਢੰਗ ਨਾਲ਼ ਸਮਝ ਸਕਣ ਤੋਂ ਅਸਮਰਥ ਹਨ। ਦੂਜੇ ਸ਼ਬਦਾਂ ਵਿੱਚ, ਉਹ ਵਿਚਾਰਕ ਤੌਰ ‘ਤੇ ਹਾਲੇ ਨਵਪੱਥਰ ਯੁੱਗ ਤੱਕ ਵੀ ਨਹੀਂ ਪਹੁੰਚ ਸਕੇ ਹਨ, ਸਗੋਂ ਮੁੱਢਲੇ ਪੱਥਰ ਯੁੱਗ ਦੇ ਸ਼ੁਰੂਆਤੀ ਪੜਾਅ ‘ਤੇ ਹਨ। ਅਸੀਂ ਉਹਨਾਂ ਨੂੰ ਇਨਕਲਾਬੀ ਅੰਦੋਲਨ ਅੰਦਰ ਮੁੱਢਲੇ ਪੱਥਰ ਯੁੱਗ ਦਾ ਗੁਫ਼ਾ-ਮਾਨਵ ਆਖ ਸਕਦੇ ਹਾਂ।
ਮੂਲ ਮੁੱਦੇ ‘ਤੇ ਵਾਪਸ ਆਉਂਦੇ ਹਾਂ। ਕਹਿਣ ਦੀ ਲੋੜ ਨਹੀਂ ਹੈ ਕਿ ਆਪਣੇ ਅਨੇਕਾਂ ਵਿਚਾਰਧਾਰਕ ਅਤੇ ਸਿਆਸੀ ਤੁਅੱਸਬਾਂ ਦੇ ਬਾਵਜੂਦ, ਲੋਰਕਾ ਇੱਕ ਇਨਕਲਾਬੀ ਅਤੇ ਮਹਾਨ ਕਵੀ ਤੇ ਕਲਾਕਾਰ ਸੀ। ਇਹਨਾਂ ਦੋਹਾਂ ਗੱਲਾਂ ਵਿੱਚ ਕੀ ਕੋਈ ਅੰਤਰ-ਵਿਰੋਧ ਹੈ? ਬਿਲਕੁਲ ਨਹੀਂ। ਲੋਰਕਾ ਦੀਆਂ ਕਲਾਤਮਕ ਰਚਨਾਵਾਂ ਡੂੰਘੇ ਮਨੁੱਖੀ ਸਰੋਕਾਰਾਂ, ਇਨਸਾਫ਼ਪਸੰਦਗੀ, ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਪ੍ਰਤੀ ਡੂੰਘੇ ਫ਼ਿਕਰਾਂ ਅਤੇ ਤਬਦੀਲੀ ਤੇ ਤਰੱਕੀ ਪ੍ਰਤੀ ਪ੍ਰਤੀਬੱਧਤਾ ਵਿੱਚ ਗੜੁੱਚ ਹਨ। ਉਸ ਦੀਆਂ ਰਚਨਾਵਾਂ ਦੀ ਮਹਾਨਤਾ ਨੂੰ ਸਮਝਣ ਅਤੇ ਮੰਨਣ ਅਤੇ ਉਹਨਾਂ ਦੀ ਪ੍ਰਸ਼ੰਸਾ ਕਰਨ ਲਈ ਉਸ ਦੀ ਵਿਚਾਰਧਾਰਾ ਅਤੇ ਸਿਆਸਤ ਨੂੰ ਮੰਨਣਾ ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਉਚਿਤ ਹੈ। ਉਲ਼ਟਾ ਨਿਰਧਾਰਨ ਦੇ ਇਹਨਾਂ ਦੋਵੇਂ ਵੱਖੋ-ਵੱਖਰੇ ਪੱਧਰਾਂ ਨੂੰ ਰਲ਼ਗੱਡ ਕਰਨ ਨਾਲ਼ ਕਿਸੇ ਵੀ ਕਲਾਕਾਰ ਦੇ ਵਿਚਾਰਧਾਰਕ ਅਤੇ ਸਿਆਸੀ ਤੁਅੱਸਬਾਂ ਦੀ ਵੀ ਠੋਸ ਆਲੋਚਨਾ ਪੇਸ਼ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਉਸ ਦੀ ਸਮੁੱਚੀ ਰਚਨਾ ਦੀ ਇੱਕ ਠੋਸ ਮਾਰਕਸਵਾਦੀ ਸਾਹਿਤਕ ਆਲੋਚਨਾ ਪੇਸ਼ ਕੀਤੀ ਜਾ ਸਕਦੀ ਹੈ। ਜੋ ਕੋਈ ਇਸ ਬੁਨਿਆਦੀ ਮਾਰਕਸਵਾਦੀ ਗੱਲ ਨੂੰ ਨਹੀਂ ਸਮਝਦਾ, ਉਹ ਕਲਾ ਅਤੇ ਸਿਆਸਤ ਤੇ ਵਿਚਾਰਧਾਰਾ ਵਿਚਲੇ ਰਿਸ਼ਤਿਆਂ ਦੀ ਮਾਰਕਸਵਾਦੀ ਸਮਝਦਾਰੀ ਤੋਂ ਪੂਰੀ ਤਰ੍ਹਾਂ ਕੋਰਾ ਹੈ।
ਕੀ ਕੋਈ ਅਜਿਹਾ ਮਹਾਨ ਕਲਾਕਾਰ ਹੋ ਸਕਦਾ ਹੈ, ਜੋ ਇਨਕਲਾਬੀ ਨਾ ਹੋਵੇ? ਸਵਾਲ ਨੂੰ ਥੋੜ੍ਹਾ ਹੋਰ ਵਿਸਥਾਰ ਦਿੰਦੇ ਹਾਂ। ਕੀ ਕੋਈ ਅਜਿਹਾ ਮਹਾਨ ਲੋਕ-ਪੱਖੀ ਅਗਾਂਹਵਧੂ ਕਲਾਕਾਰ ਹੋ ਸਕਦਾ ਹੈ ਜੋ ਮਾਰਕਸਵਾਦੀ ਅਤੇ ਇਨਕਲਾਬੀ ਨਾ ਹੋਵੇ? ਥੋੜ੍ਹਾ ਹੋਰ ਵਿਸਥਾਰ ਦਿੰਦੇ ਹਾਂ : ਕੀ ਕੋਈ ਅਜਿਹਾ ਸੱਚਾ ਕਲਾਕਾਰ ਹੋ ਸਕਦਾ ਹੈ ਜੋ ਵਿਚਾਰਧਾਰਾ ਅਤੇ ਸਿਆਸਤ ਦੇ ਮਾਮਲੇ ਵਿੱਚ ਨਾ ਸਿਰਫ਼ ਮਾਰਕਸਵਾਦੀ ਨਾ ਹੋਵੇ, ਸਗੋਂ ਦਾਰਸ਼ਨਿਕ ਤੌਰ ‘ਤੇ ਪਿਛਾਖੜੀ ਹੋਵੇ, ਪਰ ਉਸ ਦੀ ਰਚਨਾ ਇਤਿਹਾਸਕ ਤੌਰ ‘ਤੇ ਅਗਾਂਹਵਧੂ ਅਤੇ ਲੋਕ-ਪੱਖੀ ਹੋਵੇ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ: ਹਾਂ। ਇਹ ਜਮਾਤੀ ਸਮਾਜ ਦੇ ਸਾਰੇ ਯੁੱਗਾਂ ਉੱਤੇ ਲਾਗੂ ਹੋਣ ਵਾਲ਼ੀ ਆਮ ਸਚਾਈ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਬਾਲਜ਼ਾਕ ਅਤੇ ਤਾਲਸਤਾਏ ਦੇ ਯੁੱਗ ਵਿੱਚ ਤਾਂ ਇਹ ਗੱਲ ਲਾਗੂ ਹੁੰਦੀ ਸੀ, ਪਰ ਅੱਜ, ਯਾਨੀ ਪ੍ਰੋਲੇਤਾਰੀ ਇਨਕਲਾਬ ਦੇ ਯੁੱਗ ਵਿੱਚ ਲਾਗੂ ਨਹੀਂ ਹੁੰਦੀ ਹੈ। ਇਹ ਇੱਕ ਮੂਰਖਤਾਪੂਰਨ ਵਿਚਾਰਵਾਦੀ ਦਾਅਵਾ ਹੋਵੇਗਾ।
ਮਾਰਕਸ, ਏਂਗਲਜ, ਲੈਨਿਨ ਅਤੇ ਮਾਓ ਨੇ ਇਸ ਗੱਲ ਵੱਲ ਕਈ ਵਾਰੀ ਇਸ਼ਾਰਾ ਕੀਤਾ ਸੀ ਕਿ ਕਲਾਕਾਰ ਦੀ ਵਿਚਾਰਧਾਰਾ ਅਤੇ ਉਸ ਦੀ ਕਲਾ-ਰਚਨਾ ਦੇ ਵਿਸ਼ਲੇਸ਼ਣ ਨਿਰਧਾਰਨ ਦੇ ਦੋ ਵੱਖ-ਵੱਖ ਪੱਧਰ ਯਾਨੀ ‘ਡਿਫ਼ਰੈਂਟ ਲੇਵਲਜ਼ ਆਫ਼ ਡੇਟਰਮਿਨੇਸ਼ਨ’ ਹਨ। ਖ਼ਾਸ ਕਰਕੇ ਮਾਰਕਸ ਅਤੇ ਲੈਨਿਨ ਦਾ ਲੇਖਣ ਇਸ ਵਿੱਚ ਬੇਹੱਦ ਅਹਿਮ ਹੈ, ਕਿਉਂਕਿ ਕਲਾਤਮਕ ਉੱਚ-ਉਸਾਰ ਦੀ ਸਮੁੱਚੇ ਉੱਚ-ਉਸਾਰ ਤੋਂ ਵੀ ਵਧੇਰੇ ਸਾਪੇਖਕ ਖ਼ੁਦਮੁਖਤਿਆਰੀ ਨੂੰ ਲੈਨਿਨ ਨੇ ਸਪਸ਼ਟ ਰੂਪ ਵਿੱਚ ਰੇਖਾਂਕਿਤ ਕੀਤਾ। ਕਲਾ ਅਤੇ ਵਿਚਾਰਧਾਰਾ ਤੇ ਸਿਆਸਤ ਬਾਰੇ ਰਿਸ਼ਤਿਆਂ ਨੂੰ ਲੈ ਕੇ ਮਾਰਕਸਵਾਦ ਦੀ ਇਹ ਸਮਝ ਆਮ ਤੌਰ ‘ਤੇ ਕਿਸੇ ਨਵੇਂ ਬਣੇ ਮਾਰਕਸਵਾਦੀ ਨੂੰ ਵੀ ਸ਼ੁਰੂਆਤ ਦੇ ਕੁਝ ਮਹੀਨਿਆਂ ਦੌਰਾਨ ਹੀ ਮਿਲ਼ ਜਾਂਦੀ ਹੈ। ਪਰ ਪਿਛਲੇ ਰਿਕਾਰਡ ਨੂੰ ਦੇਖਦਿਆਂ ਹੋਇਆਂ ਆਖਿਆ ਜਾ ਸਕਦਾ ਹੈ ਕਿ ਇਸ ਸਮਝ ਤੋਂ ‘ਪ੍ਰਤੀਬੱਧ’ ਦੇ ਸੰਪਾਦਕ ਦਾ ਵਾਂਝਾ ਹੋਣਾ ਸਾਡੇ ਲਈ ਕੋਈ ਹੈਰਾਨੀਜਨਕ ਮਸਲਾ ਨਹੀਂ ਹੈ।
ਜੇਕਰ ਸੰਪਾਦਕ ਜੀ ਦੀ ਮੰਨੀਏ, ਤਾਂ ਮੁਨਸ਼ੀ ਪ੍ਰੇਮਚੰਦ ਵੀ ਮਹਿਜ਼ ਕਲਮ-ਘਸੀਟ ਸਨ, ਬਾਲਜ਼ਾਕ ਜਾਂ ਤਾਲਸਤਾਏ ਦਾ ਤਾਂ ਨਾਂ ਵੀ ਸਾਨੂੰ ਆਪਣੀ ਜ਼ੁਬਾਨ ‘ਤੇ ਨਹੀਂ ਲਿਆਉਣਾ ਚਾਹੀਦਾ, ਇੱਥੋਂ ਤੱਕ ਕਿ ਨੈਰੂਦਾ ਅਤੇ ਹਿਕਮਤ ਦਾ ਜ਼ਿਕਰ ਵੀ ਸੰਪਾਦਕ ਜੀ ਲਈ ਕੁਫ਼ਰ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਵੀ ਸੋਧਵਾਦੀਆਂ ਤੋਂ ਪੁਰਸਕਾਰ ਲਏ ਸਨ ਜਾਂ ਸੋਧਵਾਦੀ ਦੇਸ਼ਾਂ ਵਿੱਚ ਸ਼ਰਨ ਲਈ ਸੀ। ਇਸ ਤਰ੍ਹਾਂ ਦੀ ਯਾਂਤ੍ਰਿਕ ਸਮਝਦਾਰੀ ਦੀ ਹੀ ਉਮੀਦ ‘ਪ੍ਰਤੀਬੱਧ’ ਦੇ ਸੰਪਾਦਕ ਤੋਂ ਕੀਤੀ ਜਾ ਸਕਦੀ ਹੈ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਵੀ ਫ਼ਾਸੀਵਾਦ ‘ਤੇ ਉਨ੍ਹਾਂ ਦੀ ਸਮਝਦਾਰੀ ਦੀ ਆਲੋਚਨਾ ਨਹੀਂ ਪੜ੍ਹੀ ਹੈ, ਉਹ ਇਸ ਨੂੰ ਹੇਠ ਦਿੱਤੇ ‘ਕਿਊਆਰ ਕੋਡ’ ਨੂੰ ਸਕੈਨ ਕਰਕੇ ਪੜ੍ਹ ਸਕਦੇ ਹਨ:

ਖ਼ੈਰ, ਅਜੇ ਸਿਰਫ਼ ਸਪਸ਼ਟਤਾ ਲਈ ਕਲਾ ਅਤੇ ਸਿਆਸਤ ਦੇ ਸੰਬੰਧਾਂ ਬਾਰੇ ਏਂਗਲਜ਼ (ਜੋ ਕਿ ਹੇਠਲੇ ਹਵਾਲਿਆਂ ਵਿੱਚ ਮਾਰਕਸ ਅਤੇ ਉਨ੍ਹਾਂ ਦੀ ਸਾਂਝੀ ਸਮਝ ਨੂੰ ਪ੍ਰਗਟ ਕਰ ਰਹੇ ਹਨ) ਅਤੇ ਲੈਨਿਨ ਦੇ ਵਿਚਾਰਾਂ ‘ਤੇ ਸੰਖੇਪ ਵਿੱਚ ਵਿਚਾਰ ਕਰ ਲੈਂਦੇ ਹਾਂ, ਤਾਂ ਕਿ ਸਨਦ ਰਹੇ।
ਏਂਗਲਜ਼ ਨੇ ਮਾਰਗ੍ਰੇਟ ਹਾਰਕਨੈੱਸ ਨੂੰ ਲਿਖੀ ਚਿੱਠੀ ਵਿੱਚ ਬਾਲਜ਼ਾਕ ਬਾਰੇ ਆਪਣੇ ਅਤੇ ਮਾਰਕਸ ਦੇ ਵਿਚਾਰ ਪ੍ਰਗਟ ਕਰਦੇ ਹੋਏ ਇੱਕ ਕਲਾਕਾਰ ਦੀ ਵਿਚਾਰਧਾਰਾ ਅਤੇ ਸਿਆਸਤ ਅਤੇ ਉਸ ਦੀ ਕਲਾਤਮਕ ਰਚਨਾ ਵਿਚਲੇ ਫ਼ਰਕ ਨੂੰ ਸਪਸ਼ਟ ਕਰਦੇ ਹੋਏ ਲਿਖਿਆ:
“ਬਾਲਜ਼ਾਕ ਸਿਆਸੀ ਤੌਰ ‘ਤੇ ਇੱਕ ਰਾਜਤੰਤਰਵਾਦੀ ਸੀ; ਉਸ ਦੀ ਮਹਾਨ ਰਚਨਾ ਚੰਗੇ ਸਮਾਜ ਦੇ ਅਟੱਲ ਪਤਨ ਉੱਤੇ ਇੱਕ ਲੰਮੇ ਵਿਰਲਾਪ ਦੇ ਸਮਾਨ ਹੈ, ਉਸ ਦੀ ਹਮਦਰਦੀ ਪੂਰੀ ਤਰ੍ਹਾਂ ਨਾਲ਼ ਉਸ ਜਮਾਤ ਨਾਲ਼ ਹੈ ਜੋ ਅਲੋਪ ਹੋ ਜਾਣ ਲਈ ਸਰਾਪੀ ਹੋਈ ਹੈ। ਪਰ ਇਸ ਸਭ ਦੇ ਬਾਵਜੂਦ ਉਸ ਦੇ ਵਿਅੰਗ ਦੀ ਧਾਰ ਕਦੇ ਵੀ ਓਨੀ ਤਿੱਖੀ ਨਹੀਂ ਹੁੰਦੀ, ਉਸ ਦੀ ਵਿਡੰਬਨਾ ਕਦੇ ਓਨੀ ਤਿੱਖੀ ਨਹੀਂ ਹੁੰਦੀ, ਜਿੰਨੀ ਕਿ ਉਦੋਂ ਹੁੰਦੀ ਹੈ ਜਦੋਂ ਉਹ ਠੀਕ ਉਹਨਾਂ ਮਰਦਾਂ ਅਤੇ ਔਰਤਾਂ ਬਾਰੇ ਲਿਖਦਾ ਹੈ ਜਿਨ੍ਹਾਂ ਨਾਲ਼ ਉਹ ਸਭ ਤੋਂ ਡੂੰਘੀ ਹਮਦਰਦੀ ਰੱਖਦਾ ਹੈ – ਕੁਲੀਨ ਵਰਗ। ਅਤੇ ਜਿਨ੍ਹਾਂ ਲੋਕਾਂ ਬਾਰੇ ਉਹ ਹਮੇਸ਼ਾ ਪ੍ਰਸੰਸਾ ਭਾਵ ਨਾਲ਼ ਬੋਲਦਾ ਹੈ; ਉਹ ਉਹਨਾਂ ਦੇ ਸਭ ਤੋਂ ਵੱਧ ਤਿੱਖੇ ਸਿਆਸੀ ਵਿਰੋਧੀ ਹਨ, ਜਿਵੇਂ ਕਿ ‘ਕਲੁਆਤਖ ਸੇਂ-ਮੇਰੀ’ ਦਾ ਰਿਪਬਿਲਕਨ ਨਾਇਕ, ਉਹ ਆਦਮੀ, ਜੋ ਉਸ ਸਮੇਂ (1830-36) ਵਿਆਪਕ ਲੋਕ ਸਮੂਹਾਂ ਦਾ ਹੀ ਨੁਮਾਇੰਦਾ ਸੀ। ਇਹ ਤੱਥ ਕਿ ਇਸ ਤਰ੍ਹਾਂ ਬਾਲਜ਼ਾਕ ਖ਼ੁਦ ਆਪਣੀ ਜਮਾਤੀ ਹਮਦਰਦੀ ਅਤੇ ਸਿਆਸੀ ਤੁਅੱਸਬਾਂ ਦੇ ਵਿਰੁੱਧ ਜਾਣ ਲਈ ਮਜ਼ਬੂਰ ਹੋਇਆ, ਕਿ ਉਸ ਨੇ ਆਪਣੇ ਪਿਆਰੇ ਕੁਲੀਨ ਵਰਗ ਦੇ ਪਤਨ ਦੀ ਲਾਜ਼ਮੀਅਤ ਨੂੰ ਦੇਖਿਆ ਅਤੇ ਉਹਨਾਂ ਨੂੰ ਅਜਿਹੇ ਲੋਕਾਂ ਦੇ ਰੂਪ ਵਿੱਚ ਪੇਸ਼ ਕੀਤਾ ਜਿਨ੍ਹਾਂ ਨਾਲ਼ ਇਹੋ ਹੀ ਹੋ ਸਕਦਾ ਸੀ; ਅਤੇ ਇਹ ਕਿ ਉਸ ਨੇ ਭਵਿੱਖ ਦੇ ਅਸਲੀ ਲੋਕਾਂ ਨੂੰ ਉੱਥੇ ਦੇਖਿਆ, ਜਿੱਥੇ, ਫ਼ਿਲਹਾਲ, ਸਿਰਫ਼ ਉਹਨਾਂ ਨੂੰ ਹੀ ਦੇਖਿਆ ਜਾ ਸਕਦਾ ਸੀ – ਇਸ ਨੂੰ ਮੈਂ ਪਦਾਰਥਵਾਦ ਦੀਆਂ ਸਭ ਤੋਂ ਮਹਾਨ ਜਿੱਤਾਂ ਵਿੱਚੋਂ ਇੱਕ ਮੰਨਦਾ ਹਾਂ ਅਤੇ ਬੁੱਢੇ ਬਾਲਜ਼ਾਕ ਅੰਦਰਲੇ ਸਭ ਤੋਂ ਮਹਾਨ ਗੁਣਾਂ ਵਿੱਚੋਂ ਇੱਕ ਮੰਨਦਾ ਹਾਂ।”
ਏਂਗਲਜ਼ ਦੇ ਉਪਰੋਕਤ ਹਵਾਲੇ ਦਾ ਇਹੋ ਮਤਲਬ ਹੈ ਕਿ ਕਲਾਕਾਰ ਦੀ ਸਿਆਸਤ ਅਤੇ ਵਿਚਾਰਧਾਰਾ ਉਸਦੀ ਕਲਾ ਦੇ ਵਿਸ਼ਲੇਸ਼ਣ ਦਾ ਮੁੱਖ ਅਧਾਰ ਨਹੀਂ ਬਣਦੀ। ਨਿਸ਼ਚਿਤ ਤੌਰ ‘ਤੇ, ਉਸ ਦੀ ਕਲਾਤਮਕ ਰਚਨਾ ਵਿੱਚ ਕਲਾਕਾਰ ਦੀ ਵਿਚਾਰਧਾਰਾ ਦਾ ਫਿਲਟਰ ਮੌਜੂਦ ਹੁੰਦਾ ਹੈ ਪਰ ਯਥਾਰਥ ਪ੍ਰਤੀ ਉਸਦੀ ਵਫ਼ਾਦਾਰੀ ਦੇ ਕਾਰਨ ਉਸ ਫਿਲਟਰ ‘ਚੋਂ ਛਣ ਕੇ ਉਸ ਦੇ ਯੁੱਗ ਦਾ ਯਥਾਰਥ ਪਾਠਕਾਂ ਦੇ ਸਾਮ੍ਹਣੇ ਆਉਂਦਾ ਹੀ ਹੈ। ਇਸ ਪ੍ਰਕਿਰਿਆ ਵਿੱਚ ਇਹ ਕਲਾਕਾਰ ਦੇ ਵਿਚਾਰਧਾਰਕ ਤੁਅੱਸਬਾਂ ਨੂੰ ਬੇਪਰਦ ਕਰਦਾ ਹੀ ਹੈ। ਇਹੋ ਸੱਚੀ ਕਲਾ ਦਾ ਇਤਿਹਾਸਕ ਮਿਸ਼ਨ ਹੁੰਦਾ ਹੈ, ਚਾਹੇ ਉਸਦੀ ਰਚਨਾ ਕਰਨ ਵਾਲ਼ਾ ਕਲਾਕਾਰ ਕਿਸੇ ਵੀ ਵਿਚਾਰਧਾਰਕ ਪਿੱਠਭੂਮੀ ‘ਚੋਂ ਆਉਂਦਾ ਹੋਵੇ।
ਕੀ ਕਿਸੇ ਕਲਾਕਾਰ ਦੀ ਕਲਾਤਮਕ ਰਚਨਾ ਉਸਦੀ ਪਿਛਾਖੜੀ ਵਿਚਾਰਧਾਰਾ ਦੇ ਬਾਵਜੂਦ ਬਾਹਰਮੁਖੀ ਤੌਰ ‘ਤੇ ਇਨਕਲਾਬੀ ਹੋ ਸਕਦੀ ਹੈ? ਜੀ ਹਾਂ। ਬਿਲਕੁੱਲ ਹੋ ਸਕਦੀ ਹੈ!, ਏਂਗਲਜ਼ ਅਨੁਸਾਰ:
“ਵੈਸੇ ਲੰਮਾ ਪਿਆ-ਪਿਆ ਮੈਂ ਹੋਰ ਕੁਝ ਨਹੀਂ ਸਿਰਫ਼ ਬਾਲਜ਼ਾਕ ਨੂੰ ਪੜ੍ਹ ਰਿਹਾ ਹਾਂ ਅਤੇ ਮੈਨੂੰ ਇਸ ਸ਼ਾਨਦਾਰ ਬਜ਼ੁਰਗ ਨੂੰ ਪੜ੍ਹਨ ਵਿੱਚ ਬਹੁਤ ਮਜ਼ਾ ਆ ਰਿਹਾ ਹੈ। ਇੱਥੇ 1815 ਤੋਂ 1848 ਦੇ ਫ਼ਰਾਂਸ ਦੇ ਇਤਿਹਾਸ ਬਾਰੇ ਵੈਲਿਓਲਾਬੇਲ, ਕੇਪਫ਼ੀਗ, ਲੂਈ ਬਲਾਂ ਅਤੇ ਇਹੋ ਜਿਹੇ ਬਾਕੀ ਸਾਰਿਆਂ ਤੋਂ ਕਿਤੇ ਵੱਧ ਜਾਣਕਾਰੀ ਹੈ। ਕਿੰਨਾ ਬੇਬਾਕ ਅੰਦਾਜ਼ ਹੈ! ਉਸਦੀ ਕਾਵਿਮਈ ਸ਼ੈਲੀ ਵਿੱਚ ਕਿੰਨਾ ਇਨਕਲਾਬੀ ਦਵੰਦਵਾਦ ਹੈ!”
ਲੈਨਿਨ ਨੇ ਕਲਾ, ਵਿਚਾਰਧਾਰਾ ਅਤੇ ਸਿਆਸਤ ਦੇ ਰਿਸ਼ਤਿਆਂ ਬਾਰੇ ਮਾਰਕਸ ਅਤੇ ਏਂਗਲਜ਼ ਦੀ ਸਮਝ ਨੂੰ ਨਵੀਆਂ ਉਚਾਈਆਂ ਤੱਕ ਵਿਕਸਿਤ ਕੀਤਾ। ਤਾਲਸਤਾਏ ‘ਤੇ ਲਿਖੇ ਉਨ੍ਹਾਂ ਦੇ ਛੇ ਲੇਖ ਮਾਰਕਸਵਾਦੀ ਸਾਹਿਤਕ ਆਲੋਚਨਾ ਦੇ ਬੁਨਿਆਦੀ ਸਿਧਾਤਾਂ, ਪੱਧਤੀ ਅਤੇ ਪਹੁੰਚ ਨੂੰ ਸਪਸ਼ਟ ਕਰਦੇ ਹਨ ਅਤੇ ਦਿਖਾਉਂਦੇ ਹਨ ਕਿ ਵਿਗਿਆਨਿਕ ਆਲੋਚਨਾ ਦਾ ਉਦੇਸ਼ ਕੀ ਹੁੰਦਾ ਹੈ। ਇੱਥੇ ਉਹਨਾਂ ਬਾਰੇ ਵਿਸਥਾਰ ‘ਚ ਜਾਣਾ ਸੰਭਵ ਨਹੀਂ। ਪਰ ਅਸੀਂ ਤਾਲਸਤਾਏ ਬਾਰੇ ਲੈਨਿਨ ਦੇ ਵਿਚਾਰਾਂ ਦੇ ਕੁਝ ਅੰਸ਼ ਜ਼ਰੂਰ ਪੇਸ਼ ਕਰਾਂਗੇ, ਤਾਂ ਕਿ ‘ਪ੍ਰਤੀਬੱਧ’ ਦੀ ਨਿਹਾਇਤ ਘਟੀਆ ਕਿਸਮ ਦੀ ਯਾਂਤ੍ਰਿਕ ਸਮਝ ਅਤੇ ਕਠਮੁੱਲੇਪਣ ਨੂੰ ਉਜਾਗਰ ਕੀਤਾ ਜਾਵੇ।
ਲੈਨਿਨ ਨੇ ਤਾਲਸਤਾਏ ਉੱਤੇ ਲਿਖੇ ਆਪਣੇ ਪ੍ਰਸਿੱਧ ਲੇਖ ‘ਲੇਵ ਤਾਲਸਤਾਏ, ਰੂਸੀ ਇਨਕਲਾਬ ਦਾ ਸ਼ੀਸ਼ਾ’ ਵਿੱਚ ਲਿਖਿਆ ਹੈ:
“ਇਨਕਲਾਬ ਦੇ ਨਾਲ਼ ਕਿਸੇ ਅਜਿਹੇ ਮਹਾਨ ਕਲਾਕਾਰ ਨੂੰ ਜੋੜਨਾ, ਜੋ ਲਾਜ਼ਮੀ ਤੌਰ ‘ਤੇ ਉਸ ਨੂੰ ਸਮਝਣ ਵਿੱਚ ਅਸਫ਼ਲ ਰਿਹਾ ਹੈ ਅਤੇ ਜੋ ਜ਼ਾਹਿਰਾ ਤੌਰ ‘ਤੇ ਉਸ ਤੋਂ ਅਲੱਗ-ਥਲੱਗ ਖੜ੍ਹਾ ਹੈ, ਪਹਿਲੀ ਨਜ਼ਰੇ ਅਜੀਬ ਅਤੇ ਸਤਹੀ ਲੱਗ ਸਕਦਾ ਹੈ। ਇੱਕ ਅਜਿਹਾ ਦਰਪਣ ਜੋ ਚੀਜ਼ਾਂ ਨੂੰ ਸਹੀ ਤਰੀਕੇ ਨਾਲ਼ ਪ੍ਰਤੀਬਿੰਬਤ ਨਹੀਂ ਕਰਦਾ, ਉਸ ਨੂੰ ਮੁਸ਼ਕਿਲ ਨਾਲ਼ ਹੀ ਦਰਪਣ ਕਿਹਾ ਜਾ ਸਕਦਾ ਹੈ ਪਰ ਸਾਡਾ ਇਨਕਲਾਬ ਇੱਕ ਬੇਹੱਦ ਜਟਿਲ ਚੀਜ਼ ਹੈ। ਜੋ ਸਿੱਧੇ ਰੂਪ ਵਿੱਚ ਇਸ ਇਨਕਲਾਬ ਵਿੱਚ ਸ਼ਾਮਲ ਸਨ ਅਤੇ ਇਸ ਵਿੱਚ ਹਿੱਸਾ ਲੈ ਰਹੇ ਸਨ, ਉਸ ਲੋਕ ਸਮੂਹ ਦੇ ਵਿੱਚ ਵੀ ਅਜਿਹੇ ਬਹੁਤ ਸਮਾਜਕ ਤੱਤ ਸਨ ਜੋ ਨਿਸ਼ਚਿਤ ਤੌਰ ‘ਤੇ ਹੀ ਇਹ ਨਹੀਂ ਸਮਝ ਰਹੇ ਸਨ ਕਿ, ਕੀ ਵਾਪਰ ਰਿਹਾ ਹੈ ਅਤੇ ਜੋ ਇਹਨਾਂ ਅਸਲ ਇਤਿਹਾਸਕ ਉਦੇਸ਼ਾਂ ਤੋਂ ਅਲਹਿਦਾ ਖੜ੍ਹੇ ਹਨ, ਜੋ ਘਟਨਾਕ੍ਰਮ ਨੇ ਉਹਨਾਂ ਸਾਮ੍ਹਣੇ ਰੱਖ ਦਿੱਤੇ ਹਨ। ਅਤੇ ਜੇਕਰ ਸਾਡੇ ਸਾਮ੍ਹਣੇ ਸਚਮੁੱਚ ਦਾ ਇੱਕ ਮਹਾਨ ਕਲਾਕਾਰ ਹੈ ਤਾਂ ਉਸ ਨੇ ਆਪਣੀ ਰਚਨਾ ਵਿੱਚ ਇਸ ਇਨਕਲਾਬ ਦੇ ਘੱਟੋ-ਘੱਟ ਕੁਝ ਬੁਨਿਆਦੀ ਪਹਿਲੂ ਲਾਜ਼ਮੀ ਰੱਖੇ ਹੋਣਗੇ।”
ਲੈਨਿਨ ਅੱਗੇ ਲਿਖਦੇ ਹਨ:
“ਤਾਲਸਤਾਏ ਦੀਆਂ ਰਚਨਾਵਾਂ, ਵਿਚਾਰਾਂ, ਸਿਧਾਂਤਾਂ ਅਤੇ ਉਸ ਦੁਆਰਾ ਪੇਸ਼ ਕੀਤੀ ਗਈ ਵਿਚਾਰਧਾਰਾ ਵਿੱਚ ਸੱਚਮੁੱਚ ਹੀ ਤਿੱਖੇ ਵਿਰੋਧਾਭਾਸ ਹਨ। ਇੱਕ ਤਾਲਸਤਾਏ ਤਾਂ ਉਹ ਮਹਾਨ ਕਲਾਕਾਰ ਹੈ ਜਿਸ ਨੇ ਨਾ ਸਿਰਫ਼ ਰੂਸੀ ਜੀਵਨ ਦੀ ਵਿਲੱਖਣ ਤਸਵੀਰ ਪੇਸ਼ ਕੀਤੀ ਹੈ, ਸਗੋਂ ਵਿਸ਼ਵ ਸਾਹਿਤ ਨੂੰ ਸਭ ਤੋਂ ਉੱਤਮ ਦਰਜੇ ਦੀਆਂ ਰਚਨਾਵਾਂ ਵੀ ਦਿੱਤੀਆਂ ਹਨ। ਦੂਜਾ ਤਾਲਸਤਾਏ ਇੱਕ ਸਨਕੀ ਜ਼ਿਮੀਂਦਾਰ ਹੈ, ਜਿਸ ਦੇ ਦਿਮਾਗ਼ ‘ਤੇ ਹਮੇਸ਼ਾ ਈਸਾ ਸਵਾਰ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਇੱਕ ਪਾਸੇ, ਅਸੀਂ ਸਮਾਜਕ ਧੋਖੇ ਅਤੇ ਪਾਖੰਡ ਦੇ ਵਿਰੁੱਧ ਉਸ ਵੱਲੋਂ ਸੱਚੇ ਦਿਲੋਂ ਕੀਤਾ ਗਿਆ ਸਖ਼ਤ ਵਿਰੋਧ ਦੇਖਦੇ ਹਾਂ ਤੇ ਦੂਜੇ ਪਾਸੇ ਸਾਨੂੰ ਇੱਕ “ਤਾਲਸਤਾਏਵਾਦੀ” ਦੇ ਦਰਸ਼ਨ ਹੁੰਦੇ ਹਨ ਯਾਨੀ ਰੂਸ ਦੇ ਘਿਸੇ-ਪਿਟੇ ਬੁੱਧੀਜੀਵੀ ਦੇ, ਜੋ ਹਮੇਸ਼ਾ ਵਿਰਲਾਪ ਕਰਦਾ ਰਹਿੰਦਾ ਹੈ ਅਤੇ ਸਭ ਦੇ ਸਾਮ੍ਹਣੇ ਚੀਕਦਾ ਹੈ, : “ਲੋਕੋ! ਮੈਂ ਬਹੁਤ ਪਤਿਤ ਹਾਂ, ਮੈਂ ਬਹੁਤ ਵੱਡਾ ਪਾਪੀ ਹਾਂ, ਪਰ ਮੈਂ ਖ਼ੁਦ ਦਾ ਸਵੈ-ਉਦਾਰ ਕਰ ਰਿਹਾ ਹਾਂ। ਦੇਖੋ, ਹੁਣ ਮੈਂ ਮਾਸ ਖਾਣਾ ਛੱਡ ਦਿੱਤਾ ਹੈ, ਹੁਣ ਮੈਂ ਦੁੱਧ-ਚੌਲ਼ ‘ਤੇ ਗੁਜ਼ਾਰਾ ਕਰ ਲੈਂਦਾ ਹਾਂ।” ਇੱਕ ਪਾਸੇ ਅਸੀਂ ਸਰਮਾਏਦਾਰਾ ਲੁੱਟ-ਚੋਂਘ ਦੀ ਤਿੱਖੀ ਆਲੋਚਨਾ ਦੇਖਦੇ ਹਾਂ, ਸਰਕਾਰ ਦੀ ਹਿੰਸਾ, ਰਾਜਸੱਤਾ ਅਤੇ ਅਦਾਲਤਾਂ ਦੇ ਢੌਂਗ ਦਾ ਪਰਦਾਫ਼ਾਸ਼ ਸਾਨੂੰ ਦੇਖਣ ਨੂੰ ਮਿਲ਼ਦਾ ਹੈ, ਉਸ ਦੇ ਡੂੰਘੇ ਵਿਰੋਧਭਾਸਾਂ ਦਾ ਨੰਗਾ ਚਿੱਤਰਣ ਅਸੀਂ ਦੇਖਦੇ ਹਾਂ, ਜਿਸ ਵਿੱਚ ਇੱਕ ਪਾਸੇ ਸੱਭਿਅਤਾ ਦੀਆਂ ਪ੍ਰਾਪਤੀਆਂ ਅਤੇ ਖੁਸ਼ਹਾਲੀ ਦਾ ਵਿਕਾਸ ਹੈ ਅਤੇ ਦੂਜੇ ਪਾਸੇ ਕਿਰਤੀ ਜਨਤਾ ਦੀ ਵਧ ਰਹੀ ਗ਼ਰੀਬੀ, ਨਿਘਾਰ ਅਤੇ ਦੁਖਾਂਤ ਹੈ। ਦੂਜੇ ਪਾਸੇ ਉਸ ਦਾ ਇੱਕ ਅਹਿਮ ਉਪਦੇਸ਼ ਮਿਲ਼ਦਾ ਹੈ ਕਿ “ਬੁਰਾਈ ਦਾ ਵਿਰੋਧ ਹਿੰਸਾ ਨਾਲ਼ ਨਾ ਕਰੋ!” ਇੱਕ ਪਾਸੇ ਅਤਿ ਗੰਭੀਰ ਯਥਾਰਥਵਾਦ ਹੈ, ਜੋ ਸਭ ਤਰ੍ਹਾਂ ਦੇ ਪਾਖੰਡ ਦੇ ਸਾਰੇ ਪਰਦਿਆਂ ਨੂੰ ਲੀਰੋ-ਲੀਰ ਕਰ ਸੁੱਟਦਾ ਹੈ; ਦੂਜੇ ਪਾਸੇ ਸੰਸਾਰ ਦੀ ਸਭ ਤੋਂ ਘਿਣਾਉਣੀ ਵਸਤੂ -ਧਰਮ- ਦਾ ਪ੍ਰਚਾਰ ਕੀਤਾ ਗਿਆ ਹੈ। ਪੇਸ਼ੇਵਰ ਪਾਦਰੀਆਂ ਦੇ ਸਥਾਨ ਉੱਤੇ ਦੂਸਰੀ ਕਿਸਮ ਦੇ ਧਰਮ ਗੁਰੂ ਬਿਠਾਉਣ ਦੀ ਕੋਸ਼ਸ਼ ਕੀਤੀ ਗਈ ਹੈ। ਜੋ ਆਪਣੀ ਨੈਤਿਕ ਧਾਰਨਾ ਤੋਂ ਪ੍ਰੇਰਿਤ ਹੋ ਕੇ ਇਸ ਕੰਮ ਨੂੰ ਅਪਣਾਉਣਗੇ। ਦੂਜੇ ਸ਼ਬਦਾਂ ਵਿੱਚ ਬੇਹੱਦ ਅਸ਼ਲੀਲ ਅਤੇ ਇਸ ਕਾਰਨ ਖ਼ਾਸ ਤੌਰ ਉੱਤੇ ਘਿਣਾਉਣੀ ਕਿਸਮ ਦੇ ਪਾਦਰੀਵਾਦ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ।’’
ਲੈਨਿਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇੱਕ ਕਲਾਕਾਰ ਦੀ ‘ਵਿਚਾਰਧਾਰਾ ਦਾ ਮੁਲਾਂਕਣ’ ਉਸ ਦੀ ਕਲਾ-ਰਚਨਾ ਦੀ ਸਾਹਿਤਕ ਆਲੋਚਨਾ ਦਾ ਅਧਾਰ ਨਹੀਂ ਬਣ ਸਕਦਾ। ਲੈਨਿਨ ਅਨੁਸਾਰ:
“ਤਾਲਸਤਾਏ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਰੂਸ ਵਿੱਚ ਬੁਰਜੁਆ ਇਨਕਲਾਬ ਤੋਂ ਪਹਿਲਾਂ ਲੱਖਾਂ ਰੂਸੀ ਕਿਸਾਨਾਂ ਵਿੱਚ ਜੋ ਭਾਵਨਾਵਾਂ ਅਤੇ ਵਿਚਾਰ ਪਨਪ ਰਹੇ ਸਨ, ਤਾਲਸਤਾਏ ਨੇ ਉਹਨਾਂ ਨੂੰ ਪ੍ਰਗਟ ਕੀਤਾ ਹੈ। ਤਾਲਸਤਾਏ ਦੀ ਮੌਲਿਕਤਾ ਇਸ ਗੱਲ ਵਿੱਚ ਹੈ ਕਿ ਉਸ ਦੇ ਵਿਚਾਰ ਕਿਸਾਨਾਂ ਦੇ ਬੁਰਜੁਆ ਇਨਕਲਾਬ ਦੇ ਰੂਪ ਵਿੱਚ ਸਾਡੇ ਇਨਕਲਾਬ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੇ ਹਨ। ਇਸ ਨਜ਼ਰੀਏ ਤੋਂ ਦੇਖਣ ‘ਤੇ ਤਾਲਸਤਾਏ ਦੇ ਵਿਚਾਰਾਂ ਵਿੱਚ ਜੋ ਵਿਰੋਧਾਭਾਸ ਹੈ, ਉਹ ਸੱਚਮੁੱਚ ਉਹਨਾਂ ਵਿਰੋਧਭਾਸੀ ਪ੍ਰਸਥਿਤੀਆਂ ਦਾ ਪ੍ਰਤੀਬਿੰਬ ਹੈ, ਜਿਨ੍ਹਾਂ ਵਿੱਚ ਸਾਡੇ ਕਿਸਾਨਾਂ ਨੂੰ ਇਸ ਇਨਕਲਾਬ ਵਿੱਚ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨੀ ਪਈ… ਯਕੀਨਨ ਹੀ ਤਾਲਸਤਾਏ ਦੀਆਂ ਰਚਨਾਵਾਂ ਵਿੱਚ ਕਿਸਾਨਾਂ ਦੀ ਇਹਨਾਂ ਅਕਾਂਖਿਆਵਾਂ ਤੋਂ ਵਧੇਰੇ ਵਿਚਾਰਕ ਅਨੁਕੂਲਤਾ ਹੈ, ਨਾ ਕਿ ਕਿਸੇ ਅਮੂਰਤ “ਇਸਾਈ ਅਰਾਜਕਤਾਵਾਦ” ਤੋਂ, ਜਿਵੇਂ ਕਿ ਉਸ ਦੀ “ਵਿਚਾਰਧਾਰਾ” ਬਾਰੇ ਵਿੱਚ ਆਮ ਤੌਰ ‘ਤੇ ਕਿਹਾ ਜਾਂਦਾ ਹੈ।”
ਇਸ ਤਰ੍ਹਾਂ ਲੈਨਿਨ ਨੇ ਤਾਲਸਤਾਏ ਦੀਆਂ ਰਚਨਾਵਾਂ ਅਤੇ ਵਿਚਾਰਧਾਰਾ ਦੇ ਮੁਲਾਂਕਣ ਅਤੇ ਪ੍ਰੋਲਤਾਰੀ ਜਮਾਤ ਦੇ ਨਜ਼ਰੀਏ ਤੋਂ ਉਸ ਦੇ ਇਤਿਹਾਸਕ ਸਥਾਨ ਬਾਰੇ ਲਿਖਿਆ ਹੈ:
“ਤਾਲਸਤਾਏ ਦੀਆਂ ਸਾਹਿਤਕ ਰਚਨਾਵਾਂ ਦਾ ਅਧਿਐਨ ਕਰਕੇ, ਰੂਸ ਦੀ ਮਜ਼ਦੂਰ ਜਮਾਤ ਆਪਣੇ ਦੁਸ਼ਮਣਾਂ ਨੂੰ ਬਿਹਤਰ ਢੰਗ ਨਾਲ਼ ਪਛਾਣ ਸਕੇਗੀ। ਉਸ ਦੇ ਸਿਧਾਂਤਾਂ ਦਾ ਅਧਿਐਨ ਕਰਨ ਨਾਲ਼, ਸਮੁੱਚੇ ਰੂਸੀ ਲੋਕਾਂ ਨੂੰ ਯਕੀਨਨ ਇਹ ਪਤਾ ਲੱਗੇਗਾ ਕਿ ਉਹਨਾਂ ਦੀ ਨਿੱਜੀ ਕਮਜ਼ੋਰੀ ਕੀ ਹੈ, ਜਿਸ ਨੇ ਉਹਨਾਂ ਨੂੰ ਆਪਣੀ ਅਜ਼ਾਦੀ ਦੇ ਉਦੇਸ਼ ਨੂੰ ਪੂਰਾ ਕਰਨ ਤੋਂ ਰੋਕਿਆ ਹੈ। ਅੱਗੇ ਵਧਣ ਲਈ ਇਹ ਜਾਣਨਾ ਜ਼ਰੂਰੀ ਹੈ।”
ਅਜਿਹੇ ਕਈ ਹਵਾਲੇ ਪੇਸ਼ ਕੀਤੇ ਜਾ ਸਕਦੇ ਹਨ। ਲੈਨਿਨ ਨੇ 1921 ਵਿੱਚ ਲਿਖੇ ਇੱਕ ਛੋਟੇ ਲੇਖ ‘ਸੰਖੇਪ ਰੂਪ ਵਿੱਚ ਲਿਖੀ ਗਈ ਇੱਕ ਛੋਟੀ ਜਿਹੀ ਪੁਸਤਕ’ ਵਿੱਚ ਇੱਕ ਪਿਛਾਖੜੀ ਲੇਖਕ ਐਵਰਚੈਂਕੋ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਸੀ ਕਿ ਬਿਲਕੁਲ ਸੰਭਵ ਹੈ ਕਿ ਇੱਕ ਪਿਛਾਖੜੀ ਕਲਾਕਾਰ ਇੱਕ ਚੰਗਾ ਕਲਾਕਾਰ ਹੋਵੇ ਅਤੇ ਉਹ ਇੱਕ ਚੰਗੀ ਰਚਨਾ ਲਿਖੇ।
ਲੈਨਿਨ ਨੇ ਮਾਰਕਸਵਾਦੀ ਸਾਹਿਤਕ ਆਲੋਚਨਾ ਦੇ ਬੁਨਿਆਦੀ ਅਸੂਲਾਂ ਨੂੰ ਸਥਾਪਤ ਕਰਨ ਵਿੱਚ ਤਾਲਸਤਾਏ ਦੇ ਆਲੋਚਕ ਵਜੋਂ ਕੀ ਭੂਮਿਕਾ ਨਿਭਾਈ ਸੀ, ਇਸਦੇ ਬਾਰੇ ਫ਼ਰਾਂਸੀਸੀ ਮਾਰਕਸਵਾਦੀ ਆਲੋਚਕ ਪਿਏਰ ਮੈਸ਼ਰੇ ਦਾ ਲੇਖ ਕੁਝ ਸਮੱਸਿਆਵਾਂ ਦੇ ਬਾਵਜੂਦ ਪੜ੍ਹਨਯੋਗ ਹੈ। ਲੇਖ ਦਾ ਨਾਂ ਹੈ ‘ਲੈਨਿਨ, ਕ੍ਰਿਟੀਕ ਆਫ਼ ਤਾਲਸਤਾਏ’। ਇਸ ਵਿੱਚ ਇੱਕ ਥਾਂ ਮੈਸ਼ਰੇ ਨੇ ਲੈਨਿਨ ਦੇ ਵਿਚਾਰਾਂ ਦੀ ਵਿਆਖਿਆ ਕਰਦਿਆਂ ਲਿਖਿਆ ਹੈ:
“ਅਸੀਂ ਪਹਿਲਾਂ ਹੀ ਦਿਖਾ ਚੁੱਕੇ ਹਾਂ ਕਿ ਤਾਲਸਤਾਏ ਦੀਆਂ ਸਾਹਿਤਕ ਰਚਨਾਵਾਂ ਨੂੰ ਤਾਲਸਤਾਏਵਾਦੀ ਵਿਚਾਰਧਾਰਾ ਨਾਲ਼ ਰਲ਼ਗੱਡ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜੋ ਕਿ ਇਸ ਵਿੱਚ ਮੌਜੂਦ ਬਾਹਰੀ ਤੱਤ (foreign body ) ਦੇ ਸਮਾਨ ਹੈ। ਪਰ ਇਹ ਵਖਰੇਵਾਂ ਹੁਣ ਇੱਕ ਨਵਾਂ ਮਹੱਤਵ ਗ੍ਰਹਿਣ ਕਰ ਲੈਂਦਾ ਹੈ: ਟੈਕਸਟ ਦੇ ਅੰਦਰ ਹੀ ਟੈਕਸਟ ਅਤੇ ਇਸ ਦੇ ਵਿਚਾਰਧਾਰਕ ਅੰਦਰੂਨੀ ਤੱਤ ਦੇ ਵਿਚਕਾਰ ਇੱਕ ਵਿਰੋਧਭਾਸ ਹੈ, ਕੋਈ ਸਮਾਨਤਾ ਹੋਣ ਦੀ ਥਾਂ ਇੱਕ ਵਿਰੋਧਾਭਾਸ। ਇਸ ਤਰ੍ਹਾਂ, ਇਸ ਤੱਥ ਤੋਂ ਪਰੇ ਕਿ ਇਹ ਰਚਨਾ ਇੱਕੋ ਸਮੇਂ ਕਈ ਵੱਖ-ਵੱਖ ਪਾਠਕ ਸਮੂਹਾਂ ਨੂੰ ਸੰਬੋਧਿਤ ਹੈ (ਜਿਵੇਂ ਕਿ ਅਸੀਂ ਦੇਖਿਆ ਹੈ, ਸਾਹਿਤਕ ਰਚਨਾ ਮਜ਼ਦੂਰ ਜਮਾਤ ਦੀ ਸੰਪਤੀ ਹੈ, ਜਦੋਂ ਕਿ ਇਸ ਵਿੱਚ ਸ਼ਾਮਲ ਸਿਧਾਂਤ ਸਮੁੱਚੀ ਰੂਸੀ ਜਨਤਾ ਨੂੰ ਸਮਝਣ ਦਾ ਇੱਕ ਜ਼ਰੀਆ ਹਨ), ਅਸੀਂ ਹਮੇਸ਼ਾਂ ਇੱਕੋ ਵਿਸ਼ਾ-ਵਸਤੂ ਪਾਉਂਦੇ ਹਾਂ: ਸਾਹਿਤਕ ਰਚਨਾ ਬੇਹੱਦ ਗਹਿਰਾਈ ਨਾਲ਼ ਕੁਜੋੜ (dissymmetrical) ਹੁੰਦੀ ਹੈ। ਇੱਕ ਸ਼ੀਸ਼ੇ ਤੋਂ ਵੱਧ ਸ਼ੀਸ਼ੇ ਹੁੰਦੇ ਹਨ, ਅਤੇ ਉਹ ਜੋ ਅਕਸ ਦਿਖਾਉਂਦੇ ਹਨ, ਉਹ ਸਿਰਫ਼ ਪੂਰਕ ਨਹੀਂ ਹੁੰਦੇ।”
ਇਹਨਾਂ ਸਭ ਗੱਲਾਂ ਦਾ ਤੱਤ ਕੀ ਹੈ?
ਤੱਤ ਇਹ ਹੈ ਕਿ ਕਲਾ (ਜਿਸ ਵਿੱਚ ਕਲਾ ਦੇ ਸਾਰੇ ਰੂਪ ਸ਼ਾਮਲ ਹਨ) ਦੀ ਵਿਚਾਰਧਾਰਾ ਅਤੇ ਸਿਆਸਤ ਤੋਂ ਸਾਪੇਖਕ ਖ਼ੁਦਮੁਖਤਿਆਰੀ ਹੁੰਦੀ ਹੈ। ਜਦੋਂ ਅਸੀਂ ਇੱਕ ਸੱਚੇ ਕਲਾਕਾਰ (ਅਤੇ ਕਲਾ) ਦੀ ਗੱਲ ਕਰਦੇ ਹਾਂ (ਨਾ ਕਿ ਕਿਸੇ ਪ੍ਰਾਪੇਗੰਡਾ ਕਲਾਕਾਰ ਅਤੇ ਕਲਾ ਬਾਰੇ) ਤਾਂ ਉਸ ਦੀ ਵਿਚਾਰਧਾਰਾ ਅਤੇ ਸਿਆਸਤ ਦੇ ਮੁਲਾਂਕਣ ਦੇ ਅਧਾਰ ‘ਤੇ ਉਸ ਦੀ ਕਲਾਤਮਕ ਰਚਨਾ ਦਾ ਅਧਿਐਨ ਨਹੀਂ ਕੀਤਾ ਜਾ ਸਕਦਾ। ਕਾਰਨ ਇਹ ਹੈ ਕਿ ਇੱਕ ਸੱਚੇ ਕਲਾਕਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਯਥਾਰਥ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਉਹ ਵਿਆਪਕ ਸਮਾਜਕ ਯਥਾਰਥ ਦੇ ਇੱਕ ਹਿੱਸੇ ਨੂੰ ‘ਡਰਾਮੇਟਾਇਜ਼’ ਜਾਂ ‘ਪੋਇਟੀਸਾਇਜ਼’ ਕਰਦਾ ਹੈ। ਉਹ ਸਮੁੱਚੇ ਸਮਾਜਕ ਯਥਾਰਥ, ਇਸ ਦੇ ਤੱਤ, ਗਤੀ ਦੇ ਨਿਯਮਾਂ ਦੀ ਜਾਂਚ ਨਹੀਂ ਕਰਦਾ, ਨਾ ਹੀ ਕਰ ਸਕਦਾ ਹੈ ਅਤੇ ਨਾ ਹੀ ਉਸ ਤੋਂ ਅਜਿਹੀ ਬੇਤੁਕੀ ਉਮੀਦ ਰੱਖੀ ਜਾਣੀ ਚਾਹੀਦੀ ਹੈ। ਇਹ ਕੰਮ ਇਤਿਹਾਸ ਦੇ ਵਿਗਿਆਨ ਅਰਥਾਤ ਇਤਿਹਾਸਕ ਪਦਾਰਥਵਾਦ ਨਾਲ਼ ਸਬੰਧਤ ਹੈ। ਕਲਾ ਅਤੇ ਵਿਗਿਆਨ ਦੋਵਾਂ ਦਾ ਇਤਿਹਾਸ ਨਾਲ ਵੱਖ-ਵੱਖ ਤਰ੍ਹਾਂ ਦਾ ਸੰਬੰਧ ਹੈ। ਦੋਵੇਂ ਆਪੋ-ਆਪਣੇ ਤਰੀਕੇ ਨਾਲ਼ ਸਚਾਈ ਨੂੰ ਪ੍ਰਗਟ ਕਰਦੇ ਹਨ। ਮਾਰਕਸਵਾਦੀ ਆਲੋਚਕ ਪਿਏਰ ਮੈਸ਼ਰੇ ਦੇ ਸ਼ਬਦਾਂ ਵਿੱਚ, ਕਲਾ ਸਾਨੂੰ ‘ਵੇਖਣਾ’ ਸਿਖਾਉਂਦੀ ਹੈ, ਜਦੋਂ ਕਿ ਵਿਗਿਆਨ ਸਾਨੂੰ ‘ਸਮਝਣਾ’ ਸਿਖਾਉਂਦਾ ਹੈ।
ਇੱਕ ਸੱਚਾ ਕਲਾਕਾਰ, ਅਸਲੀਅਤ ਪ੍ਰਤੀ ਆਪਣੀ ਵਫ਼ਾਦਾਰੀ ਕਾਰਨ, ਸਮਾਜਕ ਯਥਾਰਥ ਦੇ ਕਿਸੇ ਨਾ ਕਿਸੇ ਹਿੱਸੇ ਬਾਰੇ ਸਚਾਈ ਨੂੰ ਕਿਸੇ ਨਾ ਕਿਸੇ ਹੱਦ ਤੱਕ ਉਜਾਗਰ ਕਰਦਾ ਹੈ। ਉਸ ਦੀ ਕਲਾ ਨਿਸ਼ਚਿਤ ਤੌਰ ‘ਤੇ ਉਸ ਦੀ ਵਿਚਾਰਧਾਰਾ ਵਿੱਚ ਨਹਾਈ ਹੋਈ ਹੁੰਦੀ ਹੈ, ਇਸ ਤੋਂ ਹੀ ਪੈਦਾ ਹੁੰਦੀ ਹੈ। ਪਰ ਯਥਾਰਥ ਪ੍ਰਤੀ ਉਸਦੀ ਵਫ਼ਾਦਾਰੀ ਉਸ ਦੀ ਕਲਾਤਮਕ ਰਚਨਾ ਨੂੰ ਇਸਦੀ ਵਿਚਾਰਧਾਰਾ ਤੋਂ ਇੱਕ ਅੰਦਰੂਨੀ ਦੂਰੀ ਬਣਾ ਕੇ ਰੱਖਣ ਦੀ ਆਗਿਆ ਦਿੰਦੀ ਹੈ। ਇਸ ਪ੍ਰਕਿਰਿਆ ਵਿੱਚ, ਕਲਾ, ਜੋ ਵਿਚਾਰਧਾਰਾ ਵਿੱਚੋਂ ਹੀ ਜਨਮ ਲੈਂਦੀ ਹੈ, ਜਿਸ ਵਿੱਚੋਂ ਉਹ ਪੈਦਾ ਹੁੰਦੀ ਹੈ, ਵਿਚਾਰਧਾਰਾ ਤੋਂ ਇੱਕ ਅੰਦਰੂਨੀ ਦੂਰੀ ਬਣਾ ਲੈਂਦੀ ਹੈ ਅਤੇ ਆਪਣੇ ਆਪ ਹੀ, ਜਿਵੇਂ ਕਿ ਇੱਕ ਉਂਗਲ ਉਠਾ ਕੇ, ਇਸ਼ਾਰਾ ਕਰਦਿਆਂ ਉਸ ਵਿਚਾਰਧਾਰਾ ਨੂੰ ਵੀ ਪਾਠਕਾਂ/ਸਰੋਤਿਆਂ/ਦਰਸ਼ਕਾਂ ਦੇ ਸਾਮ੍ਹਣੇ ਕੁਝ ਹੱਦ ਤੱਕ ਉਜਾਗਰ ਕਰ ਦਿੰਦੀ ਹੈ, ਜਿਸ ਤੋਂ ਇਹ ਖ਼ੁਦ ਪੈਦਾ ਹੋਈ ਹੁੰਦੀ ਹੈ।
ਇਹੀ ਕਾਰਨ ਹੈ ਕਿ ਈਸਾਈ ਸ਼ਾਂਤੀਵਾਦੀ ਹੋਣ ਦੇ ਬਾਵਜੂਦ ਤਾਲਸਤਾਏ, ਇੱਕ ਰਾਜਤੰਤਰਵਾਦੀ ਹੋਣ ਦੇ ਬਾਵਜੂਦ ਬਾਲਜ਼ਾਕ, ਇੱਕ ਗਾਂਧੀਵਾਦੀ ਹੋਣ ਦੇ ਬਾਵਜੂਦ ਪ੍ਰੇਮਚੰਦ ਦੀਆਂ ਰਚਨਾਵਾਂ, ਇਤਿਹਾਸਕ ਤੌਰ ‘ਤੇ ਅਗਾਂਹਵਧੂ ਅਤੇ ਲੋਕ-ਪੱਖੀ ਹਨ ਅਤੇ ਇੱਕ ਖ਼ਾਸ ਅਰਥ ਵਿੱਚ ਇਨਕਲਾਬੀ ਵੀ ਹਨ, ਕਿਉਂਕਿ ਇਹ ਇੱਕ ਨਿਸ਼ਚਿਤ ਵਿਚਾਰਧਾਰਾ ਵਿੱਚੋਂ ਪੈਦਾ ਹੋਣ ਦੇ ਬਾਵਜੂਦ, ਸਮਾਜਕ ਯਥਾਰਥ ਦੇ ਸੱਚੇ ਚਿੱਤਰਣ ਪ੍ਰਤੀ ਇੱਕ ਸੱਚੇ ਕਲਾਕਾਰ ਦੀ ਇਮਾਨਦਾਰੀ ਕਾਰਨ, ਉਸ ਤੋਂ ਅੰਦਰੂਨੀ ਦੂਰੀ ਬਣਾਉਂਦੀਆਂ ਹਨ ਅਤੇ ਸਮਾਜਕ ਯਥਾਰਥ ਨੂੰ ਵੀ ਕਿਸੇ ਨਾ ਕਿਸੇ ਹੱਦ ਤੱਕ ਉਜਾਗਰ ਕਰਦੀਆਂ ਹਨ ਅਤੇ ਇਸ ਪ੍ਰਕਿਰਿਆ ਵਿੱਚ ਖ਼ੁਦ ਕਲਾਕਾਰ ਦੀ ਵਿਚਾਰਧਾਰਾ ਤੋਂ ਵੀ ਕਿਸੇ ਨਾ ਕਿਸੇ ਹੱਦ ਤੱਕ ਪਰਦਾ ਹਟਾ ਦਿੰਦੀਆਂ ਹਨ। ਇਸ ਬਾਰੇ ਹੋਰ ਬਿਹਤਰ ਢੰਗ ਨਾਲ਼ ਅਤੇ ਵਿਸਥਾਰ ਵਿੱਚ ਸਮਝਣ ਲਈ ਤੁਸੀਂ ਨਿਮਨ ਲਿੰਕ ‘ਤੇ ਜਾ ਕੇ ਜਾਂ ਹੇਠ ਦਿੱਤੇ ‘ਕਿਊਆਰ ਕੋਡ’ ਨੂੰ ਸਕੈਨ ਕਰਕੇ ਇਸ ਲੈਕਚਰ ਨੂੰ ਸੁਣ ਸਕਦੇ ਹੋ:

ਕਲਾ ਦੀ ਰਾਜਨੀਤੀ ਅਤੇ ਵਿਚਾਰਧਾਰਾ ਤੋਂ ਸਾਪੇਖਕ ਖ਼ੁਦਮੁਖਤਿਆਰੀ ਨੂੰ ਸਮਝਣ ਦਾ ਸਵਾਲ ਅਸਲ ਵਿੱਚ ਆਰਥਕ ਅਧਾਰ ਤੋਂ ਉੱਚ-ਉਸਾਰ ਦੀ ਸਾਪੇਖਕ ਖ਼ੁਦਮੁਖਤਿਆਰੀ ਨੂੰ ਸਮਝਣ ਅਤੇ, ਉਸ ਤੋਂ ਅੱਗੇ, ਵਿਚਾਰਧਾਰਕ ਉੱਚ-ਉਸਾਰ ਦੀ ਸਿਆਸੀ ਉੱਚ-ਉਸਾਰ ਤੋਂ ਸਾਪੇਖਕ ਖ਼ੁਦਮੁਖਤਿਆਰੀ ਨੂੰ ਸਮਝਣ ਦਾ ਸਵਾਲ ਹੈ। ਇਹ ਗੱਲ ‘ਪ੍ਰਤੀਬੱਧ ’ ਦੇ ਸੰਪਾਦਕ ਦੇ ਪੱਲੇ ਨਹੀਂ ਪਈ ਹੈ।
ਸੁਰਜੀਤ ਪਾਤਰ ਦੇ ਖ਼ਾਸ ਮਾਮਲੇ ਵਿੱਚ ਵੀ ਇੱਕ ਕਵੀ ਵਜੋਂ ਉਸ ਦਾ ਮੁਲਾਂਕਣ ਸਿਰਫ਼ ਇਸ ਤੱਥ ‘ਤੇ ਅਧਾਰਤ ਨਹੀਂ ਹੋ ਸਕਦਾ ਕਿ ਉਹ ਇਨਕਲਾਬੀ ਅਭਿਆਸ ਵਿੱਚ ਰੁੱਝਿਆ ਨਹੀਂ ਸੀ, ਜਾਂ ਉਹ ਬੁਰਜੁਆ ਸਰਕਾਰਾਂ ਤੋਂ ਪੁਰਸਕਾਰ ਲੈਂਦਾ ਸੀ ਜਾਂ ਉਹਨਾਂ ਦੀਆਂ ਸਟੇਜਾਂ ‘ਤੇ ਜਾਂਦਾ ਸੀ, ਜਾਂ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਮਜ਼ਦੂਰਾਂ ਦਾ ਚਿਤਰਣ ਨਹੀਂ ਕੀਤਾ ਜਾਂ ਘੱਟ ਕੀਤਾ।
ਜੇਕਰ ਇਹੋ ਕਿਸੇ ਕਲਾਕਾਰ ਅਤੇ ਉਸ ਦੇ ਕਲਾ-ਕਰਮ ਦੇ ਅਗਾਂਹਵਧੂ ਜਾਂ ਪਿਛਾਖੜੀ, ਇਨਕਲਾਬੀ ਜਾਂ ਗ਼ੈਰ-ਇਨਕਲਾਬੀ ਹੋਣ ਦਾ ਪੈਮਾਨਾ ਹੈ, ਜਿਵੇਂ ਕਿ ‘ਪ੍ਰਤੀਬੱਧ’ ਦੇ ਸੰਪਾਦਕ ਦਾ ਵਿਚਾਰ ਲੱਗਦਾ ਹੈ, ਅਤੇ ਜਿਸ ਨੂੰ ਉਸ ਨੇ ਲੋਰਕਾ ਦੇ ਹਵਾਲੇ ਨੂੰ ਤੋੜ-ਮਰੋੜ ਕੇ ਸਾਬਤ ਕਰਨ ਦੀ ਕੋਸ਼ਸ਼ ਕੀਤੀ ਹੈ ਤਾਂ ਕਮਿਊਨਿਸਟ ਪਾਰਟੀ ਦੇ ਕਾਰਡ ਹੋਲਡਰ ਸਾਹਿਤਕਾਰਾਂ (ਜਿਨ੍ਹਾਂ ਵਿੱਚੋਂ ਕਈ ਦੂਜੇ ਦਰਜੇ ਦੇ ਕਲਾਕਾਰ ਹੀ ਮੰਨੇ ਜਾ ਸਕਦੇ ਹਨ!) ਤੋਂ ਇਲਾਵਾ ਸਾਰੇ ਸਾਹਿਤਕਾਰ ਪਿਛਾਖੜੀ , ਗ਼ੈਰ-ਇਨਕਲਾਬੀ, ਇੱਥੋਂ ਤੱਕ ਕਿ ਇਨਕਲਾਬ-ਵਿਰੋਧੀ ਹੋ ਨਿੱਬੜਨਗੇ! ਫ਼ਿਲਹਾਲ ਸੁਰਜੀਤ ਪਾਤਰ ਦੀ ਸਾਹਿਤਕ ਰਚਨਾ ਦੇ ਮਾਰਕਸਵਾਦੀ ਵਿਸ਼ਲੇਸ਼ਣ ਦਾ ਕੰਮ ਪੰਜਾਬ ਦੇ ਕਾਮਰੇਡ ਮੇਰੇ ਨਾਲ਼ੋਂ ਬਿਹਤਰ ਕਰ ਸਕਦੇ ਹਨ, ਇਸ ਲਈ ਉਸ ਵਿਸ਼ੇ ‘ਤੇ ਫ਼ਿਲਹਾਲ ਮੇਰਾ ਕੁਝ ਕਹਿਣਾ ਸਹੀ ਨਹੀਂ ਹੋਵੇਗਾ। ਇਸ ਬਾਰੇ ਸੰਭਵ ਤੌਰ ‘ਤੇ ਭਵਿੱਖ ਵਿੱਚ। ਪਰ ਕਲਾ, ਕਲਾਕਾਰ, ਸਿਆਸਤ ਅਤੇ ਵਿਚਾਰਧਾਰਾ ਦੇ ਆਪਸੀ ਸੰਬੰਧਾਂ ਬਾਰੇ ਜਿਹੜੀ ਗੱਲ ਆਮ ਤੌਰ ‘ਤੇ ‘ਪ੍ਰਤੀਬੱਧ’ ਸਿੱਧ ਕਰਨ ਦੀ ਕੋਸ਼ਸ਼ ਕਰ ਰਿਹਾ ਹੈ, ਤਾਂ ਜੋ ਉਹ ‘ਸੁਰਖ਼ ਲੀਹ’ ਦੁਆਰਾ ਕੀਤੀ ਗਈ ਆਲੋਚਨਾ ਦਾ ਜਵਾਬ ਦੇ ਸਕੇ, ਜੋ ਕਿ ਔਖਾ ਹੀ ਜਾਪਦਾ ਹੈ, ਉਹ ਸਿਰੇ ਦੀ ਗ਼ੈਰ-ਮਾਰਕਸਵਾਦੀ, ਮੂਰਖਤਾਪੂਰਨ ਅਤੇ ਅਗਿਆਨਤਾਪੂਰਨ ਹੈ। ਅਤੇ ਇੱਕ ਮਾਰਕਸਵਾਦੀ ਹੋਣ ਦੇ ਨਾਤੇ ਹਰ ਮਾਰਕਸਵਾਦੀ ਦਾ ਫ਼ਰਜ਼ ਬਣਦਾ ਹੈ ਕਿ ਉਹ ਇਸ ਵਿਗਾੜ ਦਾ ਜਵਾਬ ਦੇਵੇ।