‘ਮਜ਼ਦੂਰ ਬਿਗਲ’ – ਤੁਹਾਡੇ ਦਰਮਿਆਨ ਕਿਉਂ ?
ਸਾਥੀਓ! ਅੱਜ ਦੇ ਇਸ ਚੁਣੌਤੀਆਂ ਭਰੇ ਦੌਰ ਵਿੱਚ ਅਸੀਂ ਤੁਹਾਡੇ ਕੋਲ਼ ‘ਮਜ਼ਦੂਰ ਬਿਗਲ’ ਦਾ ਪਹਿਲਾ ਅੰਕ ਲੈ ਕੇ ਹਾਜ਼ਰ ਹੋਏ ਹਾਂ। ਅਸੀਂ ਸਮਝਦੇ ਹਾਂ ਕਿ ਅੱਜ ਮਜ਼ਦੂਰਾਂ ਦੇ ਇੱਕ ਇਨਕਲਾਬੀ ਅਖ਼ਬਾਰ ਦੀ ਲੋੜ ਹੈ। ਅੱਜ ਮੁੱਖਧਾਰਾ ਦੇ ਸਾਰੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ‘ਤੇ ਸਰਮਾਏਦਾਰ ਜਮਾਤ ਦਾ ਕਬਜ਼ਾ ਹੈ। ਇਹਨਾਂ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਨੂੰ ਜਾਂ ਤਾਂ ਦੇਸੀ-ਵਿਦੇਸ਼ੀ ਸਰਮਾਏਦਾਰ ਘਰਾਣਿਆਂ ਦੁਆਰਾ ਚਲਾਇਆ ਜਾ ਰਿਹਾ ਹੈ ਜਾਂ ਫਿਰ ਸਰਕਾਰ ਦੁਆਰਾ, ਜਿਹੜੀ ਕਿ ਦੇਸ਼ ਦੀ ਸਰਮਾਏਦਾਰ ਜਮਾਤ ਦੇ ਨੁਮਾਇੰਦੇ ਦੇ ਰੂਪ ਵਿੱਚ ਹੀ ਕੰਮ ਕਰਦੀ ਹੈ। ਜਿਨ੍ਹਾਂ ਅਖ਼ਬਾਰਾਂ ਅਤੇ ਚੈਨਲਾਂ ਦੀ ਮਾਲਕੀ ਸਿੱਧੇ ਤੌਰ ‘ਤੇ ਕਿਸੇ ਵੱਡੇ ਸਨਅਤੀ ਘਰਾਣੇ ਕੋਲ਼ ਨਹੀਂ ਹੈ, ਉਹ ਅਖ਼ਬਾਰ ਤੇ ਚੈਨਲ ਵੀ ਕੰਪਨੀਆਂ ਦੁਆਰਾ ਦਿੱਤੇ ਜਾਂਦੇ ਵਿਗਿਆਪਨਾਂ ਸਹਾਰੇ ਹੀ ਚਲਦੇ ਹਨ। ਛੋਟ ਵਜੋਂ ਜੋ ਅਖ਼ਬਾਰ-ਟੀਵੀ ਚੈਨਲ ਵਿਗਿਆਪਨਾਂ ਦਾ ਸਹਾਰਾ ਨਹੀਂ ਵੀ ਲੈਂਦੇ ਅਤੇ ਅਪਣੇ ਆਪ ਨੂੰ “ਨਿਰਪੱਖ” ਹੋਣ ਦਾ ਦਮ ਭਰਦੇ ਹਨ ਉਹ ਵੀ ਮਾਲਕ ਜਮਾਤ ਦਾ ਪੱਖ ਪੂਰਦੇ ਹਨ ਅਤੇ ਉਹਨਾਂ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਬੁਰਜੁਆ ਮੀਡੀਆ ਦੁਆਰਾ ਕਦੇ ਵੀ ਕਿਰਤੀ ਜਮਾਤ ਦੇ ਜੀਵਨ, ਉਹਨਾਂ ਦੀਆਂ ਦੁੱਖ-ਤਕਲੀਫਾਂ ਅਤੇ ਸਮੱਸਿਆਵਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਇਹਨਾਂ ਅਖ਼ਬਾਰਾਂ ਦੇ ਨਜ਼ਰੀਏ ਤੋਂ ਸਰਮਾਏਦਾਰ ਜਮਾਤ ਨੂੰ ਹਮੇਸ਼ਾ ਸਹੀ ਅਤੇ ਮਜ਼ਦੂਰ ਜਮਾਤ ਨੂੰ ਹਮੇਸ਼ਾ ਗ਼ਲਤ ਠਹਿਰਾਇਆ ਜਾਂਦਾ ਹੈ। ਜੇਕਰ ਮਜ਼ਦੂਰ ਆਪਣੇ ਹੱਕ-ਅਧਿਕਾਰਾਂ ਲਈ ਅਵਾਜ਼ ਉਠਾਉਂਦੇ ਹਨ ਜਾਂ ਹੜਤਾਲ ਕਰਦੇ ਹਨ ਤਾਂ ਇਹ ਅਖ਼ਬਾਰ/ਚੈਨਲ ਉਹਨਾਂ ‘ਤੇ ਗ਼ੈਰ-ਸਮਾਜਕ ਤੱਤ, ਫ਼ਸਾਦੀ ਅਤੇ ਅਰਾਜਕਤਾਵਾਦੀ ਹੋਣ ਦਾ ਠੱਪਾ ਲਾ ਦਿੰਦੇ ਹਨ। ਜੇਕਰ ਮਜ਼ਦੂਰ ਆਪਣੀ ਮਜ਼ਦੂਰੀ ਦੀ ਮੰਗ ਉਠਾਉਂਦੇ ਹਨ, ਅੱਠ ਘੰਟੇ ਦੀ ਕੰਮ-ਦਿਹਾੜੀ ਦੀ ਗੱਲ ਕਰਦੇ ਹਨ, ਦੇਸ਼ ਦੀ ਅਖੌਤੀ ਤਰੱਕੀ ਲਈ ਆਪਣਾ ਢਿੱਡ ਬੰਨ੍ਹ ਕੇ ਭੁੱਖੇ ਸੌਂਣ ਨੂੰ ਤਿਆਰ ਨਹੀਂ ਹਨ, ਤਾਂ ਇਹ ਮੀਡੀਆ ਉਹਨਾਂ ਨੂੰ “ਦੇਸ਼-ਵਿਰੋਧੀ” ਅਤੇ ਵਿਕਾਸ ਦੇ ਰਾਹ ਵਿੱਚ ਰੋੜਾ ਗਰਦਾਨ ਦਿੰਦਾ ਹੈ! ਇਸ ਸਭ ਦੇ ਬਾਵਜੂਦ ਅਸੀਂ ਸਰਮਾਏਦਾਰਾ ਅਖ਼ਬਾਰਾਂ-ਚੈਨਲਾਂ ਨੂੰ ਪੜ੍ਹਨ-ਦੇਖਣ ਲਈ ਮਜ਼ਬੂਰ ਹਾਂ ਕਿਉਂਕਿ ਕੋਈ ਵੀ ਜਾਗਰੂਕ ਅਤੇ ਚਿੰਤਨਸ਼ੀਲ ਵਿਅਕਤੀ ਦੇਸ਼-ਦੁਨੀਆਂ ਦੇ ਹਲਾਤਾਂ ਨੂੰ ਜਾਣਨਾ-ਸਮਝਣਾ ਚਾਹੁੰਦਾ ਹੈ। ਪਰ ਸਰਮਾਏਦਾਰਾ ਮੀਡੀਆ ਦੁਆਰਾ ਸਹੀ ਜਾਣਕਾਰੀ ਨੂੰ ਆਮ ਲੋਕਾਂ ਤੋਂ ਛੁਪਾਇਆ ਜਾਂਦਾ ਹੈ ਜਾਂ ਇਸ ਢੰਗ ਨਾਲ਼ ਪੇਸ਼ ਕੀਤਾ ਜਾਂਦਾ ਹੈ ਕਿ ਲੁੱਟ-ਚੋਂਘ ‘ਤੇ ਟਿਕੇ ਇਸ ਸਰਮਾਏਦਾਰਾ ਪ੍ਰਬੰਧ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਪੱਕਾ ਹੋਵੇ। ਸਰਮਾਏਦਾਰਾ ਮੀਡੀਆ ਦੁਆਰਾ ਮਿਹਨਤਕਸ਼ ਅਬਾਦੀ ਨੂੰ ਆਪਣੀ ਹੀ ਜਮਾਤ ਦੇ ਲੋਕਾਂ ਨਾਲ਼ ਨਫ਼ਰਤ ਕਰਨੀ ਅਤੇ ਦੁਸ਼ਮਣ ਜਮਾਤ ਪ੍ਰਤੀ ਹਮਦਰਦੀ ਰੱਖਣੀ ਸਿਖਾਈ ਜਾਂਦੀ ਹੈ। ਇਸ ਦੁਆਰਾ ਘਟਨਾਵਾਂ ਨੂੰ ਇਸ ਤਰ੍ਹਾਂ ਪੇਸ਼ ਕੀਤੇ ਜਾਂਦਾ ਹੈ ਜਿਸ ਨਾਲ਼ ਲੁਟੇਰੀ ਜਮਾਤ ਨੂੰ ਫ਼ਾਇਦਾ ਹੋਵੇ ਅਤੇ ਮਜ਼ਦੂਰ ਜਮਾਤ ਨੂੰ ਖੋਰਾ ਲੱਗੇ। ਸਾਫ਼ ਜਿਹੀ ਗੱਲ ਹੈ ਕਿ ਅਸੀਂ ਮਾਲਕ ਜਮਾਤ ਦੀ ਸੇਵਾ ਕਰਨ ਵਾਲ਼ੇ ਅਖ਼ਬਾਰਾਂ, ਚੈਨਲਾਂ ਆਦਿ ਤੋਂ ਨਿਆਂ ਅਤੇ ਮਿਹਨਤਕਸ਼ ਅਬਾਦੀ ਪ੍ਰਤੀ ਇਮਾਨਦਾਰੀ ਦੀ ਉਮੀਦ ਨਹੀਂ ਰੱਖ ਸਕਦੇ। ਇਹ ਪਹਿਲਾ ਅਤੇ ਸਭ ਤੋਂ ਸੌਖੀ ਤਰ੍ਹਾਂ ਸਮਝ ਆ ਜਾਣ ਵਾਲ਼ਾ ਕਾਰਨ ਹੈ ਕਿ ਮਜ਼ਦੂਰ ਜਮਾਤ ਦਾ ਆਪਣਾ ਅਖ਼ਬਾਰ ਕਿਉਂ ਹੋਣਾ ਚਾਹੀਦਾ ਹੈ। ਪਰ ਸਿਰਫ਼ ਮਜ਼ਦੂਰ ਜਮਾਤੀ ਨਜ਼ਰੀਏ ਤੋਂ ਦੇਸ਼ ਅਤੇ ਦੁਨੀਆਂ ਦੀਆਂ ਘਟਨਾਵਾਂ ਬਾਰੇ ਜਾਣ ਲੈਣਾ ਹੀ ਕਾਫ਼ੀ ਨਹੀਂ ਹੁੰਦਾ ਕਿਉਂਕਿ ‘ਸਵਾਲ ਸਿਰਫ਼ ਦੁਨੀਆਂ ਨੂੰ ਜਾਨਣ ਦਾ ਨਹੀਂ ਹੈ, ਸਗੋਂ ਇਸ ਨੂੰ ਬਦਲਣ ਦਾ ਹੈ’।

ਆਰਥਕ ਸੰਕਟ ਅਤੇ ਮਜ਼ਦੂਰ ਅੰਦੋਲਨ
ਅਸੀਂ ਇੱਕ ਸਰਮਾਏਦਾਰਾ ਸਮਾਜ ਵਿੱਚ ਰਹਿ ਰਹੇ ਹਾਂ ਜੋ ਕਿ ਨਿੱਜੀ ਮਾਲਕੀ ‘ਤੇ ਅਧਾਰਿਤ ਹੁੰਦਾ ਹੈ। ਇਸ ਦੇ ਕੇਂਦਰ ਵਿੱਚ ਮਾਲਕ ਜਮਾਤ ਦਾ ਮੁਨਾਫ਼ਾ ਹੁੰਦਾ ਹੈ। ਇਸ ਪ੍ਰਬੰਧ ਵਿੱਚ, ਪੈਦਾਵਾਰ ਦਾ ਚਰਿੱਤਰ ਸਮਾਜਕ ਹੁੰਦਾ ਹੈ ਪਰ ਮਾਲਕੀ ਦਾ ਚਰਿੱਤਰ ਵਿਅਕਤੀਗਤ ਜਾਂ ਨਿੱਜੀ ਹੁੰਦਾ ਹੈ। ਸਰਮਾਏਦਾਰਾ ਪੈਦਾਵਾਰ ਦੇ ਦੌਰਾਨ ਸਮਾਜ ਦੀਆਂ ਵੱਖ-ਵੱਖ ਜਮਾਤਾਂ ਦੀਆਂ ਲੋੜਾਂ ਦਾ ਕੋਈ ਵਿਆਪਕ ਮੁਲਾਂਕਣ ਨਹੀਂ ਕੀਤਾ ਜਾਂਦਾ। ਬਜ਼ਾਰ ਵਿੱਚ ਮੰਗ ਦੇ ਮੋਟੇ-ਮੋਟੇ ਮੁਲਾਂਕਣ ਦੇ ਅਧਾਰ ‘ਤੇ, ਹਰ ਸਰਮਾਏਦਾਰ ਨਿੱਜੀ ਤੌਰ ‘ਤੇ ਫੈਸਲਾ ਕਰਦਾ ਹੈ ਕਿ ਉਸਨੇ ਕੀ ਪੈਦਾ ਕਰਨਾ ਹੈ ਅਤੇ ਕਿੰਨਾ ਪੈਦਾ ਕਰਨਾ ਹੈ। ਇਹ ਮੁਲਾਂਕਣ ਸਮੁੱਚੀ ਸਰਮਾਏਦਾਰ ਜਮਾਤ ਵੱਲੋਂ ਇਕੱਠੇ ਹੋ ਕੇ ਕਿਸੇ ਯੋਜਨਾਬੱਧ ਢੰਗ ਨਾਲ਼ ਨਹੀਂ ਕੀਤਾ ਜਾਂਦਾ। ਇਸ ਲਈ ਪੈਦਾਵਾਰ ਦੇ ਖੇਤਰ ਵਿੱਚ ਅਰਾਜਕਤਾ ਮੱਚੀ ਰਹਿੰਦੀ ਹੈ। ਸਮਾਜਕ ਲੋੜਾਂ ਦਾ ਯੋਜਨਾਬੱਧ ਮੁਲਾਂਕਣ ਨਾ ਹੋਣ ਕਾਰਨ, ਕਦੇ ਕਿਸੇ ਵਸਤੂ ਦਾ ਉਤਪਾਦਨ ਫਾਇਦੇਮੰਦ ਹੋ ਜਾਂਦਾ ਹੈ ਤੇ ਕਦੇ ਕਿਸੇ ਹੋਰ ਵਸਤੂ ਦਾ। ਇਸ ਲਈ ਵਸਤੂਆਂ ਅਤੇ ਸੇਵਾਵਾਂ ਦੀ ਮੰਗ ਅਤੇ ਪੂਰਤੀ ਅਰਾਜਕ ਰਹਿੰਦੀ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਪੂੰਜੀ ਕੁਦਰਤੀ ਤੌਰ ‘ਤੇ ਘੱਟ ਮੁਨਾਫ਼ੇ ਵਾਲ਼ੇ ਖੇਤਰਾਂ ਤੋਂ ਵੱਧ ਮੁਨਾਫ਼ੇ ਵਾਲੇ ਖੇਤਰਾਂ ਵਿੱਚ ਸ਼ਿਫਟ ਹੁੰਦੀ ਰਹਿੰਦੀ ਹੈ। ਮੁਨਾਫ਼ੇ ਦੀ ਅੰਨ੍ਹੀ ਹਵਸ ਵਿੱਚ ਪੂੰਜੀ ਕਦੇ ਇਸ ਖੇਤਰ ਵੱਲ ਤੇ ਕਦੇ ਉਸ ਖੇਤਰ ਵੱਲ ਭੱਜਦੀ ਰਹਿੰਦੀ ਹੈ। ਪੂੰਜੀ ਦੀ ਆਵਾਜਾਈ ਦੀ ਇਹ ਪ੍ਰਕਿਰਿਆ ਸੁਣਨ ਨੂੰ ਤਾਂ ਆਮ ਜਿਹੀ ਗੱਲ ਲੱਗਦੀ ਹੈ ਪਰ ਅਸਲ ਵਿਚ ਇਹ ਲੋਕਾਂ ਦੇ ਜੀਵਨ ਵਿਚ ਭਾਰੀ ਉਥਲ-ਪੁਥਲ ਲਿਆਉਂਦੀ ਹੈ। ਪੂੰਜੀ ਦੀ ਗ਼ੈਰ-ਯੋਜਨਾਬੱਧ ਹਫੜਾ-ਦਫੜੀ ਕਾਰਨ ਲੱਖਾਂ-ਕਰੋੜਾਂ ਮਜ਼ਦੂਰ ਅਪਣਾ ਰੁਜ਼ਗਾਰ ਗੁਆਉਂਦੇ ਰਹਿੰਦੇ ਹਨ ਅਤੇ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਂਦੇ ਹਨ।
ਸਰਮਾਏਦਾਰਾ ਪ੍ਰਬੰਧ ਦੀ ਮੂਲ ਵਿਰੋਧਾਤਾਈ ਪੈਦਾਵਾਰ ਦਾ ਵੱਧ ਤੋਂ ਵੱਧ ਸਮਾਜਕ ਹੁੰਦੇ ਜਾਣਾ ਅਤੇ ਮਾਲਕੀ ਦਾ ਨਿੱਜੀ ਹੱਥਾਂ ਵਿੱਚ ਕੇਂਦਰਤ ਹੁੰਦੇ ਜਾਣਾ ਹੈ। ਮੰਡੀ ਵਿੱਚ ਹੋ ਰਹੇ ਗਲ-ਵੱਢ ਮੁਕਾਬਲੇ ਵਿੱਚ ਸਿਰਫ਼ ਉਹੀ ਸਰਮਾਏਦਾਰ ਟਿਕ ਸਕਦੇ ਹਨ ਜੋ ਆਪਣਾ ਮਾਲ ਸਸਤੇ ਭਾਅ ’ਤੇ ਵੇਚ ਸਕਦੇ ਹਨ। ਇਸ ਲਈ ਹਰ ਸਰਮਾਏਦਾਰ ਆਪਣੀ ਪੈਦਾਵਾਰ ਦੀ ਲਾਗਤ ਨੂੰ ਘਟਾਉਣ ਦੀ ਕੋਸ਼ਸ਼ ਕਰਦਾ ਹੈ। ਸਰਮਾਏਦਾਰ ਦੇ ਮੁਨਾਫ਼ੇ ਦਾ ਸਰੋਤ ਮਜ਼ਦੂਰ ਦੀ ਕਿਰਤ ਸ਼ਕਤੀ ਦੁਆਰਾ ਪੈਦਾ ਕੀਤੀ ਵਾਫ਼ਰ ਕਦਰ ਹੀ ਹੈ। ਮਾਲਕ ਤੋਂ ਮਿਲ਼ਣ ਵਾਲ਼ੀ ਮਜ਼ਦੂਰੀ ਦਾ ਭੁਗਤਾਨ ਤਾਂ ਮਜ਼ਦੂਰ ਆਪਣੇ ‘ਜ਼ਰੂਰੀ ਕਿਰਤ ਸਮੇਂ’ ਦੇ ਦੌਰਾਨ ਹੀ ਮਾਲਕ ਨੂੰ ਕਰ ਚੁੱਕਿਆ ਹੁੰਦਾ ਹੈ ਅਤੇ ਉਸਦਾ ‘ਵਾਧੂ ਕਿਰਤ ਸਮਾਂ’ ਵਾਫ਼ਰ ਕਦਰ ਪੈਦਾ ਕਰਦਾ ਹੈ। ਮਾਲਕ ਹਰ ਕੀਮਤ ‘ਤੇ ਇਸ ਵਾਫ਼ਰ ਕਦਰ ਨੂੰ ਵਧਾਉਣਾ ਚਾਹੁੰਦਾ ਹੈ। ਇਸ ਲਈ ਉਹ ਦੋ ਤਰੀਕੇ ਅਪਣਾਉਂਦਾ ਹੈ। ਪਹਿਲਾ, ਮਜ਼ਦੂਰ ਦੇ ਕੰਮ ਦੇ ਘੰਟੇ ਵਧਾ ਕੇ ਜਾਂ ਕਿਰਤ ਦੀ ਸੰਘਣਤਾ ਨੂੰ ਵਧਾ ਕੇ ਅਤੇ ਦੂਜਾ, ਵਧੇਰੇ ਉੱਨਤ ਮਸ਼ੀਨਾਂ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਦੀ ਵਰਤੋਂ ਨਾਲ਼ ਉਤਪਾਦਕਤਾ ਵਧਾਕੇ (ਪੂਰੇ ਸਮਾਜਕ ਪੱਧਰ ‘ਤੇ) ਅਤੇ ਉਤਪਾਦਨ ਦੇ ਪੈਮਾਨੇ ਨੂੰ ਉੱਚੇ ਪੱਧਰ (Large-scale) ‘ਤੇ ਲਿਜਾ ਕੇ। ਮੰਡੀ ਵਿੱਚ ਮੁਕਾਬਲੇਬਾਜੀ ਕਾਰਨ ਕੋਈ ਸਰਮਾਏਦਾਰ ਆਪਣਾ ਮਾਲ ਤਾਂ ਹੀ ਵੱਧ ਵੇਚ ਸਕਦਾ ਹੈ ਜੇਕਰ ਉਸਦਾ ਮਾਲ ਦੂਸਰੇ ਦੇ ਮੁਕਾਬਲੇ ਸਸਤਾ ਹੋਵੇਗਾ। ਇਸ ਲਈ, ਉਹ ਉੱਨਤ ਮਸ਼ੀਨਾਂ ‘ਤੇ ਨਿਵੇਸ਼ ਨੂੰ ਸਾਪੇਖਿਕ ਰੂਪ ਵਿੱਚ ਵਧਾਉਂਦਾ ਹੈ ਅਤੇ ਇਸਦੇ ਮੁਕਾਬਲਤਨ ‘ਕਿਰਤ ਸ਼ਕਤੀ’ ਖਰੀਦਣ ਲਈ ਨਿਵੇਸ਼ ਸਾਪੇਖਿਕ ਰੂਪ ਵਿੱਚ ਘਟਾਉਂਦਾ ਹੈ। ਪਰ ਕਿਉਂਕਿ ਪੈਦਾਵਾਰ ਵਿੱਚ ਲੱਗੀ ਕਿਰਤ ਸ਼ਕਤੀ ਨਾਲ਼ ਹੀ ਨਵਾਂ ਮੁੱਲ ਸਿਰਜਿਆ ਜਾ ਸਕਦਾ ਹੈ। ਜੇਕਰ ਪੈਦਾਵਾਰ ਵਿੱਚ ਲੱਗੀ ਪੂੰਜੀ ਦੀ ਬਣਤਰ ਵਿੱਚ, ਕਿਰਤ ਸ਼ਕਤੀ ਮੁਕਾਬਲਤਨ ਘਟੇਗੀ ਅਤੇ ਮਰੀ ਹੋਈ ਕਿਰਤ ਅਰਥਾਤ ਮਸ਼ੀਨਾਂ ਆਦਿ ਮੁਕਾਬਲਤਨ ਵਧਣਗੀਆਂ ਤਾਂ ਉਸਦਾ ਕੁੱਲ ਮੁਨਾਫ਼ਾ ਇੱਕ ਸਮੇਂ ਲਈ ਤਾਂ ਵਧ ਸਕਦਾ ਹੈ, ਪਰ ਕੁੱਲ ਪੂੰਜੀ ਨਿਵੇਸ਼ ਅੰਤ ਵਿੱਚ ਉਸ ਤੋਂ ਵੀ ਤੇਜ਼ੀ ਨਾਲ਼ ਵਧੇਗਾ। ਇਸ ਨਾਲ਼ ਇੱਕ ਨਿਰਣਾਇਕ ਪ੍ਰਵਿਰਤੀ ਵਜੋਂ ਲੰਮੀ ਦੂਰੀ ਵਿੱਚ ਮੁਨਾਫ਼ੇ ਦੀ ਦਰ ਡਿੱਗੇਗੀ। ਇਹ ਹੀ ਸਰਮਾਏਦਾਰਾ ਪ੍ਰਬੰਧ ਵਿੱਚ ਆਰਥਕ ਸੰਕਟ ਦੀ ਜੜ੍ਹ ਹੈ। ਮੁਨਾਫ਼ੇ ਦੀ ਔਸਤ ਦਰ ਦੇ ਡਿੱਗਣ ਦਾ ਰੁਝਾਨ ਇੱਕ ਪਾਸੇ ਵਾਧੂ ਪੈਦਾਵਾਰ ਦੇ ਲੱਛਣ ਅਤੇ ਦੂਜੇ ਪਾਸੇ ਘੱਟ ਖਪਤ ਦੇ ਲੱਛਣ ਵਜੋਂ ਪ੍ਰਗਟ ਹੁੰਦਾ ਹੈ। ਕੁਝ ਅੰਤਰਾਲਾਂ ‘ਤੇ ਅਜਿਹਾ ਹੁੰਦਾ ਹੈ ਕਿ ਸਰਮਾਏਦਾਰਾ ਅਰਥਚਾਰੇ ਦੇ ਬਹੁਤੇ ਖੇਤਰ ਵਾਧੂ ਪੈਦਾਵਾਰ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਮੁੱਚੀ ਅਰਥ ਵਿਵਸਥਾ ਮੰਦੀ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਕਾਰਨ ਸਰਮਾਏਦਾਰ ਜਮਾਤ ਲਈ ਲਾਹੇਵੰਦ ਨਿਵੇਸ਼ ਦੀਆਂ ਸੰਭਾਵਨਾਵਾਂ ਘਟਦੀਆਂ ਹਨ, ਸਮਾਜ ਵਿੱਚ ਬੇਰੁਜ਼ਗਾਰੀ ਵਧਦੀ ਹੈ, ਵਿਆਪਕ ਕਿਰਤੀ ਲੋਕਾਂ ਦੀ ਖ਼ਰੀਦ ਸ਼ਕਤੀ ਘਟਦੀ ਹੈ, ਸਮਾਜਕ ਬੇਚੈਨੀ ਵਧਦੀ ਹੈ ਅਤੇ ਆਰਥਕ ਸੰਕਟ ਦੇ ਸਿਆਸੀ ਸੰਕਟ ਅਤੇ ਸਮਾਜਕ ਸੰਕਟ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।
ਸਮੁੱਚੇ ਮਨੁੱਖੀ ਸਮਾਜ ਦਾ ਇਤਿਹਾਸ ਸਾਨੂੰ ਦਿਖਾਉਂਦਾ ਹੈ ਕਿ ਪੈਦਾਵਾਰੀ ਸੰਬੰਧਾਂ ਅਤੇ ਪੈਦਾਵਾਰੀ ਸ਼ਕਤੀਆਂ ਵਿਚਲੀ ਵਿਰੋਧਤਾਈ ਸਮਾਜਕ ਵਿਕਾਸ ਦਾ ਮੂਲ ਕਾਰਕ ਹੈ। ਸਰਮਾਏਦਾਰਾ ਪ੍ਰਬੰਧ ਵਿੱਚ ਵੀ ਪੈਦਾਵਾਰੀ ਤਾਕਤਾਂ ਦਾ ਸਰਮਾਏਦਾਰਾ ਪੈਦਾਵਾਰੀ ਸੰਬੰਧਾਂ ਵਿੱਚ ਦਮ ਘੁਟਣ ਲੱਗਦਾ ਹੈ। ਸਮਾਜਕ ਪੈਦਾਵਾਰ ਅਤੇ ਨਿੱਜੀ ਮਾਲਕੀ ਦੇ ਵਿਚਕਾਰ ਇਹ ਵਿਰੋਧ ਆਪਣੇ ਆਪ ਨੂੰ ਮੁਨਾਫ਼ੇ ਦੀ ਔਸਤ ਦਰ ਦੇ ਡਿੱਗਣ ਦੇ ਲੰਬੇ ਸਮੇਂ ਦੇ ਰੁਝਾਨ ਅਤੇ ਇਸਦੇ ਪ੍ਰਤੀਨਿਧ ਲੱਛਣ, ਅਰਥਾਤ, ਵਾਧੂ ਪੈਦਾਵਾਰ ਦੇ ਸੰਕਟ ਵਿੱਚ ਪ੍ਰਗਟਾਉਂਦਾ ਹੈ। ਇਹ ਸਰਮਾਏਦਾਰਾ ਸੰਕਟ ਹੈ ਜੋ ਲਗਾਤਾਰ ਵੱਧ ਤੋਂ ਵੱਧ ਭਿਆਨਕ ਰੂਪਾਂ ਵਿੱਚ ਉਸ ਨੂੰ ਲਗਾਤਾਰ ਸਤਾਉਂਦਾ ਰਹਿੰਦਾ ਹੈ। ਸਰਮਾਏਦਾਰੀ ਲੱਖ ਚਾਹੁਣ ‘ਤੇ ਵੀ ਇਸ ਸੰਕਟ ਤੋਂ ਛੁਟਕਾਰਾ ਨਹੀਂ ਪਾ ਸਕਦੀ। ਇਸ ਆਰਥਕ ਸੰਕਟ ਨੂੰ ਇੱਕ ਯੋਜਨਾਬੱਧ ਅਤੇ ਮਨੁੱਖ-ਕੇਂਦਰਤ ਪ੍ਰਬੰਧ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਇਹ ਸਿਰਫ਼ ਕਿਰਤੀ ਲੋਕਾਂ ਦੁਆਰਾ ਪੈਦਾਵਾਰ ਦੇ ਸਾਧਨਾਂ ਅਤੇ ਸਮਾਜ ਦੇ ਸਮੁੱਚੇ ਢਾਂਚੇ ਦੀ ਸਾਂਝੀ ਮਾਲਕੀ ਰਾਹੀਂ ਹੀ ਸੰਭਵ ਹੈ। ਇਸ ਨਿਜ਼ਾਮ ਨੂੰ ਚਲਾਉਣ ਵਾਲ਼ੀ ਸਰਮਾਏਦਾਰ ਜਮਾਤ ਆਪਣੇ ਨਿੱਜੀ ਮੁਨਾਫ਼ਿਆਂ ਨੂੰ ਕਦੇ ਵੀ ਤਿਆਗ ਨਹੀਂ ਸਕਦੀ। ਇਸ ਲਈ ਸਰਮਾਏਦਾਰਾ ਢਾਂਚੇ ਨੂੰ ਸੁਧਾਰਿਆ ਨਹੀਂ ਜਾ ਸਕਦਾ, ਇਸਨੂੰ ਸਿਰਫ਼ ਤਬਾਹ ਕੀਤਾ ਜਾ ਸਕਦਾ ਹੈ। ਮਜ਼ਦੂਰ ਜਮਾਤ ਆਪਣੀ ਇਨਕਲਾਬੀ ਪਾਰਟੀ ਦੀ ਅਗਵਾਈ ਵਿੱਚ ਹੋਰ ਕਿਰਤੀ ਜਮਾਤਾਂ ਨੂੰ ਨਾਲ਼ ਲੈ ਕੇ ਇਨਕਲਾਬੀ ਸਿਧਾਂਤ ਦੀ ਰੌਸ਼ਨੀ ਵਿੱਚ ਇਸ ਸਰਮਾਏਦਾਰਾ ਪ੍ਰਬੰਧ ਨੂੰ ਉਖਾੜ ਸੁੱਟਦੀ ਹੈ। ਮੁਨਾਫ਼ੇਖੋਰ ਸਰਮਾਏਦਾਰਾ ਪ੍ਰਬੰਧ ਨੂੰ ਨਸ਼ਟ ਕਰਨ ਅਤੇ ਲੁੱਟ ਰਹਿਤ ਬਰਾਬਰਤਾ ਵਾਲ਼ੇ ਸਮਾਜ ਦੀ ਸਿਰਜਣਾ ਕਰਨ ਵਿੱਚ ਮਜ਼ਦੂਰ ਜਮਾਤ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਹ ਮਜ਼ਦੂਰ ਜਮਾਤ ਹੀ ਪੂੰਜੀਵਾਦੀ ਲੁੱਟ ਦੀ ਸਭ ਤੋਂ ਵੱਧ ਮਾਰ ਝੱਲਦੀ ਹੈ। ਸਰਮਾਏਦਾਰਾ ਪ੍ਰਬੰਧ ਵਿੱਚ ਮਜ਼ਦੂਰਾਂ ਕੋਲ਼ ‘ਆਪਣੀਆਂ ਜੰਜ਼ੀਰਾਂ ਤੋਂ ਸਿਵਾਏ ਗੁਆਉਣ ਲਈ ਕੁਝ ਨਹੀਂ ਹੈ ਅਤੇ ਹਾਸਲ ਕਰਨ ਲਈ ਸਾਰੀ ਦੁਨੀਆਂ ਹੁੰਦੀ ਹੈ’।
ਅੱਜ ਦੁਨੀਆਂ ਭਰ ਵਿੱਚ ਆਰਥਕ ਮੰਦੀ ਨੇ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਦੁਨੀਆਂ ਭਰ ਦੀਆਂ ਸਰਕਾਰਾਂ ਮਿਹਨਤਕਸ਼ ਅਬਾਦੀ ਦੇ ਲਹੂ ਅਤੇ ਪਸੀਨੇ ਨਾਲ਼ ਖੜ੍ਹੀ ਕੀਤੀ ਗਈ ਸੰਪਤੀ ਦੀ ਕੀਮਤ ਉੱਤੇ ਸਰਮਾਏਦਾਰ ਕੰਪਨੀਆਂ ਅਤੇ ਬੈਂਕਾਂ ਨੂੰ ਕੰਗਾਲ ਹੋਣ ਤੋਂ ਬਚਾਉਣ ਦਾ ਯਤਨ ਕਰ ਰਹੀਆਂ ਹਨ। ਇਹੋ ਕਾਰਨ ਹੈ ਕਿ ਦੁਨੀਆਂ ਭਰ ਦੀਆਂ ਸਰਕਾਰਾਂ ਸਰਮਾਏਦਾਰਾਂ ਨੂੰ ਸਬਸਿਡੀਆਂ, ਬੇਲਆਊਟ ਪੈਕੇਜ ਅਤੇ ਨਿਗੁਣੀਆਂ ਵਿਆਜ ਦਰਾਂ ‘ਤੇ ਭਾਰੀ ਕਰਜ਼ੇ ਦੇ ਕੇ ਜਨਤਕ ਸੇਵਾਵਾਂ ਵਿੱਚ ਲਗਾਤਾਰ ਕਟੌਤੀ ਕਰ ਰਹੀਆਂ ਹਨ। ਸਰਮਾਏਦਾਰਾ ਪ੍ਰਬੰਧ ਦੇ ਆਰਥਕ ਸੰਕਟ ਕਾਰਨ ਮਜ਼ਦੂਰਾਂ ਨੂੰ ਲਗਾਤਾਰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਜਾਂ ਉਹਨਾਂ ਦੀ ਛਾਂਟੀ ਕੀਤੀ ਜਾ ਰਹੀ ਹੈ, ਜਿਹੜੀਆਂ ਕੁਝ ਨਵੀਆਂ ਨੌਕਰੀਆਂ ਪੈਦਾ ਵੀ ਹੋ ਰਹੀਆਂ ਹਨ ਉੱਥੇ ਵੀ ਠੇਕੇਦਾਰੀ ਪ੍ਰਣਾਲੀ ਅਤੇ ਰੋਜ਼ਾਨਾ ਮਜ਼ਦੂਰੀ ਦੀ ਪ੍ਰਣਾਲੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਵੱਧਦੀ ਬੇਰੁਜ਼ਗਾਰੀ ਦੇ ਕਾਰਨ ਮਜ਼ਦੂਰਾਂ ਦੀ “ਰਿਜ਼ਰਵ ਫ਼ੌਜ” ਵਿੱਚ ਅਥਾਹ ਵਾਧਾ ਹੋ ਰਿਹਾ ਹੈ ਅਤੇ ਕੰਮ ਦੀਆਂ ਥਾਂਵਾਂ ‘ਤੇ ਉਹਨਾਂ ਨਾਲ਼ ਅਕਸਰ ਗੁਲਾਮਾਂ ਦੀ ਤਰ੍ਹਾਂ ਵਰਤਾਓ ਕੀਤਾ ਜਾਂਦਾ ਹੈ। ਬੁਰਜੁਆ ਮੀਡੀਆ ਚਾਹੇ ਕੁਝ ਵੀ ਕਹੇ ਪਰ ਮਿਹਨਤਕਸ਼ਾਂ ਨੂੰ ਪਤਾ ਹੈ ਕਿ ਜ਼ਮੀਨੀ ਹਾਲਤਾਂ ਕੀ ਹਨ।
ਦੇਸ਼ ਭਰ ਦੇ ਕਿਰਤੀ ਅਤੇ ਮਜ਼ਦੂਰ ਆਪਣੀ ਹਰ ਰੋਜ਼ ਦੀ ਵਿਗੜਦੀ ਜਾਂਦੀ ਹਾਲਤ ‘ਤੇ ਚੁੱਪ ਕਰਕੇ ਬੈਠੇ ਨਹੀਂ ਹਨ। ਮਰੂਤੀ, ਸੁਜੂਕੀ, ਹੁੰਡਾਈ, ਹੋਂਡਾ, ਸੈਮਸੰਗ ਜਿਹੀਆਂ ਵੱਡੀਆਂ ਕੰਪਨੀਆਂ ਦੇ ਮਜ਼ਦੂਰਾਂ ਤੋਂ ਲੈ ਕੇ ਦਿੱਲੀ ਵਿੱਚ ਬਦਾਮ ਮਜ਼ਦੂਰਾਂ ਤੱਕ, ਦੇਸ਼ ਭਰ ਵਿੱਚ ਠੇਕੇ ‘ਤੇ ਕੰਮ ਕਰ ਰਹੇ ਅਧਿਆਪਕਾਂ, ਰੋਡਵੇਜ, ਬਿਜਲੀ ਬੋਰਡ ਅਤੇ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਤੋਂ ਲੈ ਕੇ ਨਿਗੁਣੀਆਂ ਤਨਖ਼ਾਹਾਂ ‘ਤੇ ਖਪ ਰਹੀਆਂ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਤੱਕ ਅਤੇ ਦੇਸ਼ ਭਰ ਵਿੱਚ ਗ਼ੈਰ-ਰਸਮੀ ਖੇਤਰ ਦੇ ਮਜ਼ਦੂਰਾਂ ਤੱਕ, ਸਾਰੇ ਆਪਣੇ ਹੱਕ-ਅਧਿਕਾਰਾਂ ਲਈ ਸੜਕਾਂ ‘ਤੇ ਆ ਕੇ ਲੜ ਰਹੇ ਹਨ। ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆਂ ਵਿੱਚ ਮਿਹਨਤਕਸ਼ ਅਬਾਦੀ ਸਰਮਾਏਦਾਰਾ ਪ੍ਰਬੰਧ ਦੀ ਲੁੱਟ-ਚੋਂਘ ਦੇ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਹੈ। ਫ਼ਲਸਤੀਨੀ ਕੌਮੀ ਮੁਕਤੀ ਘੋਲ਼ ਤੋਂ ਲੈ ਕੇ ਇੰਗਲੈਂਡ, ਅਰਜਨਟੀਨਾ, ਬੰਗਲਾਦੇਸ਼, ਅਰਮੀਨੀਆ, ਸ਼੍ਰੀਲੰਕਾ, ਬ੍ਰਾਜ਼ੀਲ ਆਦਿ ਸਮੇਤ ਦੁਨੀਆਂ ਭਰ ਵਿੱਚ ਲੋਕ-ਘੋਲ਼ਾਂ ਦੇ ਅਖਾੜੇ ਭਖ਼ ਰਹੇ ਹਨ। ਪਰ ਸਿਰਫ਼ ਵਿਦਰੋਹ ਅਤੇ ਅੰਦੋਲਨ ਹੀ ਮੌਜੂਦਾ ਲੁੱਟ ‘ਤੇ ਟਿਕੇ ਪ੍ਰਬੰਧ ਦਾ ਬਦਲ ਨਹੀਂ ਬਣ ਸਕਦੇ ਹਨ। ਸ਼ੋਸ਼ਣ ‘ਤੇ ਟਿਕੇ ਪ੍ਰਬੰਧ ਦੇ ਬਦਲ ਲਈ ਇਨਕਲਾਬੀ ਵਿਚਾਰਧਾਰਾ ‘ਤੇ ਉੱਸਰੀ ਇੱਕ ਇਨਕਲਾਬੀ ਪਾਰਟੀ ਦੀ ਲੋੜ ਹੁੰਦੀ ਹੈ। ਅੰਦੋਲਨਾਂ, ਬਗਾਵਤਾਂ ਅਤੇ ਲੋਕ-ਰੋਹ ਦੇ ਬਲਬੂਤੇ ਇੱਕ ਸਰਮਾਏਦਾਰਾ ਸਰਕਾਰ ਨੂੰ ਦੂਜੀ ਸਰਮਾਏਦਾਰਾ ਸਰਕਾਰ ਨਾਲ਼ ਤਾਂ ਬਦਲਿਆ ਜਾ ਸਕਦਾ ਹੈ ਪਰ ਇਸ ਮਨੁੱਖ-ਦੋਖੀ ਪ੍ਰਬੰਧ ਨੂੰ ਨਹੀਂ ਬਦਲਿਆ ਜਾ ਸਕਦਾ। ਭਾਵ ਅਜਿਹੇ ਵਿਦਰੋਹ ਸਰਮਾਏਦਾਰਾ ਸਰਕਾਰ ਨੂੰ ਬਦਲ ਸਕਦੇ ਹਨ ਪਰ ਉਹ ਸਰਮਾਏਦਾਰਾ ਪ੍ਰਬੰਧ ਨੂੰ ਨਹੀਂ ਬਦਲ ਸਕਦੇ। ਦਹਾਕਾ ਪਹਿਲਾਂ ਹੋਏ ਅਰਬ ਲੋਕ-ਉਭਾਰ ਤੋਂ ਲੈਕੇ ਮੌਜੂਦਾ ਦੌਰ ਵਿੱਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਅਸੀਂ ਇਹ ਗੱਲ ਦੇਖ ਚੁੱਕੇ ਹਾਂ।
ਮਜ਼ਦੂਰ ਅੰਦੋਲਨ ਨੂੰ ਇਕਜੁੱਟ ਕਰਨ ਅਤੇ ਇੱਕ ਇਨਕਲਾਬੀ ਦਿਸ਼ਾ ਦੇਣ ਦੀ ਲੋੜ
ਇਹ ਸੱਚ ਹੈ ਕਿ ਇਹਨਾਂ ਲੋਕ-ਅੰਦੋਲਨਾਂ ਦੇ ਨਾਲ਼-ਨਾਲ਼ ਡੂੰਘੇ ਹੋਏ ਆਰਥਕ ਸੰਕਟ ਨੇ ਸਰਮਾਏਦਾਰੀ ਦੇ “ਸਮਾਜਵਾਦ ਦਾ ਅੰਤ” ਜਾਂ “ਸਰਮਾਏਦਾਰੀ ਦੀ ਫ਼ੈਸਲਾਕੁਨ ਜਿੱਤ” ਦੇ ਝੂਠੇ ਪ੍ਰਚਾਰ ਨੂੰ ਰੋਲ ਕੇ ਰੱਖ ਦਿੱਤਾ ਹੈ। ਅੱਜ ਸਰਮਾਏਦਾਰ ਜਮਾਤ ਦੇ ਚਾਕਰ ਬੁੱਧੀਜੀਵੀ ਵੀ ਇਸਨੂੰ “ਇਤਿਹਾਸ ਦਾ ਅੰਤ” ਆਖਣ ਦੀ ਹਿੰਮਤ ਨਹੀਂ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਸਰਮਾਏਦਾਰੀ ਨੂੰ “ਇਤਿਹਾਸ ਦਾ ਅੰਤ” ਐਲਾਨਿਆ ਸੀ, ਉਹ ਆਪਣੇ ਬਿਆਨਾਂ ਨੂੰ ਵਾਪਸ ਲੈਣ ਲਈ ਮਜਬੂਰ ਹੋਏ ਹਨ। 1990 ਵਿੱਚ ਜਦੋਂ ਸੋਵੀਅਤ ਸੰਘ ਦਾ ਨਕਲੀ ਸਮਾਜਵਾਦ ਢਹਿ-ਢੇਰੀ ਹੋ ਗਿਆ ਤਾਂ ਸਰਮਾਏਦਾਰੀ ਦੇ ਦਲਾਲਾਂ ਨੇ ਐਲਾਨ ਕੀਤਾ ਕਿ “ਮਜ਼ਦੂਰ ਜਮਾਤ ਦੀ ਵਿਚਾਰਧਾਰਾ ਦਾ ਅੰਤ ਹੋ ਗਿਆ ਹੈ”! ਪਰ ਜਿਵੇਂ-ਜਿਵੇਂ ਸਾਲ 2000 ਆਪਣੇ ਅੰਤ ਵੱਲ ਵਧਣ ਲੱਗਿਆ ਇਹਨਾਂ ਭਾੜੇ ਦੇ ਦਲਾਲਾਂ ਦੇ ਮੂੰਹ ਬੰਦ ਹੋ ਗਏ।
ਅੱਜ ਇੱਕ ਪਾਸੇ ਤਾਂ ਸਰਮਾਏਦਾਰ ਜਮਾਤ ਆਪਣੇ ਪਤਨ ਦੇ ਦੌਰ ਵਿੱਚ ਹੈ ਅਤੇ ਮਰਨ ਕੰਢੇ ਹੈ, ਪਰ ਦੂਜੇ ਪਾਸੇ ਲੋਕ-ਅੰਦੋਲਨ ਖਿੰਡੇ ਹੋਏ ਅਤੇ ਕਮਜ਼ੋਰ ਹਨ। ਉਹ ਆਪਣੀ ਵਿਚਾਰਧਾਰਕ ਕਮਜ਼ੋਰੀ, ਇਕਜੁੱਟਤਾ ਅਤੇ ਅਗਵਾਈ ਦੀ ਅਣਹੋਂਦ ਕਾਰਨ ਕੋਈ ਅਮਲੀ ਬਦਲ ਬਣਨ ਤੋਂ ਅਸਮਰਥ ਹਨ। ਅੱਜ ਨਕਲੀ ਲਾਲ ਝੰਡੇ ਵਾਲ਼ੀਆਂ ਭਾਕਪਾ, ਮਾਕਪਾ, ਭਾਕਪਾ (ਮਾਲੇ) ਲਿਬਰੇਸ਼ਨ ਜਿਹੀਆਂ ਸੋਧਵਾਦੀ ਪਾਰਟੀਆਂ ਜਿੱਥੇ ਸਰਮਾਏਦਾਰੀ ਦੀ ਦੂਜੀ ਸੁਰੱਖਿਆ ਲਾਈਨ ਦਾ ਕੰਮ ਕਰ ਰਹੀਆਂ ਹਨ, ਉੱਥੇ ਹੀ ਜਿਹੜੀਆਂ ਇਨਕਲਾਬੀ ਧਿਰਾਂ ਇਮਾਨਦਾਰੀ ਨਾਲ਼ ਸੰਘਰਸ਼ ਕਰ ਵੀ ਰਹੀਆਂ ਹਨ, ਉਹ ਆਪਣੀ ਵਿਚਾਰਧਾਰਕ ਕਮਜ਼ੋਰੀ ਕਾਰਨ ਵੀਹਵੀਂ ਸਦੀ ਦੇ ਮਜ਼ਦੂਰ ਇਨਕਲਾਬਾਂ ਦੇ ਹਾਂ-ਪੱਖੀ ਅਤੇ ਨਾ-ਪੱਖੀ ਪਹਿਲੂਆਂ ਤੋਂ ਅਣਜਾਣ ਹਨ। ਉਹ ਸਮਾਜਵਾਦ ਦੇ ਪਿਛਲੇ ਪ੍ਰਯੋਗਾਂ ਤੋਂ ਸਹੀ ਸਿੱਟੇ ਨਹੀਂ ਕੱਢ ਪਾਈਆਂ ਜਿਸ ਕਾਰਨ ਸਰਮਾਏਦਾਰੀ ਵਿਰੁੱਧ ਮਜ਼ਬੂਤ ਅਤੇ ਸਹੀ ਇਨਕਲਾਬੀ ਅੰਦੋਲਨ ਚਲਾਉਣ ਦੀ ਦਿਸ਼ਾ ਵਿੱਚ ਕੋਈ ਕਦਮ ਨਹੀਂ ਵਧਾ ਸਕੀਆਂ। ਇਸੇ ਕਾਰਨ ਦੇਸ਼ ਭਰ ਵਿੱਚ ਮਜ਼ਦੂਰ-ਮਿਹਨਤਕਸ਼ ਅਬਾਦੀ ਦੇ ਸੰਘਰਸ਼ ਖਿੰਡੇ ਹੋਏ ਹਨ।
ਅੱਜ ਇਹਨਾਂ ਸੰਘਰਸ਼ਸ਼ੀਲ ਤਬਕਿਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਸਾਡਾ ਸਾਰਿਆਂ ਦਾ ਇੱਕ ਹੀ ਦੁਸ਼ਮਣ ਹੈ – ਸਰਮਾਏਦਾਰਾ ਪ੍ਰਬੰਧ ਅਤੇ ਇਸ ਲਈ ਸਾਡੇ ਸੰਘਰਸ਼ ਵੀ ਇਕਜੁੱਟ ਹੋਣੇ ਚਾਹੀਦੇ ਹਨ। ਪਰ ਮੌਜੂਦਾ ਸਮੇਂ ਅਜਿਹੀ ਕੋਈ ਸਿਆਸੀ ਪਾਰਟੀ ਨਹੀਂ ਹੈ ਜਿਹੜੀ ਇਸ ਕੰਮ ਨੂੰ ਪੂਰਾ ਕਰ ਸਕੇ। ਸਾਡੀ ਇਸੇ ਕਮਜ਼ੋਰੀ ਦੇ ਕਾਰਨ ਹੀ ਸਰਮਾਏਦਾਰੀ ਬੇਹੱਦ ਕਮਜ਼ੋਰ ਅਤੇ ਗਲੀ-ਸੜੀ ਹਾਲਤ ਵਿੱਚ ਹੋਣ ਦੇ ਬਾਵਜੂਦ ਵੀ ਅਜੇ ਤੱਕ ਜੀਵਤ ਹੈ। ਇਸ ਲਈ ਅੱਜ ਮਜ਼ਦੂਰ ਅੰਦੋਲਨ ਸਾਮ੍ਹਣੇ ਸਭ ਤੋਂ ਵੱਡੀ ਚੁਣੌਤੀ ਦੇਸ਼ਪੱਧਰੀ ਇਨਕਲਾਬੀ ਕਮਿਊਨਿਸਟ ਪਾਰਟੀ ਦਾ ਨਿਰਮਾਣ ਕਰਨਾ ਹੈ। ਜਦੋਂ ਅਸੀਂ ਕਮਿਊਨਿਸਟ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਕਿ ਅਸੀਂ ਸੰਸਦ-ਮਾਰਗੀ ਨਕਲੀ ਕਮਿਊਨਿਸਟ ਪਾਰਟੀਆਂ ਬਾਰੇ ਗੱਲ ਨਹੀਂ ਕਰ ਰਹੇ ਹਾਂ। ਸੀਪੀਆਈ, ਸੀਪੀਐੱਮ ਜਾਂ ਸੀਪੀਆਈ (ਐੱਮਐੱਲ) ਲਿਬਰੇਸ਼ਨ ਜਿਹੀਆਂ ਸੰਸਦੀ ਖੱਬੇ-ਪੱਖੀ ਪਾਰਟੀਆਂ ਅੱਜ ਮਜ਼ਦੂਰ ਜਮਾਤ ਦੇ ਸਭ ਤੋਂ ਖ਼ਤਰਨਾਕ ਦੁਸ਼ਮਣਾਂ ਵਿੱਚੋਂ ਇੱਕ ਹਨ। ਇਹ ਪਾਰਟੀਆਂ ਉਹ ਤੋਤੇ ਹਨ ਜੋ ਸੰਸਦੀ ਸੱਤਾ ਦੀ ਲਾਲ ਮਿਰਚ ਖਾਂਦੇ ਹਨ। ਇਹਨਾਂ ਦਾ ਅਸਲੀ ਕੰਮ ਇਸ ਪ੍ਰਬੰਧ ਵਿੱਚ ਮਾੜੇ-ਮੋਟੇ “ਸੁਧਾਰ” ਕਰਕੇ ਇਸਦੀ ਰੱਖਿਆ ਕਰਨਾ ਹੈ। ਇਹਨਾਂ ਸੋਧਵਾਦੀਆਂ ਨੇ “ਸੋਧ” ਦੇ ਨਾਂ ‘ਤੇ ਮਾਰਕਸਵਾਦੀ ਇਨਕਲਾਬੀ ਵਿਚਾਰਧਾਰਾ ਦੇ ਇਨਕਲਾਬੀ ਤੱਤ ਨੂੰ ਹਟਾ ਦਿੱਤਾ ਹੈ ਅਤੇ ਇਸ ਨੂੰ ਇੱਕ ਪਿਛਾਖੜੀ ਮਜ਼ਦੂਰ-ਵਿਰੋਧੀ ਸੁਧਾਰਵਾਦ ਵਿੱਚ ਬਦਲ ਦਿੱਤਾ ਹੈ। ਇਹਨਾਂ ਪਾਰਟੀਆਂ ਦਾ ਖ਼ਾਸਾ ਹੈ – ਨਾਂ ਤੋਂ ਕਮਿਊਨਿਸਟ ਅਤੇ ਅਮਲ ਵਿੱਚ ਬੁਰਜੁਆ ਸੁਧਾਰਵਾਦ! ਮਜ਼ਦੂਰਾਂ ਨੂੰ ਨਾ ਕੇਵਲ ਇਹਨਾਂ ਪਾਰਟੀਆਂ, ਸਗੋਂ ਇਹਨਾਂ ਪਾਰਟੀਆਂ ਨਾਲ਼ ਜੁੜੀਆਂ ਟ੍ਰੇਡ ਯੂਨੀਅਨਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਮਜ਼ਦੂਰਾਂ ਨੂੰ ਬੁਰਜੁਆ ਚੋਣ ਪਾਰਟੀਆਂ ਅਤੇ ਇਹਨਾਂ ਨਾਲ਼ ਸੰਬੰਧਤ ਟ੍ਰੇਡ ਯੂਨੀਅਨਾਂ ਤੋਂ ਸਾਵਧਾਨ ਤਾਂ ਰਹਿਣਾ ਹੀ ਚਾਹੀਦਾ ਹੈ। ਮਜ਼ਦੂਰ ਜਮਾਤ ਨੂੰ ਆਪਣਾ ਖ਼ੁਦ ਦਾ ਦੇਸ਼ਵਿਆਪੀ ਅਜ਼ਾਦ ਅਤੇ ਇਨਕਲਾਬੀ ਅੰਦੋਲਨ ਖੜ੍ਹਾ ਕਰਨਾ ਚਾਹੀਦਾ ਹੈ।
ਸਰਮਾਏਦਾਰਾ ਪਾਰਟੀਆਂ ਅਤੇ ਮਾਰਕਸਵਾਦੀ ਮਖੌਟੇ ਹੇਠ ਸੋਧਵਾਦੀ ਪਾਰਟੀਆਂ ਤੋਂ ਇਲਾਵਾ ਮਜ਼ਦੂਰ-ਮਿਹਨਤਕਸ਼ ਜਮਾਤ ਨੂੰ ਸੀਪੀਆਈ (ਮਾਓਵਾਦੀ) ਜਿਹੀਆਂ ਖੱਬੇ-ਪੱਖੀ ਮਾਅਰਕੇਬਾਜ਼ੀ ਦਾ ਰਾਹ ਅਪਨਾਉਣ ਵਾਲ਼ੀਆਂ ਪਾਰਟੀਆਂ ਦੇ ਖ਼ਾਸੇ ਨੂੰ ਵੀ ਸਮਝਣ ਦੀ ਲੋੜ ਹੈ। ਇਹ ਆਪਣੀਆਂ ਅਣਗਿਣਤ ਕੁਰਬਾਨੀਆਂ ਦੇ ਬਾਵਜੂਦ ਭਾਰਤੀ ਸਮਾਜਵਾਦੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਂਦੀਆਂ ਰਹਿੰਦੀਆਂ ਹਨ। ਆਪਣੀ ਗ਼ਲਤ ਇਨਕਲਾਬੀ ਸਮਝਦਾਰੀ ਕਾਰਨ ਇਹਨਾਂ ਦੇ ਇਨਕਲਾਬ ਦਾ ਪ੍ਰੋਗਰਾਮ ਵੀ ਗ਼ਲਤ ਹੈ। ਮਜ਼ਦੂਰ ਅਤੇ ਮਿਹਨਤਕਸ਼ ਅਬਾਦੀ ਦਰਮਿਆਨ ਇਹਨਾਂ ਦੀ ਮੌਜੂਦਗੀ ਸਿਫ਼ਰ ਦੇ ਬਰਾਬਰ ਹੈ, ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਜਮਾਤ ਹੈ। ਮਜ਼ਦੂਰਾਂ ਦਰਮਿਆਨ ਕੰਮ ਕਰਨਾ ਇਹਨਾਂ ਦੇ ਏਜੰਡੇ ‘ਤੇ ਹੀ ਨਹੀਂ ਹੈ। ਇਹਨਾਂ ਨੇ ਮਜ਼ਦੂਰ ਜਮਾਤ ਨੂੰ ਸਰਮਾਏਦਾਰਾ ਚੋਣ ਪਾਰਟੀਆਂ ਅਤੇ ਨਕਲੀ ਖੱਬੇ-ਪੱਖੀ ਪਾਰਟੀਆਂ ਦੇ ਭਰੋਸੇ ‘ਤੇ ਛੱਡ ਦਿੱਤਾ ਹੈ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਦੇਸ਼ ਦੀ ਹੀ ਤਰ੍ਹਾਂ ਇਨਕਲਾਬੀ ਅੰਦੋਲਨ ਅੱਗੇ ਅਨੇਕਾਂ ਤਰ੍ਹਾਂ ਦੀਆਂ ਚੁਣੌਤੀਆਂ ਮੌਜੂਦ ਹਨ। ਭਾਵੇਂ ਪੰਜਾਬ ਦੇ ਸਥਾਨਕ ਮਜ਼ਦੂਰ ਹੋਣ ਜੋ ਉਦਯੋਗਾਂ, ਭਵਨ ਨਿਰਮਾਣ ਅਤੇ ਖੇਤੀ ਵਿੱਚ ਖਪ ਰਹੇ ਹਨ ਜਾਂ ਫੇਰ ਵੱਖ-ਵੱਖ ਕੰਮ-ਧੰਦਿਆਂ ਵਿੱਚ ਵੱਡੀ ਗਿਣਤੀ ਵਿੱਚ ਲੱਗੇ ਹੋਏ ਪ੍ਰਵਾਸੀ ਮਜ਼ਦੂਰ ਹੋਣ, ਇਹਨਾਂ ਨੂੰ ਇੱਕ ਸਹੀ ਇਨਕਲਾਬੀ ਲਾਈਨ ‘ਤੇ ਜੱਥੇਬੰਦ ਕਰਨ ਵਾਲ਼ੀ ਅਤੇ ਇਹਨਾਂ ਦੀ ਨੁਮਾਇੰਦਗੀ ਕਰਨ ਵਾਲ਼ੀ ਕੋਈ ਤਾਕਤ ਵਿਆਪਕ ਪੱਧਰ ‘ਤੇ ਮੌਜੂਦ ਨਹੀਂ ਹੈ। ਮਜ਼ਦੂਰ ਜਮਾਤ ਦੀਆਂ ਮਿੱਤਰ ਜਮਾਤਾਂ ਵਿੱਚ ਸ਼ਾਮਲ ਗ਼ਰੀਬ ਕਿਸਾਨੀ ਅਤੇ ਸ਼ਹਿਰੀ ਨਿਮਨ ਮੱਧਵਰਗ ਵੀ ਸਿਆਸੀ ਤੌਰ ‘ਤੇ ਅਸੁਰੱਖਿਅਤ ਹੈ। ਜਮਾਤੀ ਚੇਤਨਾ ਅਤੇ ਸਹੀ ਸਿਆਸੀ ਲਾਈਨ ਦੀ ਗ਼ੈਰ-ਮੌਜੂਦਗੀ ਵਿੱਚ ਇਹ ਅਬਾਦੀ ਉਹਨਾਂ ਲੋਕਾਂ ਨਾਲ਼ ਖੜ੍ਹੀ ਦਿਖਾਈ ਦਿੰਦੀ ਹੈ ਜਿਨ੍ਹਾਂ ਦੇ ਅੰਦੋਲਨ ਅਤੇ ਹਿੱਤ ਇਸ ਦੇ ਹਿੱਤਾਂ ਦੇ ਖ਼ਿਲਾਫ਼ ਜਾਂਦੇ ਹਨ।
ਪੰਜਾਬ ਵਿੱਚ ਤਾਂ ਆਪਣੇ ਆਪ ਨੂੰ ਖੱਬੇ-ਪੱਖੀ ਅਖਵਾਉਣ ਵਾਲ਼ੇ ਕੁਝ ਗਰੁੱਪ ਵੀ ਮਿਹਨਤਕਸ਼ ਅਵਾਮ ਦੀ ਏਕਤਾ ਨੂੰ ਤੋੜਨ ਦੇ ਕੰਮ ਵਿੱਚ ਰੁੱਝੇ ਹੋਏ ਹਨ। ਇਹਨਾਂ ਵਿੱਚੋਂ ਪੀਐੱਸਯੂ (ਰਣਬੀਰ ਕੁਰੜ) ਤਾਂ ਪੂੰਜੀਵਾਦ ਦੁਆਰਾ ਦਿੱਤੀ ਗਈ ਬੇਰੁਜ਼ਗਾਰੀ ਜਿਹੀ ਅਲਾਮਤ ਦਾ ਜ਼ਿੰਮੇਵਾਰ ਪ੍ਰਵਾਸੀ ਲੋਕਾਂ ਨੂੰ ਠਹਿਰਾ ਕੇ ਉਹਨਾਂ ਖ਼ਿਲਾਫ਼ ਪਿਛਾਖੜੀ ਤਾਕਤਾਂ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੀ ਹੈ। ਅਤੇ ਲਲਕਾਰ-ਪ੍ਰਤੀਬੱਧ ਵਾਲ਼ੇ ਭਾਸ਼ਾ ਅਤੇ ਕੌਮ ਦੇ ਨਾਂ ‘ਤੇ ਮਜ਼ਦੂਰ ਜਮਾਤ ਵਿੱਚ ਵੰਡੀਆਂ ਪਾਉਣ ਦੇ ਕੰਮ ਵਿੱਚ ਮਸ਼ਰੂਫ ਹਨ। ਪੰਜਾਬ ਦੇ ਕਿਰਤੀ ਲੋਕਾਂ ਨੂੰ ਇਹਨਾਂ ਦੇ ਪਿਛਾਖੜੀ ਮਨਸੂਬਿਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਉਪਰੋਕਤ ਹਾਲਾਤ ਦੀ ਰੋਸ਼ਨੀ ਵਿੱਚ ਅੱਜ ਦੇਸ਼ ਦੇ ਇਨਕਲਾਬੀ ਅੰਦੋਲਨ ਅੰਦਰ ਇੱਕ ਨਵੀਂ ਇਨਕਲਾਬੀ ਪਾਰਟੀ ਦੇ ਨਿਰਮਾਣ ਦਾ ਕੰਮ ਬਹੁਤ ਮਹੱਤਵਪੂਰਨ ਹੈ। ਇਸ ਦੇ ਮਾਧਿਅਮ ਰਾਹੀਂ ਨਵੇਂ ਭਰਤੀ ਕੇਂਦਰ ਅਤੇ ਨਵੇਂ ਪ੍ਰਯੋਗ ਕੇਂਦਰ ਸੰਚਾਲਿਤ ਕੀਤੇ ਜਾਣਗੇ। ਸਾਨੂੰ ਇਹ ਕੰਮ ਕਰਨ ਲਈ ਇੱਕ ਮਜ਼ਦੂਰ ਸਿਆਸੀ ਅਖ਼ਬਾਰ ਦੀ ਲੋੜ ਹੈ। ਇਹ ਅਖ਼ਬਾਰ ਮਜ਼ਦੂਰ ਜਮਾਤੀ ਸਿਆਸੀ ਚੇਤਨਾ ਨਾਲ਼ ਲੈਸ ਉੱਨਤ ਤੱਤਾਂ ਨੂੰ ਜੱਥੇਬੰਦ ਕਰੇਗਾ। ਇਹ ਆਪਣੀਆਂ ਖਿੰਡੀਆਂ-ਪੁੰਡੀਆਂ ਤਾਕਤਾਂ ਨੂੰ ਇਕੱਤਰ ਅਤੇ ਲਾਮਬੰਦ ਕਰਨ ਦਾ ਕੰਮ ਕਰੇਗਾ। ਅੱਜ ਸਾਨੂੰ ਇੱਕ ਅਜਿਹੇ ਮਜ਼ਦੂਰ ਅਖ਼ਬਾਰ ਦੀ ਲੋੜ ਹੈ ਜੋ ਹਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚ ਮਜ਼ਦੂਰ ਜਮਾਤ ਦਰਮਿਆਨ ਲਗਾਤਾਰ ਸਿਆਸੀ ਪ੍ਰਚਾਰ ਕਰ ਸਕੇ, ਮਜ਼ਦੂਰਾਂ ਦੇ ਹਰੇਕ ਨਿਆਂਪੂਰਨ ਸੰਘਰਸ਼ ਵਿੱਚ ਭਾਗ ਲੈ ਸਕੇ, ਇਹਨਾਂ ਸੰਘਰਸ਼ਾਂ ਦਾ ਸਮਰਥਨ ਅਤੇ ਮਾਰਗਦਰਸ਼ਨ ਕਰ ਸਕੇ, ਸਾਰੇ ਸੰਘਰਸ਼ਾਂ ਨੂੰ ਇੱਕ ਧਾਗੇ ਵਿੱਚ ਪਰੋਅ ਸਕੇ ਅਤੇ ਇਸ ਪੂਰੀ ਪ੍ਰਕਿਰਿਆ ਦੌਰਾਨ ਸਮੁੱਚੀ ਮਜ਼ਦੂਰ ਜਮਾਤ ਨੂੰ ਸਰਮਾਏਦਾਰਾ ਪ੍ਰਬੰਧ ਉੱਪਰ ਫ਼ੈਸਲਾਕੁਨ ਹਮਲੇ ਲਈ ਤਿਆਰ ਕਰ ਸਕੇ।
ਮਜ਼ਦੂਰ ਜਮਾਤ ਦੇ ਸਿਆਸੀ ਅਖ਼ਬਾਰ ਦੇ ਰੂਪ ਵਿੱਚ ‘ਮਜ਼ਦੂਰ ਬਿਗਲ’ ਦੀ ਭੂਮਿਕਾ
ਜਿਵੇਂ ਕਿ ਉੱਪਰ ਅਸੀਂ ਦੇਖ ਚੁੱਕੇ ਹਾਂ ਕਿ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਇੱਕ ਇਨਕਲਾਬੀ ਪਾਰਟੀ ਦੇ ਗਠਨ ਲਈ ਮਜ਼ਦੂਰ-ਮਿਹਨਤਕਸ਼ ਜਮਾਤ ਦੇ ਬੁਲਾਰੇ ਦੇ ਰੂਪ ਵਿੱਚ ਇੱਕ ਅਖ਼ਬਾਰ ਦਾ ਹੋਣਾ ਲਾਜ਼ਮੀ ਸ਼ਰਤ ਹੈ। ‘ਮਜ਼ਦੂਰ ਬਿਗਲ’ ਇਸ ਲੋੜ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਹ ਅਖ਼ਬਾਰ ਮਜ਼ਦੂਰਾਂ ਦਰਮਿਆਨ ਜਾ ਕੇ ਸਿਆਸੀ ਅਤੇ ਠੋਸ ਅੰਦੋਲਨਕਾਰੀ ਪ੍ਰਚਾਰ ਕਰਨ ਅਤੇ ਸਿਆਸੀ ਸਿੱਖਿਆ ਅਤੇ ਸੇਧ ਦੇਣ ਦਾ ਕੰਮ ਕਰੇਗਾ। ਨਾਲ਼ ਹੀ ਇਹ ਵੱਖ-ਵੱਖ ਸਿਆਸੀ, ਆਰਥਕ ਅਤੇ ਸਮਾਜਕ ਮੁੱਦਿਆਂ ਉੱਤੇ ਮਜ਼ਦੂਰ ਜਮਾਤ ਵਿੱਚ ਇਨਕਲਾਬੀ ਨਜ਼ਰੀਆ ਵਿਕਸਿਤ ਕਰਨ ਦਾ ਯਤਨ ਕਰੇਗਾ। ਇਹ ਜ਼ਿੰਮੇਦਾਰੀ ਇੱਕ ਅਜਿਹੇ ਇਨਕਲਾਬੀ ਅਖ਼ਬਾਰ ਦੁਆਰਾ ਪੂਰੀ ਕੀਤੀ ਜਾ ਸਕਦੀ ਹੈ ਜੋ ਇੱਕ ਹੀ ਸਮੇਂ ‘ਤੇ ਅਤੇ ਦੇਸ਼ਵਿਆਪੀ ਪੱਧਰ ‘ਤੇ ਕਈ ਭਾਸ਼ਾਵਾਂ ਵਿੱਚ ਵੱਧ ਤੋਂ ਵੱਧ ਲਗਾਤਾਰ ਪ੍ਰਕਾਸ਼ਤ ਹੁੰਦਾ ਹੋਵੇ। ਮੌਜੂਦਾ ਸਮੇਂ ਇਹ ਅਖ਼ਬਾਰ ਹਿੰਦੀ ਅਤੇ ਮਰਾਠੀ ਦੋ ਭਾਸ਼ਾਵਾਂ ਵਿੱਚ ਛਪ ਰਿਹਾ ਹੈ। ਹੁਣ ਅਸੀਂ ਇਸ ਨੂੰ ਪੰਜਾਬੀ ਵਿੱਚ ਵੀ ਲੈ ਕੇ ਆਏ ਹਾਂ। ਯਕੀਨਨ ਹੀ ਸਿਰਫ਼ ਅਖ਼ਬਾਰ ਕੱਢਣਾ ਹੀ ਕਾਫ਼ੀ ਨਹੀਂ ਹੈ, ਪਰ ਇਹ ਹੀ ਉਹ ਸ਼ੁਰੂਆਤੀ ਬਿੰਦੂ ਹੈ ਜਿੱਥੋਂ ਅਸੀਂ ਇਨਕਲਾਬੀ ਸਿਆਸੀ ਪ੍ਰਚਾਰ ਨੂੰ ਮਜ਼ਦੂਰ-ਮਿਹਨਤਕਸ਼ ਜਮਾਤ ਦੀਆਂ ਵਿਆਪਕ ਸਫ਼ਾਂ ਅੰਦਰ ਲੈ ਕੇ ਜਾ ਸਕਦੇ ਹਾਂ। ਇਸ ਸਮੇਂ ਅਸੀਂ ਇਸ ਅਖ਼ਬਾਰ ਨੂੰ ਬੁਲੇਟਿਨ ਦੇ ਰੂਪ ਵਿੱਚ ਸ਼ੁਰੂ ਕਰ ਰਹੇ ਹਾਂ ਪਰ ਛੇਤੀ ਹੀ ਇਸ ਨੂੰ ਮਹੀਨਾਵਾਰ ਅਤੇ ਫਿਰ ਹਫ਼ਤਾਵਾਰ ਕਰਨ ਦਾ ਯਤਨ ਕਰਾਂਗੇ।
ਅੱਜ ਪੰਜਾਬ ਦੀ ਮਜ਼ਦੂਰ-ਮਿਹਨਤਕਸ਼ ਜਮਾਤ ਦਾ ਇੱਕ ਵੱਡਾ ਹਿੱਸਾ ਪੜ੍ਹ ਅਤੇ ਲਿਖ ਸਕਦਾ ਹੈ ਜੋ ਇਸ ਤਰ੍ਹਾਂ ਦੇ ਸਿਆਸੀ ਪ੍ਰਚਾਰ ਦੀ ਲੋੜ ਮਹਿਸੂਸ ਕਰਦਾ ਹੈ, ਜੋ ਆਪਣੇ ਆਲ਼ੇ-ਦੁਆਲ਼ੇ ਵਾਪਰ ਰਹੀਆਂ ਘਟਨਾਵਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨਾ ਚਾਹੁੰਦਾ ਹੈ, ਜੋ ਸੰਘਰਸ਼ ਕਰਨ ਅਤੇ ਜੱਥੇਬੰਦ ਹੋਣ ਲਈ ਤਿਆਰ ਹੈ। ਬਿਗਲ ਇਸੇ ਲੋੜ ਨੂੰ ਪੂਰਨ ਦਾ ਕੰਮ ਕਰੇਗਾ।
ਅੱਜ ਦੇਸ਼ ਭਰ ਵਿੱਚ ਕਰੀਬ 60 ਕਰੋੜ ਮਜ਼ਦੂਰ ਹਨ ਜਿਨ੍ਹਾਂ ਕੋਲ਼ ਆਪਣੀ ਕਿਰਤ ਸ਼ਕਤੀ ਨੂੰ ਵੇਚਣ ਤੋਂ ਇਲਾਵਾ ਰੋਜ਼ੀ-ਰੋਟੀ ਕਮਾਉਣ ਦਾ ਹੋਰ ਕੋਈ ਵਸੀਲਾ ਨਹੀਂ ਹੈ। ਇਸ ਵਿੱਚ ਜੇਕਰ ਅਸੀਂ ਕਰੀਬ 25 ਤੋਂ 30 ਕਰੋੜ ਗ਼ਰੀਬ ਅਤੇ ਦਰਮਿਆਨੀ ਕਿਸਾਨੀ ਨੂੰ ਜੋੜ ਦੇਈਏ, ਜਿਨ੍ਹਾਂ ਦੀ ਉਪਜੀਵਿਕਾ ਕਾਫ਼ੀ ਹੱਦ ਤੱਕ ਕਿਰਤ ‘ਤੇ ਨਿਰਭਰ ਹੈ, ਨਾ ਕਿ ਖੇਤੀ ‘ਤੇ, ਤਾਂ ਪੂਰੇ ਦੇਸ਼ ਵਿੱਚ ਮਜ਼ਦੂਰਾਂ ਅਤੇ ਅਰਧ-ਮਜ਼ਦੂਰਾਂ ਦੀ ਕੁੱਲ ਅਬਾਦੀ 85 ਤੋਂ 90 ਕਰੋੜ ਹੈ। ਇਹਨਾਂ ਵਿੱਚੋਂ ਕਰੀਬ 25 ਕਰੋੜ ਪ੍ਰਤੱਖ ਅਤੇ ਅਪ੍ਰਤੱਖ ਸਨਅਤੀ ਮਜ਼ਦੂਰ ਹਨ। ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਗ਼ਰੀਬ ਮਜ਼ਦੂਰਾਂ, ਅਰਧ-ਮਜ਼ਦੂਰਾਂ ਦੀ ਅਬਾਦੀ ਵੀ ਕਰੋੜਾਂ ਵਿੱਚ ਹੈ। ਇਸ ਵਿਆਪਕ ਮਜ਼ਦੂਰ-ਮਿਹਨਤਕਸ਼ ਅਬਾਦੀ ਦਾ ਇੱਕ ਵੱਡਾ ਹਿੱਸਾ ਜਾਗਰੂਕ, ਪੜ੍ਹਨ-ਲਿਖਣ ਦੇ ਸਮਰੱਥ ਹੈ। ਇਹ ਅੱਜ ਨਾ ਸਿਰਫ਼ ਇਨਕਲਾਬੀ ਪ੍ਰਚਾਰ ਅਤੇ ਇਨਕਲਾਬੀ ਸਿਆਸੀ ਸਿੱਖਿਆ ਅਤੇ ਸਿਖਲਾਈ ਲਈ ਤਿਆਰ ਹੈ, ਸਗੋਂ ਇਸ ਤਰ੍ਹਾਂ ਦੀ ਇਨਕਲਾਬੀ ਸਿੱਖਿਆ-ਸੇਧ-ਸਿਖਲਾਈ ਦੀ ਲੋੜ ਉਹ ਖ਼ੁਦ ਵੀ ਮਹਿਸੂਸ ਕਰਦਾ ਹੈ। ਪਰ ਅੱਜ ਮਜ਼ਦੂਰਾਂ ਕੋਲ਼ ਆਪਣਾ ਕੋਈ ਸਹੀ ਇਨਕਲਾਬੀ ਅਖ਼ਬਾਰ ਨਹੀਂ ਹੈ ਜੋ ਉਹਨਾਂ ਨੂੰ ਉਚਿਤ ਮਾਰਗਦਰਸ਼ਨ ਦਿੰਦਾ ਹੋਵੇ। ਇਹੀ ਕਾਰਨ ਹੈ ਕਿ ਮਜ਼ਦੂਰ ਜਮਾਤ ਦਾ ਇੱਕ ਵੱਡਾ ਹਿੱਸਾ ਸਰਮਾਏਦਾਰਾ ਮੀਡੀਆ ਅਤੇ ਅਖ਼ਬਾਰਾਂ ਦੁਆਰਾ ਕੀਤੇ ਜਾਂਦੇ ਪ੍ਰਚਾਰ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਸਮੇਂ ਨਾਲ਼ ਇਹ ਸਰਮਾਏਦਾਰ ਜਮਾਤ ਦਾ ਪਿਛਲੱਗੂ ਬਣ ਜਾਂਦਾ ਹੈ। ਇਸ ਸਥਿਤੀ ਨੂੰ ਮਜ਼ਦੂਰ ਜਮਾਤ ਦੇ ਸਿਆਸੀ ਅਖ਼ਬਾਰ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਅਜਿਹੇ ਸਿਆਸੀ ਅਖ਼ਬਾਰ ਦੇ ਰੂਪ ਵਿੱਚ ‘ਮਜ਼ਦੂਰ ਬਿਗਲ’ ਨਾ ਸਿਰਫ਼ ਇੱਕ ਪ੍ਰਚਾਰਕ ਦਾ ਕੰਮ ਕਰੇਗਾ, ਸਗੋਂ ਇੱਕ ਸੰਗਠਨਕਰਤਾ ਦਾ ਕੰਮ ਵੀ ਕਰੇਗਾ। ਇਹ ਅਖ਼ਬਾਰ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੇ ਨਿਰਮਾਣ ਵਿੱਚ ਕੇਂਦਰੀ ਭੂਮਿਕਾ ਨਿਭਾਵੇਗਾ। ਇਹ ਅਖ਼ਬਾਰ ਸਥਾਨਕ ਮੁੱਦੇ-ਮਸਲਿਆਂ ਵਿੱਚ ਸ਼ਾਮਲ ਹੋਵੇਗਾ, ਨਿਯਮਤ ਰੂਪ ਨਾਲ਼ ਸਿਆਸੀ ਪ੍ਰਚਾਰ ਕਰੇਗਾ, ਆਪਣੇ ਪਾਠਕਾਂ ਨੂੰ ਮਜ਼ਦੂਰ ਜਮਾਤੀ ਪੈਂਤੜੇ ਤੋਂ ਸਿਆਸੀ ਤੌਰ ‘ਤੇ ਜਾਗਰੂਕ ਕਰੇਗਾ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ‘ਤੇ ਬੁਰਜੁਆ ਸਿਆਸਤ ਦੇ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦ ਕਰੇਗਾ। ਇਹ ਇੱਕ ਪ੍ਰਭਾਵੀ ਮਾਧਿਅਮ ਬਣੇਗਾ ਜਿਸ ਨਾਲ਼ ਸਰਮਾਏਦਾਰਾ ਸਿਆਸਤ ਦੇ ਬਰਕਸ ਮਜ਼ਦੂਰ ਜਮਾਤੀ ਸਿਆਸਤ ਨੂੰ ਖੜ੍ਹਾ ਕੀਤਾ ਜਾ ਸਕੇ।
ਬੇਸ਼ੱਕ ਇਸ ਅਖ਼ਬਾਰ ਨੂੰ ਵੱਡੇ ਪੈਮਾਨੇ ‘ਤੇ ਅਤੇ ਨਿਯਮਤ ਰੂਪ ਨਾਲ਼ ਕਿਰਤੀ ਲੋਕਾਂ ਤੱਕ ਪਹੁੰਚਾਉਣ ਲਈ ਅਖ਼ਬਾਰ ਨੂੰ ਆਪਣੇ ਖ਼ੁਦ ਦੇ ਵਾਲੰਟੀਅਰਾਂ ਅਤੇ ਕਾਰਕੁਨਾਂ ਦੀ ਲੋੜ ਹੋਵੇਗੀ। ਇਸ ਅਖ਼ਬਾਰ ਦੇ ਨਿਯਮਤ ਪਾਠਕਾਂ ਦੇ ਪਾਠਕ ਮੰਡਲਾਂ ਦਾ ਗਠਨ ਕੀਤਾ ਜਾ ਸਕਦਾ ਹੈ ਅਤੇ ਬਾਅਦ ਵਿੱਚ ਉਹਨਾਂ ਨੂੰ ਇਸ ਅਖ਼ਬਾਰ ਨਾਲ਼ ਸੰਬੰਧਤ ਕਮੇਟੀਆਂ ਦਾ ਰੂਪ ਦਿੱਤਾ ਜਾ ਸਕਦਾ ਹੈ। ਇਹ ਕਮੇਟੀਆਂ ਇਸ ਅਖ਼ਬਾਰ ਦੇ ਪ੍ਰਭਾਵ ਖੇਤਰ ਨੂੰ ਵਿਆਪਕ ਬਣਾਉਣ ਲਈ ਕੰਮ ਕਰਨਗੀਆਂ ਅਤੇ ਮਜ਼ਦੂਰ ਜਮਾਤ ਦੇ ਉੱਨਤ ਤੱਤਾਂ ਨੂੰ ਇਸ ਨਾਲ਼ ਜੋੜਨਗੀਆਂ। ਅਜਿਹੀਆਂ ਕਮੇਟੀਆਂ ਦਾ ਇੱਕ ਵਿਆਪਕ ਤਾਣਾ-ਬਾਣਾ ਬਣਾਉਣ ਦੀ ਲੋੜ ਹੈ, ਤਾਂ ਹੀ ਅਸੀਂ ਮਜ਼ਦੂਰ ਜਮਾਤ ਦੀ ਇੱਕ ਇਨਕਲਾਬੀ ਪਾਰਟੀ ਦੇ ਨਿਰਮਾਣ ਵੱਲ ਵਧ ਸਕਦੇ ਹਾਂ। ਇਹਨਾਂ ਕਮੇਟੀਆਂ ਦੇ ਤਾਣੇ-ਬਾਣੇ ਨੂੰ ਸਿਆਸੀ ਚੇਤਨਾ, ਦੂਰਦਰਸ਼ੀ ਨਜ਼ਰੀਏ ਅਤੇ ਇਨਕਲਾਬੀ ਦ੍ਰਿੜ੍ਹਤਾ ਨਾਲ਼ ਲੈਸ ਕਰਨਾ ਹੋਵੇਗਾ ਤਾਂ ਕਿ ਉਹ ਹਰੇਕ ਪ੍ਰਸਥਿਤੀ ਵਿੱਚ ਦਲੇਰੀ ਅਤੇ ਪ੍ਰਤੀਬੱਧਤਾ ਨਾਲ਼ ਕੰਮ ਕਰਦੇ ਰਹਿਣ, ਚਾਹੇ ਹਾਲਾਤ ਪੱਖ ਵਿੱਚ ਹੋਣ ਜਾਂ ਵਿਰੋਧ ਵਿੱਚ, ਚਾਹੇ ਚੜ੍ਹਤ ਦਾ ਦੌਰ ਹੋਵੇ ਜਾਂ ਲਹਿਤ ਦਾ।
ਅੱਜ ਮਜ਼ਦੂਰ ਜਮਾਤ ਦੀ ਕੋਈ ਅਗਵਾਨੂੰ ਜੱਥੇਬੰਦਕ ਤਾਕਤ ਨਹੀਂ ਹੈ। ਮਜ਼ਦੂਰ ਜਮਾਤ ਸਿਆਸੀ ਅਤੇ ਜਥੇਬੰਦਕ ਰੂਪ ਤੋਂ ਇਕਜੁੱਟ ਅਤੇ ਲਾਮਬੰਦ ਨਹੀਂ ਹੈ। ਅੱਜ ਸਾਡੇ ਅੱਗੇ ਸਰਮਾਏਦਾਰੀ ਦੇ ਕਿਲ੍ਹਿਆਂ ਨੂੰ ਘੇਰਨ ਲਈ ਇੱਕ ਲੰਮੀ ਲੜਾਈ ਹੈ। ਸਭ ਤੋਂ ਪਹਿਲਾਂ ਸਾਨੂੰ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਇੱਕ ਇਨਕਲਾਬੀ ਪਾਰਟੀ ਦੀ ਲੋੜ ਹੈ ਅਤੇ ਅਜਿਹੀ ਪਾਰਟੀ ਲਈ ਪਹਿਲੀ ਲੋੜ ਮਜ਼ਦੂਰ ਜਮਾਤ ਦਾ ਇੱਕ ਅਜ਼ਾਦ ਇਨਕਲਾਬੀ ਸਿਆਸੀ ਅਖ਼ਬਾਰ ਹੈ। ‘ਮਜ਼ਦੂਰ ਬਿਗਲ’ ਇਸੇ ਲੋੜ ਦੀ ਪੂਰਤੀ ਵਜੋਂ ਇੱਕ ਕਦਮ ਹੈ। ਅੰਤ ਵਿੱਚ ਅਸੀਂ ਕੁਝ ਠੋਸ ਬਿੰਦੂਆਂ ਦੇ ਰੂਪ ਵਿੱਚ ਇਸ ਇਨਕਲਾਬੀ ਸਿਆਸੀ ਅਖ਼ਬਾਰ ਦੇ ਟੀਚਿਆਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਾਂ। ਅਸੀਂ ਤੁਹਾਨੂੰ ਇਸ ਅਖ਼ਬਾਰ ਨਾਲ਼ ਜੁੜਨ, ਇਸਦੇ ਨਿਯਮਿਤ ਪਾਠਕ ਬਣਨ ਅਤੇ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਦੀ ਅਪੀਲ ਕਰਦੇ ਹਾਂ।
‘ਮਜ਼ਦੂਰ ਬਿਗਲ‘ ਦਾ ਉਦੇਸ਼
ਅਤੇ ਜ਼ਿੰਮੇਵਾਰੀਆਂ
- ‘ਮਜ਼ਦੂਰ ਬਿਗਲ’ ਵਿਆਪਕ ਕਿਰਤੀ ਅਬਾਦੀ ਵਿੱਚ ਇੱਕ ਇਨਕਲਾਬੀ ਅਤੇ ਸਿਆਸੀ ਪ੍ਰਚਾਰਕ ਵਜੋਂ ਕੰਮ ਕਰੇਗਾ। ਇਹ ਮਜ਼ਦੂਰਾਂ ਵਿੱਚ ਇਨਕਲਾਬੀ ਵਿਗਿਆਨਕ ਵਿਚਾਰਧਾਰਾ ਨੂੰ ਲੈਕੇ ਜਾਵੇਗਾ ਅਤੇ ਸੱਚੇ ਪ੍ਰੋਲੇਤਾਰੀ ਸੱਭਿਆਚਾਰ ਦਾ ਪ੍ਰਚਾਰ ਕਰੇਗਾ। ਇਹ ਮਜ਼ਦੂਰ ਜਮਾਤ ਨੂੰ ਸੰਸਾਰ ਦੇ ਇਨਕਲਾਬਾਂ ਦੇ ਇਤਿਹਾਸ ਅਤੇ ਸਿੱਖਿਆਵਾਂ, ਸਾਡੇ ਦੇਸ਼ ਦੇ ਜਮਾਤੀ ਸੰਘਰਸ਼ਾਂ ਅਤੇ ਮਜ਼ਦੂਰ ਲਹਿਰ ਦੇ ਇਤਿਹਾਸ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਏਗਾ। ਇਹ ਸਰਮਾਏਦਾਰਾ ਪ੍ਰਬੰਧ ਦੁਆਰਾ ਵਿਆਪਕ ਪੱਧਰ ਉੱਤੇ ਲੋਕਾਈ ਦਰਮਿਆਨ ਫੈਲਾਏ ਜਾ ਰਹੇ ਲੋਕ-ਵਿਰੋਧੀ ਪ੍ਰਚਾਰ ਦਾ ਪਰਦਾਫ਼ਾਸ਼ ਕਰੇਗਾ।
- ‘ਮਜ਼ਦੂਰ ਬਿਗਲ’ ਭਾਰਤੀ ਇਨਕਲਾਬ ਦੇ ਸਰੂਪ, ਇਨਕਲਾਬ ਦੇ ਰਾਹ, ਮੰਜ਼ਲ ਅਤੇ ਇਸ ਦੀਆਂ ਸਮੱਸਿਆਵਾਂ ਬਾਰੇ ਇਨਕਲਾਬੀ ਕਮਿਊਨਿਸਟ ਧਿਰਾਂ ਦਰਮਿਆਨ ਚੱਲ ਰਹੀਆਂ ਬਹਿਸਾਂ ਨੂੰ ਨਿਯਮਿਤ ਤੌਰ ‘ਤੇ ਪ੍ਰਕਾਸ਼ਤ ਕਰੇਗਾ। ‘ਮਜ਼ਦੂਰ ਬਿਗਲ’ ਦੇਸ਼ ਅਤੇ ਦੁਨੀਆਂ ਦੀਆਂ ਸਿਆਸੀ ਘਟਨਾਵਾਂ ਅਤੇ ਆਰਥਕ ਸਥਿਤੀਆਂ ਦਾ ਸਹੀ ਵਿਸ਼ਲੇਸ਼ਣ ਕਰਕੇ ਮਜ਼ਦੂਰ ਜਮਾਤ ਨੂੰ ਜਾਗਰੂਕ ਕਰਨ ਦਾ ਕੰਮ ਕਰੇਗਾ। ਅਸੀਂ ਲਗਾਤਾਰ ਅਜਿਹੀਆਂ ਬਹਿਸਾਂ ਅਤੇ ਵਿਚਾਰ-ਚਰਚਾਵਾਂ ਚਲਾਉਂਦੇ ਰਹਾਂਗੇ ਤਾਂ ਜੋ ਸਾਡੇ ਕਿਰਤੀ ਲੋਕ ਸਿਆਸੀ ਸਿੱਖਿਆ ਪ੍ਰਾਪਤ ਕਰਨ ਅਤੇ ਸਹੀ ਸੋਚ ਨਾਲ਼ ਲੈਸ ਹੋਣ ਤਾਂ ਜੋ ਉਹ ਇਨਕਲਾਬੀ ਪਾਰਟੀ ਬਣਾਉਣ ਦੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ ਅਤੇ ਅਮਲ ਵਿੱਚ ਸਹੀ ਸਿਆਸੀ ਲੀਹ ਦੀ ਪੁਸ਼ਟੀ ਕਰਨ ਦਾ ਅਧਾਰ ਤਿਆਰ ਕੀਤਾ ਜਾ ਸਕੇ।
- ‘ਮਜ਼ਦੂਰ ਬਿਗਲ’ ਮਜ਼ਦੂਰ ਜਮਾਤ ਨੂੰ ਪ੍ਰੋਲੇਤਾਰੀ ਇਨਕਲਾਬ ਦੇ ਇਤਿਹਾਸਕ ਮਿਸ਼ਨ ਤੋਂ ਜਾਣੂ ਕਰਵਾਏਗਾ, ਆਰਥਕ ਸੰਘਰਸ਼ਾਂ ਦੇ ਨਾਲ਼-ਨਾਲ਼ ਸਿਆਸੀ ਹੱਕਾਂ ਲਈ ਲੜਨਾ ਸਿਖਾਏਗਾ। ਇਹ ਮਜ਼ਦੂਰਾਂ ਨੂੰ ਹਰ ਕਿਸਮ ਦੇ ਸੋਧਵਾਦ, ਸਰਮਾਏਦਾਰੀ ਦੀਆਂ ਪਿੱਛਲੱਗੂ ਸੋਧਵਾਦੀ ਪਾਰਟੀਆਂ ਦੇ ਅਰਥਵਾਦ ਅਤੇ ਸੁਧਾਰਵਾਦ ਨਾਲ਼ ਲੜਨਾ ਸਿਖਾਏਗਾ ਅਤੇ ਇਸ ਨੂੰ ਵਿਅਕਤੀਵਾਦੀ-ਅਰਾਜਕਤਾਵਾਦੀ ਟ੍ਰੇਡ ਯੂਨੀਅਨਾਂ ਦੇ ਵਿਰੁੱਧ ਲੜਨਾ ਸਿਖਾਏਗਾ ਅਤੇ ਪ੍ਰੋਲੇਤਾਰੀ ਸਫ਼ਾਂ ਵਿੱਚੋਂ ਇਨਕਲਾਬੀ ਭਰਤੀ ਦੇ ਕੰਮ ਵਿੱਚ ਸਹਿਯੋਗੀ ਬਣੇਗਾ। ਮਜ਼ਦੂਰ ਜਮਾਤ ਦਾ ਇਨਕਲਾਬੀ ਅਧਿਆਪਕ, ਪ੍ਰਚਾਰਕ ਅਤੇ ਅਵਾਜ਼ ਹੋਣ ਦੇ ਨਾਲ਼-ਨਾਲ਼ ‘ਮਜ਼ਦੂਰ ਬਿਗਲ’ ਇੱਕ ਇਨਕਲਾਬੀ ਜਥੇਬੰਦਕ ਅਤੇ ਅੰਦੋਲਨਕਾਰੀ ਭੂਮਿਕਾ ਵੀ ਨਿਭਾਏਗਾ।
‘ਮਜ਼ਦੂਰ ਬਿਗਲ‘ ਦੇਸ਼ ਦੀ ਮਿਹਨਤਕਸ਼ ਅਬਾਦੀ ਦੀ ਅਵਾਜ਼ ਹੈ, ਜਿਸ ਤੱਕ ਮੁੱਖ ਧਾਰਾ ਦਾ ਮੀਡੀਆ ਕਦੇ ਨਹੀਂ ਪਹੁੰਚਦਾ। ਇਹ ਇਸ ਦੇਸ਼ ਦੇ ਕਿਰਤੀ ਲੋਕਾਂ ਦੇ ਜੀਵਨ, ਸੁਪਨਿਆਂ ਅਤੇ ਸੰਘਰਸ਼ਾਂ ਦੀ ਤਸਵੀਰ ਪੇਸ਼ ਕਰਦਾ ਹੈ ਅਤੇ ਕਿਰਤੀ ਲੋਕਾਂ, ਸੰਵੇਦਨਸ਼ੀਲ ਨੌਜਵਾਨਾਂ ਅਤੇ ਚੇਤੰਨ ਨਾਗਰਿਕਾਂ ਅੱਗੇ ਇਸ ਬੇਇਨਸਾਫ਼ੀ ਭਰੇ ਸਮਾਜਕ ਢਾਂਚੇ ਦਾ ਬਦਲ, ਆਪਣੇ ਹੱਕਾਂ ਲਈ ਲੜਨ ਅਤੇ ਜਿੱਤਣ ਲਈ ਜ਼ਰੂਰੀ ਚੇਤਨਾ ਪੇਸ਼ ਕਰਦਾ ਹੈ ਅਤੇ ਉਹਨਾਂ ਨੂੰ ਚੇਤੰਨ ਕਰਨ ਦੀ ਕੋਸ਼ਸ਼ ਕਰਦਾ ਹੈ। ਇਹ ਕਿਰਤੀ ਲੋਕਾਂ ਦੇ ਜੀਵਨ, ਸੁਪਨਿਆਂ ਅਤੇ ਸੰਘਰਸ਼ਾਂ ਨੂੰ ਲੋਕਾਂ ਸਾਮ੍ਹਣੇ ਲਿਆਵੇਗਾ ਅਤੇ ਕਿਰਤੀ ਲੋਕਾਂ, ਸੰਵੇਦਨਸ਼ੀਲ ਨੌਜਵਾਨਾਂ ਅਤੇ ਇਨਸਾਫ਼ਪਸੰਦ ਨਾਗਰਿਕਾਂ, ਬੁੱਧੀਜੀਵੀਆਂ ਸਾਮ੍ਹਣੇ ਇਸ ਦਮ–ਘੋਟੂ, ਬੇਇਨਸਾਫ਼ੀ ਭਰੇ ਸਮਾਜਕ ਪ੍ਰਬੰਧ ਦਾ ਬਦਲ ਪੇਸ਼ ਕਰੇਗਾ।
ਸਰਮਾਏਦਾਰਾ ਮੀਡੀਆ ਦੁਆਰਾ ਮੁਨਾਫ਼ੇਖ਼ੋਰੀ ‘ਤੇ ਟਿਕੇ ਇਸ ਪ੍ਰਬੰਧ ਨੂੰ ਬਚਾਉਣ ਲਈ ਕੀਤੀ ਜਾਂਦੀ ਲਿੱਪਾਪੋਚੀ ਅਤੇ ਉਸਦੇ ਅਨੇਕਾਂ ਝੂਠਾਂ ਦਾ ਪਰਦਾਫ਼ਾਸ਼ ਕਰਦੇ ਹੋਏ, ਇਹ ਦੇਸ਼ ਅਤੇ ਸੰਸਾਰ ਦੀਆਂ ਸਾਰੀਆਂ ਮਹੱਤਵਪੂਰਨ ਆਰਥਕ, ਸਿਆਸੀ ਤੇ ਸਮਾਜਕ ਘਟਨਾਵਾਂ ਦਾ ਬੇਲਾਗ ਵਿਸ਼ਲੇਸ਼ਣ ਪੇਸ਼ ਕਰੇਗਾ ਅਤੇ ਮਿਹਨਤਕਸ਼ ਅਬਾਦੀ ਨੂੰ ਅਜਿਹੀਆਂ ਸਾਹਿਤਕ ਅਤੇ ਵਿਚਾਰਧਾਰਕ ਰਚਨਾਵਾਂ ਤੋਂ ਜਾਣੂ ਕਰਵਾਏਗਾ ਜੋ ਨਿਰਾਸ਼ਾ ਦੇ ਹਨ੍ਹੇਰੇ ਨੂੰ ਤੋੜ ਕੇ ਰੌਸ਼ਨੀ ਦੀ ਕਿਰਨ ਦਿਖਾਉਂਦੀਆਂ ਹਨ।
ਅਸੀਂ ਤੁਹਾਡੇ ਕੋਲ਼ੋਂ ਇਸ ਲਈ ਪੂਰਨ ਸਹਿਯੋਗ ਦੀ ਆਸ ਕਰਦੇ ਹਾਂ ਕਿਉਂਕਿ ਇੱਕ ਚੇਤੰਨ ਇਨਸਾਨ ਇੱਕ ਨਰੋਏ, ਵਿਗਿਆਨਕ ਅਤੇ ਲੁੱਟ–ਖਸੁੱਟ ਤੋਂ ਮੁਕਤ ਸਮਾਜ ਦੀ ਸਿਰਜਣਾ ਲਈ ਹਰ ਸੰਭਵ ਉਪਰਾਲਾ ਕਰਦਾ ਹੈ ਅਤੇ ਲੋਕਾਂ ਦਰਮਿਆਨ ਸੱਚੇ ਗਿਆਨ ਦੇ ਪ੍ਰਚਾਰ ਲਈ ਹਰ ਸਮੇਂ ਤਿਆਰ–ਬਰ–ਤਿਆਰ ਰਹਿੰਦਾ ਹੈ।